ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੁਆਰਾ ਯੂਨੀਵਰਸਿਟੀ ਆਵ੍ ਕਸ਼ਮੀਰ ਦੀ ਕਨਵੋਕੇਸ਼ਨ ਸਮੇਂ ਸੰਬੋਧਨ
Posted On:
27 JUL 2021 1:33PM by PIB Chandigarh
ਮੈਂ ਅੱਜ ਤੁਹਾਡੇ ਵਿਚਕਾਰ ਇਸ ਮਹਾਨ ਇਤਿਹਾਸਿਕ ਤੇ ਸੱਭਿਆਚਾਰਕ ਮਹੱਤਵ ਵਾਲੀ ਇਸ ਧਰਤੀ ’ਤੇ ਆ ਕੇ ਬਹੁਤ ਖ਼ੁਸ਼ ਹਾਂ। ਇਸ ਨੂੰ ‘ਰਿਸ਼ੀ ਵਯਰ’ ਜਾਂ ਸੰਤਾਂ ਦੀ ਧਰਤੀ ਕਿਹਾ ਜਾਂਦਾ ਰਿਹਾ ਹੈ ਤੇ ਇਸ ਨੇ ਸਦਾ ਦੂਰ–ਦੁਰਾਡੇ ਤੋਂ ਅਧਿਆਤਮਕਤਾ ਦੀ ਤਲਾਸ਼ ਕਰਨ ਵਾਲਿਆਂ ਨੂੰ ਖਿੱਚਿਆ ਹੈ। ਮੈਂ ਇਸ ਧਰਤੀ ’ਤੇ ਖਲੋ ਕੇ ਮਿਹਰ ਮਹਿਸੂਸ ਕਰ ਰਿਹਾ ਹਾਂ, ਜੋ ਨਾ ਸਿਰਫ਼ ਸੂਝਬੂਝ ਦਾ ਭੰਡਾਰ ਹੈ, ਸਗੋਂ ਇਸ ਦੀ ਕੁਦਰਤੀ ਸੁੰਦਰਤਾ ਵੀ ਬੇਮਿਸਾਲ ਹੈ।
ਦੇਵੀਓ ਤੇ ਸੱਜਣੋ,
ਪਹਿਲਾਂ ਤੇ ਸਭ ਤੋਂ ਜ਼ਰੂਰੀ, ਮੈਂ ਯੂਨੀਵਰਸਿਟੀ ਆਵ੍ ਕਸ਼ਮੀਰ ਦੇ ਨੌਜਵਾਨ ਵਿਦਿਆਰਥੀਆਂ ਨੂੰ ਮੁਬਾਰਕਬਾਦ ਦੇਣੀ ਚਾਹਾਂਗਾ, ਜਿਨ੍ਹਾਂ ਨੂੰ ਇਸ ਕਨਵੋਕੇਸ਼ਨ ਦੌਰਾਨ ਉਨ੍ਹਾਂ ਦੀਆਂ ਸਬੰਧਿਤ ਡਿਗਰੀਆਂ ਵੰਡੀਆਂ ਜਾ ਰਹੀਆਂ ਹਨ। ਪੋਸ਼ਤੇ ਮੁਬਾਰਕ।
ਮੈਨੂੰ ਦੱਸਿਆ ਗਿਆ ਹੈ ਕਿ ਅੱਜ ਲਗਭਗ ਤਿੰਨ ਲੱਖ ਵਿਦਿਆਰਥੀ ਡਿਗਰੀਆਂ ਪ੍ਰਾਪਤ ਕਰ ਰਹੇ ਹਨ। ਮੈਂ ਇਸ ਗਿਣਤੀ ਤੋਂ ਪ੍ਰਭਾਵਿਤ ਹੋਇਆ ਹਾਂ। ਪਿਛਲੇ ਅੱਠ ਸਾਲਾਂ ਦੌਰਾਨ 2.5 ਲੱਖ ਤੋਂ ਵੱਧ ਗ੍ਰੈਜੂਏਟ ਤੇ 1,000 ਤੋਂ ਜ਼ਿਆਦਾ ਡੌਕਟਰੇਟਸ, ਇਸ ਯੂਨੀਵਰਸਿਟੀ ਨੇ ਵਰਣਨਯੋਗ ਤਰੱਕੀ ਕੀਤੀ ਹੈ। ਮੈਨੂੰ ਤੁਹਾਨੂੰ ਹਰੇਕ ਨੂੰ ਇਹ ਦੱਸਣਾ ਚਾਹਾਂਗਾ ਕਿ ਸਿੱਖਣ ਦੀ ਤੁਹਾਡੀ ਤਲਾਸ਼ ਤੇ ਗਿਆਨ ਵਿੱਚ ਤੁਹਾਡਾ ਵਿਸ਼ਵਾਸ ਤਬਦੀਲੀ ਨੂੰ ਦਰਸਾਉਂਦਾ ਹੈ, ਜੋ ਸੱਚਮੁਚ ਪ੍ਰੇਰਣਾਦਾਇਕ ਹੈ। ਇਸ ਦਾ ਸਿਹਰਾ ਵੀ ਯੂਨੀਵਰਸਿਟੀ ਆਵ੍ ਕਸ਼ਮੀਰ ਦੇ ਅਧਿਆਪਕਾਂ ਤੇ ਪ੍ਰਸ਼ਾਸਕਾਂ ਨੂੰ ਜਾਂਦਾ ਹੈ। ਇਹ ਪ੍ਰਾਪਤੀਆਂ ਇਸ ਲਈ ਹੈਰਾਨੀਜਨਕ ਨਹੀਂ ਹਨ ਕਿਉਂਕਿ ਕਸ਼ਮੀਰ ਨੂੰ ਸਦਾ ਪ੍ਰਾਚੀਨ ਸਮਿਆਂ ਦੇ ਪ੍ਰਸਿੱਧ ਤੇ ਵਰਨਣਯੋਗ ਸਿਖਲਾਈ ਕੇਂਦਰ ‘ਸ਼ਾਰਦਾ ਪੀਠ’ ਕਾਰਨ ‘ਸ਼ਾਰਦਾ ਦੇਸ਼’ ਵਜੋਂ ਜਾਣਿਆ ਜਾਂਦਾ ਰਿਹਾ ਹੈ।
ਵਿਦਿਆਰਥਣਾਂ ਦੀ ਸਫ਼ਲਤਾ ਵੀ ਓਨੀ ਹੀ ਪ੍ਰੇਰਣਾਦਾਇਕ ਹੈ ਕਿਉਂਕਿ ਅੱਜ ਡਿਗਰੀਆਂ ਹਾਸਲ ਕਰਨ ਵਾਲਿਆਂ ਵਿੱਚੋਂ ਅੱਧੀਆਂ ਵਿਦਿਆਰਥਣਾਂ ਹੀ ਹਨ। ਇੱਥੇਹੀ ਬੱਸ ਨਹੀਂ, 70 ਫੀਸਦੀ ਮੈਡਲ–ਜੇਤੂ ਮਹਿਲਾਵਾਂ ਹਨ। ਇਸ ਤੱਥ ਉੱਤੇ ਸਿਰਫ਼ ਤਸੱਲੀ ਹੀ ਨਹੀਂ ਹੁੰਦੀ, ਬਲਕਿ ਸਾਨੂੰ ਮਾਣ ਵੀ ਮਹਿਸੂਸ ਹੁੰਦਾ ਹੈ ਕਿ ਸਾਡੀਆਂ ਬੇਟੀਆਂ ਸਾਡੇ ਬੇਟਿਆਂ ਵਾਂਗ ਉਸੇ ਪੱਧਰ ਉੱਤੇ ਅਤੇ ਕੁਝ ਵਾਰ ਉਨ੍ਹਾਂ ਤੋਂ ਵੀ ਬਿਹਤਰ ਤਰੀਕੇ ਅੱਗੇ ਵਧ ਆਪਣੀ ਕਾਰਗੁਜ਼ਾਰੀ ਵਿਖਾਉਣ ਲਈ ਤਿਆਰ ਹਨ। ਸਮਾਨਤਾ ਤੇ ਸਮਰੱਥਾਵਾਂ ਵਾਲਾ ਇਹੋ ਵਿਸ਼ਵਾਸ ਸਾਰੀਆਂ ਮਹਿਲਾਵਾਂ ਵਿੱਚ ਪ੍ਰਫ਼ੁੱਲਤ ਕਰਨ ਦੀ ਜ਼ਰੂਰਤ ਹੈ, ਤਾਂ ਜੋ ਅਸੀਂ ਇੱਕ ਅਜਿਹੇ ਨਵੇਂ ਭਾਰਤ ਦੀ ਉਸਾਰੀ ਸਫ਼ਲਤਾਪੂਰਬਕ ਕਰ ਸਕੀਏ, ਜੋ ਹੋਰਨਾਂ ਦੇਸ਼ਾਂ ਨਾਲ ਮਿਲ ਕੇ ਅੱਗੇ ਵਧਣ ’ਚ ਮੋਹਰੀ ਹੈ। ਸਾਡੇ ਮਾਨਵ ਸੰਸਾਧਨ ਤੇ ਬੁਨਿਆਦੀ ਢਾਂਚਾ ਇਸ ਉਚੇਰੇ ਆਦਰਸ਼ ਦੇ ਸਾਧਨ ਹਨ।
ਦੇਵੀਓ ਤੇ ਸੱਜਣੋ,
ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਨੀਂਹ ਦੀ ਉਸਾਰੀ ਕਰਦੇ ਸਮੇਂ ਅਧਾਰ ਸਥਾਪਿਤ ਕੀਤਾ ਜਾਣ ਵਾਲਾ ਪਹਿਲਾ ਪੱਥਰ ਹੀ ਹੁੰਦਾ ਹੈ। ਉਸੇ ਭਾਵਨਾ ’ਚ ਸਿੱਖਿਆ ਸਾਡੇ ਰਾਸ਼ਟਰ–ਨਿਰਮਾਣ ਦੀ ਨੀਂਹ ਦੀ ਬੁਨਿਆਦ ਹੈ। ਭਾਰਤ ਨੂੰ ਖ਼ੁਦ ਉੱਤੇ ਇਸ ਤੱਥ ਲਈ ਸਦਾ ਮਾਣ ਰਿਹਾ ਹੈ ਕਿ ਇਸ ਨੇ ਗਿਆਨ ਨੂੰ ਹਰੇਕ ਚੀਜ਼ ਤੋਂ ਉੱਤੇ ਰੱਖਿਆ ਹੈ। ਸਿੱਖਣ ’ਚ ਸਾਡੀਆਂ ਮਹਾਨ ਪਰੰਪਰਾਵਾਂ ਹੁੰਦੀਆਂ ਸਨ ਤੇ ਕਸ਼ਮੀਰ ਵੀ ਉਨ੍ਹਾਂ ਵਿੱਚੋਂ ਕੁਝ ਦਾ ਘਰ ਹੁੰਦਾ ਸੀ। ਸਾਡੀ ਅਮੀਰ ਵਿਰਾਸਤ ਅਨੁਸਾਰ ਆਧੁਨਿਕ ਸਿੱਖਿਆ ਨੂੰ ਕੁਝ ਇਸ ਤਰੀਕੇ ਸਹੀ ਲੀਹ ’ਤੇ ਲਿਆਉਣ ਦੀ ਲੋੜ ਮਹਿਸੂਸ ਕੀਤੀ ਗਈ ਕਿ ਇਹ 21ਵੀਂ ਸਦੀ ਦੀਆਂ ਚੁਣੌਤੀਆਂ ਦਾ ਮੁਕਾਬਲਾ ਬਿਹਤਰ ਤਰੀਕੇ ਕਰਨ ਵਿੱਚ ਸਾਡੀ ਮਦਦ ਕਰੇਗੀ। ਉਸ ਦੂਰ–ਦ੍ਰਿਸ਼ਟੀ ਨਾਲ ਹੀ ਇੱਕ ਨਵੀਂ ‘ਰਾਸ਼ਟਰੀ ਸਿੱਖਿਆ ਨੀਤੀ’ ਦਾ ਐਲਾਨ ਪਿਛਲੇ ਵਰ੍ਹੇ ਕੀਤਾ ਗਿਆ ਸੀ।
ਮੈਨੂੰ ਸਾਰੇ ਰਾਜਾਂ ਦੇ ਰਾਜਪਾਲਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੈਫ਼ਟੀਨੈਂਟ ਗਵਰਨਰਾਂ ਤੇ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਲਸਲਰਾਂ ਨਾਲ ਇਸ ਵਿਸ਼ੇ ’ਤੇ ਵਰਚੁਅਲੀ ਵਿਚਾਰ–ਵਟਾਂਦਰਾ ਕਰਨ ਦਾ ਮੌਕਾ ਮਿਲਿਆ ਸੀ। ਮੈਂ ਪਿਛਲੇ ਵਰ੍ਹੇ ਸਤੰਬਰ ’ਚ ਵਰਚੁਅਲ ਵਿਧੀ ਰਾਹੀਂ ‘ਜੰਮੂ ਤੇ ਕਸ਼ਮੀਰ ਵਿੱਚ ‘ਰਾਸ਼ਟਰੀ ਸਿੱਖਿਆ ਨੀਤੀ’ ਦਾ ਲਾਗੂਕਰਣ’ ਵਿਸ਼ੇ ਉੱਤੇ ਇੱਕ ਕਾਨਫ਼ਰੰਸ ਨੂੰ ਵੀ ਸੰਬੋਧਨ ਕੀਤਾ ਸੀ।
ਮੈਨੁੰ ਇਹ ਜਾਣ ਕੇ ਖ਼ੁਸ਼ੀ ਹੋਈ ਹੈ ਕਿ ਨਵੀਂ ਸਿੱਖਿਆ ਨੀਤੀਆਂ ਕੁਝ ਵਿਸ਼ੇਸ਼ਤਾਵਾਂ ਦੀ ਸ਼ੁਰੂਆਤ ਯੂਨੀਵਰਸਿਟੀ ਆਵ੍ ਕਸ਼ਮੀਰ ਵਿੱਚ ਪਹਿਲਾਂ ਤੋਂ ਹੀ ਹੋ ਗਈ ਸੀ। ਇਹ ਨੀਤੀ ਸਮੇਂ–ਸਿਰ ਲਾਗੂ ਕਰਨ ਲਈ ਇੱਕ ਰੂਪ–ਰੇਖਾ ਤਆਰ ਕਰਨ ਵਾਸਤੇ ਇੱਕ ਕਮੇਟੀ ਕਾਇਮ ਕਰਨ ਤੋਂ ਇਲਾਵਾ ਇਸ ਨੀਤੀ ਦੇ ਉਦੇਸ਼ਾਂ ਦੀ ਪੂਰਤੀ ਲਈ ਕਈ ਅਕਾਦਮਿਕ ਕੋਰਸਾਂ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਇਸ ਨੀਤੀ ਵਿੱਚ ਦਰਸਾਏ ਅਨੁਸਾਰ ‘ਪਸੰਦ ਅਧਾਰਿਤ ਕ੍ਰੈਡਿਟ ਪ੍ਰਣਾਲੀ’ ਅਧੀਨ ਇੱਕ ‘ਕ੍ਰੈਡਿਟ ਟ੍ਰਾਂਸਫ਼ਰ ਪਾਲਿਸੀ’ ਅਪਣਾਈ ਗਈ ਹੈ ਕਿ ਤਾਂ ਜੋ ਵਿਦਿਆਰਥੀਆਂ ਨੂੰ ਆਪਣੇ ਸਬੰਧਿਤ ਕ੍ਰੈਡਿਟਸ ਆਪਣੀ ਪਸੰਦ ਦੇ ਵਿਭਾਗ ਜਾਂ ਸੰਸਥਾਨ ’ਚੋਂ ਮੁਕੰਮਲ ਕਰਨ ਵਿੱਚ ਮਦਦ ਮਿਲ ਸਕੇ।
