ਰਾਸ਼ਟਰਪਤੀ ਸਕੱਤਰੇਤ

ਵਿਸ਼ਵ–ਪੱਧਰੀ ਮਸਲਿਆਂ ਦੇ ਹੱਲ ਲਈ ਬੋਧੀ ਕਦਰਾਂ–ਕੀਮਤਾਂ ਤੇ ਸਿਧਾਂਤ ਲਾਗੂ ਕਰਨ ਨਾਲ ਵਿਸ਼ਵ ਨੂੰ ਤੰਦਰੁਸਤ ਤੇ ਇੱਕ ਬਿਹਤਰ ਸਥਾਨ ਬਣਾਉਣ ’ਚ ਮਦਦ ਮਿਲੇਗੀ: ਰਾਸ਼ਟਰਪਤੀ ਕੋਵਿੰਦ


ਭਾਰਤ ਦੇ ਰਾਸ਼ਟਰਪਤੀ ਨੇ ‘ਇੰਟਰਨੈਸ਼ਨਲ ਬੁਧਿਸਟ ਕਨਫੈਡਰੇਸ਼ਨ’ ਦੇ ਸਲਾਨਾ ਆਸ਼ਾੜ੍ਹ ਪੂਰਣਿਮਾ – ਧਰਮ ਚੱਕਰ ਦਿਵਸ ਨੂੰ ਸੰਬੋਧਨ ਕੀਤਾ

Posted On: 24 JUL 2021 9:39AM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਵਿਸ਼ਵ–ਪੱਧਰੀ ਮਸਲਿਆਂ ਦੇ ਹੱਲ ਲਈ ਬੋਧੀ ਕਦਰਾਂ–ਕੀਮਤਾਂ ਤੇ ਸਿਧਾਂਤ ਲਾਗੂ ਕਰਨ ਨਾਲ ਵਿਸ਼ਵ ਨੂੰ ਤੰਦਰੁਸਤ ਤੇ ਇੱਕ ਬਿਹਤਰ ਸਥਾਨ ਬਣਾਉਣ ਵਿੱਚ ਮਦਦ ਮਿਲੇਗੀ। ਉਹ ਅੱਜ (24 ਜੁਲਾਈ, 2021) ਨੂੰ ਇੱਕ ਵੀਡੀਓ ਸੰਦੇਸ਼ ਰਾਹੀਂ ‘ਇੰਟਰਨੈਸ਼ਨਲ ਬੁਧਿਸਟ ਕਨਫੈਡਰੇਸ਼ਨ’ ਦੁਆਰਾ ਆਯੋਜਿਤ ਸਲਾਨਾ ‘ਆਸ਼ਾੜ੍ਹ ਪੂਰਣਿਮਾ – ਧਰਮ ਚੱਕਰ ਦਿਵਸ’ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਦੇ ਤੱਤ–ਸਾਰ ਨੂੰ ਅਪਣਾਉਣਾ ਅਹਿਮ ਹੈ ਅਤੇ ਇਸ ਦੀਆਂ ਅਨੇਕ ਵਿਆਖਿਆਵਾਂ ਤੇ ਪਰਿਵਰਤਨਾਂ ’ਚ ਗੁਆਚਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸੰਦਰਭ ਵਿੱਚ ‘ਇੰਟਰਨੈਸ਼ਨਲ ਬੁਧਿਸਟ ਕਨਫੈਡਰੇਸ਼ਨ’ ਦੇ ਉਦੇਸ਼ ਸ਼ਲਾਘਾਯੋਗ ਹਨ। ਉਨ੍ਹਾਂ ਮਾਨਵਤਾ ਦੀ ਸੇਵਾ ਲਈ ਸਾਰੀਆਂ ਬੋਧੀ ਰਵਾਇਤਾਂ ਤੇ ਸੰਗਠਨਾਂ ਲਈ ਇੱਕ ਸਾਂਝਾ ਮੰਚ ਮੁਹੱਈਆ ਕਰਵਾਉਣ ਹਿਤ ਕੀਤੀਆਂ ਗਈਆਂ ‘ਇੰਟਰਨੈਸ਼ਨਲ ਬੁਧਿਸਟ ਕਨਫੈਡਰੇਸ਼ਨ’ ਦੀਆਂ ਕੋਸ਼ਿਸ਼ਾਂ ਦੀ ਵੀ ਤਾਰੀਫ਼ ਕੀਤੀ।

