ਉਪ ਰਾਸ਼ਟਰਪਤੀ ਸਕੱਤਰੇਤ
ਭਾਰਤ ਦਾ ਦ੍ਰਿਸ਼ਟੀਕੋਣ ਕਦੇ ਵੀ ਵਿਸਤਾਰਵਾਦੀ ਨਹੀਂ ਰਿਹਾ – ਉਪ ਰਾਸ਼ਟਰਪਤੀ
ਉਨ੍ਹਾਂ ਕਿਹਾ, ਸਾਡਾ ਦ੍ਰਿਸ਼ਟੀਕੋਣ ਸ਼ਾਂਤੀਪੂਰਨ, ਸਹਿ–ਹੋਂਦ ਤੇ ਆਤੰਕ ਅਤੇ ਵਿਘਨ ਪਾਉਣ ਦੀਆਂ ਤਾਕਤਾਂ ਨੂੰ ਰੋਕਣ ਦਾ ਹੈ
ਉਪ ਰਾਸ਼ਟਰਪਤੀ ਨੇ ਭਾਰਤ ਨੂੰ ਰੱਖਿਆ ਖੇਤਰ ’ਚ ਆਤਮਨਿਰਭਰ ਬਣਾਉਣ ਲਈ ਵਿਗਿਆਨੀਆਂ ਨੂੰ ਸਵਦੇਸ਼ੀ ਤਰੀਕੇ ਨਾਲ ਅਤਿ–ਆਧੁਨਿਕ ਟੈਕਨੋਲੋਜੀਆਂ ਦਾ ਵਿਕਾਸ ਕਰਨ ਲਈ ਪ੍ਰੇਰਿਤ ਕੀਤਾ
ਸਿੱਖਿਆ ਖੇਤਰ ਤੇ ਉਦਯੋਗ ਵਿਚਾਲੇ ਤਾਲਮੇਲ ਬਣਾ ਕੇ ਇੱਕ ‘ਏਅਰੋਸਪੇਸ ਹੱਬ’ ਵਿਕਸਿਤ ਕਰਨ ਦੀ ਅਪੀਲ ਕੀਤੀ
ਸਾਰਥਕ ਨਤੀਜਿਆਂ ਲਈ ਰੱਖਿਆ ਪ੍ਰੋਜੈਕਟਾਂ ’ਚ ਨਿਜੀ ਭਾਈਵਾਲੀ ਨੂੰ ਸ਼ਾਮਲ ਕਰੋ – ਉਪ ਰਾਸ਼ਟਰਪਤੀ
83 ਤੇਜਸ ਜੰਗੀ ਹਵਾਈ ਜਹਾਜ਼ਾਂ ਲਈ ਭਾਰਤੀ ਹਵਾਈ ਫ਼ੌਜ ਦਾ ਆਰਡਰ ਭਾਰਤ ’ਚ ਏਅਰਸਪੇਸ ਸੈਕਟਰ ਲਈ ਵੱਡਾ ਪ੍ਰੋਤਸਾਹਨ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਬੰਗਲੁਰੂ ’ਚ ਐੱਚਏਐੱਲ ਦੀ ਏਅਰਕ੍ਰਾਫ਼ਟ ਮੈਨੂਫੈਕਚਰਿੰਗ ਸੁਵਿਧਾਵਾਂ ਦਾ ਦੌਰਾ ਕੀਤਾ
ਉਪ ਰਾਸ਼ਟਰਪਤੀ ਨੇ ਕਿਹਾ ਐੱਚਏਐੱਲ ਦਾ ਵਿਕਾਸ ਭਾਰਤੀ ਏਅਰੋਨੌਟੀਕਲ ਉਦਯੋਗ ਦੇ ਵਿਕਾਸ ਦਾ ਸਮਾਨਾਰਥਕ ਹੈ
ਉਪ ਰਾਸ਼ਟਰਪਤੀ ਨੇ ਸਮਾਵੇਸ਼ੀ, ਖੇਤਰੀ ਤੌਰ ’ਤੇ ਸੰਤੁਲਿਤ ਤੇ ਵਾਤਾਵਰਣ ਦੇ ਰੂਪ ਤੋਂ ਨਿਰੰਤਰ ਵਿਕਾਸ ਏਜੰਡੇ ਦੀ ਅਪੀਲ ਕੀਤੀ
Posted On:
20 AUG 2021 1:44PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਭਾਰਤ ਨੂੰ ਰੱਖਿਆ ਟੈਕਨੋਲੋਜੀ ਵਿੱਚ ਆਤਮਨਿਰਭਰ ਬਣਾਉਣ ਅਤੇ ਆਧੁਨਿਕ ਮਿਲਟਰੀ ਹਾਰਡਵੇਅਰ ਦੇ ਨਿਰਯਾਤ ਕੇਂਦਰ ਵਜੋਂ ਉਭਰਨ ਲਈ ਸਵਦੇਸ਼ੀ ਤੌਰ 'ਤੇ ਵਿਕਸਿਤ ਅਤਿ ਆਧੁਨਿਕ ਟੈਕਨੋਲੋਜੀਆਂ ਵਿਕਸਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਬੰਗਲੁਰੂ ਦੇ ਐੱਚਏਐੱਲ ਕੈਂਪਸ ਵਿੱਚ ਹਿੰਦੁਸਤਾਨ ਏਅਰੋਨੌਟਿਕਲ ਲਿਮਿਟਿਡ ਅਤੇ ਏਅਰੋਨੌਟਿਕਲ ਡਿਵੈਲਪਮੈਂਟ ਏਜੰਸੀ ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਵਦੇਸ਼ੀ ਉਤਪਾਦ ਆਉਣ ਵਾਲੇ ਸਾਲਾਂ ਵਿੱਚ ਏਅਰੋਸਪੇਸ ਅਤੇ ਰੱਖਿਆ ਮਹਾਸ਼ਕਤੀ ਦੇ ਰੂਪ ਵਿੱਚ ਭਾਰਤ ਦੇ ਤੇਜ਼ੀ ਨਾਲ ਵਿਕਾਸ ਵਿੱਚ ਵੱਡੀ ਭੂਮਿਕਾ ਨਿਭਾਉਣਗੇ।
ਅਤਿ-ਆਧੁਨਿਕ ਮਿਸਾਈਲਾਂ, ਉਪਗ੍ਰਹਿਆਂ ਅਤੇ ਪੁਲਾੜ ਵਾਹਨਾਂ ਦੇ ਨਿਰਮਾਣ ਵਿੱਚ ਭਾਰਤ ਦੀ ਸਮਰੱਥਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ,"ਵਿਰੋਧਾਭਾਸ ਇਹ ਹੈ ਕਿ ਅਸੀਂ ਹਾਲੇ ਵੀ ਵਿਸ਼ਵ ਦੇ ਸਭ ਤੋਂ ਵੱਡੇ ਹਥਿਆਰ ਦਰਾਮਦ ਕਰਨ ਵਾਲਿਆਂ ਵਿੱਚੋਂ ਇੱਕ ਹਾਂ।" ਉਨ੍ਹਾਂ ਨੇ ਅਹਿਮ ਟੈਕਨੋਲੋਜੀਆਂ ਦੇ ਸਵਦੇਸ਼ੀ ਵਿਕਾਸ ਨੂੰ ਤੇਜ਼ ਕਰਦਿਆਂ ਇਸ ਸਥਿਤੀ ਵਿੱਚ ਤਬਦੀਲੀ ਲਿਆਉਣ ਦੀ ਅਪੀਲ ਕੀਤੀ।
ਬਹੁਤ ਹੀ ਗੁੰਝਲਦਾਰ ਭੂਗੋਲਿਕ ਵਾਤਾਵਰਣ ਕਾਰਨ ਦੇਸ਼ ਨੂੰ ਦਰਪੇਸ਼ ਵਿਭਿੰਨ ਸੁਰੱਖਿਆ ਚੁਣੌਤੀਆਂ ਵੱਲ ਧਿਆਨ ਖਿੱਚਦਿਆਂ, ਉਪ ਰਾਸ਼ਟਰਪਤੀ ਨੇ ਸੁਰੱਖਿਆ ਬਲਾਂ ਦੀ ਦੀ ਬੇਮਿਸਾਲ ਹਿੰਮਤ ਅਤੇ ਪੇਸ਼ੇਵਰਾਨਾ ਰਵੱਈਏ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ,"ਇਹ ਯਕੀਨੀ ਬਣਾਉਣਾ ਸਾਡਾ ਫ਼ਰਜ਼ ਬਣਦਾ ਹੈ ਕਿ ਸਾਡੀਆਂ ਹਥਿਆਰਬੰਦ ਫੌਜਾਂ ਕਿਸੇ ਵੀ ਚੁਣੌਤੀ ਦਾ ਮੁਕਾਬਲਾ ਕਰਨ ਅਤੇ ਕਿਸੇ ਵੀ ਸੁਰੱਖਿਆ ਖਤਰੇ ਨਾਲ ਦ੍ਰਿੜਤਾ ਨਾਲ ਨਜਿੱਠਣ ਲਈ ਤਿਆਰ ਹੋਣ।"
ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਆਪਣੇ ਸਾਰੇ ਗੁਆਂਢੀ ਦੇਸ਼ਾਂ ਨਾਲ ਦੋਸਤਾਨਾ ਸਬੰਧ ਚਾਹੁੰਦਾ ਹੈ ਪਰ ਕੁਝ ਦੇਸ਼ ਭਾਰਤ ਵਿਰੁੱਧ ਆਤੰਕ ਦਾ ਪਾਲਣ–ਪੋਸ਼ਣ ਅਤੇ ਸਮਰਥਨ ਕਰ ਰਹੇ ਹਨ ਅਤੇ ਕੁਝ ਦੇਸ਼ ਵਿਸਤਾਰਵਾਦੀ ਰੁਝਾਨਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ, "ਦੇਸ਼ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਸਾਡੀਆਂ ਸਰਹੱਦਾਂ ਦੀ ਸੁਰੱਖਿਆ ਅਤੇ ਹਿਫ਼ਾਜ਼ਤ ਬਹੁਤ ਮਹੱਤਵਪੂਰਨ ਹਨ।" ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਭਾਰਤ ਕਦੇ ਵੀ ਆਪਣੀ ਪਹੁੰਚ ਵਿੱਚ ਵਿਸਤਾਰਵਾਦੀ ਨਹੀਂ ਰਿਹਾ, ਸ਼੍ਰੀ ਨਾਇਡੂ ਨੇ ਕਿਹਾ ਕਿ ਸਾਡਾ ਦ੍ਰਿਸ਼ਟੀਕੋਣ ਸ਼ਾਂਤੀਪੂਰਨ ਸਹਿ-ਹੋਂਦ ਦਾ ਹੈ ਅਤੇ ਦਹਿਸ਼ਤ ਅਤੇ ਵਿਘਨ–ਪਾਊ ਤਾਕਤਾਂ ਦਾ ਮੁਕਾਬਲਾ ਕਰਨਾ ਹੈ। ਉਨ੍ਹਾਂ ਕਿਹਾ ਕਿ ’ਭਾਰਤ ਆਪਣੇ ਲੋਕਾਂ ਦੀ ਤਰੱਕੀ ਅਤੇ ਵਿਕਾਸ ਲਈ ਮਜ਼ਬੂਤ ਹੋਣਾ ਚਾਹੁੰਦਾ ਹੈ’।
ਰੱਖਿਆ ਨਿਰਮਾਣ ਵਿੱਚ ਸਵਦੇਸ਼ੀਕਰਨ ਅਤੇ ਆਤਮਨਿਰਭਰਤਾ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੁਆਰਾ ਕੀਤੀਆਂ ਗਈਆਂ ਕਈ ਨੀਤੀਗਤ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ, ਸ਼੍ਰੀ ਨਾਇਡੂ ਨੇ ਸਾਰਥਕ ਨਤੀਜਿਆਂ ਲਈ ਰੱਖਿਆ ਪ੍ਰੋਜੈਕਟਾਂ ਵਿੱਚ ਨਿਜੀ ਭਾਈਵਾਲਾਂ ਨੂੰ ਸ਼ਾਮਲ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ,“ਸਾਨੂੰ ਮੁਕਾਬਲੇ ਦੇ ਉਤਪਾਦ ਬਣਾਉਣ ਲਈ ਦੁਨੀਆ ਦੇ ਸਰਬੋਤਮ ਉਤਪਾਦਾਂ ਦੇ ਸਮਾਨ ਰਣਨੀਤਕ ਭਾਈਵਾਲੀ, ਟੈਕਨੋਲੋਜੀ ਸਾਂਝੇਦਾਰੀ ਅਤੇ ਟੀਮ ਵਰਕ ਤੇ ਨਿਰਭਰ ਕਰਨਾ ਪਏਗਾ।”