ਇਸ ਯੂਨੀਵਰਸਿਟੀ ਦਾ ਇੱਕ ਹੋਰ ਅਹਿਮ ਕਾਰਨਾਮਾ ਖੋਜ ਉੱਤੇ ਦਿੱਤਾ ਗਿਆ ਇਸ ਦਾ ਜ਼ੋਰ ਹੈ, ਜੋ ਨਵੀਂ ਨੀਤੀ ਦਾ ਇੱਕ ਅਹਿਮ ਅੰਗ ਹੈ। ਮੈਨੂੰ ਇਹ ਦੱਸਿਆ ਗਿਆ ਹੈ ਕਿ ਯੂਨੀਵਰਸਿਟੀ ਆਵ੍ ਕਸ਼ਮੀਰ ਭਾਰਤ ਦੀਆਂ ਸਿਰਫ਼ ਉਨ੍ਹਾਂ ਕੁਝ ਕੁ ਵਿਲੱਖਣ ਯੂਨੀਵਰਸਿਟੀਆਂ ਵਿੱਚ ਸ਼ੁਮਾਰ ਹੁੰਦੀ ਹੈ, ਜਿਨ੍ਹਾਂ ਦਾ ਆਪਣਾ ਅੰਤਰ–ਅਨੁਸ਼ਾਸਨੀ ਖੋਜ ਤੇ ਇਨੋਵੇਸ਼ਨ ਲਈ ਸਮਰਪਿਤ ਕੇਂਦਰ ਹੈ। ਇਸ ਨਾਲ ਵਿਭਿੰਨ ਅਨੁਸ਼ਾਸਨਾਂ ਵਿੱਚ ਅਲਗ-ਅਲਗ ਫ਼ੈਲੋਸ਼ਿਪਸ ਰਾਹੀਂ ਨੌਜਵਾਨ ਵਿਗਿਆਨੀ ਉਤਸ਼ਾਹਿਤ ਹੋਣਗੇ।
ਯੂਨੀਵਰਸਿਟੀ ਆਵ੍ ਕਸ਼ਮੀਰ ਦਾ ਇੱਕ ਹੋਰ ਕਾਰਨਾਮਾ ਵੀ ਹੈ ਕਿ ਇਸ ਨੇ ਬੇਹੱਦ ਉਚੇਰੇ ਮਹੱਤਵ ਵਾਲੇ ਦੋ ਕੇਂਦਰ ਸਥਾਪਿਤ ਕੀਤੇ ਹਨ। ਇਨ੍ਹਾਂ ਵਿੱਚੋਂ ਇੱਕ ਗਲੇਸ਼ੀਓਲੌਜੀ ਨੂੰ ਸਮਰਪਿਤ ਹੈ ਤੇ ਦੂਜਾ ਹਿਮਾਲਿਅਨ ਜੈਵਿਕ–ਵਿਵਿਧਤਾ ਦੇ ਦਸਤਾਵੇਜ਼ੀਕਰਣ, ਜੈਵਿਕ–ਪ੍ਰਤੱਖਣ ਤੇ ਸੰਭਾਲ਼ ਨੂੰ। ਇੱਥੇ ਨੈਸ਼ਨਲ ਹਿਮਾਲਿਅਨ ਆਈਸ–ਕੋਰ ਲੈਬੋਰਟਰੀ ਵੀ ਹੈ। ਜਲਵਾਯੂ ਪਰਿਵਰਤਨ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਮਾਨਵਤਾ ਲਈ ਇਸ ਸਦੀ ਦੀ ਸਭ ਤੋਂ ਅਹਿਮ ਚੁਣੌਤੀ ਹੈ। ਆਲਮੀ ਤਪਸ਼ ਦਾ ਅਸਰ ਹਰ ਥਾਂ ਉੱਤੇ ਮਹਿਸੂਸ ਕੀਤਾ ਜਾ ਰਿਹਾ ਹੈ ਪਰ ਹਿਮਾਲਿਆ ਪਰਬਤਾਂ ਦੇ ਨਾਜ਼ੁਕ ਈਕੋ–ਸਿਸਟਮ ਉੱਤੇ ਇਸ ਦਾ ਅਸਰ ਕੁਝ ਵਧੇਰੇ ਹੀ ਦੇਖਿਆ ਜਾ ਰਿਹਾ ਹੈ। ਮੈਨੂੰ ਭਰੋਸਾ ਹੈ ਕਿ ਇਹ ਦੋ ‘ਸੈਂਟਰਸ ਆਵ੍ ਐਕਸੀਲੈਂਸ’ ਤੇ ਲੈਬੋਰੇਟਰੀ ਕਸ਼ਮੀਰ ਦੀ ਮਦਦ ਕਰਨਗੇ ਤੇ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਤੇ ਕੁਦਰਤ ਨੂੰ ਸੰਭਾਲ਼ਣ ਦੇ ਮਾਮਲੇ ’ਚ ਦੁਨੀਆ ਨੂੰ ਰਸਤਾ ਵੀ ਦਿਖਾਉਣਗੇ। ਮੈਂ ਨੌਜਵਾਨਾਂ ਨੂੰ ਇਸ ਗੱਲ ਲਈ ਉਤਸ਼ਾਹਿਤ ਕਰਨਾ ਚਾਹਾਂਗਾ ਕਿ ਇਨ੍ਹਾਂ ਮੰਚਾਂ ਰਾਹੀਂ ਮਿਲਣ ਵਾਲੇ ਮੌਕੇ ਦਾ ਲਾਭ ਉਠਾਉਣ। ਉਨ੍ਹਾਂ ਦਾ ਇੱਕ ਮਹਾਨ ਭਲਾਈ ਤੇ ਇੱਕ ਮਹਾਨ ਕਰੀਅਰ ਦਾ ਇੱਕ ਸੁਖਾਵਾਂ ਸੁਮੇਲ ਹੋ ਸਕਦਾ ਹੈ।
