ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਹਾਕੀ ਜਿਹੀਆਂ ਰਵਾਇਤੀ ਭਾਰਤੀ ਖੇਡਾਂ ਦਾ ਗੌਰਵ ਮੁੜ ਸਿਖ਼ਰ ’ਤੇ ਲਿਜਾਣ ਦਾ ਸੱਦਾ ਦਿੱਤਾ


ਰਾਜ ਸਰਕਾਰਾਂ ਤੇ ਕਾਰਪੋਰੇਟ ਸੰਸਥਾਵਾਂ ਨੂੰ ਭਾਰਤੀ ਖੇਡਾਂ ਨੂੰ ਪ੍ਰੋਤਸਾਹਨ ਦੇਣ ਦੀ ਤਾਕੀਦ ਕੀਤੀ

ਇਹ ਬਸਤੀਵਾਦੀ ਮਾਨਸਿਕਤਾ ਤੋਂ ਬਾਹਰ ਆਉਣ ਤੇ ਆਪਣੀ ਮਹਾਨ ਪਰੰਪਰਾ ਤੇ ਸੱਭਿਆਚਾਰ ਉੱਤੇ ਮਾਣ ਮਹਿਸੂਸ ਕਰਨ ਦਾ ਵੇਲਾ ਹੈ: ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਆਪਣੇ ਅਧਿਕਾਰਾਂ ਤੇ ਫ਼ਰਜ਼ਾਂ ਵਿਚਾਲੇ ਸੰਤੁਲਨ ਕਾਇਮ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ

ਰਾਸ਼ਟਰ ਨੂੰ ਖ਼ੁਦ ਤੋਂ ਉਪਰ ਮੰਨਣ ਵਾਲੇ ਸੂਝਵਾਨ ਨਾਗਰਿਕ ਹੀ ਸੱਚੇ ਰਾਸ਼ਟਰ–ਨਿਰਮਾਤਾ: ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਸਵਰਗੀ ਸਮਾਜ–ਸੇਵਕ ਸ਼੍ਰੀ ਚਮਨ ਲਾਲ ਜੀ ਦੇ ਸਨਮਾਨ ’ਚ ਡਾਕ ਟਿਕਟ ਜਾਰੀ ਕੀਤਾ

ਇੱਕ ਅਜਿਹੇ ਮਹਾਨ ਰਾਸ਼ਟਰਵਾਦੀ, ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਰਾਸ਼ਟਰ ਦੀ ਸੇਵਾ ’ਚ ਸਮਰਪਿਤ ਕਰ ਦਿੱਤਾ: ਉਪ ਰਾਸ਼ਟਰਪਤੀ

ਸ਼੍ਰੀ ਚਮਨ ਲਾਲ ਨੇ ਪ੍ਰਵਾਸੀ ਭਾਰਤੀਆਂ ਨੂੰ ਆਪਣੀ ਮਾਤਭੂਮੀ ਨਾਲ ਜੋੜਿਆ ਤੇ ਉਨ੍ਹਾਂ ਵਿੱਚ ਭਾਰਤੀਅਤਾ ਦੀ ਭਾਵਨਾ ਦਾ ਸੰਚਾਰ ਕੀਤਾ

Posted On: 07 AUG 2021 12:58PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਹਾਕੀ ਜਿਹੀਆਂ ਰਵਾਇਤੀ ਖੇਡਾਂ ਦਾ ਗੌਰਵ ਮੁੜ ਹਾਸਲ ਕਰਦਿਆਂ ਇਸ ਨੂੰ ਸਿਖ਼ਰ ’ਤੇ ਲਿਜਾਣ ਦਾ ਸੱਦਾ ਦਿੱਤਾ। ਉਨ੍ਹਾਂ ਰਾਜ ਸਰਕਾਰਾਂ ਤੇ ਕਾਰਪੋਰੇਟ ਸੰਸਥਾਨਾਂ ਨੂੰ ਇਸ ਦਿਸ਼ਾ ’ਚ ਜ਼ਰੂਰ ਪ੍ਰੋਤਸਾਹਨ ਲਈ ਮਿਲ ਕੇ ਕੰਮ ਕਰਨ ਦੀ ਤਾਕੀਦ ਕੀਤੀ।

