ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਵੈਕਸੀਨ, ਦਵਾ ਵਿਕਾਸ ਦੀ ਰਫ਼ਤਾਰ ਤੇਜ਼ ਕਰਨ ਲਈ ਕੋਵਿਡ–19 ਦੇ ਨਵੇਂ ਵੇਰੀਐਂਟਸ ਦੇ ਜੀਨੋਮ ਸੀਕੁਐਂਸਿੰਗ ਦੀ ਫ਼ਾਸਟ–ਟ੍ਰੈਕਿੰਗ ਦਾ ਸੱਦਾ ਦਿੱਤਾ
ਉਪ ਰਾਸ਼ਟਰਪਤੀ ਨੇ ਵਿਭਿੰਨ ਵੇਰੀਐਂਟਸ ਲਈ ਇੱਕ ਵਿਆਪਕ ਵੈਕਸੀਨ ਵਿਕਸਿਤ ਕਰਨ ਵਾਸਤੇ ਅੰਤਰਰਾਸ਼ਟਰੀ ਭਾਈਵਾਲੀ ਨਾਲ ਇੱਕ ਅਧਿਐਨ ਕਰਨ ਦੀ ਬੇਨਤੀ ਕੀਤੀ
ਵੈਕਸੀਨ ਮੁਹਿੰਮ ਇੱਕ ਰਾਸ਼ਟਰੀ ਲਹਿਰ ਬਣਨੀ ਚਾਹੀਦੀ ਹੈ: ਸ਼੍ਰੀ ਨਾਇਡੂ
ਉਪ ਰਾਸ਼ਟਰਪਤੀ ਨੇ ਕੀਤਾ ਸੀਸੀਐੱਮਬੀ ਦੇ LaCONES (ਲੈਬੋਰੇਟਰੀ ਫਾਰ ਦ ਕਨਜ਼ਰਵੇਸ਼ਨ ਆਵ੍ ਐਂਡੇਜਰਡ ਸਪੀਸ਼ੀਜ਼) ਦਾ ਦੌਰਾ
ਕੋਵਿਡ–19 ਘਟਾਉਣ ਵਿੱਚ ਭੂਮਿਕਾ ਲਈ ਸੀਸੀਐੱਮਬੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ
ਵਣ–ਜੀਵਨ ਦੀ ਸੰਭਾਲ਼ ਲਈ ਕਈ ਬਾਇਓਟੈਕਨੋਲੋਜੀ ਟੂਲਜ਼ ਵਿਕਸਿਤ ਕਰਨ ਹਿਤ ਕੀਤੀ LaCONES ਦੀ ਸ਼ਲਾਘਾ
ਉਪ ਰਾਸ਼ਟਰਪਤੀ ਨੇ ਜਲਵਾਯੂ ਪਰਿਵਰਤਨ ਦੇ ਅਸਰ ਦੇ ਹਵਾਲੇ ਨਾਲ ਸਾਡੇ ਈਕੋਸਿਸਟਮਸ ਨੂੰ ਸੁਰੱਖਿਅਤ ਰੱਖਣ ਤੇ ਸੰਭਾਲਣ ਦੇ ਮਹੱਤਵ ਉੱਤੇ ਜ਼ੋਰ ਦਿੱਤਾ
प्रविष्टि तिथि:
02 JUL 2021 2:10PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਢੁਕਵੀਂਆਂ ਵੈਕਸੀਨਾਂ ਤੇ ਦਵਾਈਆਂ ਲੱਭਣ ਦੀ ਰਫ਼ਤਾਰ ਤੇਜ਼ ਕਰਨ ਲਈ ਕੋਵਿਡ–19 ਦੇ ਨਵੇਂ ਵੇਰੀਐਂਟਸ ਦੀ ਜੀਨੋਮ ਸੀਕੁਐਂਸਿੰਗ ਦੀ ਫ਼ਾਸਟ–ਟ੍ਰੈਕਿੰਗ ਦਾ ਸੱਦਾ ਦਿੱਤਾ ਹੈ।
ਉਪ ਰਾਸ਼ਟਰਪਤੀ ਨੇ ਹੈਦਰਾਬਾਦ ’ਚ ਆਪਣੀ ਆਮਦ ਦੇ ਛੇਤੀ ਬਾਅਦ ਸੀਸੀਐੱਮਬੀ (CCMB) ਦੀ LaCONES (ਲੈਬੋਰੇਟਰੀ ਫਾਰ ਦ ਕਨਜ਼ਰਵੇਸ਼ਨ ਆਵ੍ ਐਂਡੇਜਰਡ ਸਪੀਸ਼ੀਜ਼ – ਲੁਪਤ ਹੋ ਰਹੀਆਂ ਪ੍ਰਜਾਤੀਆਂ ਦੀ ਸੰਭਾਲ਼ ਲਈ ਪ੍ਰਯੋਗਸ਼ਾਲਾ) ਦਾ ਦੌਰਾ ਕੀਤਾ। ਉਨ੍ਹਾਂ LaCONES ਦੇ ਇੰਚਾਰਜ–ਵਿਗਿਆਨੀ ਡਾ. ਕਾਰਤੀਕੇਯਾਨ ਵਾਸੂਦੇਵਨ ਵੱਲੋਂ ਦਿੱਤੀ ਪੇਸ਼ਕਾਰੀ ਦੇਖੀ ਅਤੇ ਫਿਰ ਉਹ ‘ਨੈਸ਼ਨਲ ਵਾਈਲਡ–ਲਾਈਫ਼ ਜੀਨੈਟਿਕ ਰੀਸੋਰਸ ਬੈਂਕ’ ਤੇ ਇਸ ਸੁਵਿਧਾ ਦੀ ਅਸਿਸਟਡ ਰੀਪ੍ਰੋਡਕਸ਼ਨ ਲੈਬ ਅਤੇ ਜਾਨਵਰਾਂ ਦੇ ਪਿੰਜਰੇ ਦੇਖੇ।
ਵਿਗਿਆਨੀਆਂ ਤੇ ਖੋਜੀ ਵਿਗਿਆਨੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਜੋੜਨ ਵਾਲੇ ਇੱਕ ਟੂਲ ਵਜੋਂ ਸੀਕੁਐਂਸਿੰਗ ਸਾਹਮਣੇ ਆਉਣ ਵਾਲੀਆਂ ਨਵੀਆਂ ਵਾਇਰਲ ਤਬਦੀਲੀਆਂ ਦੀ ਸ਼ਨਾਖ਼ਤ ਵਿੱਚ ਅਹਿਮ ਭੂਮਿਕਾ ਅਦਾ ਕਰਦੀ ਹੈ ਅਤੇ ਇੰਝ ਕੋਵਿਡ–19 ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਕਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਸਮੇਂ–ਸਿਰ ਦਖ਼ਲ ਦੇਣ ਵਿੱਚ ਵੀ ਮਦਦ ਮਿਲੇਗੀ।
ਸ਼੍ਰੀ ਨਾਇਡੂ ਨੇ ਕਿਹਾ ਕਿ ਨਵੇਂ ਵੇਰੀਐਂਟਸ ਦੀ ਜੀਨੋਮ ਸੀਕੁਐਂਸਿੰਗ ਦੀ ਜ਼ਰੂਰਤ ਇਸ ਲਈ ਵੀ ਹੈ ਕਿਉਂਕਿ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਦੇਸ਼ ਦੇ ਕੁਝ ਚਿੜੀਆ ਘਰਾਂ ਵਿੱਚ ਸ਼ੇਰਾਂ/ਚੀਤਿਆਂ ਨੂੰ ਵੀ ਹੁਣ ਕੋਵਿਡ–19 ਲਾਗ ਲਗ ਰਹੀ ਹੈ ਅਤੇ ਵਾਇਰਸ ਦੇ ਇੰਝ ਇਨ੍ਹਾਂ ਪ੍ਰਜਾਤੀਆਂ ਵੱਲ ਜਾਣ ’ਤੇ ਭਾਵ – ਮਨੁੱਖਾਂ ਤੋਂ ਪਸ਼ੂਆਂ ਵੱਲ ਜਾਂ ਪਸ਼ੂਆਂ ਤੋਂ ਮਨੁੱਖਾਂ ਵੱਲ ਜਾਣ ਨਾਲ ਹੋਰ ਨਵੇਂ ਵੇਰੀਐਂਟਸ ਪੈਦਾ ਹੋਣਗੇ ਅਤੇ ਮਹਾਮਾਰੀ ਨਾਲ ਪਹਿਲਾਂ ਤੋਂ ਚੱਲ ਰਹੀ ਜੰਗ ਵਿੱਚ ਹੋਰ ਨਵੀਆਂ ਚੁਣੌਤੀਆਂ ਖਲੋਣਗੀਆਂ।
ਉਪ ਰਾਸ਼ਟਰਪਤੀ ਨੇ SARS-CoV-2 ਦੇ ਵਿਭਿੰਨ ਵੇਰੀਐਂਟਸ ਦਾ ਖ਼ਾਤਮਾ ਕਰਨ ਦੇ ਯੋਗ ਇੱਕ ਵਿਆਪਕ ਵੈਕਸੀਨ ਵਿਕਸਿਤ ਕਰਨ ਦੀ ਵਿਵਹਾਰਕਤਾ ਦਾ ਅਧਿਐਨ ਕਰਨ ਲਈ ਖੋਜ ਸੰਸਥਾਨਾਂ ਵੱਲੋਂ ਅੰਤਰਰਾਸ਼ਟਰੀ ਤਾਲਮੇਲ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ।
ਲੋਕਾਂ ਵੈਕਸੀਨ ਲਗਵਾਉਣ ਪ੍ਰਤੀ ਝਿਜਕ ਛੱਡਣ ਦੀ ਅਪੀਲ ਕਰਦਿਆਂ ਸ਼੍ਰੀ ਨਾਇਡੂ ਨੇ ਦੁਹਰਾਇਆ ਕਿ ਭਾਰਤ ’ਚ ਬਣੀਆਂ ਵੈਕਸੀਨਾਂ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਹਨ ਅਤੇ ਹਰੇਕ ਨੂੰ ਇਹ ਟੀਕਾ ਲਗਵਾ ਲੈਣਾ ਚਾਹੀਦਾ ਹੈ ਤੇ ਹੋਰਨਾਂ ਨੂੰ ਇਹ ਲਗਵਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਸੱਭਿਆਚਾਰਕ ਤੇ ਖੇਡ ਸ਼ਖ਼ਸੀਅਤਾਂ ਨੂੰ ਇਸ ਮੁਹਿੰਮ ਵਿੱਚ ਸਰਗਰਮ ਭਾਈਵਾਲ ਬਣਨ ਤੇ ਉਨ੍ਹਾਂ ਨੂੰ ਟੀਕਾਕਰਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੰਦਿਆਂ ਕਿਹਾ,‘ਟੀਕਾਕਰਣ ਮੁਹਿੰਮ ਇੱਕ ਰਾਸ਼ਟਰੀ ਲਹਿਰ ਬਣਨੀ ਚਾਹੀਦੀ ਹੈ।’