 

https://static.pib.gov.in/WriteReadData/userfiles/image/GR4_785147VB.JPG

 

ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਬੁੱਧ ਧਰਮ ਦੀ ਅਪੀਲ ਇਸ ਧਰਮ ਨੂੰ ਰਸਮੀ ਤੌਰ ’ਤੇ ਮੰਨਣ ਵਾਲੇ ਲਗਭਗ 55 ਕਰੋੜ ਸ਼ਰਧਾਲੂਆਂ ਤੋਂ ਵੀ ਅਗਾਂਹ ਜਾਂਦੀ ਹੈ। ਦੂਸਰੇ ਧਰਮਾਂ ਨਾਲ ਸਬੰਧਿਤ ਲੋਕ, ਇੱਥੋਂ ਤੱਕ ਕਿ ਸੰਦੇਹਵਾਦੀ ਤੇ ਨਾਸਤਿਕ ਲੋਕ ਵੀ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਪ੍ਰਤੀ ਆਕਰਸ਼ਣ ਮਹਿਸੂਸ ਕਰਦੇ ਹਨ। ਬੁੱਧ ਧਰਮ ਦੀ ਇਹ ਅਪੀਲ ਵਿਆਪਕ ਤੇ ਸਦੀਵੀ ਹੈ ਕਿਉਂਕਿ ਇੱਥੋਂ ਮਨੁੱਖ ਜਾਤੀ ਨੂੰ ਦੁਨੀਆ ਦੇ ਕਿਸੇ ਵੀ ਹਿੱਸੇ ਤੇ ਸਮੇਂ ਦੌਰਾਨ ਆਈਆਂ ਬੁਨਿਆਦੀ ਔਕੜਾਂ ਦੇ ਬਾਦਲੀਲ, ਤਰਕਪਰਣ ਤੇ ਸਾਦੇ ਜਵਾਬ ਮਿਲਦੇ ਹਨ। ਮਹਾਤਮਾ ਬੁੱਧ ਦਾ ਦੁਖਾਂ ਦੇ ਖ਼ਾਤਮੇ ਦੇ ਭਰੋਸਾ; ਸਰਬਵਿਆਪਕ ਤੇ ਅਹਿੰਸਾ ਉੱਤੇ ਉਨ੍ਹਾਂ ਦੇ ਜ਼ੋਰ; ਜੀਵਨ ਦੇ ਸਾਰੇ ਪੱਖਾਂ ਲਈ ਨੈਤਿਕਤਾ ਤੇ ਨਰਮਾਈ ਨਾਲ ਅੱਗੇ ਵਧਦੇ ਰਹਿਣ ਦੇ ਉਨ੍ਹਾਂ ਦੇ ਸੰਦੇਸ਼ ਨੇ ਅੱਜ ਦੇ ਹੀ ਦਿਨ ਸਾਰਨਾਥ ਵਿਖੇ ਉਨ੍ਹਾਂ ਦੇ ਪਹਿਲੇ ਪ੍ਰਵਚਨ ਤੋਂ ਲੈ ਕੇ ਪਿਛਲੇ 2,600 ਸਾਲਾਂ ਦੌਰਾਨ ਅਣਗਿਣਤ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਮਹਾਤਮਾ ਬੁੱਧ ਦੇ ਪੂਰੀ ਤਰ੍ਹਾਂ ਦਸਤਾਵੇਜ਼ੀ ਜੀਵਨ ਵਿੱਚ ਮਾਨਵਤਾ ਲਈ ਵਡਮੁੱਲੇ ਸੰਦੇਸ਼ ਮੌਜੂਦ ਹਨ। ਆਲੋਚਕ ਤੇ ਵਿਰੋਧੀ ਤੱਕ ਵੀ ਭਗਵਾਨ ਬੁੱਧ ਉੱਤੇ ਭਰੋਸਾ ਕਰਦੇ ਹਨ ਤੇ ਉਨ੍ਹਾਂ ਦਾ ਸਤਿਕਾਰ ਕਰਦੇ ਹਨ। ਉਹ ਵੀ ਮਹਾਤਮਾ ਬੁੱਧ ਦੇ ਪੈਰੋਕਾਰ ਬਣ ਜਾਣਗੇ। ਉਨ੍ਹਾਂ ਨੂੰ ਇਹ ਅਧਿਆਤਮਕ ਸ਼ਕਤੀ ਇਸ ਲਈ ਹਾਸਲ ਹੋਈ ਸੀ ਕਿਉਂਕਿ ਉਹ ਸੱਚ ਨਾਲ ਦ੍ਰਿੜ੍ਹਤਾਪੂਰਬਕ ਜੁੜੇ ਰਹੇ ਸਨ।