 

ਉਪ ਰਾਸ਼ਟਰਪਤੀ ਨਿਵਾਸ ’ਚ ਅੱਜ ਸਮਾਜਿਕ ਕਾਰਕੁੰਨ ਤੇ ਰਾਸ਼ਟਰਵਾਦੀ ਸ਼੍ਰੀ ਚਮਨ ਲਾਲ ਦੀ ਯਾਦ ਵਿੱਚ ਡਾਕ ਟਿਕਟ ਜਾਰੀ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਟੋਕੀਓ ਓਲੰਪਿਕਸ ’ਚ ਭਾਰਤੀ ਹਾਕੀ ਟੀਮ ਦੇ ਹਾਲੀਆ ਪ੍ਰਦਰਸ਼ਨ ਨੇ ਖੇਡਾਂ ’ਚ ਦਿਲਚਸਪੀ ਨੂੰ ਮੁੜ ਜਗਾਇਆ ਹੈ ਤੇ ਹੁਣ ਹਾਕੀ ਤੇ ਕਬੱਡੀ ਜਿਹੀਆਂ ਰਵਾਇਤੀ ਭਾਰਤੀ ਖੇਡਾਂ ਨੂੰ ਵਿਆਪਕ ਪੱਧਰ ਉੱਤੇ ਹੁਲਾਰਾ ਦੇਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਬਨਾਵਟੀ ਟਰਫ਼ ਸਮੇਤ ਬੁਨਿਆਦੀ ਢਾਚੇ ਨੁੰ ਮਜ਼ਬੂਤ ਕਰਨ ਤੇ ਜ਼ਮੀਨੀ ਪੱਧਰ ਉੱਤੇ ਸਿਖਲਾਈ ਤੇ ਕੋਚਾਂ ਦੀ ਉਪਲਬਧਤਾ ਨੂੰ ਵੀ ਯਕੀਨੀ ਬਣਾਉਣ ਦਾ ਸੱਦਾ ਦਿੱਤਾ। ਸ਼੍ਰੀ ਨਾਇਡੂ ਨੇ ਭਾਰਤੀ ਖੇਡਾਂ ਪ੍ਰਤੀ ਕੇਂਦਰ ਸਰਕਾਰ ਵੱਲੋਂ ਦਿੱਤੇ ਜਾ ਰਹੇ ਸਰਗਰਮ ਪ੍ਰੋਤਸਾਹਨ ਦੀ ਵੀ ਸ਼ਲਾਘਾ ਕੀਤੀ।

 

ਦੂਜਿਆਂ ਦੀ ਅੰਨ੍ਹੇਵਾਹ ਨਕਲ ਕਰਨ ਦੀ ਬਸਤੀਵਾਦੀ ਮਾਨਸਿਕਤਾ ਨੂੰ ਤਿਆਗਣ ਦਾ ਸੱਦਾ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਆਪਣੀ ਮਹਾਨ ਪਰੰਪਰਾ ਅਤੇ ਸੱਭਿਆਚਾਰ 'ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਰ ਖੇਤਰ ਵਿੱਚ ਪ੍ਰਤਿਭਾ ਨਾਲ ਭਰਪੂਰ ਹਨ ਅਤੇ ਇਸ ਪ੍ਰਤਿਭਾ ਨੂੰ ਸਿਰਫ ਸਹੀ ਉਤਸ਼ਾਹ ਅਤੇ ਸਹਾਇਤਾ ਦੀ ਲੋੜ ਹੈ।

 