ਨਵੀਂ ਸਿੱਖਿਆ ਨੀਤੀ ਦੇ ਮੁੱਖ ਉਦੇਸ਼ਾਂ ਵਿੱਚੋਂ ਇੱਕ ਹੈ ਕਿੱਤਾਮੁਖੀ ਸਿੱਖਿਆ ਉੱਤੇ ਜ਼ੋਰ ਦੇਣਾ। ਇਸ ਖੇਤਰ ’ਚ ਵੀ ਯੂਨੀਵਰਸਿਟੀ ਆਵ੍ ਕਸ਼ਮੀਰ ਹੁਨਰ ਵਿਕਾਸਸ ਸਰਟੀਫ਼ਿਕੇਟ ਅਤੇ ਡਿਗਰੀ ਪੱਧਰ ਦੇ ਕੋਰਸ ਮੁਹੱਈਆ ਕਰਵਾਉਣ ਵਿੱਚ ਸਫ਼ਲ ਰਹੀ ਹੈ। ਆਪਣੇ ‘ਡਾਇਰੈਕਟੋਰੇਟ ਆਵ੍ ਲਾਈਫ਼ਲੌਂਗ ਲਰਨਿੰਗ’ ਅਤੇ ‘ਦੀਨਦਿਆਲ ਉਪਾਧਿਆਇ ਕੌਸ਼ਲ ਕੇਂਦਰ’ ਰਾਹੀਂ ਆਟੋਮੋਬਾਇਲ, ਟੈਕਸਟਾਈਲ, ਖੇਤੀਬਾੜੀ ਤੇ ਬਾਗ਼ਬਾਨੀ ਜਿਹੇ ਵਿਭਿੰਨ ਖੇਤਰਾਂ ਵਿੱਚ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ।
ਸਭ ਤੋਂ ਵੱਧ ਮੈਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਹੈ ਕਿ ਤੁਹਾਡੀ ਯੂਨੀਵਰਸਿਟੀ ਨੇ ਮਹਾਮਾਰੀ ਦਾ ਸਾਹਮਣਾ ਬਹੁਤ ਹੀ ਸ਼ਲਾਘਾਯੋਗ ਢੰਗ ਨਾਲ ਕੀਤਾ ਹੈ। ਸਮੁੱਚਾ ਵਿਸ਼ਵ ਇੱਕ ਔਖੇ ਸਮੇਂ ’ਚੋਂ ਲੰਘ ਰਿਹਾ ਹੈ। ਕੋਰੋਨਾ–ਵਾਇਰਸ ਨੇ ਜੀਵਨ ਦੇ ਸਾਰੇ ਹੀ ਖੇਤਰਾਂ ਨੂੰ ਅਸਰਅੰਦਾਜ਼ ਕੀਤਾ ਹੈ ਅਤੇ ਸਿੱਖਿਆ ਵੀ ਇਸ ਤੋਂ ਬਚੀ ਨਹੀਂ ਹੈ। ਖ਼ੁਸ਼ਕਿਸਮਤੀ ਨਾਲ, ਟੈਕਨੋਲੋਜੀ ਨੇ ਇੱਕ ਹੱਲ ਮੁਹੱਈਆ ਕਰਵਾਇਆ ਹੈ। ਸਮੁੱਚੇ ਭਾਰਤ ਦੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਔਨਲਾਈਨ ਵਿਧੀ ਰਾਹੀਂ ਸਿੱਖਿਆ ਨਿਰੰਤਰ ਮੁਹੱਈਆ ਕਰਵਾਉਂਦੇ ਰਹੀ ਹਨ। ਪਿਛਲੇ ਸਾਲ ਮਹਾਮਾਰੀ ਦੇ ਆਉਣ ਤੋਂ ਤੁਰੰਤ ਬਾਅਦ ਯੂਨੀਵਰਸਿਟੀ ਆਵ੍ ਕਸ਼ਮੀਰ ਨੇ ਔਨਲਾਈਨ ਮੌਡਿਊਲਸ ’ਤੇ ਸ਼ਿਫ਼ਟ ਕਰ ਲਿਆ ਸੀ ਅਤੇ ਆਪਣੇ ਵਿਦਿਆਰਥੀਆਂ ਨੂੰ ਈ–ਸਰੋਤ ਉਪਲਬਧ ਕਰਵਾਏ ਸਨ। ਇਸ ਤੋਂ ਇਲਾਵਾ, ਇਸ ਨੇ ਆਪਣੇ ਮੁੱਖ, ਉੱਤਰੀ ਤੇ ਦੱਖਣੀ ਕੈਂਪਸਾਂ ਵਿੱਚ ਕੁਆਰੰਟੀਨ ਸੁਵਿਧਾਵਾਂ ਮੁਹੱਈਆ ਕਰਵਾ ਕੇ ਪ੍ਰਸ਼ਾਸਨ ਦੀ ਵੀ ਮਦਦ ਕੀਤੀ ਸੀ। ਇਸ ਤੋਂ ਪਤਾ ਲਗਦਾ ਹੈ ਕਿ ਇੱਕ ਯੂਨੀਵਰਸਿਟੀ ਦਾ ਸਮਾਜ ਨੂੰ ਯੋਗਦਾਨ ਸਿੱਖਿਆ ਮੁਹੱਈਆ ਕਰਵਾਉਣ ਤੋਂ ਹੋਰ ਕਿੰਨਾ ਅਗਾਂਹ ਜਾ ਸਕਦਾ ਹੈ।
