Posted On:
08 JUL 2021 5:48PM by PIB Chandigarh
ਡਾ. ਜਿਤੇਂਦਰ ਸਿੰਘ ਨੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਵਜੋਂ ਅਹੁਦਾ ਸੰਭਾਲ ਲਿਆ ਹੈ।


ਚਾਰਜ ਸੰਭਾਲਣ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਕਈ ਮਹੱਤਵਪੂਰਨ ਪਹਿਲਾਂ ਕੀਤੀਆਂ ਹਨ। ਡਾ. ਸਿੰਘ ਨੇ ਅੱਗੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੁਆਰਾ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਲਈ ਪੂਰੀ ਕੋਸ਼ਿਸ਼ ਕਰਨਗੇ ਤਾਂ ਜੋ ਵਿਗਿਆਨ ਅਤੇ ਟੈਕਨੋਲੋਜੀ ਸੈਕਟਰ ਦੇ ਲਾਭ ਆਮ ਆਦਮੀ ਤੱਕ ਪਹੁੰਚ ਸਕਣ ਅਤੇ ਜ਼ਿੰਦਗੀ ਨੂੰ ਅਸਾਨ ਬਣਾਉਣ ਵਿੱਚ ਪ੍ਰਭਾਵੀ ਢੰਗ ਨਾਲ ਯੋਗਦਾਨ ਪਾਇਆ ਜਾ ਸਕੇ ।
ਚਾਰਜ ਸੰਭਾਲਣ ਤੋਂ ਬਾਅਦ, ਮੰਤਰੀ ਨੇ ਸਕੱਤਰ, ਡੀਐੱਸਟੀ, ਸ਼੍ਰੀ ਆਸ਼ੂਤੋਸ਼ ਸ਼ਰਮਾ; ਸਕੱਤਰ ਡੀਬੀਟੀ, ਸੁਸ਼੍ਰੀ ਰੇਨੂੰ ਸਵਰੂਪ; ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ ਡਾ. ਐੱਮ ਰਾਜੀਵਨ; ਡੀਜੀ, ਸੀਐੱਸਆਈਆਰ ਅਤੇ ਸਕੱਤਰ, ਡੀਐੱਸਆਈਆਰ, ਸ਼੍ਰੀ ਸ਼ੇਖਰ ਮੰਡੇ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਵੀ ਕੀਤੀ।
ਇਸ ਮੌਕੇ ਡੀਜੀ, ਸੀਐੱਸਆਈਆਰ ਅਤੇ ਸਕੱਤਰ, ਡੀਐੱਸਆਈਆਰ, ਸ਼੍ਰੀ ਸ਼ੇਖਰ ਮੰਡੇ ਵੱਲੋਂ ਕੋਵਿਡ -19 ਨਾਲ ਨਜਿੱਠਣ ਦੀਆਂ ਪਹਿਲਾਂ ਸਬੰਧੀ ਪੇਸ਼ਕਾਰੀ ਦਿੱਤੀ ਗਈ। ਡੀਜੀ, ਸੀਐੱਸਆਈਆਰ ਨੇ ਦੱਸਿਆ ਕਿ ਮਹਾਮਾਰੀ ਦੇ ਮੁੱਢਲੇ ਦਿਨਾਂ ਤੋਂ, ਸੀਐੱਸਆਈਆਰ ਨੇ ਦੇਸ਼ ਵਿੱਚ ਕੋਵਿਡ -19 ਨਾਲ ਨਜਿੱਠਣ ਲਈ ਵੱਖ-ਵੱਖ ਉਪਾਅ ਅਤੇ ਉਤਪਾਦ ਲਿਆਉਣ ਲਈ ਕੇਂਦਰਿਤ ਰਣਨੀਤੀ ਨਾਲ ਕੰਮ ਕੀਤਾ ਹੈ, ਜਿਸ ਨੂੰ ਕਿ ਵੱਡੇ ਪੱਧਰ ‘ਤੇ ਪੰਜ ਸੈਕਟਰਾਂ ਵਿੱਚ ਵੰਡਿਆ ਗਿਆ ਹੈ:
