ਮਾਨਵ ਸੰਸਾਧਨ ਵਿਕਾਸ ਮੰਤਰਾਲਾ

IIT ਰੋਪੜ ਵੱਲੋਂ ਦੇਸ਼ ਦਾ ਪਹਿਲਾ ਬਿਨਾ ਬਿਜਲੀ ਚੱਲਣ ਵਾਲਾ CPAP ਉਪਕਰਣ ‘ਜੀਵਨ ਵਾਯੂ’ ਵਿਕਸਤ

ਉਦੇਸ਼ ਹੈ ਘੱਟ ਸਰੋਤਾਂ ਵਾਲੇ ਇਲਾਕਿਆਂ ਅਤੇ ਰਸਤੇ ਵਿੱਚ ਜਾਣ ਦੌਰਾਨ ਮਨੁੱਖੀ ਜਾਨਾਂ ਬਚਾਉਣਾ

Posted On: 14 JUN 2021 12:40PM by PIB Chandigarh

ਰੋਪੜ ਸਥਿਤ ‘ਇੰਡੀਅਨ ਇੰਸਟੀਚਿਊਟ ਆੱਵ੍ ਟੈਕਨੋਲੋਜੀ’ (IIT) ਨੇ ‘ਜੀਵਨ ਵਾਯੂ’ ਨਾਂਅ ਦਾ ਇੱਕ ਉਪਕਰਣ/ਯੰਤਰ ਵਿਕਸਤ ਕੀਤਾ ਹੈ, ਜਿਸ ਦੀ ਵਰਤੋਂ CPAP ਮਸ਼ੀਨ ਦੇ ਬਦਲ ਵਜੋਂ ਕੀਤੀ ਜਾ ਸਕਦੀ ਹੈ। ਇਹ ਦੇਸ਼ ਦਾ ਵੀ ਪਹਿਲਾ ਅਜਿਹਾ ਯੰਤਰ ਹੈ, ਜੋ ਬਿਨਾ ਬਿਜਲੀ ਦੇ ਵੀ ਕੰਮ ਕਰਦਾ ਹੈ ਅਤੇ ਆਕਸੀਜਨ ਪੈਦਾ ਕਰਨ ਵਾਲੀਆਂ ਦੋਵੇਂ ਤਰ੍ਹਾਂ ਦੀਆਂ ਇਕਾਈਆਂ O2 ਸਿਲੰਡਰਾਂ ਤੇ ਆਕਸੀਜਨ ਪਾਈਪਲਾਈਨਾਂ ਦੇ ਅਨੁਕੂਲ ਹੈ। ਅਜਿਹੇ ਇੰਤਜ਼ਾਮ CPAP ਦੀਆਂ ਮੌਜੂਦਾ ਮਸ਼ੀਨਾਂ ਵਿੱਚ ਨਹੀਂ ਹਨ।

CPAP ਥੈਰਾਪੀ ਲਈ ਸਾਹ ਦੇਣ ਵਾਲਾ ਸਰਕਟ ‘ਜੀਵਨ ਵਾਯੂ’ ਬਹੁਤ ਉੱਚ ਪ੍ਰਵਾਹ ਵਾਲੀ ਆਕਸੀਜਨ (0 – 60 LPM) ਡਿਲਿਵਰ ਕਰ ਰਿਹਾ ਹੈ ਅਤੇ 20 cm H2O ਤੱਕ ਦਾ ਪੌਜ਼ਿਟਿਵ ਦਬਾਅ ਦੇ ਰਿਹਾ ਹੈ

 

‘ਕੰਟੀਨਿਯੂਸ ਪੌਜ਼ਿਟਿਵ ਏਅਰਵੇਅ ਪ੍ਰੈਸ਼ਰ’ (CPAP) ਇਲਾਜ ਦੀ ਇੱਕ ਅਜਿਹੀ ਵਿਧੀ ਹੈ, ਜੋ ਨੀਂਦਰ ਦੌਰਾਨ ਸਾਹ ਲੈਣ ਵਿੱਚ ਔਖ ਭਾਵ Sleep Apnea ਜਿਹੀਆਂ ਸਮੱਸਿਆਵਾਂ ਦੇ ਰੋਗੀਆਂ ਲਈ ਵਰਤੀ ਜਾਂਦੀ ਹੈ। ਇਹ ਮਸ਼ੀਨ ਹਵਾ ਦਾ ਮਾਮੂਲੀ ਦਬਾਅ ਵਰਤਦਿਆਂ ਵਾਯੂ–ਮਾਰਗਾਂ ਨੂੰ ਖੁੱਲ੍ਹੇ ਰੱਖਦੀ ਹੈ, ਤਾਂ ਜੋ ਸਾਹ ਲੈਣ ਵਿੱਚ ਕੋਈ ਔਖ ਨਾ ਹੋਵੇ। ਇਸ ਦੀ ਵਰਤੋਂ ਅਜਿਹੇ ਨਵ–ਜਨਮੇ ਬਾਲਾਂ ਦੇ ਇਲਾਜ ਲਈ ਵੀ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਫੇਫੜੇ ਪੂਰੀ ਤਰ੍ਹਾਂ ਵਿਕਸਤ ਨਹੀਂ ਹੋਏ ਹੁੰਦੇ। ਇਹ ਮਸ਼ੀਨ ਬੱਚੇ ਜਾਂ ਬੱਚੀ ਦੇ ਨੱਕ ਵਿੱਚ ਹਵਾ ਧੱਕਦੀ ਹੈ, ਤਾਂ ਜੋ ਉਸ ਦੇ ਫੇਫੜਿਆਂ ਤੱਕ ਹਵਾ ਅੰਦਰ ਜਾ ਸਕੇ। ਕੋਵਿਡ–19 ਦੀ ਛੂਤ ਦੇ ਮੁਢਲੇ ਪੜਾਵਾਂ ਉੱਤੇ ਇਹ ਇਲਾਜ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਇਸ ਨਾਲ ਫੇਫੜੇ ਦੇ ਨਸ਼ਟ ਹੋਣ ਤੋਂ ਬਚਾਅ ਹੁੰਦਾ ਹੈ ਤੇ ਸੋਜ਼ਿਸ਼ ਜਿਹੇ ਪਭਾਵਾਂ ਤੋਂ ਪਰੇਸ਼ਾਨ ਰੋਗੀ ਠੀਕ ਹੋ ਸਕਦੇ ਹਨ।