ਦੇਵੀਓ ਅਤੇ ਸੱਜਣੋ,
ਕਸ਼ਮੀਰ ਇੱਕ ਅਜਿਹਾ ਸਥਾਨ ਹੈ, ਜਿਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਬਹੁਤ ਸਾਰੇ ਸ਼ਾਇਰਾਂ ਨੇ ਇਸ ਦੀ ਖ਼ੂਬਸੂਰਤੀ ਬਿਆਨਣ ਦੀ ਕੋਸ਼ਿਸ਼ ਕੀਤੀ, ਇਸ ਨੂੰ ‘ਧਰਤੀ ਉੱਤੇ ਸੁਰਗ’ ਦੱਸਿਆ ਪਰ ਅਸਲ ’ਚ ਇਸ ਦਾ ਵਰਣਨ ਸ਼ਬਦਾਂ ’ਚ ਨਹੀਂ ਕੀਤਾ ਜਾ ਸਕਦਾ। ਕੁਦਰਤੀ ਦੀ ਅੰਤਾਂ ਦੀ ਮਿਹਰ ਨੇ ਵੀ ਇਸ ਜਗ੍ਹਾ ਨੂੰ ਵਿਚਾਰਾਂ ਦਾ ਧੁਰਾ ਬਣਾਇਆ ਹੈ। ਇਹ ਵਾਦੀ ਬਰਫ਼ਾਂ ਨਾਲ ਢਕੇ ਪਰਬਤਾਂ ਨਾਲ ਘਿਰੀ ਹੋਈ ਹੈ ਅਤੇ ਦੋ ਕੁ ਹਜ਼ਾਰ ਸਾਲ ਪਹਿਲਾਂ ਤੱਕ ਇਹ ਸਥਾਨ ਸਾਧੂਆਂ ਤੇ ਸੰਤਾਂ ਲਈ ਆਦਰਸ਼ ਹੁੰਦਾ ਸੀ। ਕਸ਼ਮੀਰ ਦੀ ਦੇਣ ਦਾ ਜ਼ਿਕਰ ਕੀਤੇ ਬਗ਼ੈਰ ਭਾਰਤੀ ਫ਼ਲਸਫ਼ੇ ਦਾ ਇਤਿਹਾਸ ਲਿਖਣਾ ਅਸੰਭਵ ਹੈ। ਰਿੱਗਵੇਦ ਦੀ ਸਭ ਤੋਂ ਪੁਰਾਣੀ ਹੱਥ–ਲਿਖਤ ਕਸ਼ਮੀਰ ਵਿੱਚ ਲਿਖੀ ਗਈ ਸੀ। ਦਰਸ਼ਨਾਂ ਦੇ ਪ੍ਰਫ਼ੁੱਲਤ ਹੋਣ ਲਈ ਇਹ ਸਭ ਤੋਂ ਵੱਧ ਸੁਖਾਵਾਂ ਖੇਤਰ ਹੈ। ਮਹਾਨ ਦਾਰਸ਼ਨਿਕ ਅਭਿਨਵ ਗੁਪਤਾ ਨੇ ਸੁਹਜ–ਸੁਆਦ ਬਾਰੇ ਵਿਆਖਿਆਵਾਂ ਤੇ ਈਸ਼ਵਰ ਦਾ ਅਨੁਭਵ ਕਰਨ ਦੀਆਂ ਵਿਧੀਆਂ ਇੱਥੇ ਹੀ ਲਿਖੀਆਂ ਸਨ। ਹਿੰਦੂ ਧਰਮ ਤੇ ਬੁੱਧ ਧਰਮ ਕਸ਼ਮੀਰ ’ਚ ਪ੍ਰਫ਼ੁੱਲਤ ਹੋਏ, ਤਿਵੇਂ ਹੀ ਬਾਅਦ ਦੀ ਸਦੀਆਂ ਦੌਰਾਨ ਇਸਲਾਮ ਤੇ ਸਿੱਖ ਧਰਮ ਵੀ ਵਧੇ–ਫੁੱਲੇ, ਜਿਵੇਂ ਹੀ ਇਹ ਇੱਥੇ ਅੱਪੜੇ ਸਨ।
ਕਸ਼ਮੀਰ ਵਿਭਿੰਨ ਸੱਭਿਆਚਾਰਾਂ ਦੇ ਮਿਲਣ ਦਾ ਸਥਾਨ ਵੀ ਹੈ। ਮੱਧਕਾਲ ਦੌਰਾਨ ਲੱਲ ਦਇਦ (Lal Ded) ਨੇ ਵਿਭਿੰਨ ਰੂਹਾਨੀ ਪਰੰਪਰਾਵਾਂ ਨੂੰ ਇਕਜੁੱਟ ਕਰਨ ਦਾ ਰਾਹ ਵਿਖਾਇਆ ਸੀ। ਲੱਲੇਸ਼ਵਰੀ ਦੀਆਂ ਕ੍ਰਿਤਾਂ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਕਸ਼ਮੀਰ ਕਿਵੇਂ ਫਿਰਕੂ ਇੱਕਸੁਰਤਾ ਤੇ ਸ਼ਾਂਤੀ ਦੀ ਸਹਿ–ਹੋਂਦ ਦਰਸਾਉਣ ਦੀ ਇੱਕ ਮਿਸਾਲ ਹੈ। ਇਹ ਤੱਥ ਇੱਥੋਂ ਦੇ ਜੀਵਨ ਦੇ ਸਾਰੇ ਪੱਖਾਂ, ਲੋਕ–ਕਲਾਵਾਂ ਤੇ ਮੇਲਿਆਂ ’ਚ, ਖਾਣਿਆਂ ਤੇ ਕੱਪੜਿਆਂ ਤੋਂ ਪ੍ਰਤੀਬਿੰਬਤ ਵੀ ਹੁੰਦਾ ਹੈ। ਇਸ ਸਥਾਨ ਦੀ ਬੁਨਿਆਦੀ ਪ੍ਰਕਿਰਤੀ ਸਦਾ ਸਮਾਵੇਸ਼ੀ ਰਹੀ ਹੈ। ਲਗਭਗ ਸਾਰੇ ਹੀ ਧਰਮ, ਜੋ ਵੀ ਇਸ ਧਰਤੀ ’ਤੇ ਆਏ, ਉਨ੍ਹਾਂ ਨੂੰ ਕਸ਼ਮੀਰੀਅਤ ਦੀ ਅਜਿਹੀ ਵਿਲੱਖਣ ਵਿਸ਼ੇਸ਼ਤਾ ਮਿਲੀ, ਜੋ ਰੂੜ੍ਹੀਵਾਦ ਦਾ ਤਿਆਗ ਕਰਦੀ ਹੈ ਤੇ ਸਾਰੇ ਭਾਈਚਾਰਿਆਂ ’ਚ ਸਹਿਣਸ਼ੀਲਤਾ ਤੇ ਪਰਸਪਰ ਪ੍ਰਵਾਨਗੀ ਨੂੰ ਹੁਲਾਰਾ ਦਿੰਦੀ ਹੈ।
ਦੇਵੀਓ ਅਤੇ ਸੱਜਣੋ,
ਮੈਂ ਇਸ ਮੌਕੇ ਕਸ਼ਮੀਰ ਦੀ ਨੌਜਵਾਨ ਪੀੜ੍ਹੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੀ ਸਮ੍ਰਿੱਧ ਵਿਰਾਸਤ ਤੋਂ ਸਿੱਖਣ। ਉਨ੍ਹਾਂ ਕੋਲ ਇਹ ਜਾਣਨ ਦਾ ਹਰੇਕ ਕਾਰਨ ਹੈ ਕਿ ਕਸ਼ਮੀਰ ਬਾਕੀ ਦੇ ਭਾਰਤ ਲਈ ਸਦਾ ਆਸ ਦੀ ਕਿਰਨ ਬਣਿਆ ਰਿਹਾ ਹੈ। ਇਸ ਦਾ ਰੂਹਾਨੀ ਤੇ ਸੱਭਿਆਚਾਰਕ ਅਸਰ ਸਮੁੱਚੇ ਭਾਰਤ ’ਤੇ ਪਿਆ ਹੈ।
ਇਹ ਸਭ ਤੋਂ ਮੰਦਭਾਗੀ ਗੱਲ ਹੈ ਕਿ ਸ਼ਾਂਤੀਪੂਰਨ ਸਹਿ–ਹੋਂਦ ਦੀ ਵਿਲੱਖਣ ਪਰੰਪਰਾ ਟੁੱਟ ਗਈ ਸੀ। ਹਿੰਸਾ, ਜੋ ‘ਕਸ਼ਮੀਰੀਅਤ’ ਦਾ ਕਦੇ ਵੀ ਹਿੱਸਾ ਨਹੀਂ ਰਹੀ, ਪਰ ਫਿਰ ਵੀ ਉਹ ਰੋਜ਼ ਦਾ ਸੱਚ ਬਣ ਗਈ ਸੀ। ਇਹ ਗੱਲ ਕਸ਼ਮੀਰੀ ਸੱਭਿਆਚਾਰ ਦੇ ਮੇਚ ਦੀ ਨਹੀਂ ਹੈ ਅਤੇ ਇਸ ਨੂੰ ਗੁੰਮਰਾਹ ਹੋਣਾ ਵੀ ਕਿਹਾ ਜਾ ਸਕਦਾ ਹੈ – ਪਰ ਇਹ ਅਸਥਾਈ ਪੜਾਅ ਸੀ, ਬਿਲਕੁਲ ਇੱਕ ਅਜਿਹੇ ਵਾਇਰਸ ਵਾਂਗ, ਜੋ ਸਰੀਰ ਉੱਤੇ ਹਮਲਾ ਕਰਦਾ ਹੈ ਤੇ ਫਿਰ ਉਸ ਨੂੰ ਸਾਫ਼ ਕਰਨ ਦੀ ਲੋੜ ਹੁੰਦੀ ਹੈ। ਹੁਣ ਇੱਥੇ ਇੱਕ ਨਵੀਂ ਸ਼ੁਰੂਆਤ ਹੋ ਗਈ ਹੈ ਅਤੇ ਇਸ ਧਰਤੀ ਦੀ ਗੁਆਚੀ ਮਹਿਮਾ ਨੂੰ ਮੁੜ ਹਾਸਲ ਕਰਨ ਲਈ ਦ੍ਰਿੜ੍ਹ ਕੋਸ਼ਿਸ਼ਾਂ ਹੋ ਰਹੀਆਂ ਹਨ।
ਮੇਰਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਲੋਕਤੰਤਰ ਵਿੱਚ ਇੰਨੀ ਸਮਰੱਥਾ ਹੁੰਦੀ ਹੈ ਕਿ ਸਾਰੇ ਮੱਤਭੇਦ ਦੂਰ ਕੀਤੇ ਜਾ ਸਕਦੇ ਹਨ ਤੇ ਇੰਨੀ ਸਮਰੱਥਾ ਵੀ ਹੁੰਦੀ ਹੈ ਕਿ ਆਪਣੇ ਨਾਗਰਿਕਾਂ ਦੀ ਸਰਬੋਤਮ ਸੰਭਾਵਨਾ ਬਾਹਰ ਲਿਆ ਸਕਦੀ ਹੈ। ਕਸ਼ਮੀਰ ਪਹਿਲਾਂ ਇਸ ਦੂਰ–ਦ੍ਰਿਸ਼ਟੀ ਨੂੰ ਸਾਕਾਰ ਕਰ ਰਿਹਾ ਹੈ। ਲੋਕਤੰਤਰ ਕਸ਼ਮੀਰੀ ਜਨਤਾ ਨੂੰ ਆਪਣਾ ਭਵਿੱਖ, ਇੱਕ ਸ਼ਾਂਤ ਤੇ ਖ਼ੁਸ਼ਹਾਲ ਕੱਲ੍ਹ ਖ਼ੁਦ ਉਸਾਰਨ ਦਿੰਦਾ ਹੈ। ਇਸ ਵਿੱਚ ਨੌਜਵਾਨਾਂ ਤੇ ਮਹਿਲਾਵਾਂ ਦੀ ਖ਼ਾਸ ਤੌਰ ਉੱਤੇ ਵੱਡੀ ਭੂਮਿਕਾ ਹੁੰਦੀ ਹੈ ਅਤੇ ਉਨ੍ਹਾਂ ਨੂੰ ਭਰੋਸਾ ਸੀ ਕਿ ਉਹ ਜੀਵਨਾਂ ਦੀ ਮੁੜ–ਉਸਾਰੀ ਤੇ ਕਸ਼ਮੀਰ ਦੀ ਮੁੜ–ਉਸਾਰੀ ਦਾ ਇਹ ਮੌਕਾ ਨਹੀਂ ਗੁਆਉਣਗੇ।
ਹੁਣ ਜਦੋਂ ਕਸ਼ਮੀਰ ਨੇ ਇੱਕ ਨਵਾਂ ਪੰਨਾ ਪਰਤਿਆ ਹੈ, ਨਵੀਂ ਉਤਸ਼ਾਹਜਨਕ ਸੰਭਾਵਨਾਵਾਂ ਖੁੱਲ੍ਹ ਰਹੀਆਂ ਹਨ। ਸਮੁੱਚਾ ਭਾਰਤ ਤੁਹਾਨੂੰ ਸ਼ਲਾਘਾ ਤੇ ਮਾਣ ਨਾਲ ਵੇਖ ਰਿਹਾ ਹੈ। ਕਸ਼ਮੀਰੀ ਨੌਜਵਾਨ ਵਿਭਿੰਨ ਖੇਤਰਾਂ, ਸਿਵਲ ਸਰਵਿਸ ਦੀਆਂ ਪ੍ਰੀਖਿਆਵਾਂ ਤੋਂ ਲੈ ਕੇ ਖੇਡਾਂ ਤੇ ਉੱਦਮਤਾ ਵਾਲੇ ਉੱਦਮਾਂ ਤੱਕ ਵਿੱਚ ਨਵੇਂ ਸਿਖ਼ਰ ਛੋਹੰਦੇ ਜਾ ਰਹੇ ਹਨ।
ਪਿਛਲੇ ਵਰ੍ਹੇ ਸਤੰਬਰ ’ਚ ਨਵੀਂ ‘ਰਾਸ਼ਟਰੀ ਸਿੱਖਿਆ ਨੀਤੀ’ ਉੱਤੇ ਸਲਾਹ–ਮਸ਼ਵਰੇ ਦੌਰਾਨ, ਮੈਂ ਆਪਣੇ ਸੁਪਨੇ ਦੀ ਗੱਲ ਕੀਤੀ ਸੀ। ਮੈਂ ਕਸ਼ਮੀਰ ਨੂੰ ਧਰਤੀ ਉੱਤੇ ਸੁਰਗ ਵਜੋਂ ਦੇਖਣਾ ਚਾਹੁੰਦਾ ਹਾਂ, ਮੈਨੂੰ ਜੰਮੂ ਅਤੇ ਕਸ਼ਮੀਰ ਦੀ ਨੌਜਵਾਨ ਪੀੜ੍ਹੀ ਉੱਤੇ ਪੂਰਾ ਭਰੋਸਾ ਹੈ ਕਿ ਉਹ ਛੇਤੀ ਤੋਂ ਛੇਤੀ ਇਹ ਸੁਪਨਾ ਜ਼ਰੂਰ ਸਾਕਾਰ ਕਰਨਗੇ। ਕਸ਼ਮੀਰ ਭਾਰਤ ਦੀ ਮੁਕਟ–ਮਹਿਮਾ ਵਜੋਂ ਆਪਣਾ ਬਣਦਾ ਸਹੀ ਸਥਾਨ ਹਾਸਲ ਕਰਨ ਲਈ ਤਿਆਰ ਹੈ।
ਇੱਕ ਵਾਰ ਫਿਰ, ਮੈਂ ਸਾਰੇ ਵਿਦਿਆਰਥੀਆਂ ਦੇ ਨਾਲ–ਨਾਲ ਅਧਿਆਪਕਾਂ ਨੂੰ ਵੀ ਮੁਬਾਰਕਬਾਦ ਦਿੰਦਾ ਹਾਂ ਤੇ ਤੁਹਾਡੀ ਸਫ਼ਲ ਯਾਤਰਾ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।
ਤੁਹਾਡਾ ਧੰਨਵਾਦ।
ਜੈ ਹਿੰਦ!
****
ਡੀਐੱਸ/ਐੱਸਐੱਚ
(Release ID: 1739655)
Visitor Counter : 186