ਸ਼੍ਰੀ ਚਮਨ ਲਾਲ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਦੇਸ਼ ਅਤੇ ਲੋਕਾਂ ਦੀ ਨਿਸ਼ਕਾਮ ਸੇਵਾ ਵਿੱਚ ਸਮਰਪਿਤ ਕਰ ਦਿੱਤਾ। ਸ਼੍ਰੀ ਚਮਨ ਲਾਲ ਨੂੰ ਮਹਾਨ ਰਾਸ਼ਟਰਵਾਦੀ ਅਤੇ ਦੂਰਅੰਦੇਸ਼ ਚਿੰਤਕ ਦੱਸਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜੀਵਨ ਦਾ ਫ਼ਲਸਫ਼ਾ ਸੇਵਾ, ਕਦਰਾਂ-ਕੀਮਤਾਂ ਅਤੇ ਸਿਰਜਣਾਤਮਕਤਾ ਦੀ ਵਿਸ਼ੇਸ਼ਤਾ ਹੈ। ਸ਼੍ਰੀ ਨਾਇਡੂ ਨੇ ਕਿਹਾ ਕਿ 1942 ਵਿੱਚ ਪੰਜਾਬ ਯੂਨੀਵਰਸਿਟੀ (ਲਾਹੌਰ) ਵਿੱਚ ਐੱਮਐੱਸਸੀ ਵਿੱਚ ਗੋਲਡ ਮੈਡਲ ਹਾਸਲ ਕਰਨ ਦੇ ਬਾਵਜੂਦ, ਉਨ੍ਹਾਂ ਨੇ ਸੇਵਾ ਦਾ ਰਸਤਾ ਚੁਣਿਆ, ਭਾਵੇਂ ਉਨ੍ਹਾਂ ਦਾ ਭਵਿੱਖ ਉੱਜਲ ਸੀ, ਪਰ ਨਾਲ ਹੀ ਉਨ੍ਹਾਂ ਨੇ ਸੇਵਾ ਵਿੱਚ ਅਧਿਆਤਮਿਕਤਾ ਦੀ ਭਾਵਨਾ ਬਣਾਈ ਰੱਖੀ।

 

ਆਪਣੇ ਵਿਅਕਤੀਗਤ ਅਧਿਕਾਰਾਂ ਅਤੇ ਸਮਾਜਿਕ ਫਰਜ਼ਾਂ ਵਿੱਚ ਸੰਤੁਲਨ ਕਾਇਮ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ, ਉਨ੍ਹਾਂ ਕਿਹਾ ਕਿ ਕਿਸੇ ਦੀਆਂ ਸਮਾਜਿਕ ਜ਼ਿੰਮੇਵਾਰੀਆਂ ਦੀ ਪਰਵਾਹ ਕੀਤੇ ਬਿਨਾ, ਇਕੱਲੇ ਅਧਿਕਾਰਾਂ 'ਤੇ ਬਹੁਤ ਜ਼ਿਆਦਾ ਜ਼ੋਰ ਦੇਣਾ ਸਮਾਜ ਵਿੱਚ ਅਸੰਤੁਲਨ ਪੈਦਾ ਕਰ ਸਕਦਾ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਸੂਝਵਾਨ ਅਤੇ ਸੰਵੇਦਨਸ਼ੀਲ ਨਾਗਰਿਕ ਉਹ ਹੁੰਦੇ ਹਨ ਜੋ ਰਾਸ਼ਟਰ ਨੂੰ ਆਪਣੇ ਤੋਂ ਉਤਾਂਹ ਰੱਖਦੇ ਹਨ, ਉਹ ਸਹੀ ਅਰਥਾਂ ਵਿੱਚ ਸੱਚੇ ਰਾਸ਼ਟਰ ਨਿਰਮਾਤਾ ਹਨ। ਉਨ੍ਹਾਂ ਕਿਹਾ ਕਿ ਸੁਆਰਥੀ ਨਾ ਬਣਨਾ ਅਤੇ ਦੂਜਿਆਂ ਦੀ ਭਲਾਈ ਕਰਨਾ - ਇਹੋ ਹੈ ਜੋ ਹਰ ਸੱਭਿਅਤਾ, ਹਰ ਧਰਮ ਸਾਨੂੰ ਸਿਖਾਉਂਦਾ ਹੈ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ 'ਵਸੂਧੈਵ ਕੁਟੁੰਬਕਮ' ਦੀ ਸੱਚੀ ਭਾਵਨਾ ਵਿੱਚ, ਸ਼੍ਰੀ ਚਮਨ ਲਾਲ ਨੇ ਸਦੀਆਂ ਤੋਂ ਵਿਦੇਸ਼ਾਂ ਵਿੱਚ ਰਹਿ ਰਹੇ ਪ੍ਰਵਾਸੀ ਭਾਰਤੀਆਂ ਨੂੰ ਉਨ੍ਹਾਂ ਦੀ ਮਾਤ–ਭੂਮੀ ਨਾਲ ਸਫ਼ਲਤਾਪੂਰਵਕ ਜੋੜਿਆ ਅਤੇ ਉਨ੍ਹਾਂ ਵਿੱਚ ਭਾਰਤੀਅਤਾ ਦੀ ਭਾਵਨਾ ਦਾ ਸੰਚਾਰ ਕੀਤਾ। ਉਨ੍ਹਾਂ ਵਿਸ਼ਵ ਭਰ ਵਿੱਚ ਫੈਲੇ ਭਾਰਤੀ ਲੋਕਾਂ ਦੇ ਇੱਕ ਵਿਸ਼ਵਵਿਆਪੀ ਨੈੱਟਵਰਕ ਨੂੰ ਬਣਾਉਣ ਲਈ ਅਣਥੱਕ ਮਿਹਨਤ ਕੀਤੀ, ਸ਼੍ਰੀ ਨਾਇਡੂ ਨੇ ਕਿਹਾ ਕਿ ਅੱਜ ਸਾਰੇ ਪ੍ਰਵਾਸੀ ਸਾਡੇ ਸੱਭਿਆਚਾਰਕ ਪ੍ਰਤੀਨਿਧੀ ਹਨ ਅਤੇ ਭਾਰਤ ਨੂੰ ਉਨ੍ਹਾਂ ਦੀ ਸਫ਼ਲਤਾ ਤੋਂ ਪਹਿਚਾਣ ਮਿਲਦੀ ਹੈ।