ਚਿੱਤਰ 2: ਕੰਪਿਊਟਰ ਦੀ ਮਦਦ ਨਾਲ ਡਿਜ਼ਾਈਨ ਕੀਤਾ ਗਿਆ ‘ਜੀਵਨ ਵਾਯੂ’ ਨੇ ਪ੍ਰਵਾਹ ਮਾਪਦੰਡਾਂ ਦੀ ਵਰਤੋਂ ਕਰਦਿਆਂ ਵਧੀਆ ਕਾਰਗੁਜ਼ਾਰੀ ਵਿਖਾਈ

ਮੈਡੀਕਲ ਤੌਰ ’ਤੇ ਸਾਰੇ ਮਾਪਦੰਡਾਂ ਉੱਤੇ ਖਰਾ ਉੱਤਰਨ ਵਾਲਾ ਇਹ CPAP ਡਿਲੀਵਰੀ ਸਿਸਟਮ ‘ਜੀਵਨ ਵਾਯੂ’ ਪੂਰੀ ਤਰ੍ਹਾਂ ਲੀਕ–ਪਰੂਫ਼ ਹੈ, ਇਸ ਦੀ ਲਾਗਤ ਵੀ ਘੱਟ ਹੈ ਅਤੇ ਇਹ 22 ਮਿਲੀਮੀਟਰ CPAP ਕਲੋਜ਼ਡ ਸਰਕਟ ਟਿਊਬ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਨੂੰ ਟਿਊਬ ਦੇ ਆਕਾਰ ਮੁਤਾਬਕ ਵੀ ਢਾਲਿਆ ਜਾ ਸਕਦਾ ਹੈ। ਇਸ ਨੂੰ ਬਿਜਲੀ ਦੇ ਅਚਾਨਕ ਚਲੇ ਜਾਣ ’ਤੇ ਵੀ ਵਰਤਿਆ ਜਾ ਸਕਦਾ ਹੈ ਅਤੇ ਇਸ ਦੀ ਵਰਤੋਂ ਮਰੀਜ਼ ਨੂੰ ਰਾਹ ਵਿੱਚ ਕਿਤੇ ਲਿਜਾਂਦੇ ਸਮੇਂ ਵੀ ਕੀਤੀ ਜਾ ਸਕਦੀ ਹੈ।

ਚਿੱਤਰ 3: ਤੇਜ਼ ਰਫ਼ਤਾਰ ਆਕਸੀਜਨ ਡਿਲੀਵਰੀ ਲਈ ਡਿਜ਼ਾਇਨ ਕੀਤੇ CPAP ਥੈਰਾਪੀ ਉਪਕਰਣ ‘ਜੀਵਨ ਵਾਯੂ’ ਦਾ 3D ਪ੍ਰਿੰਟੇਡ ਪ੍ਰੋਟੋਟਾਈਪ

