ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਕੋਵਿੰਦ ਨੇ ਕਸ਼ਮੀਰ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਸਮ੍ਰਿੱਧ ਵਿਰਾਸਤ ਤੋਂ ਸਿੱਖਣ ਦੀ ਤਾਕੀਦ ਕੀਤੀ


ਭਾਰਤ ਦੇ ਰਾਸ਼ਟਰਪਤੀ ਨੇ ਯੂਨੀਵਰਸਿਟੀ ਆਵ੍ ਕਸ਼ਮੀਰ ਦੇ 19ਵੀਂ ਸਲਾਨਾ ਕਨਵੋਕੇਸ਼ਨ ਦੀ ਸ਼ੋਭਾ ਵਧਾਈ

Posted On: 27 JUL 2021 1:30PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕਸ਼ਮੀਰ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਸਮ੍ਰਿੱਧ ਵਿਰਾਸਤ ਤੋਂ ਸਿੱਖਣ ਦੀ ਤਾਕੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਹ ਜਾਣਨ ਦਾ ਹਰੇਕ ਕਾਰਨ ਹੈ ਕਿ  ਕਸ਼ਮੀਰ ਬਾਕੀ ਦੇ ਭਾਰਤ ਲਈ ਸਦਾ ਆਸ ਦੀ ਕਿਰਨ ਬਣਿਆ ਰਿਹਾ ਹੈ। ਇਸ ਦਾ ਰੂਹਾਨੀ ਤੇ ਸੱਭਿਆਚਾਰਕ ਅਸਰ ਸਮੁੱਚੇ ਭਾਰਤ ’ਤੇ ਪਿਆ ਹੈ। ਉਹ ਅੱਜ (27 ਜੁਲਾਈ, 2021) ਨੂੰ ਯੂਨੀਵਰਸਿਟੀ ਆਵ੍ ਕਸ਼ਮੀਰ ਦੇ 19ਵੀਂ ਸਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ।

ਰਾਸ਼ਟਰਪਤੀ ਨੇ ਕਿਹਾ ਕਿ ਕਸ਼ਮੀਰ ਇੱਕ ਅਜਿਹਾ ਸਥਾਨ ਹੈ, ਜਿਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਬਹੁਤ  ਸਾਰੇ ਸ਼ਾਇਰਾਂ ਨੇ ਇਸ ਦੀ ਖ਼ੂਬਸੂਰਤੀ ਬਿਆਨਣ ਦੀ ਕੋਸ਼ਿਸ਼ ਕੀਤੀ, ਇਸ ਨੂੰ ‘ਧਰਤੀ ਉੱਤੇ ਸਵਰਗ’ ਦੱਸਿਆ ਪਰ ਅਸਲ ’ਚ ਇਸ ਦਾ ਵਰਣਨ ਸ਼ਬਦਾਂ ’ਚ ਨਹੀਂ ਕੀਤਾ ਜਾ ਸਕਦਾ। ਕੁਦਰਤ ਦੀ ਅੰਤਾਂ ਦੀ ਮਿਹਰ ਨੇ ਵੀ ਇਸ ਜਗ੍ਹਾ ਨੂੰ ਵਿਚਾਰਾਂ ਦਾ ਧੁਰਾ ਬਣਾਇਆ ਹੈ। ਇਹ ਵਾਦੀ ਬਰਫ਼ਾਂ ਨਾਲ ਢਕੇ ਪਰਬਤਾਂ ਨਾਲ ਘਿਰੀ ਹੋਈ ਹੈ ਅਤੇ ਦੋ ਕੁ ਹਜ਼ਾਰ ਸਾਲ ਪਹਿਲਾਂ ਤੱਕ ਇਹ ਸਥਾਨ ਸਾਧੂਆਂ ਤੇ ਸੰਤਾਂ ਲਈ ਆਦਰਸ਼ ਹੁੰਦਾ ਸੀ। ਕਸ਼ਮੀਰ ਦੀ ਦੇਣ ਦਾ ਜ਼ਿਕਰ ਕੀਤੇ ਬਗ਼ੈਰ ਭਾਰਤੀ ਫ਼ਲਸਫ਼ੇ ਦਾ ਇਤਿਹਾਸ ਲਿਖਣਾ ਅਸੰਭਵ ਹੈ। ਰਿਗਵੇਦ ਦੀ ਸਭ ਤੋਂ ਪੁਰਾਣੀ ਹੱਥ–ਲਿਖਤ ਕਸ਼ਮੀਰ ਵਿੱਚ ਲਿਖੀ ਗਈ ਸੀ। ਦਰਸ਼ਨਾਂ ਦੇ ਪ੍ਰਫ਼ੁੱਲਤ ਹੋਣ ਲਈ ਇਹ ਸਭ ਤੋਂ ਵੱਧ ਸੁਖਾਵਾਂ ਖੇਤਰ ਹੈ। ਮਹਾਨ ਦਾਰਸ਼ਨਿਕ ਅਭਿਨਵ ਗੁਪਤਾ ਨੇ ਸੁਹਜ–ਸੁਆਦ ਬਾਰੇ ਵਿਆਖਿਆਵਾਂ ਤੇ ਈਸ਼ਵਰ ਦਾ ਅਨੁਭਵ ਕਰਨ ਦੀਆਂ ਵਿਧੀਆਂ ਇੱਥੇ ਹੀ ਲਿਖੀਆਂ ਸਨ। ਹਿੰਦੂ ਧਰਮ ਤੇ ਬੁੱਧ ਧਰਮ ਕਸ਼ਮੀਰ ’ਚ ਪ੍ਰਫ਼ੁੱਲਤ ਹੋਏ, ਤਿਵੇਂ ਹੀ ਬਾਅਦ ਦੀ ਸਦੀਆਂ ਦੌਰਾਨ ਇਸਲਾਮ ਤੇ ਸਿੱਖ ਧਰਮ ਵੀ ਵਧੇ–ਫੁੱਲੇ, ਜਿਵੇਂ ਹੀ ਇਹ ਇੱਥੇ ਅੱਪੜੇ ਸਨ।

ਰਾਸ਼ਟਰਪਤੀ ਨੇ ਕਿਹਾ ਕਿ ਕਸ਼ਮੀਰ ਵਿਭਿੰਨ ਸੱਭਿਆਚਾਰਾਂ ਦੇ ਮਿਲਣ ਦਾ ਸਥਾਨ ਵੀ ਹੈ। ਮੱਧਕਾਲ ਦੌਰਾਨ ਲੱਲ ਦਇਦ (Lal Ded) ਨੇ ਵਿਭਿੰਨ ਰੂਹਾਨੀ ਪਰੰਪਰਾਵਾਂ ਨੂੰ ਇਕਜੁੱਟ ਕਰਨ ਦਾ ਰਾਹ ਦਿਖਾਇਆ ਸੀ। ਲੱਲੇਸ਼ਵਰੀ ਦੀਆਂ ਕ੍ਰਿਤਾਂ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਕਸ਼ਮੀਰ ਕਿਵੇਂ ਫਿਰਕੂ ਇੱਕਸੁਰਤਾ ਤੇ ਸ਼ਾਂਤੀ ਦੀ ਸਹਿ–ਹੋਂਦ ਦਰਸਾਉਣ ਦੀ ਇੱਕ ਮਿਸਾਲ ਹੈ। ਇਹ ਤੱਥ ਇੱਥੋਂ ਦੇ ਜੀਵਨ ਦੇ ਸਾਰੇ ਪੱਖਾਂ, ਲੋਕ–ਕਲਾਵਾਂ ਤੇ ਮੇਲਿਆਂ ’ਚ, ਖਾਣਿਆਂ ਤੇ ਕੱਪੜਿਆਂ ਤੋਂ ਪ੍ਰਤੀਬਿੰਬਤ ਵੀ ਹੁੰਦਾ ਹੈ। ਇਸ ਸਥਾਨ ਦੀ ਬੁਨਿਆਦੀ ਪ੍ਰਕਿਰਤੀ ਸਦਾ ਸਮਾਵੇਸ਼ੀ ਰਹੀ ਹੈ। ਲਗਭਗ ਸਾਰੇ ਹੀ ਧਰਮ, ਜੋ ਵੀ ਇਸ ਧਰਤੀ ’ਤੇ ਆਏ, ਉਨ੍ਹਾਂ ਨੂੰ ਕਸ਼ਮੀਰੀਅਤ ਦੀ ਅਜਿਹੀ ਵਿਲੱਖਣ ਵਿਸ਼ੇਸ਼ਤਾ ਮਿਲੀ, ਜੋ ਰੂੜ੍ਹੀਵਾਦ ਦਾ ਤਿਆਗ ਕਰਦੀ ਹੈ ਤੇ ਸਾਰੇ ਭਾਈਚਾਰਿਆਂ ’ਚ ਸਹਿਣਸ਼ੀਲਤਾ ਤੇ ਪਰਸਪਰ ਪ੍ਰਵਾਨਗੀ ਨੂੰ ਹੱਲਾਸ਼ੇਰੀ ਦਿੰਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਇਹ ਸਭ ਤੋਂ ਮੰਦਭਾਗੀ ਗੱਲ ਹੈ ਕਿ ਸ਼ਾਂਤੀਪੂਰਣ ਸਹਿ–ਹੋਂਦ ਦੀ ਵਿਲੱਖਣ ਪਰੰਪਰਾ ਟੁੱਟ ਗਈ ਸੀ। ਹਿੰਸਾ, ਜੋ ‘ਕਸ਼ਮੀਰੀਅਤ’ ਦਾ ਕਦੇ ਵੀ ਹਿੱਸਾ ਨਹੀਂ ਰਹੀ, ਪਰ ਫਿਰ ਵੀ ਉਹ ਰੋਜ਼ ਦਾ ਸੱਚ ਬਣ ਗਈ ਸੀ। ਇਹ ਗੱਲ ਕਸ਼ਮੀਰੀ ਸਭਿਆਚਾਰ ਦੇ ਮੇਚ ਦੀ ਨਹੀਂ ਹੈ ਅਤੇ ਇਸ ਨੂੰ ਗੁਮਰਾਹ ਹੋਣਾ ਵੀ ਕਿਹਾ ਜਾ ਸਕਦਾ ਹੈ – ਪਰ ਇਹ ਅਸਥਾਈ ਪੜਾਅ ਸੀ, ਬਿਲਕੁਲ ਇੱਕ ਅਜਿਹੇ ਵਾਇਰਸ ਵਾਂਗ, ਜੋ ਸਰੀਰ ਉੱਤੇ ਹਮਲਾ ਕਰਦਾ ਹੈ ਤੇ ਫਿਰ ਉਸ ਨੂੰ ਸਾਫ਼ ਕਰਨ ਦੀ ਲੋੜ ਹੁੰਦੀ ਹੈ। ਹੁਣ ਇੱਥੇ ਇੱਕ ਨਵੀਂ ਸ਼ੁਰੂਆਤ ਹੋ ਗਈ ਹੈ ਅਤੇ ਇਸ ਧਰਤੀ ਦੀ ਗੁਆਚੀ ਮਹਿਮਾ ਨੂੰ ਮੁੜ ਹਾਸਲ ਕਰਨ ਲਈ ਦ੍ਰਿੜ੍ਹ ਕੋਸ਼ਿਸ਼ਾਂ ਹੋ ਰਹੀਆਂ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦਾ ਦ੍ਰਿੜ੍ਹਤਾਪੂਰਬਕ ਇਹ ਮੰਨਣਾ ਹੈ ਕਿ ਲੋਕਤੰਤਰ ਵਿੱਚ ਇੰਨੀ ਸਮਰੱਥਾ ਹੁੰਦੀ ਹੈ ਕਿ ਸਾਰੇ ਮਤਭੇਦ ਦੂਰ ਕੀਤੇ ਜਾ ਸਕਦੇ ਹਨ ਤੇ ਇੰਨੀ ਸਮਰੱਥਾ ਵੀ ਹੁੰਦੀ ਹੈ ਕਿ ਆਪਣੇ ਨਾਗਰਿਕਾਂ ਦੀ ਸਰਬੋਤਮ ਸੰਭਾਵਨਾ ਬਾਹਰ ਲਿਆ ਸਕਦੀ ਹੈ। ਕਸ਼ਮੀਰ ਪਹਿਲਾਂ ਇਸ ਦੂਰ–ਦ੍ਰਿਸ਼ਟੀ ਨੂੰ ਸਾਕਾਰ ਕਰ ਰਿਹਾ ਹੈ। ਲੋਕਤੰਤਰ ਕਸ਼ਮੀਰੀ ਜਨਤਾ ਨੂੰ ਆਪਣਾ ਭਵਿੱਖ, ਇੱਕ ਸ਼ਾਂਤ ਤੇ ਖ਼ੁਸ਼ਹਾਲ ਕੱਲ੍ਹ ਖ਼ੁਦ ਉਸਾਰਨ ਦਿੰਦਾ ਹੈ। ਇਸ ਵਿੱਚ ਨੌਜਵਾਨਾਂ ਤੇ ਮਹਿਲਾਵਾਂ ਦੀ ਖ਼ਾਸ ਤੌਰ ਉੱਤੇ ਵੱਡੀ ਭੂਮਿਕਾ ਹੁੰਦੀ ਹੈ ਅਤੇ ਉਨ੍ਹਾਂ ਨੂੰ ਭਰੋਸਾ ਸੀ ਕਿ ਉਹ ਜੀਵਨਾਂ ਦੀ ਮੁੜ–ਉਸਾਰੀ ਤੇ ਕਸ਼ਮੀਰ ਦੀ ਮੁੜ–ਉਸਾਰੀ ਦਾ ਇਹ ਮੌਕਾ ਨਹੀਂ ਗੁਆਉਣਗੇ।

ਇਸ ਤੱਥ ਕਿ, ਯੂਨੀਵਰਸਿਟੀ ਆਵ੍ ਕਸ਼ਮੀਰ ਦੇ 19ਵੇਂ ਕਨਵੋਕੇਸ਼ਨਦੌਰਾਨ ਡਿਗਰੀਆਂ ਹਾਸਲ ਕਰਨ ਵਾਲੇ ਅੱਧੀਆਂ ਵਿਦਿਆਰਥਣਾਂ ਹਨ ਅਤੇ ਗੋਲਡ ਮੈਡਲ ਜਿੱਤਣ ਵਾਲੀਆਂ 70 ਫ਼ੀ ਸਦੀ ਵੀ ਮਹਿਲਾਵਾਂ ਹੀ ਹਨ, ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਇਹ ਸਿਰਫ਼ ਤਸੱਲੀ ਦਾ ਹੀ ਮਾਮਲਾ ਨਹੀਂ, ਸਗੋਂ ਸਾਡੇ ਲਈ ਮਾਣ ਵਾਲੀ ਗੱਲ ਵੀ ਹੈ ਕਿ ਸਾਡੀਆਂ ਬੇਟੀਆਂ ਸਾਡੇ ਪੁੱਤਰਾਂ ਵਾਂਗ ਹੀ ਸਾਡੀਆਂ ਧੀਆਂ ਵੀ ਉਸੇ ਪੱਧਰ ਉੱਤੇ ਤੇ ਕੁਝ ਵਾਰ ਤਾਂ ਆਪਣੀ ਹੋਰ ਵੀ ਬਿਹਤਰ ਕਾਰਗੁਜ਼ਾਰੀ ਦਰਸਾਉਣ ਲਈ ਤਿਆਰ ਹਨ। ਸਾਰੀਆਂ ਮਹਿਲਾਵਾਂ ਵਿੱਚ ਸਮਾਨਤਾ ਤੇ ਸਮਰੱਥਾਵਾਂ ਦਾ ਇਹ ਵਿਸ਼ਵਾਸ ਵਿਕਸਿਤ ਕਰਨ ਦੀ ਜ਼ਰੂਰਤ ਹੈ, ਤਾਂ ਜੋ ਅਸੀਂ ਇੱਕ ਅਜਿਹੇ ਨਵੇਂ ਭਾਰਤ ਦਾ ਨਿਰਮਾਣ ਸਫ਼ਲਤਾਪੂਰਬਕ ਕਰ ਸਕੀਏ – ਜੋ ਹੋਰਨਾਂ ਦੇਸ਼ਾਂ ਨਾਲ ਮਿਲ ਕੇ ਅੱਗੇ ਵਧਣ ’ਚ ਮੋਹਰੀ ਹੈ। ਸਾਡੇ ਮਾਨਵ ਸੰਸਾਧਨ ਤੇ ਬੁਨਿਆਦੀ ਢਾਂਚਾ ਇਸ ਉਚੇਰੇ ਆਦਰਸ਼ ਦੇ ਸਾਧਨ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਰਾਸ਼ਟਰ–ਨਿਰਮਾਣ ਦੀ ਨੀਂਹ ਵਿੱਚ ਸਿੱਖਿਆ ਦਾ ਬੁਨਿਆਦੀ ਸਥਾਨ ਹੈ। ਭਾਰਤ ਨੂੰ ਇਸ ਤੱਥ ਉੱਤੇ ਸਦਾ ਮਾਣ ਰਿਹਾ ਹੈ ਕਿ ਇਸ ਨੇ ਗਿਆਨ ਨੂੰ ਸਭ ਤੋਂ ਉਚੇਰੇ ਪੱਧਰ ਉੱਤੇ ਰੱਖਿਆ ਹੈ। ਸਿੱਖਣ ਮਾਮਲੇ ’ਚ ਸਾਡੀਆਂ ਮਹਾਨ ਰਵਾਇਤਾਂ ਰਹੀਆਂ ਹਨ ਤੇ ਕਸ਼ਮੀਰ ਵੀ ਉਨ੍ਹਾਂ ਵਿੱਚੋਂ ਕੁਝ ਦਾ ਘਰ ਰਿਹਾ ਹੈ। ਸਾਡੀ ਸਮ੍ਰਿੱਧ ਵਿਰਾਸਤ ਅਨੁਸਾਰ ਆਧੁਨਿਕ ਸਿੱਖਿਆ ਨੂੰ ਕੁਝ ਇਸ ਤਰੀਕੇ ਸਹੀ ਲੀਹ ’ਤੇ ਲਿਆਉਣ ਦੀ ਲੋੜ ਮਹਿਸੂਸ ਕੀਤੀ ਗਈ ਕਿ ਇਹ 21ਵੀਂ ਸਦੀ ਦੀਆਂ ਚੁਣੌਤੀਆਂ ਦਾ ਮੁਕਾਬਲਾ ਬਿਹਤਰ ਤਰੀਕੇ ਕਰਨ ਵਿੱਚ ਸਾਡੀ ਮਦਦ ਕਰੇਗੀ। ਉਸ ਦੂਰ–ਦ੍ਰਿਸ਼ਟੀ ਨਾਲ ਹੀ ਇੱਕ ਨਵੀਂ ‘ਰਾਸ਼ਟਰੀ ਸਿੱਖਿਆ ਨੀਤੀ’ ਦਾ ਐਲਾਨ ਪਿਛਲੇ ਵਰ੍ਹੇ ਕੀਤਾ ਗਿਆ ਸੀ।

ਰਾਸ਼ਟਰਪਤੀ ਨੇ ਨੋਟ ਕੀਤਾ ਕਿ ਨਵੀਂ ਸਿੱਖਿਆ ਨੀਤੀਆਂ ਕੁਝ ਵਿਸ਼ੇਸ਼ਤਾਵਾਂ ਦੀ ਸ਼ੁਰੂਆਤ ਯੂਨੀਵਰਸਿਟੀ ਆਵ੍ ਕਸ਼ਮੀਰ ਵਿੱਚ ਪਹਿਲਾਂ ਤੋਂ ਹੀ ਹੋ ਗਈ ਸੀ। ਇਹ ਨੀਤੀ ਸਮੇਂ–ਸਿਰ ਲਾਗੂ ਕਰਨ ਲਈ ਇੱਕ ਰੂਪ–ਰੇਖਾ ਤਆਰ ਕਰਨ ਵਾਸਤੇ ਇੱਕ ਕਮੇਟੀ ਕਾਇਮ ਕਰਨ ਤੋਂ ਇਲਾਵਾ ਇਸ ਨੀਤੀ ਦੇ ਉਦੇਸ਼ਾਂ ਦੀ ਪੂਰਤੀ ਲਈ ਕਈ ਅਕਾਦਮਿਕ ਕੋਰਸਾਂ ਨੂੰ ਨਵਾਂ ਰੂਪ ਦਿੱਤਾ ਗਿਆ ਹੈ।

ਜਲਵਾਯੂ ਪਰਿਵਰਤਨ ਦੇ ਮੁੱਦੇ ਬਾਰੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਮਨੁੱਖਤਾ ਸਾਹਮਣੇ ਇਸ ਸਦੀ ਦੀ ਸਭ ਤੋਂ ਅਹਿਮ ਚੁਣੌਤੀ ਹੈ। ਆਲਮੀ ਤਪਸ਼ ਦਾ ਅਸਰ ਹਰ ਥਾਂ ’ਤੇ ਹੈ ਪਰ ਹਿਮਾਲਿਆ ਪਰਬਤਾਂ ਦੇ ਨਾਜ਼ੁਕ ਈਕੋ–ਸਿਸਟਮ ਉੱਤੇ ਇਸ ਦਾ ਅਸਰ ਕੁਝ ਵਧੇਰੇ ਹੀ ਮਹਿਸੂਸ ਕੀਤਾ ਜਾ ਰਿਹਾ ਹੈ। ਉਹ ਇਹ ਜਾਣ ਕੇ ਖ਼ੁਸ਼ ਸਨ ਕਿ ਯੂਨੀਵਰਸਿਟੀ ਆਵ੍ ਕਸ਼ਮੀਰ ਨੇ ਦੋ ਅਜਿਹੇ ਕੇਂਦਰ ਸਥਾਪਿਤ ਕੀਤੇ ਹਨ, ਜਿਨ੍ਹਾਂ ਵਿੱਚੋਂ ਇੱਕ ਗਲੇਸ਼ੀਓਲੋਜੀ ਨੂੰ ਸਮਰਪਿਤ ਹੈ ਤੇ ਦੂਜਾ ਹਿਮਾਲਿਅਨ ਜੈਵਿਕ–ਵਿਵਿਧਤਾ ਦੇ ਦਸਤਾਵੇਜ਼ੀਕਰਣ, ਜੈਵਿਕ–ਪ੍ਰਤੱਖਣ ਤੇ ਸੰਭਾਲ ਨੂੰ। ਇੱਥੇ ਨੈਸ਼ਨਲ ਹਿਮਾਲਿਅਨ ਆਈਸ–ਕੋਰ ਲੈਬੋਰਟਰੀ ਵੀ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਹ ਦੋ ‘ਸੈਂਟਰਸ ਆਵ੍ ਐਕਸੀਲੈਂਸ’ ਤੇ ਲੈਬੋਰੇਟਰੀ ਕਸ਼ਮੀਰ ਦੀ ਮਦਦ ਕਰਨਗੇ ਤੇ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਤੇ ਕੁਦਰਤ ਨੂੰ ਸੰਭਾਲਣ ਦੇ ਮਾਮਲੇ ’ਚ ਦੁਨੀਆ ਨੂੰ ਰਸਤਾ ਵੀ ਦਿਖਾਉਣਗੇ।

 ******

ਡੀਐੱਸ/ਐੱਸਐੱਚ



(Release ID: 1739632) Visitor Counter : 158