ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਨਦੀਆਂ ਅਤੇ ਜਲ ਭੰਡਾਰਾਂ ਦੇ ਵਾਤਾਵਰਣਕ ਮਹੱਤਵ ਬਾਰੇ ਜਾਗਰੂਕ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ
ਲੋਕਾਂ ਨੂੰ ਜਲ ਭੰਡਾਰਾਂ ਨੂੰ ਪ੍ਰਦੂਸ਼ਿਤ ਨਾ ਕਰਨ ਦੀ ਅਪੀਲ ਕੀਤੀ
ਕਿਸਾਨਾਂ ਨੂੰ ਸਿੰਚਾਈ ਸੁਵਿਧਾਵਾਂ ਮੁਹੱਈਆ ਕਰਵਾਏ ਜਾਣ ਲਈ ਕਿਹਾ
ਉਪ ਰਾਸ਼ਟਰਪਤੀ ਨੇ ਆਪਣੀ ਪਤਨੀ ਸ਼੍ਰੀਮਤੀ ਊਸ਼ਾ ਨਾਇਡੂ ਨਾਲ ਤੁੰਗਭਦਰਾ ਡੈਮ ਦਾ ਦੌਰਾ ਕੀਤਾ
Posted On:
20 AUG 2021 8:06PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਲੋਕਾਂ ਨੂੰ ਨਦੀਆਂ ਅਤੇ ਜਲ ਭੰਡਾਰਾਂ ਦੇ ਵਾਤਾਵਰਣਕ ਮਹੱਤਵ ਬਾਰੇ ਜਾਗਰੂਕ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਪ੍ਰਦੂਸ਼ਿਤ ਜਾਂ ਡੀਗਰੇਡ ਨਾ ਕਰਨ।
ਕਰਨਾਟਕ ਦੇ ਬੱਲਾਰੀ ਜ਼ਿਲ੍ਹੇ ਦੇ ਹੋਸਪੇਟ ਵਿਖੇ ਤੁੰਗਭਦਰਾ ਡੈਮ ਦਾ ਦੌਰਾ ਕਰਨ ਤੋਂ ਬਾਅਦ, ਇੱਕ ਫੇਸਬੁੱਕ ਪੋਸਟ ਵਿੱਚ, ਉਪ ਰਾਸ਼ਟਰਪਤੀ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੇ ਸੀਮਿਤ ਜਲ ਸਰੋਤਾਂ ਨੂੰ ਬਰਕਰਾਰ ਰੱਖਣ ਅਤੇ ਸੰਭਾਲਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, "ਇੱਕ ਨਦੀ ਬਹੁਤ ਹੱਦ ਤਕ ਇੱਕ ਜੀਵਤ ਹਸਤੀ ਦੀ ਤਰ੍ਹਾਂ ਹੈ ਅਤੇ ਆਓ ਅਸੀਂ ਇਸ ਦੀ ਸ਼ੁੱਧਤਾ ਅਤੇ ਪਵਿੱਤਰਤਾ ਨੂੰ ਬਰਕਰਾਰ ਰੱਖਣ ਦਾ ਪ੍ਰਣ ਕਰੀਏ।"
ਸਾਰੇ ਕਿਸਾਨਾਂ ਨੂੰ ਸਿੰਚਾਈ ਸੁਵਿਧਾਵਾਂ ਮੁਹੱਈਆ ਕਰਵਾਉਣ ਦੀ ਜ਼ਰੂਰਤ ਨੂੰ ਦੁਹਰਾਉਂਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਇੱਕ ਕਿਸਾਨ ਦਾ ਪੁੱਤਰ ਹੋਣ ਦੇ ਨਾਤੇ ਉਹ ਖੇਤੀਬਾੜੀ ਲਈ ਪਾਣੀ ਦੀ ਮਹੱਤਤਾ ਨੂੰ ਸਮਝਦੇ ਹਨ।
ਤੁੰਗਭਦਰਾ ਡੈਮ ਅਤੇ ਇਸ ਦੇ ਕੁਦਰਤੀ ਆਲ਼ੇ-ਦੁਆਲ਼ੇ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਉਹ ਕੁਦਰਤ ਦੇ 'ਵਿਰਾਟ ਸਰੂਪ' ਦੀ ਸ਼ਾਨ ਅਤੇ ਵਿਸ਼ਾਲਤਾ ਤੋਂ ਪ੍ਰਭਾਵਿਤ ਹੋਏ ਹਨ।
