ਰਾਸ਼ਟਰਪਤੀ ਸਕੱਤਰੇਤ

ਮਦਰਾਸ ਵਿਧਾਨ ਪਰਿਸ਼ਦ ਨੇ ਸ਼ਾਸਨ ਦੇ ਪੂਰੀ ਤਰ੍ਹਾਂ ਪ੍ਰਤੀਨਿਧ ਜਮਹੂਰੀ ਕਿਸਮ ਦੇ ਬੀਅ ਬੀਜੇ ਸਨ, ਜਿਨ੍ਹਾਂ ਨੂੰ ਆਜ਼ਾਦੀ ਤੋਂ ਬਾਅਦ ਮਹਿਸੂਸ ਕੀਤਾ ਗਿਆ ਸੀ: ਰਾਸ਼ਟਰਪਤੀ ਕੋਵਿੰਦ


ਭਾਰਤ ਦੇ ਰਾਸ਼ਟਰਪਤੀ ਨੇ ਚੇਨਈ ’ਚ ਮਦਰਾਸ ਵਿਧਾਨ ਪਰਿਸ਼ਦ ਦੇ 100ਵੇਂ ਸਾਲ ਦੇ ਯਾਦਗਾਰੀ ਸਮਾਰੋਹ ਮੌਕੇ ਸ਼ੋਭਾ ਵਧਾਈ

Posted On: 02 AUG 2021 7:21PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਮਦਰਾਸ ਵਿਧਾਨ ਪਰਿਸ਼ਦ ਨੇ ਸ਼ਾਸਨ ਦੇ ਪੂਰੀ ਤਰ੍ਹਾਂ ਪ੍ਰਤੀਨਿਧ ਜਮਹੂਰੀ ਕਿਸਮ ਦੇ ਬੀਅ ਬੀਜੇ ਸਨ, ਜਿਨ੍ਹਾਂ ਨੂੰ ਆਜ਼ਾਦੀ ਤੋਂ ਬਾਅਦ ਮਹਿਸੂਸ ਕੀਤਾ ਗਿਆ ਸੀ। ਉਹ ਅੱਜ (2 ਅਗਸਤ, 2021) ਚੇਨਈ ’ਚ ਮਦਰਾਸ ਵਿਧਾਨ ਪਰਿਸ਼ਦ ਦੇ 100ਵੇਂ ਸਾਲ ਦੇ ਯਾਦਗਾਰੀ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇਸ ਮੌਕੇ ਤਮਿਲ ਨਾਡੂ ਵਿਧਾਨ ਸਭਾ ਦੇ ਕੈਂਪਸ ਅੰਦਰ ਤਮਿਲ ਨਾਡੂ ਦੇ ਸਾਬਕਾ ਮੁੱਖ ਮੰਤਰੀ ਡਾ. ਕਲਾਇਗਨਾਰ ਐੱਮ. ਕਰੁਣਾਨਿਧੀ ਦੀ ਪ੍ਰਤਿਮਾ ਤੋਂ ਪਰਦਾ ਵੀ ਹਟਾਇਆ।

 

ਰਾਸ਼ਟਰਪਤੀ ਨੇ ਕਿਹਾ ਕਿ ਮਦਰਾਸ ਵਿਧਾਨ ਪਰਿਸ਼ਦ ਨੇ ਬਹੁਤ ਸਾਰੇ ਅਗਾਂਹਵਧੂ ਕਾਨੂੰਨ ਬਣਾਏ ਅਤੇ ਇਸ ਦੇ ਸ਼ੁਰੂਆਤੀ ਦਹਾਕਿਆਂ ਵਿੱਚ ਬਹੁਤ ਸਾਰੇ ਬਦਲਾਅ ਵੀ ਕੀਤੇ। ਲੋਕਤੰਤਰ ਦੀ ਉਹੀ ਭਾਵਨਾ ਰਾਜ ਵਿਧਾਨ ਸਭਾ ਦੀ ਮਾਰਗ ਦਰਸ਼ਕ ਬਣੀ ਹੋਈ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਵਿਧਾਨ ਸਭਾ ਬਹੁਤ ਸਾਰੇ ਅਗਾਂਹਵਧੂ ਕਾਨੂੰਨਾਂ ਦਾ ਸਰੋਤ ਬਣ ਗਈ, ਜਿਨ੍ਹਾਂ ਨੂੰ ਬਾਅਦ ਵਿੱਚ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਦੇਸ਼ ਭਰ ਵਿੱਚ ਦੁਹਰਾਇਆ ਗਿਆ। ਗ਼ਰੀਬਾਂ ਨੂੰ ਉੱਚਾ ਚੁੱਕਣ ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਸ਼ਾਸਨ 'ਤੇ ਧਿਆਨ ਦਿੰਦਿਆਂ ਇਸ ਵਿਧਾਨ ਸਭਾ ਨੂੰ ਲੋਕਤੰਤਰ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਦਾ ਸਿਹਰਾ ਦਿੱਤਾ ਜਾ ਸਕਦਾ ਹੈ। ਇਸ ਖੇਤਰ ਵਿੱਚ ਰਾਜਨੀਤੀ ਅਤੇ ਸ਼ਾਸਨ ਸਕਾਰਾਤਮਕ ਅਤੇ ਤਰਕਸ਼ੀਲ ਸਮਗਰੀ ਦੇ ਅਧਾਰ ਉੱਤੇ ਵਿਕਸਿਤ ਹੋਏ, ਜਿਨ੍ਹਾਂ ਨੇ ਹਾਸ਼ੀਏ 'ਤੇ ਰਹਿਣ ਵਾਲਿਆਂ ਦੀ ਭਲਾਈ ਨੂੰ ਟੀਚਾ ਬਣਾਇਆ। ਦੇਵਦਾਸੀ ਪ੍ਰਥਾ ਨੂੰ ਖਤਮ ਕਰਨਾ, ਵਿਧਵਾ ਪੁਨਰ–ਵਿਆਹ, ਸਕੂਲਾਂ ਵਿੱਚ ਮਿਡ-ਡੇਅ ਮੀਲ ਅਤੇ ਬੇਜ਼ਮੀਨੇ ਲੋਕਾਂ ਨੂੰ ਖੇਤੀਬਾੜੀ ਵਾਲੀ ਜ਼ਮੀਨ ਵੰਡਣਾ ਕੁਝ ਕ੍ਰਾਂਤੀਕਾਰੀ ਵਿਚਾਰ ਸਨ ਜਿਨ੍ਹਾਂ ਨੇ ਸਮਾਜ ਨੂੰ ਬਦਲ ਕੇ ਰੱਖ ਦਿੱਤਾ। ਕਲਿਆਣਕਾਰੀ ਰਾਜ ਦੀ ਧਾਰਨਾ ਨੇ ਇਸ ਵਿਧਾਨ ਸਭਾ ਵਿੱਚ ਡੂੰਘੀਆਂ ਜੜ੍ਹਾਂ ਫੜ ਲਈਆਂ ਹਨ ਚਾਹੇ ਇੱਥੇ ਰਾਜ ਕੋਈ ਵੀ ਕਰੇ।

 

 

ਤਮਿਲ ਨਾਡੂ ਦੇ ਸਾਬਕਾ ਮੁੱਖ ਮੰਤਰੀ, ਡਾ. ਕਲਾਇਗਨਾਰ ਐੱਮ. ਕਰੁਣਾਨਿਧੀ ਨੂੰ ਯਾਦ ਕਰਦਿਆਂ, ਰਾਸ਼ਟਰਪਤੀ ਨੇ ਕਿਹਾ ਕਿ 'ਕਲਾਇਗਨਾਰ' ਨੇ ਆਪਣੇ ਰਾਜਨੀਤਕ ਜੀਵਨ ਦੀ ਸ਼ੁਰੂਆਤ ਆਪਣੀ ਅੱਲ੍ਹੜ ਉਮਰੇ ਹੀ ਕਰ ਲਈ ਸੀ, ਜਦੋਂ ਭਾਰਤ ਹਾਲੇ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ ਅਤੇ ਉਹ ਸਾਡੇ ਤੋਂ ਥੋੜ੍ਹਾ ਸਮਾਂ ਪਹਿਲਾਂ ਹੀ ਜੁਦਾ ਹੋਏ ਹਨ। ਉਹ ਜਦੋਂ ਹਾਲੇ ਨੌਜਵਾਨ ਲੜਕੇ ਹੀ ਸਨ, ਉਨ੍ਹਾਂ ਆਦਰਸ਼ਾਂ ਦੀ ਰੌਸ਼ਨੀ ’ਚ ਵੰਚਿਤ ਵਰਗਾਂ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਤਦ ਗ਼ਰੀਬੀ ਤੇ ਅਨਪੜ੍ਹਤਾ ਦਾ ਝੰਬਿਆ ਭਾਰਤ ਹਾਲੇ ਸ਼ਿਕੰਜਿਆਂ ’ਚ ਜਕੜਿਆ ਹੋਇਆ ਸੀ ਅਤੇ ਲੰਮਾ ਸਮਾਂ ਵਿਦੇਸ਼ੀ ਸ਼ਾਸਨ ਅਧੀਨ ਦੇਸ਼ ਦਾ ਸ਼ੋਸ਼ਣ ਹੁੰਦਾ ਰਿਹਾ। ਜਦੋਂ ਉਨ੍ਹਾਂ ਆਖ਼ਰੀ ਸਾਹ ਲਿਆ, ਤਾਂ ਉਹ ਜ਼ਰੂਰ ਸੰਤੁਸ਼ਟ ਹੋਣਗੇ ਕਿ ਇਸ ਧਰਤੀ ਤੇ ਇੱਥੋਂ ਦੇ ਲੋਕਾਂ ਨੇ ਸਾਰੇ ਮੋਰਚਿਆਂ ਉੱਤੇ ਅਦਭੁਤ ਤਰੱਕੀ ਤੇ ਵਿਕਾਸ ਕੀਤਾ ਹੈ। ਉਹ ਇਸ ਲਈ ਵੀ ਜ਼ਰੂਰ ਸੰਤੁਸ਼ਟ ਹੋਣਗੇ ਕਿਉਂਕਿ ਉਨ੍ਹਾਂ ਆਪਣੇ ਲੰਬੇ ਤੇ ਸਿਰਜਣਾਤਮਕ ਜੀਵਨ ਦਾ ਹਰੇਕ ਚੇਤੰਨ ਘੰਟਾ ਆਪਣੇ ਰਾਜ ਤੇ ਦੇਸ਼ ਦੇ ਲੋਕਾਂ ਦੀ ਸੇਵਾ ਵਿੱਚ ਬਿਤਾਇਆ।

 

ਕਰੁਣਾਨਿਧੀ ਦੇ ਤਮਿਲ ਸਾਹਿਤ ਅਤੇ ਸਿਨੇਮਾ ਵਿੱਚ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਬਹੁਤ ਘੱਟ ਰਾਜਨੀਤਕ ਨੇਤਾ ਹਨ ਜੋ ਭਾਸ਼ਾ ਦੇ ਪ੍ਰਤੀ ਇੰਨੇ ਭਾਵੁਕ ਹਨ। ਕਰੁਣਾਨਿਧੀ ਲਈ ਉਨ੍ਹਾਂ ਦੀ ਮਾਂ-ਬੋਲੀ ਪੂਜਾ ਦੇ ਯੋਗ ਸੀ। ਰਾਸ਼ਟਰਪਤੀ ਨੇ ਕਿਹਾ ਕਿ ਬੇਸ਼ੱਕ ਤਮਿਲ ਮਨੁੱਖ ਜਾਤੀ ਦੀਆਂ ਸਭ ਤੋਂ ਮਹਾਨ ਅਤੇ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ। ਸਾਰੀ ਦੁਨੀਆ ਆਪਣੀ ਅਮੀਰ ਵਿਰਾਸਤ 'ਤੇ ਮਾਣ ਕਰਦੀ ਹੈ। ਪਰ ਇਹ ਕਰੁਣਾਨਿਧੀ ਸਨ, ਜਿਨ੍ਹਾਂ ਨੇ ਇਹ ਸੁਨਿਸ਼ਚਿਤ ਕੀਤਾ ਕਿ ਇਸ ਨੂੰ ਇੱਕ ਕਲਾਸੀਕਲ (ਸ਼ਾਸਤਰੀ) ਭਾਸ਼ਾ ਵਜੋਂ ਅਧਿਕਾਰਤ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਕਲਾਇਗਨਾਰ ਆਪਣੇ ਵਿਲੱਖਣ ਵਰਗ ਦੇ ਨੇਤਾ ਸਨ। ਉਹ ਸਾਡੀ ਰਾਸ਼ਟਰੀ ਅੰਦੋਲਨ ਨਾਲ ਜੁੜੇ ਰਹੇ ਆਖ਼ਰੀ ਮੋਹਰੀ ਲੋਕਾਂ ਵਿੱਚੋਂ ਇੱਕ ਸਨ।

 

ਰਾਸ਼ਟਰਪਤੀ ਨੇ ਕਿਹਾ ਕਿ ਜਿਵੇਂ ਦੇਸ਼ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਉਹ ਰਾਸ਼ਟਰੀ ਅੰਦੋਲਨ ਦੇ ਮੋਹਰੀ ਆਗੂਆਂ ਨੂੰ ਯਾਦ ਕਰਨਾ ਚਾਹੁਣਗੇ। ਸਾਡੀ ਰਾਸ਼ਟਰੀ ਲਹਿਰ 1857 ਜਾਂ ਇਸ ਤੋਂ ਵੀ ਪਹਿਲਾਂ ਤੋਂ ਲੈ ਕੇ 1947 ਤੱਕ ਫੈਲੀ ਹੋਈ ਹੈ। ਇਨ੍ਹਾਂ ਦਹਾਕਿਆਂ ਦੌਰਾਨ, ਕੱਟੜਪੰਥੀ ਅਤੇ ਕ੍ਰਾਂਤੀਕਾਰੀ ਸਨ। ਸ਼ਾਂਤੀਵਾਦੀ ਅਤੇ ਸੰਵਿਧਾਨਵਾਦੀ ਸਨ। ਉਨ੍ਹਾਂ ਦੇ ਵੱਖੋ-ਵੱਖਰੇ ਤਰੀਕੇ ਸਨ ਅਤੇ ਉਨ੍ਹਾਂ ਦੇ ਵੱਖੋ-ਵੱਖਰੇ ਦਰਸ਼ਨ ਸਨ। ਪਰ ਉਹ ਮਾਤ ਭੂਮੀ ਪ੍ਰਤੀ ਆਪਣੀ ਸ਼ਰਧਾ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਇਕਜੁੱਟ ਸਨ। ਹਰ ਕੋਈ, ਆਪਣੇ ਤਰੀਕੇ ਨਾਲ, ਭਾਰਤ ਮਾਤਾ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਸੀ। ਵੱਖੋ-ਵੱਖਰੀਆਂ ਸਹਾਇਕ ਨਦੀਆਂ ਜਿਵੇਂ ਕਿ ਇੱਕ ਦਰਿਆ ਵਿੱਚ ਇਕੱਠੀਆਂ ਹੁੰਦੀਆਂ ਹਨ, ਉਹ ਸਾਰੇ ਰਾਸ਼ਟਰੀ ਆਜ਼ਾਦੀ ਦੇ ਕਾਰਨ ਕਰਕੇ ਇਕੱਠੇ ਹੋਏ ਸਨ।

 

ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਖ਼ੁਦ ਨੂੰ ਗਾਂਧੀ ਜੀ ਲਈ ਇਕਜੁੱਟ ਪਾਇਆ। ਮਹਾਤਮਾ ਗਾਂਧੀ ਨੇ ਨਾ ਸਿਰਫ ਉਹ ਸਭ ਕੁਝ ਪੇਸ਼ ਕੀਤਾ ਜੋ ਸਾਡੇ ਸਭਿਆਚਾਰ ਅਤੇ ਪਰੰਪਰਾ ਵਿੱਚ ਸਰਬੋਤਮ ਸੀ, ਬਲਕਿ ਉਨ੍ਹਾਂ ਨੇ ਕਈ ਪੱਛਮੀ ਚਿੰਤਕਾਂ ਦੇ ਵਿਚਾਰਾਂ ਵਿੱਚ ਵੀ ਸੁਧਾਰ ਕੀਤਾ। ਉਨ੍ਹਾਂ ਨਾਲ ਦੇਸ਼ ਭਗਤਾਂ, ਵਕੀਲਾਂ, ਵਿਦਵਾਨਾਂ, ਸਮਾਜ ਸੁਧਾਰਕਾਂ, ਧਾਰਮਿਕ ਅਤੇ ਅਧਿਆਤਮਕ ਆਗੂਆਂ ਅਤੇ ਹੋਰਾਂ ਦੀ ਇੱਕ ਫੌਜ ਸੀ। ਉਨ੍ਹਾਂ ਵਿੱਚੋਂ ਹਰ ਇੱਕ ਬੇਮਿਸਾਲ ਸੀ। ਡਾ. ਬੀ ਆਰ ਅੰਬੇਡਕਰ ਬਾਰੇ ਸੋਚੋ: ਅਜਿਹੀ ਮਹਾਨ ਪ੍ਰਤਿਭਾ ਅਤੇ ਕਿੰਨੇ ਦੂਰਦਰਸ਼ੀ ਸਨ। ਪਰ ਇਤਿਹਾਸ ਦੀਆਂ ਕਿਤਾਬਾਂ ਵਿੱਚ ਲਿਖੇ ਨਾਵਾਂ ਤੋਂ ਇਲਾਵਾ, ਅਣਗਿਣਤ ਹੋਰ ਸਨ ਜਿਨ੍ਹਾਂ ਦੇ ਨਾਮ ਕਦੇ ਕਿਤੇ ਦਰਜ ਹੀ ਨਹੀਂ ਕੀਤੇ ਗਏ। ਉਨ੍ਹਾਂ ਨੇ ਆਰਾਮ, ਇੱਥੋਂ ਤਕ ਕਿ ਕਰੀਅਰ, ਅਤੇ ਕਈ ਵਾਰ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ, ਤਾਂ ਜੋ ਅਸੀਂ ਇੱਕ ਆਜ਼ਾਦ ਰਾਸ਼ਟਰ ਵਿੱਚ ਰਹਿ ਸਕੀਏ।

 

 

ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਕੁਝ ਦਹਾਕਿਆਂ ਨੇ ਧਰਤੀ ’ਤੇ ਪੈਦਾ ਹੋਈਆਂ ਕੁਝ ਮਹਾਨ ਪੀੜ੍ਹੀਆਂ ਦੇਖੀਆਂ। ਉਨ੍ਹਾਂ ਲਈ, ਇਹ ਦੇਸ਼ ਹਮੇਸ਼ਾ ਰਿਣੀ ਰਹੇਗਾ। ਉਨ੍ਹਾਂ ਨੂੰ ਅਸੀਂ ਸਿਰਫ ਇੱਕੋ ਸ਼ਰਧਾਂਜਲੀ ਦੇ ਸਕਦੇ ਹਾਂ; ਉਹ ਹੈ ਉਨ੍ਹਾਂ ਦੇ ਜੀਵਨ ਅਤੇ ਉਨ੍ਹਾਂ ਦੇ ਆਦਰਸ਼ਾਂ ਤੋਂ ਨਿਰੰਤਰ ਪ੍ਰੇਰਿਤ ਹੋਣਾ। ਉਨ੍ਹਾਂ ਨੇ ਸਾਨੂੰ ਆਜ਼ਾਦੀ ਦਾ ਤੋਹਫ਼ਾ ਦਿੱਤਾ ਪਰ ਉਨ੍ਹਾਂ ਨੇ ਸਾਨੂੰ ਜ਼ਿੰਮੇਵਾਰੀ ਵੀ ਦਿੱਤੀ। ਉਨ੍ਹਾਂ ਦੀ ਦੂਰ–ਦ੍ਰਿਸ਼ਟੀ ਆਕਾਰ ਲੈ ਰਹੀ ਹੈ, ਪਰ ਇਹ ਇੱਕ ਨਿਰੰਤਰ ਚਲਣ ਵਾਲੀ ਪ੍ਰਕਿਰਿਆ ਹੈ। ਜਿਸ ਤਰ੍ਹਾਂ ਉਨ੍ਹਾਂ ਵਿੱਚੋਂ ਹਰ ਇੱਕ ਨੇ ਆਪਣੀ-ਆਪਣੀ ਭੂਮਿਕਾ ਨਿਭਾਈ, ਸਾਨੂੰ ਸਾਰਿਆਂ ਨੂੰ ਰਾਸ਼ਟਰ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਵਿੱਚ ਆਪਣੀ ਭੂਮਿਕਾ ਨਿਭਾਉਣੀ ਪਵੇਗੀ।

 

ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਰਤਮਾਨ ਨੂੰ ਸਮਝਣ ਅਤੇ ਭਵਿੱਖ ਵਿੱਚ ਤਰੱਕੀ ਲਈ ਅਤੀਤ ਨਾਲ ਲਗਾਤਾਰ ਜੁੜੇ ਰਹਿਣ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ, ਸੁਬਰਾਮਣੀਆ ਭਾਰਤੀ ਅਤੇ ਹੋਰਨਾਂ ਦੇ ਜੀਵਨ ਵਿੱਚ ਉਨ੍ਹਾਂ ਨੂੰ ਉਨ੍ਹਾਂ ਪ੍ਰਸ਼ਨਾਂ ਦੇ ਉੱਤਰ ਮਿਲਣਗੇ ਜੋ ਉਨ੍ਹਾਂ ਦੇ ਮਨਾਂ ਵਿੱਚ ਉੱਠ ਰਹੇ ਹਨ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੇਖਿਆ ਹੈ ਕਿ ਨੌਜਵਾਨ ਪੀੜ੍ਹੀ ਸਾਡੇ ਹਾਲੀਆ ਇਤਿਹਾਸ ਵਿੱਚ ਵੱਧ ਤੋਂ ਵੱਧ ਦਿਲਚਸਪੀ ਲੈ ਰਹੀ ਹੈ। ਉਹ ਸਾਡੇ ਅੰਦਰ ਆਸ ਜਗਾਉਂਦੇ ਹਨ ਕਿ ਜਾਣੇ-ਪਛਾਣੇ ਅਤੇ ਅਣਜਾਣ ਸੁਤੰਤਰਤਾ ਸੈਨਾਨੀਆਂ ਵੱਲੋਂ ਸ਼ੁਰੂ ਕੀਤਾ ਕੰਮ ਕੰਮ ਜਾਰੀ ਰਹੇਗਾ। ਉਹ ਭਾਰਤ, ਆਪਣੀ ਸੂਝਬੂਝ ਨਾਲ ਇਸ ਸਦੀ ਵਿੱਚ ਪੂਰੀ ਦੁਨੀਆ ਨੂੰ ਰਾਹ ਦਿਖਾਏਗਾ।

 

******

 

ਡੀਐੱਸ/ਐੱਸਐੱਚ/ਏਕੇ



(Release ID: 1741708) Visitor Counter : 149


Read this release in: English , Urdu , Hindi , Marathi