ਇਹ ਉਪਕਰਣ IIT ਰੋਪੜ ਦੇ ਐਡਵਾਂਸਡ ਮਟੀਰੀਅਲਜ਼ ਤੇ ਡਿਜ਼ਾਇਨ ਲੈਬ ਵਿੱਚ ਡਿਜ਼ਾਈਨ ਕੀਤਾ ਗਿਆ ਹੈ; ਉੱਥੋਂ ਦੇ ਮੈਟਲਰਜੀਕਲ ਐਂਡ ਮਟੀਰੀਅਲਜ਼ ਇੰਜੀਨੀਅਰਿੰਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਖ਼ੁਸ਼ਬੂ ਰੱਖਾ ਨੇ ਦੱਸਿਆ, ‘ਕੋਵਿਡ ਦੀ ਮੌਜੂਦਾ ਮਹਾਮਾਰੀ ਦੇ ਇਸ ਸੰਕਟ ਦੌਰਾਨ ਇਸ ਉਪਕਰਣ ਦੀ ਲੋੜ ਸੀ, ਜਦੋਂ ਬਿਜਲੀ ਦੀ ਸਪਲਾਈ ਅਚਾਨਕ ਬੰਦ ਹੋ ਜਾਂਦੀ ਹੈ ਤੇ ਵੈਂਟੀਲੈਂਟਰਜ਼ ਅਤੇ ਆਕਸੀਜਨ ਕੰਸਟ੍ਰੇਟਰਜ਼ ਵਰਗੇ ਮੈਡੀਕਲ ਉਪਕਰਣਾਂ ਦੇ ਸਹਾਰੇ ਰਹਿਣ ਵਾਲੇ ਮਰੀਜ਼ਾਂ ਦੀਆਂ ਜਾਨਾਂ ਦੀ ਚਿੰਤਾ ਲੱਗ ਜਾਂਦੀ ਹੈ।’

ਡਾ. ਰੱਖਾ ਨੇ ਭਰੋਸਾ ਦਿਵਾਇਆ, ‘ਇਸ ਉਪਕਰਣ ਦੇ ਅੰਦਰ ਹਵਾ ਅੰਦਰ ਦਾਖ਼ਲ ਹੋਣ ਵਾਲੇ ਸਿਰੇ ਉੱਤੇ ਵਾਇਰਲ ਫ਼ਿਲਟਰ ਮੌਜੂਦ ਹੈ, ਜਿਸ ਵਿੱਚ 99.99% ਵਾਇਰਲ ਪ੍ਰਭਾਵਕਤਾ ਹੁੰਦੀ ਹੈ।’ ਇਹ ਵਾਇਰਲ ਫ਼ਿਲਟਰ ਇਹ ਯਕੀਨੀ ਬਣਾਉਂਦਾ ਹੈ ਕਿ ਹਵਾ ਰਾਹੀਂ ਵਾਤਾਵਰਣ ’ਚੋਂ ਕਿਸੇ ਕਿਸਮ ਦੇ ਪੈਥੋਜਨਸ (ਰੋਗਾਣੂ) ਅੰਦਰ ਨਾ ਜਾਣ। ਇਹ ਉਪਕਰਣ 3D ਪ੍ਰਿੰਟਿੰਗ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਦਾ ਪ੍ਰੀਖਣ ਵੀ ਮਕੈਨੀਕਲ ਤੌਰ ’ਤੇ ਕਰ ਲਿਆ ਗਿਆ ਹੈ।

‘ਜੀਵਨ ਵਾਯੂ’ ਬਹੁਤ ਉੱਚ ਪ੍ਰਵਾਹ ਵਾਲੀ ਆਕਸੀਜਨ (0 – 60 LPM) ਡਿਲਿਵਰ ਸਕਦਾ ਹੈ ਅਤੇ 20 cm H2O ਤੱਕ ਦਾ ਪੌਜ਼ਿਟਿਵ ਦਬਾਅ ਲਗਾਤਾਰ ਕਾਇਮ ਰੱਖ ਸਕਦਾ ਹੈ। ਇਹ ਉਪਕਰਣ 5–20cm H2O ਦੇ ਇੱਕ PEEP (ਪੌਜ਼ਿਟਿਵ ਐਂਡ–ਐਕਸਪਾਇਰੇਟਰੀ ਪ੍ਰੈਸ਼ਰ) ਨਾਲ 40% ਤੋਂ ਵੱਧ FiO2 ਕਾਇਮ ਰੱਖਣ ਲਈ ਡਿਜ਼ਾਈਨ ਕੀਤਾ ਗਿਆ ਹੈ।

ਡਾ. ਖ਼ੁਸ਼ਬੂ ਰੱਖਾ ਤੇ ਉਨ੍ਹਾਂ ਦੀ ਟੀਮ ਨੇ ਇਸ ਉਪਕਰਣ ਦੀ 3D ਪ੍ਰਿੰਟਿੰਗ ਲਈ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਦੇ ਸੀਮੈਨਜ਼ ਸੈਂਟਰ ਆੱਵ੍ ਐਕਸੇਲੈਂਸ ਸਥਿਤ ਰੈਪਿਡ ਪ੍ਰੋਟੋਟਾਈਪਿੰਗ ਲੈਬ. ਦੇ ਫ਼ੈਕਲਟੀ ਇੰਚਾਰਜ ਸ੍ਰੀ ਸੁਰੇਸ਼ ਚੰਦ ਨਾਲ ਤਾਲਮੇਲ ਕਾਇਮ ਕੀਤਾ ਸੀ।

ਇਹ ਉਪਕਰਣ ਹੁਣ ਮੈਡੀਕਲ ਪ੍ਰੀਖਣ ਤੇ ਵੱਡੇ ਪੱਧਰ ’ਤੇ ਨਿਰਮਾਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਲਿੰਕ: https://www.youtube.com/watch?v=mhoVSfNacr0

 

************

ਡੀਐੱਸ/ਆਰਬੀ(Release ID: 1726899) Visitor Counter : 29