ਕੋਵਿਡ–19 ਘਟਾਉਣ ਵਿੱਚ ਯੋਗਦਾਨ ਲਈ ਸੀਸੀਐੱਮਬੀ (CCMB) ਨੂੰ ਸ਼ੁਭਕਾਮਨਾਵਾਂ ਦਿੰਦਿਆਂ ਸ਼੍ਰੀ ਨਾਇਡੂ ਨੇ ਸੰਸਥਾਨਾਂ ਵਿਚਾਲੇ ਮਜ਼ਬੂਤ ਤਾਲਮੇਲ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਇਹ ਵੀ ਕਿਹਾ ਕਿ LaCONES-CCMB ਛੂਤ ਦੀਆਂ ਬਿਮਾਰੀਆਂ ਦੇ ਉਭਾਰ ਨੂੰ ਸਮਝਣ ਤੇ ਭਵਿੱਖ ’ਚ ਅਜਿਹੀਆਂ ਮਹਾਮਾਰੀਆਂ ਦੀ ਰੋਕਥਾਮ ਲਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਦੋਵੇਂ ਪੱਧਰਾਂ ਉੱਤੇ ਲਿੰਕੇਜਸ ਬਣਾਉਣ ਦੇ ਮਾਮਲੇ ’ਚ ਸਹੀ ਪੁਜ਼ੀਸ਼ਨ ਲਈ ਸੀ।
ਉਨ੍ਹਾਂ ਇਹ ਵੀ ਕਿਹਾ ਕਿ LaCONES ਨੇ ਹਾਲ ਹੀ ਵਿੱਚ ਕੇਂਦਰੀ ਚਿੜੀਆਘਰ ਅਥਾਰਿਟੀ ਤੇ ਵਣ, ਵਾਤਾਵਰਣ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਨਾਲ ਮਿਲ ਕੇ ਪਿੰਜਰਿਆਂ ਵਿੱਚ ਬੰਦ ਜਾਨਵਰਾਂ ਦੀ ਕੋਵਿਡ–19 ਲਈ ਜਾਂਚ ਕਰਵਾਉਣ ਦੇ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਹਨ।
ਉਨ੍ਹਾਂ ਕਿਹਾ ਕਿ ਕੋਰੋਨਾ–ਵਾਇਰਸ ਸੰਕ੍ਰਮਣ ਦਾ ਅਸਾਨੀ ਨਾਲ ਇੱਕ–ਦੂਜੇ ਨੂੰ ਲਗ ਜਾਣਾ ਬਹੁਤ ਸਾਰੀਆਂ ਚੁਣੌਤੀਆਂ ਖੜ੍ਹੀਆਂ ਕਰਦਾ ਹੈ ਅਤੇ ਜਿਸ ਤਰੀਕੇ ਇਹ ਨਵੇਂ–ਨਵੇਂ ਸਰੀਰਾਂ ਜਾਂ ਪ੍ਰਜਾਤੀਆਂ ਤੱਕ ਫੈਲ ਰਿਹਾ ਹੈ; ਇਹ ਖੋਜ ਦਾ ਅਹਿਮ ਖੇਤਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ‘ਇਸ ਮਾਮਲੇ ’ਚ ਸੀਸੀਐੱਮਬੀ (CCMB) ਮੋਹਰੀ ਹੋ ਸਕਦੀ ਹੈ ਤੇ ਇਸ ਮਾਮਲੇ ’ਚ ਵਡਮੁੱਲਾ ਚਾਨਣਾ ਪਾ ਸਕਦੀ ਹੈ।’