ਉਨ੍ਹਾਂ ਕਿਹਾ ਕਿ ਰੱਖਿਆ ਖੇਤਰ ਲਈ ਐਫਡੀਆਈ ਸੀਮਾ ਵਿੱਚ ਵਾਧਾ, ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਦੋ ਰੱਖਿਆ ਲਾਂਘੇ ਸਥਾਪਤ ਕਰਨ ਦਾ ਫੈਸਲਾ ਅਤੇ ਰੱਖਿਆ ਮੰਤਰਾਲੇ ਵੱਲੋਂ ਦੋ ਸਕਾਰਾਤਮਕ ਸਵਦੇਸ਼ੀਕਰਨ ਸੂਚੀਆਂ ਦੀ ਨੋਟੀਫਿਕੇਸ਼ਨ, ਭਾਰਤੀ ਰੱਖਿਆ ਉਦਯੋਗ ਲਈ ਇੱਕ ਵੱਡਾ ਮੌਕਾ ਪੇਸ਼ ਕਰਦੀ ਹੈ।
ਭਾਰਤੀ ਹਵਾਈ ਫੌਜ ਵੱਲੋਂ 83 ਤੇਜਸ ਜੰਗੀ ਹਵਾਈ ਜਹਾਜ਼ਾਂ ਲਈ ਹਾਲ ਹੀ ਵਿੱਚ ਹੋਏ ਸਮਝੌਤੇ ਵਿੱਚ ਐੱਚਏਐੱਲ ਦੇ ਨਾਲ ਵੱਡੀ ਗਿਣਤੀ ਵਿੱਚ ਭਾਰਤੀ ਕੰਪਨੀਆਂ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਅਜਿਹੇ ਪ੍ਰੋਜੈਕਟਾਂ ਵਿੱਚ ਭਾਰਤੀ ਏਅਰੋਸਪੇਸ ਨਿਰਮਾਣ ਪ੍ਰਣਾਲੀ ਨੂੰ ਇੱਕ ਗਤੀਸ਼ੀਲ ਆਤਮਨਿਰਭਰ ਪ੍ਰਣਾਲੀ ਵਿੱਚ ਬਦਲਣ ਦੀ ਸਮਰੱਥਾ ਹੈ।
ਇਹ ਦੇਖਦਿਆਂ ਕਿ ਏਅਰੋਸਪੇਸ ਉਦਯੋਗ ਵਿੱਚ ਨਵੀਨਤਾਕਾਰੀ ਪ੍ਰਕਿਰਿਆ ਨੂੰ ਉੱਚ ਪੱਧਰੀ ਜੋਖਮ ਅਤੇ ਭਾਰੀ ਨਿਵੇਸ਼ ਦੀ ਜ਼ਰੂਰਤ ਹੈ, ਉਨ੍ਹਾਂ ਵਿਚਾਰ ਪ੍ਰਗਟ ਕੀਤਾ ਕਿ ਉਦਯੋਗ ਅਤੇ ਖੋਜਕਾਰਾਂ ਵਿਚਾਲੇ ਸਰਗਰਮ ਸਹਿਯੋਗ ਦੁਆਰਾ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਸਕਦਾ ਹੈ। ਏਅਰੋਸਪੇਸ ਅਤੇ ਰੱਖਿਆ ਖੇਤਰਾਂ ਵਿੱਚ ਖੋਜ ਅਤੇ ਵਿਕਾਸ ਵਿੱਚ ਹੁਸ਼ਿਆਰ ਲੋਕਾਂ ਨੂੰ ਆਕਰਸ਼ਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਨਾਇਡੂ ਨੇ 'ਏਅਰੋਸਪੇਸ ਹੱਬ' ਦੇ ਵਿਕਾਸ ਲਈ ਅਕਾਦਮਿਕਤਾ ਅਤੇ ਉਦਯੋਗ ਵਿੱਚ ਤਾਲਮੇਲ ਦੀ ਮੰਗ ਕੀਤੀ। ਉਨ੍ਹਾਂ ਕਿਹਾ,“ਇਸ ਨਾਲ ਨਵੀਨਤਾ ਨੂੰ ਹੁਲਾਰਾ ਮਿਲੇਗਾ ਅਤੇ ਇਸ ਮੁੱਖ ਖੇਤਰ ਵਿੱਚ ਹੁਨਰ ਦੀ ਘਾਟ ਦੇ ਮੁੱਦੇ ਨੂੰ ਹੱਲ ਕੀਤਾ ਜਾਏਗਾ।”