 

ਐਮਰਜੈਂਸੀ ਦੌਰਾਨ ਸ਼੍ਰੀ ਚਮਨ ਲਾਲ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਯਾਦ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਜ਼ਿਆਦਾ ਜੋਖਮ ਦੇ ਬਾਵਜੂਦ ਜੇਲ੍ਹ ਵਿੱਚ ਬੰਦ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੀ ਪੂਰੀ ਮਿਹਨਤ ਨਾਲ ਸਹਾਇਤਾ ਕੀਤੀ। ਸ਼੍ਰੀ ਚਮਨ ਲਾਲ ਨਾਲ ਆਪਣੀ ਨਿਜੀ ਮੁਲਾਕਾਤ ਨੂੰ ਯਾਦ ਕਰਦਿਆਂ, ਉਪ ਰਾਸ਼ਟਰਪਤੀ ਨੇ ਕਿਹਾ ਕਿ ਬਿਰਧ ਅਵਸਥਾ ’ਚ ਹੋਣ ਦੇ ਬਾਵਜੂਦ, ਉਹ ਨਵੀਨ ਕਿਸਮ ਦੇ ਵਿਚਾਰਾਂ ਨਾਲ ਭਰੇ ਹੋਏ ਸਨ ਅਤੇ ਨਵੀਆਂ ਜ਼ਿੰਮੇਵਾਰੀਆਂ ਲੈਣ ਲਈ ਹਮੇਸ਼ਾਂ ਤਿਆਰ ਰਹਿੰਦੇ ਸਨ।

 

ਸਦੀਵੀ ਭਾਰਤੀ ਗੁਰੂ-ਸ਼ਿਸ਼ ਪਰੰਪਰਾ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤੀ ਸੰਸਕ੍ਰਿਤੀ ਗਿਆਨ ਅਤੇ ਸਿੱਖਿਆ ਨੂੰ ਬੌਧਿਕ ਸੰਪਤੀ ਦੇ ਰੂਪ ਵਿੱਚ ਨਹੀਂ ਵੇਖਦੀ, ਪਰ ਵਿਸ਼ਵਾਸ ਕਰਦੀ ਹੈ ਕਿ ਗਿਆਨ ਸਾਂਝਾ ਕਰਨ ਨਾਲ ਵਧਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਕਿਸੇ ਨੂੰ ਆਪਣਾ ਗਿਆਨ ਦੂਜਿਆਂ ਨਾਲ ਸਾਂਝਾ ਕਰਕੇ ਗੁਰੂ ਦਾ ਰਿਣ ਚੁਕਾਉਣਾ ਪਵੇਗਾ। ਉਪ ਰਾਸ਼ਟਰਪਤੀ ਨੇ ਰਿਗਵੇਦ ਦੇ ਇੱਕ ਸ਼ਲੋਕ ਦਾ ਹਵਾਲਾ ਦਿੰਦੇ ਹੋਏ - "आ नो भद्रा: क्रतवो यंतु विश्वत:" ਕਿਹਾ ਕਿ ਭਾਰਤੀ ਸੰਸਕ੍ਰਿਤੀ ਗਿਆਨ ਦੀ ਸਰਬਵਿਆਪਕਤਾ ਵਿੱਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਕਿਹਾ ਕਿ ਗਿਆਨ ਕਿਸੇ ਭੂਗੋਲਿਕ ਹੱਦਾਂ ਨਾਲ ਬੱਝਾ ਨਹੀਂ ਹੁੰਦਾ, ਇਹ ਸਮੁੱਚੀ ਮਾਨਵਤਾ ਦੀ ਸਾਂਝੀ ਵਿਰਾਸਤ ਹੈ।