ਵਣ–ਜੀਵਨ ਦੀ ਸੰਭਾਲ਼ ਅਤੇ ਸਹਾਇਤਾ ਨਾਲ ਪ੍ਰਜਣਨ ਤੇ ਫ਼ੌਰੈਂਸਿਕਸ ਲਈ ਕਈ ਬਾਇਓਟੈਕਨੋਲੋਜੀ ਟੂਲਜ਼ ਵਿਕਸਿਤ ਕਰਨ ਵਾਲੀ LaCONES ਦੀ ਸ਼ਲਾਘਾ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਨੇ ਕਾਲੇ ਹਿਰਨ, ਚਿਤਕਬਰੇ ਹਿਰਨ, ਪਹਾੜੀ ਕਬੂਤਰ ਤੇ ਲੁਪਤ ਹੁੰਦੀ ਜਾ ਰਹੀ ਮਾਊਸ ਹਿਰਨ ਦੇ ਸਫ਼ਲ ਪ੍ਰਜਣਨ ਵਿੱਚ ਮਦਦ ਕੀਤੀ ਹੈ ਤੇ ਸੁਝਾਅ ਦਿੱਤਾ ਕਿ ਇਹੋ ਜਿਹੀਆਂ ਕੋਸ਼ਿਸ਼ਾਂ ਕਸ਼ਮੀਰ ਦੇ ਹਾਂਗੁਲ ਹਿਰਨ, ਛੱਤੀਸਗੜ੍ਹ ਦੀਆਂ ਜੰਗਲੀ ਮੱਝਾਂ ਤੇ ਦਾਰਜੀਲਿੰਗ ਦੇ ਲਾਲ ਪਾਂਡੇ ਦੇ ਮਾਮਲੇ ਵਿੱਚ ਵੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਉਨ੍ਹਾਂ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ LaCONES ਦਾ ਰਾਸ਼ਟਰੀ ਵਣ–ਜੀਵਨ ਜੀਨੈਟਿਕ ਸਰੋਤ ਬੈਂਕ ਵਿਸ਼ਵ ਦੀਆਂ 23 ਅਜਿਹੀਆਂ ਪ੍ਰਯੋਗਸ਼ਾਲਾਵਾਂ ਦੀ ਇੱਕ ਵਿਆਪਕ ਲੀਗ ਵਿੱਚੋਂ ਇੱਕ ਹੈ।
LaCONES ਦੀਆਂ ਗਤੀਵਿਧੀਆਂ ਅਤੇ ਲੁਪਤ ਹੋ ਰਹੀਆਂ ਪ੍ਰਜਾਤੀਆਂ ਦੀ ਬਾਇਓ–ਬੈਂਕਿੰਗ ਨੂੰ ਉਤਸ਼ਾਹਿਤ ਕਰਨ ਲਈ ਪੰਜ ਚਿੜੀਆਘਰਾਂ ਦੇ ਸਮੂਹ (ਕੰਸੌਰਸ਼ੀਅਮ) ਦਾ ਇੱਕ ਗਠਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਇਸ ਨੂੰ ‘ਸਮੇਂ–ਸਿਰ ਕੀਤੀ ਪਹਿਲਕਦਮੀ’ ਕਰਾਰ ਦਿੱਤਾ। ਹਰ ਤਰ੍ਹਾਂ ਦੇ ਜੀਵਨ ਉੱਤੇ ਜਲਵਾਯੂ ਪਰਿਵਰਤਨ ਦਾ ਅਸਰ ਪੈਣ ਦੇ ਵਿਸ਼ੇ ਨੂੰ ਛੋਹੰਦਿਆਂ ਸ਼੍ਰੀ ਨਾਇਡੂ ਨੇ ਨੁਕਤਾ ਉਠਾਇਆ ਕਿ ਭਾਰਤ ਕੋਲ ਵੱਡੀਆਂ ਜੈਵਿਕ–ਵਿਭਿੰਨਤਾਵਾਂ ਨਾਲ ਭਰਪੂਰ ਖੇਤਰ ਹਨ ਅਤੇ ਇੱਕ ਈਕੋਸਿਸਟਮਸ ਦੀ ਵੀ ਇੱਕ ਵਿਆਪਕ ਰੇਂਜ ਹੈ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਦਾ ਅਸਰ ਘਟਾਉਣ ਲਈ ਭਾਰੀ ਜੰਗਲ ਲਾਉਣ ਦਾ ਇੱਕ ਪ੍ਰੋਗਰਾਮ ਸ਼ੁਰੂ ਕਰਨਾ ਸਮੇਂ ਦੀ ਲੋੜ ਹੈ ਤੇ ਹਰੇਕ ਵਿਅਕਤੀ ਨੂੰ ਆਪੋ–ਆਪਣੇ ਭਾਈਚਾਰਿਆਂ ਤੇ ਖੇਤਰਾਂ ਵਿੱਚ ਸਰਗਰਮੀ ਨਾਲ ਰੁੱਖ ਲਗਾਉਣੇ ਚਾਹੀਦੇ ਹਨ।