 

ਰਾਸ਼ਟਰਪਤੀ ਨੇ ਕਿਹਾ ਕਿ ਕੋਵਿਡ–19 ਦੇ ਅਸਰ ਕਾਰਨ ਇਸ ਵੇਲੇ ਪੂਰਾ ਵਿਸ਼ਵ ਲੜਖੜਾ ਰਿਹਾ ਹੈ ਤੇ ਅਜਿਹਾ ਪਹਿਲਾਂ ਕਦੇ ਨਹੀਂ ਵਾਪਰਿਆ, ਇਸ ਲਈ ਪੂਰੀ ਦੁਨੀਆ ਨੂੰ ਦਇਆ, ਦਿਆਲਤਾ ਤੇ ਨਿਸ਼ਕਾਮ ਸੇਵਾ ਦੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਕਰਨ ਵਾਲੀ ਛੋਹ ਦੀ ਜ਼ਰੂਰਤ ਹੈ। ਬੁੱਧ ਧਰਮ ਵੱਲੋਂ ਪ੍ਰਚਾਰਿਤ ਤੇ ਪ੍ਰਸਾਰਿਤ ਸਰਬਵਿਆਪਕ ਕਦਰਾਂ–ਕੀਮਤਾਂ ਹਰੇਕ ਨੂੰ ਆਪਣੇ ਵਿਚਾਰਾਂ ਤੇ ਕਾਰਜਾਂ ’ਚ ਸਮੋ ਲੈਣ ਦੀ ਜ਼ਰੂਰਤ ਹੈ। ਰਾਸ਼ਟਰਪਤੀ ਨੇ ਆਸ ਪ੍ਰਗਟਾਈ ਕਿ ਅਜੋਕਾ ਵਿਸ਼ਵ ਮਹਾਤਮਾ ਬੁੱਧ ਦੀ ਅਨੰਤ ਦਯਾ ਤੋਂ ਪ੍ਰੇਰਿਤ ਹੋਵੇਗਾ ਅਤੇ ਮਨੁੱਖੀ ਦੁਖਾਂ ਦੇ ਸਾਰੇ ਕਾਰਨ ਦੂਰ ਹੋਣਗੇ।

 

ਇਸ ਤੋਂ ਪਹਿਲਾਂ ਸਵੇਰੇ ਰਾਸ਼ਟਰਪਤੀ ਨੇ ਰਾਸ਼ਟਰਪਤੀ ਭਵਨ ਦੇ ਬਾਗ਼ ਵਿੱਚ ਬੋਧੀ ਰੁੱਖ ਦਾ ਇੱਕ ਬੂਟਾ ਲਾਇਆ। ਇਸ ਮੌਕੇ ਕੇਂਦਰੀ ਸੱਭਿਆਚਾਰ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ, ਸੱਭਿਆਚਾਰ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਤੇ ਸ਼੍ਰੀਮਤੀ ਮੀਨਾਕਸ਼ੀ ਲੇਖੀ ਤੇ ਇੰਟਰਨੈਸ਼ਨਲ ਬੁਧਿਸਟ ਕਨਫੈਡਰੇਸ਼ਨ ਦੇ ਸਕੱਤਰ ਜਨਰਲ, ਮਾਣਯੋਗ ਡਾ. ਧੰਮਾਪੀਯਾ ਜਿਹੇ ਪਤਵੰਤੇ ਸੱਜਣ ਮੌਜੂਦ ਸਨ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਇੱਥੇ ਕਲਿੱਕ ਕਰੋ

 

 *********

ਡੀਐੱਸ/ਐੱਸਐੱਚ/ਏਕੇ



(Release ID: 1738561) Visitor Counter : 144