ਇਸ ਤੋਂ ਪਹਿਲਾਂ, ਉਪ ਰਾਸ਼ਟਰਪਤੀ ਨੇ ਐੱਚਏਐੱਲ ਦੀ ਐੱਲਸੀਏ ਤੇਜਸ ਨਿਰਮਾਣ ਸੁਵਿਧਾ ਦਾ ਦੌਰਾ ਕੀਤਾ ਅਤੇ ਇਸ ਅਤਿ–ਆਧੁਨਿਕ ਜੰਗੀ ਜਹਾਜ਼ਾਂ ਦੇ ਨਿਰਮਾਣ ਲਈ ਏਡੀਏ ਅਤੇ ਐੱਚਏਐੱਲ ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ 4+ ਪੀੜ੍ਹੀ ਦਾ ਜਹਾਜ਼ ਭਾਰਤੀ ਹਵਾਈ ਫੌਜ ਦੀਆਂ ਸੰਚਾਲਨ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਸਮਰੱਥ ਪਲੇਟਫਾਰਮ ਹੋਵੇਗਾ।
ਉਪ ਰਾਸ਼ਟਰਪਤੀ ਐੱਚਏਐੱਲ ਦੀ ਹੈਲੀਕੌਪਟਰ ਸੁਵਿਧਾ ਤੋਂ ਵੀ ਪ੍ਰਭਾਵਿਤ ਹੋਏ, ਜਿਸ ਵਿੱਚ ਸਵਦੇਸ਼ੀ ਤੌਰ ’ਤੇ ਵਿਕਸਿਤ ਅਡਵਾਂਸਡ ਲਾਈਟ ਹੈਲੀਕੌਪਟਰ, ਧਰੁਵ, ਹਲਕੇ ਜੰਗੀ ਹੈਲੀਕੌਪਟਰ ਅਤੇ ਇੱਕ ਲਾਈਟ ਯੂਟਿਲਿਟੀ ਹੈਲੀਕੌਪਟਰ ਜੋ ਕਿ ਚੀਤਾ/ਚੇਤਕ ਹੈਲੀਕਾਪਟਰਾਂ ਦੀ ਥਾਂ ਲੈਣਗੇ, ਪ੍ਰਦਰਸ਼ਿਤ ਕੀਤੇ ਗਏ ਸਨ।
ਉਪ ਰਾਸ਼ਟਰਪਤੀ ਨੇ ਰਾਸ਼ਟਰੀ ਸੁਰੱਖਿਆ ਪ੍ਰਤੀ ਐੱਚਏਐੱਲ ਅਤੇ ਡੀਆਰਡੀਓ ਪ੍ਰਯੋਗਸ਼ਾਲਾਵਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਐੱਲਸੀਏ ਐੱਮਕੇ 2, ਅਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ (ਏਐੱਮਸੀਏ) ਅਤੇ ਟਵਿਨ ਇੰਜਨ ਡੈੱਕ ਬੇਸਡ ਫਾਈਟਰ (ਟੀਈਡੀਬੀਐਫ) ਵਰਗੇ ਵਧੇਰੇ ਸ਼ਕਤੀਸ਼ਾਲੀ ਜਹਾਜ਼ਾਂ ਦੇ ਡਿਜ਼ਾਈਨਿੰਗ ਨਾਲ, ਦੇਸ਼ ਨੂੰ ਹੁਣ ਦੇਸ਼ ਦੀਆਂ ਜੰਗੀ ਜਹਾਜ਼ਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦੂਜੇ ਦੇਸ਼ਾਂ 'ਤੇ ਨਿਰਭਰ ਕਰਨ ਦੀ ਜ਼ਰੂਰਤ ਨਹੀਂ ਹੈ।