ਖੇਤਰ ਦੇ ਵਿਕਾਸ ਵਿੱਚ ਤੁੰਗਭਦਰਾ ਬਹੁ-ਉਦੇਸ਼ੀ ਪ੍ਰੋਜੈਕਟ ਦੁਆਰਾ ਨਿਭਾਈ ਜਾ ਰਹੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, ਉਨ੍ਹਾਂ ਕਿਹਾ ਕਿ ਵੱਡੇ ਪੱਧਰ ‘ਤੇ ਖੇਤਾਂ ਦੀ ਸਿੰਚਾਈ, ਬਿਜਲੀ ਪੈਦਾ ਕਰਕੇ ਅਤੇ ਟੂਰਿਜ਼ਮ ਨੂੰ ਉਤਸ਼ਾਹਿਤ ਕਰਕੇ, ਇਹ ਕਈ ਤਰੀਕਿਆਂ ਨਾਲ ਦੇਸ਼ ਦੀ ਸੇਵਾ ਕਰ ਰਿਹਾ ਹੈ।
ਡੈਮ ਦੇ ਇਤਿਹਾਸ ਨੂੰ ਯਾਦ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਲਿਖਿਆ ਕਿ, ਹਾਲਾਂਕਿ ਡੈਮ ਬਣਾਉਣ ਦਾ ਸ਼ੁਰੂਆਤੀ ਵਿਚਾਰ 1860 ਦੇ ਦਹਾਕੇ ਵਿੱਚ ਕਾਲ ਤੋਂ ਪੀੜਤ ਰਾਇਲਸੀਮਾ ਖੇਤਰ ਨੂੰ ਸਿੰਚਾਈ ਸੁਵਿਧਾਵਾਂ ਪ੍ਰਦਾਨ ਕਰਨ ਲਈ ਪ੍ਰਕਲਪਿਤ ਕੀਤਾ ਗਿਆ ਸੀ, ਇਹ ਸਿਰਫ 1944 ਵਿੱਚ ਸੀ ਕਿ ਮਦਰਾਸ ਅਤੇ ਹੈਦਰਾਬਾਦ ਦੀਆਂ ਸਰਕਾਰਾਂ ਸਾਂਝੇ ਤੌਰ 'ਤੇ ਪ੍ਰੋਜੈਕਟ ਨੂੰ ਲਾਗੂ ਕਰਨ ਦੇ ਅੰਤਮ ਫ਼ੈਸਲੇ ‘ਤੇ ਪਹੁੰਚੀਆਂ। ਦੂਰਦਰਸ਼ੀ ਇੰਜੀਨੀਅਰ, ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਨੇ ਡੈਮ ਦੇ ਡਿਜ਼ਾਈਨ ਅਤੇ ਨਿਰਮਾਣ ਦੇ ਤਰੀਕਿਆਂ ਨੂੰ ਨਿਰਧਾਰਿਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ।
ਉਪ ਰਾਸ਼ਟਰਪਤੀ, ਜੋ ਅੱਜ ਬੰਗਲੁਰੂ ਤੋਂ ਇੱਥੇ ਪਹੁੰਚੇ, ਨੂੰ ਤੁੰਗਭਦਰਾ ਬਹੁ-ਮੰਤਵੀ ਪ੍ਰੋਜੈਕਟ ਦੇ ਵਿਭਿੰਨ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ। ਕੱਲ੍ਹ, ਉਹ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਹੰਪੀ ਦਾ ਦੌਰਾ ਕਰਨਗੇ, ਜੋ ਕਿ ਡੈਮ ਤੋਂ ਕੁਝ ਹੀ ਕਿਲੋਮੀਟਰ ਦੂਰੀ ‘ਤੇ ਹੈ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਹੰਪੀ ਅਤੇ ਤੁੰਗਭਦਰਾ ਡੈਮ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਦੇਖਣ ਵਾਲੇ ਸਥਾਨਾਂ ਦੀ ਸੂਚੀ ਦੇ ਸਿਖਰ 'ਤੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ, “ਇਹ ਜੁੜਵੀਆਂ ਸਾਈਟਾਂ ਹਰ ਉਸ ਵਿਅਕਤੀ ਲਈ ਜ਼ਰੂਰੀ ਦੇਖਣਯੋਗ ਹਨ ਜੋ ਕੁਦਰਤ ਦੀਆਂ ਖੁਸ਼ੀਆਂ ਦਾ ਅਨੁਭਵ ਕਰਨ ਦਾ ਚਾਹਵਾਨ ਹੈ।”
*********
ਐੱਮਐੱਸ/ਆਰਕੇ/ਡੀਪੀ
(Release ID: 1747764)
Visitor Counter : 166