ਡਾਇਗਨੋਸਟਿਕਸ; ਨਿਗਰਾਨੀ; ਡਰੱਗਜ਼ ਅਤੇ ਟੀਕੇ; ਡਿਵਾਈਸਿਸ ਅਤੇ ਪੀਪੀਈਜ਼ ਅਤੇ ਸਪਲਾਈ ਚੇਨ ਅਤੇ ਲੌਜਿਸਟਿਕਸ।
ਡਾਇਗਨੌਸਟਿਕਸ ਦੇ ਖੇਤਰ ਵਿੱਚ, ਸੀਐੱਸਆਈਆਰ ਨੇ ਫੇਲੁਡਾ (FELUDA) ਨਾਮਕ ਇੱਕ ਨੋਵੇਲ ਨਿਦਾਨ ਵਿਕਸਿਤ ਕੀਤਾ ਹੈ। ਆਰਐੱਨਏ ਆਈਸੋਲੇਸ਼ਨ ਦੇ ਬਗੈਰ ਡਰਾਈ ਸਵੈਬ ਅਧਾਰਤ ਡਾਇਰੈਕਟ ਆਰਟੀ-ਪੀਸੀਆਰ ਡਾਇਗਨੌਸਟਿਕ ਵੀ ਵਿਕਸਤ ਕੀਤਾ ਗਿਆ ਹੈ।
ਸੀਐੱਸਆਈਆਰ, ਇਨਸਾਕੌਗ (INSACOG) ਕੰਸੋਰਟੀਅਮ ਦੇ ਇੱਕ ਸਰਗਰਮ ਸਾਥੀ ਵਜੋਂ ਜੀਨੋਮਿਕ ਨਿਗਰਾਨੀ ਵਿੱਚ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਸੀਐੱਸਆਈਆਰ ਦੁਆਰਾ ਸੀਵਰੇਜ ਨਿਗਰਾਨੀ ਨੂੰ ਵੀ ਵੱਧ ਤੋਂ ਵੱਧ ਪੱਧਰ ‘ਤੇ ਅਨੁਕੂਲ ਬਣਾਇਆ ਗਿਆ ਹੈ। ਕੋਵਿਡ -19 ਦੇ ਇਲਾਜ ਲਈ ਦਵਾਈਆਂ ਵਿਕਸਤ ਕਰਨ ਲਈ, ਸੀਐੱਸਆਈਆਰ ਰੀਪਰਪਜ਼ਡ (ਪਹਿਲਾਂ ਤੋਂ ਉਪਲੱਭਦ) ਦਵਾਈਆਂ ਦੀ ਕਲੀਨਿਕਲ ਅਜ਼ਮਾਇਸ਼ ਕਰ ਰਿਹਾ ਹੈ। ਡਿਵਾਈਸਿਸ ਦੇ ਫਰੰਟ 'ਤੇ, ਸੀਐੱਸਆਈਆਰ ਨੇ ਐਡਵਾਂਸਡ ਪੀਵੀਐੱਸਏ ਟੈਕਨੋਲੋਜੀ ਦੇ ਅਧਾਰ ‘ਤੇ ਸਵਦੇਸ਼ੀ ਮੈਡੀਕਲ ਗਰੇਡ ਆਕਸੀਜਨ ਕੰਸਨਟ੍ਰੇਟਰ ਤਿਆਰ ਕੀਤਾ ਹੈ। ਨਾਨ-ਇਨਵੇਸਿਵ ਵੈਂਟੀਲੇਸ਼ਨ ਡਿਵਾਈਸ, ‘ਸਵੱਸਥਵਾਯੂ’ ਅਤੇ ਵੈਂਟੀਲੇਸ਼ਨ ਦਿਸ਼ਾ ਨਿਰਦੇਸ਼ਾਂ ਨਾਲ ਮੋਡਿਊਲਰ ਯੂਵੀ ਰੋਗਾਣੂਨਾਸ਼ਕ ਵੀ ਤਿਆਰ ਕੀਤੇ ਗਏ ਹਨ।
ਹਸਪਤਾਲਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ, ਸੀਐੱਸਆਈਆਰ ਆਰਜ਼ੀ ਹਸਪਤਾਲਾਂ ਦੀ ਸਿਰਜਣਾ / ਸੁਵਿਧਾਵਾਂ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ ਅਤੇ ਸਪਲਾਈ ਚੇਨ ਨਾਲ ਸਬੰਧਤ ਵਿਭਿੰਨ ਚੁਣੌਤੀਆਂ ਦੇ ਹੱਲ ਲਈ ਸੀਐੱਸਆਈਆਰ ਨੇ ਸਿਹਤ ਸੰਭਾਲ ਨਾਲ ਸਬੰਧਤ ਸਪਲਾਈਆਂ ਲਈ 'ਅਰੋਗਯਾਪੱਥ' ਨਾਮਕ ਇੱਕ ਵਨ-ਸਟਾਪ ਪਲੇਟਫਾਰਮ ਵਿਕਸਤ ਕੀਤਾ ਹੈ, ਜਿਸ ਨੂੰ ਇਸ ਵੇਲੇ ਨੈਸ਼ਨਲ ਹੈਲਥ ਪੋਰਟਲ 'ਤੇ ਹੋਸਟ ਕੀਤਾ ਗਿਆ ਹੈ।
*****
ਐੱਸਐੱਸ / ਆਰਕੇਪੀ