ਇਹ ਨੋਟ ਕਰਦਿਆਂ ਕਿ ਐੱਚਏਐੱਲ ਦਾ ਵਿਕਾਸ ਭਾਰਤ ਵਿੱਚ ਏਅਰੋਨੌਟਿਕਲ ਉਦਯੋਗ ਦੇ ਵਾਧੇ ਦਾ ਸਮਾਨਾਰਥਕ ਰਿਹਾ ਹੈ, ਉਨ੍ਹਾਂ ਦੁਹਰਾਇਆ ਕਿ ਰੱਖਿਆ ਅਤੇ ਏਅਰੋਸਪੇਸ ਟੈਕਨੋਲੋਜੀ ਵਿੱਚ ਆਤਮਨਿਰਭਰਤਾ 'ਸਮਰੱਥ ਅਤੇ ਸਕਸ਼ਮ ਭਾਰਤ' ਦੇ ਨਿਰਮਾਣ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਐੱਚਏਐੱਲ ਸੁਵਿਧਾਵਾਂ ਦੇ ਇਸ ਦੌਰੇ ਤੋਂ ਬਾਅਦ, ਉਹ ਮਾਣ ਮਹਿਸੂਸ ਕਰ ਰਹੇ ਹਨ ਅਤੇ ਭਾਰਤੀ ਖੋਜਕਾਰਾਂ ਦੀਆਂ ਯੋਗਤਾਵਾਂ 'ਤੇ ਭਰੋਸਾ ਮਹਿਸੂਸ ਕਰ ਰਹੇ ਹਨ।
'ਨਿਰਮਾਣ ਦੇ ਡਿਜੀਟਾਈਜੇਸ਼ਨ' ਵੱਲ ਧਿਆਨ ਖਿੱਚਦੇ ਹੋਏ, ਉਨ੍ਹਾਂ ਕਿਹਾ ਕਿ ਇਸ ਨਾਲ ਏਅਰੋਸਪੇਸ ਸੈਕਟਰ ਵਿੱਚ ਵਿਆਪਕ ਤਬਦੀਲੀ ਆਵੇਗੀ ਅਤੇ ਨਾਲ ਹੀ ਐੱਚਏਐੱਲ ਨੂੰ ਉਦਯੋਗ 4.0 ਲਈ ਤਿਆਰ ਅਤੇ ਅਨੁਕੂਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਨੇ ਹਵਾਬਾਜ਼ੀ ਖੇਤਰ ਵਿੱਚ ਇੱਕ ਗਲੋਬਲ ਖਿਡਾਰੀ ਵਜੋਂ ਉਭਰਨ ਲਈ ਐੱਚਏਐੱਲ ਦੁਆਰਾ ਗਾਹਕਾਂ ਦੀ ਸੰਤੁਸ਼ਟੀ ਨੂੰ ਯਕੀਨੀ ਬਣਾਉਣ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ।
ਮਨੁੱਖਤਾ ਨੂੰ ਦਰਪੇਸ਼ ਵੱਖ-ਵੱਖ ਚੁਣੌਤੀਆਂ ਨਾਲ ਨਜਿੱਠਣ ਲਈ ਨਵੀਨਤਾ ਦੀ ਸ਼ਕਤੀ ਉਜਾਗਰ ਕਰਨ ਦੀ ਜ਼ਰੂਰਤ ਨੂੰ ਪਛਾਣਦਿਆਂ, ਸ਼੍ਰੀ ਨਾਇਡੂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਡਾ ਆਰਥਿਕ ਵਿਕਾਸ ਏਜੰਡਾ ਸਮਾਜਿਕ ਅਤੇ ਆਰਥਿਕ ਤੌਰ 'ਤੇ ਵਧੇਰੇ ਸਮਾਵੇਸ਼ੀ, ਸੰਤੁਲਿਤ ਅਤੇ ਵਧੇਰੇ ਵਾਤਾਵਰਣ ਦੇ ਅਨੁਕੂਲ ਹੋਣਾ ਚਾਹੀਦਾ ਹੈ।
ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰ ਚੰਦਰ ਗਹਿਲੋਤ, ਐੱਚਏਐੱਲ ਦੇ ਪ੍ਰਧਾਨ ਸ਼੍ਰੀ ਆਰ. ਮਾਧਵਨ ਅਤੇ ਐੱਚਏਐੱਲ ਅਤੇ ਏਡੀਏ ਦੇ ਸੀਨੀਅਰ ਅਧਿਕਾਰੀ ਅਤੇ ਵਿਗਿਆਨੀ ਵੀ ਮੌਜੂਦ ਸਨ।
****
ਐੱਮਐੱਸ/ਆਰਕੇ/ਡੀਪੀ
(Release ID: 1747761)
Visitor Counter : 190