ਉਨ੍ਹਾਂ ਇਹ ਵੀ ਕਿਹਾ,‘ਸਾਨੂੰ ਨਾ ਸਿਰਫ਼ ਆਪਣੇ ਈਕੋਸਿਸਟਮਸ ਨੂੰ ਸੁਰੱਖਿਅਤ ਰੱਖਣ ਤੇ ਸੰਭਾਲਣ ਦੀ ਜ਼ਰੂਰਤ ਹੋਵੇਗੀ, ਬਲਕਿ ਜਾਨਵਰਾਂ, ਪੌਦਿਆਂ ਤੇ ਮਨੁੱਖਾਂ ਦੀ ਸਲਾਮਤੀ ਲਈ ਲੁਪਤ ਹੋ ਰਹੀਆਂ ਪ੍ਰਜਾਤੀਆਂ ਦੀ ਸੰਭਾਲ਼ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਨੀ ਹੋਵੇਗੀ’ ਅਤੇ ਭਰੋਸਾ ਪ੍ਰਗਟਾਇਆ ਕਿ ਆਧੁਨਿਕ ਬਾਇਓ–ਟੈਕਨੋਲੋਜੀ ਟੂਲਸ ਨਾਲ ਵਣ–ਜੀਵਨ ਤੇ ਈਕੋਸਿਸਟਮਸ ਉੱਤੇ ਪੈਣ ਵਾਲੇ ਮਾੜੇ ਪ੍ਰਭਾਵ ਘਟਾਉਣ ਵਿੱਚ ਮਦਦ ਮਿਲੇਗੀ।
ਇਸ ਦੌਰੇ ਦੌਰਾਨ ਉਪ ਰਾਸ਼ਟਰਪਤੀ ਨੇ ‘ਐਨ ਇੰਟਰੋਡਕਸ਼ਨ ਟੂ ਜੀਨੈਟਿਕ ਰੀਸੋਰਸ ਬੈਂਕਸ ਫ਼ਾਰ ਵਾਈਲਡ–ਲਾਈਫ਼ ਕਨਜ਼ਰਵੇਸ਼ਨ’ ਰਿਲੀਜ਼ ਕੀਤੀ। ਉਨ੍ਹਾਂ ਖੋਜ ਵਿਦਵਾਨਾਂ ਨਾਲ ਗੱਲਬਾਤ ਵੀ ਕੀਤੀ ਤੇ ਉਨ੍ਹਾਂ ਕੰਮ ਬਾਰੇ ਕੁਝ ਪੁੱਛਗਿੱਛ ਵੀ ਕੀਤੀ।
ਇਸ ਸਮਾਰੋਹ ਦੌਰਾਨ ਤੇਲੰਗਾਨਾ ਦੇ ਗ੍ਰਹਿ ਮੰਤਰੀ ਸ਼੍ਰੀ ਮਹਿਮੂਦ ਅਲੀ, ਸੀਸੀਐੱਮਬੀ (CCMB) ਦੇ ਡਾਇਰੈਕਟਰ ਡਾ. ਵਿਨੇ ਨੰਦੀਕੂਰੀ, CCMB-LaCONES ਦੇ ਇੰਚਾਰਜ–ਵਿਗਿਆਨੀ ਡਾ. ਕਾਰਤੀਕੇਯਨ ਵਾਸੂਦੇਵਨ, ਤੇਲੰਗਾਨਾ ਵਣ–ਜੀਵਨ ਦੇ ਮੁੱਖ ਵਾਰਡਨ ਆਰ. ਸ਼ੋਭਾ, ਵਿਗਿਆਨੀ ਤੇ ਖੋਜ ਵਿਦਵਾਨ ਮੌਜੂਦ ਸਨ।
*****
ਐੱਮਐੱਸ/ਆਰਕੇ/ਡੀਪੀ
(रिलीज़ आईडी: 1732360)
आगंतुक पटल : 262