 

ਵਿਸ਼ਵ ਅਧਿਐਨ ਕੇਂਦਰ (ਸੈਂਟਰ ਫਾਰ ਵਰਲਡ ਸਟਡੀਜ਼) ਦਾ ਜ਼ਿਕਰ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਸ਼੍ਰੀ ਚਮਨ ਲਾਲ ਇਸ ਦੇ ਪ੍ਰੇਰਕ ਸਨ ਅਤੇ ਕਿਹਾ ਕਿ ਇਹ ਕੇਂਦਰ ਵਿਸ਼ਵ ਪੱਧਰ 'ਤੇ ਭਾਰਤ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਵਿਸ਼ਵ ਅਧਿਐਨ ਕੇਂਦਰ ਨੂੰ ਵਿਸ਼ਵ ਭਰ ਵਿੱਚ ਸ਼੍ਰੀ ਚਮਨ ਲਾਲ ਦੀ ਜਨਮ ਸ਼ਤਾਬਦੀ ਦੇ ਆਯੋਜਨ ਲਈ ਵਧਾਈ ਦਿੱਤੀ। ਉਪ ਰਾਸ਼ਟਰਪਤੀ ਨੇ ਭਾਰਤ ਸਰਕਾਰ ਦੇ ਸੰਚਾਰ ਮੰਤਰਾਲੇ ਵੱਲੋਂ ਸ਼੍ਰੀ ਚਮਨ ਲਾਲ ਜੀ ਵਰਗੀ ਪ੍ਰੇਰਣਾਦਾਇਕ ਸ਼ਖਸੀਅਤ ਦੇ ਸਨਮਾਨ ਵਿੱਚ ਇੱਕ ਡਾਕ ਟਿਕਟ ਜਾਰੀ ਕਰਨ ਦੇ ਫ਼ੈਸਲੇ ਦਾ ਵੀ ਸੁਆਗਤ ਕੀਤਾ ਹੈ।

 

ਇਸ ਮੌਕੇ 'ਤੇ ਕੇਂਦਰੀ ਰੇਲਵੇ, ਸੰਚਾਰ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਨਵ, ਸੰਚਾਰ ਰਾਜ ਮੰਤਰੀ ਸ਼੍ਰੀ ਦੇਵੀ ਸਿੰਘ ਚੌਹਾਨ, ਹੁਨਰ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ, ਸੰਸਦ ਮੈਂਬਰ ਡਾ. ਹਰਸ਼ ਵਰਧਨ, ਡਾ. ਸੁਬਰਾਮਨੀਅਮ ਸਵਾਮੀ, ਡਾ. ਵਿਨੇ ਸਹਿਸ੍ਰਬੁੱਧੇ ਅਤੇ ਸ਼੍ਰੀ ਵਿਨੀਤ ਪਾਂਡੇ, ਸਕੱਤਰ (ਡਾਕ) ਅਤੇ ਹੋਰ ਪਤਵੰਤੇ ਸੱਜਣ ਵੀ ਸ਼ਾਮਲ ਹੋਏ।

 

*****

 

ਐੱਮਐੱਸ/ਆਰਕੇ/ਡੀਪੀ(Release ID: 1743694) Visitor Counter : 193