ਬਿਜਲੀ ਮੰਤਰਾਲਾ

ਐੱਨਟੀਪੀਸੀ ਆਪਣੇ ਕੋਲਾ ਮਾਈਨਿੰਗ ਪ੍ਰੋਜੈਕਟਾਂ ਜ਼ਰੀਏ ਕੋਵਿਡ ਖਿਲਾਫ਼ ਲੜਾਈ ਵਿੱਚ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਥਾਨਕ ਪ੍ਰਸ਼ਾਸਨ ਦਾ ਸਹਿਯੋਗ ਕਰ ਰਹੀ ਹੈ

Posted On: 31 MAY 2021 3:32PM by PIB Chandigarh

ਐੱਨਟੀਪੀਸੀ, ਬਿਜਲੀ ਮੰਤਰਾਲੇ ਅਧੀਨ ਇੱਕ ਮਹਾਰਤਨ ਕੇਂਦਰੀ ਪਬਲਿਕ ਸੈਕਟਰ ਐਂਟਰਪ੍ਰਾਈਜ਼ (ਸੀਪੀਐੱਸਯੂ) ਹੈ। ਕੰਪਨੀ ਦੇ ਹਜ਼ਾਰੀਬਾਗ ਸਥਿਤ ਪਕੜੀ ਬਾਰਵਾਡੀਹ ਕੋਲਾ ਮਾਈਨਿੰਗ ਪ੍ਰੋਜੈਕਟ ਦੁਆਰਾ, ਸੀਐੱਸਆਰ ਪਹਿਲ ਤਹਿਤ ਰਾਂਚੀ ਦੇ ਬਾਹਰਵਾਰ ਦੇ ਇਲਾਕੇ ਵਿੱਚ ਸਥਿਤ, ਇੱਕ ਸਮਰਪਿਤ ਕੋਵਿਡ ਕੇਅਰ ਹਸਪਤਾਲ ਆਈਟੀਕੇਆਈ ਟੀਬੀ ਸੈਨੇਟੋਰੀਅਮ ਵਿੱਚ, 300 ਬਿਸਤਰਿਆਂ ਲਈ ਸੈਂਟਰਲਾਈਜ਼ਡ ਮੈਨੀਫੋਲਡ ਆਕਸੀਜਨ ਸਹਾਇਤਾ ਪ੍ਰਣਾਲੀ ਸਥਾਪਤ ਕੀਤੀ ਜਾ ਰਹੀ ਹੈ।

 ਦੇਸ਼ ਦੇ ਨਾਲ ਨਾਲ, ਝਾਰਖੰਡ ਰਾਜ ਵਿੱਚ ਵੀ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਦੇ ਨਤੀਜੇ ਵਜੋਂ ਗੰਭੀਰ ਮਾਮਲਿਆਂ ਵਿੱਚ ਵੱਡੇ ਪੱਧਰ ‘ਤੇ ਵਾਧਾ ਹੋ ਗਿਆ ਹੈ। ਜਿਸ ਦੇ ਚਲਦਿਆਂ ਰਾਜੇਂਦਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਆਰਆਈਐੱਮਐੱਸ- RIMS) ਸਮੇਤ, ਰਾਂਚੀ ਅਤੇ ਹਜ਼ਾਰੀਬਾਗ ਦੇ ਸਾਰੇ ਵੱਡੇ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਘਾਟ ਹੋ ਗਈ ਹੈ। ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਕੰਪਨੀ ਵਲੋਂ ਇਹ ਉਪਰਾਲਾ ਕੀਤਾ ਗਿਆ ਹੈ।

 ਕੋਵਿਡ ਕਲੱਸਟਰ ਕੇਅਰ ਸੈਂਟਰਾਂ ਵਿਚੋਂ ਇੱਕ, ਇਸ ਹਸਪਤਾਲ ਜ਼ਰੀਏ ਕੋਵਿਡ ਮਰੀਜ਼ਾਂ ਦੇ ਇਲਾਜ ਦੀਆਂ ਸੁਵਿਧਾਵਾਂ ਵਿੱਚ ਵਾਧਾ ਹੋਵੇਗਾ ਜਿਸ ਨਾਲ ਕੋਵਿਡ ਦੀ ਚੱਲ ਰਹੀ ਦੂਜੀ ਲਹਿਰ ਦੌਰਾਨ ਸ਼ਹਿਰ ਵਿਚਲੇ ਹਸਪਤਾਲਾਂ ‘ਤੇ ਭਾਰ ਘੱਟ ਕੀਤਾ ਜਾ ਸਕੇਗਾ। ਕੋਵਿਡ -19 ਨੂੰ ਘਟਾਉਣ ਲਈ ਐੱਨਟੀਪੀਸੀ ਦੁਆਰਾ ਮੌਜੂਦਾ ਬੁਨਿਆਦੀ ਢਾਂਚਾ ਸੁਵਿਧਾਵਾਂ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ।

 ਇਸ ਤੋਂ ਇਲਾਵਾ, ਇਸ ਦੁਆਰਾ ਸੀਐੱਸਆਰ ਪਹਿਲ ਅਧੀਨ ਵਿੱਤੀ ਸਹਾਇਤਾ ਨਾਲ ਕੋਵਿਡ ਦੇ ਇਲਾਜ ਲਈ ਰਿਮਜ਼ (RIMS) ਹਸਪਤਾਲ, ਰਾਂਚੀ ਨੂੰ ਆਕਸੀਜਨ ਨਾਲ ਲੈਸ 600 ਬਿਸਤਰਿਆਂ ਲਈ ਸਹਾਇਕ ਉਪਕਰਣਾਂ ਸਮੇਤ 40 ਜੰਬੋ ਸਿਲੰਡਰਾਂ ਵਾਲਾ ਆਕਸੀਜਨ ਪਾਈਪਿੰਗ ਸਿਸਟਮ ਸਥਾਪਤ ਕਰਨ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

 ਇਸ ਸਹਾਇਤਾ ਨਾਲ ਹਸਪਤਾਲਾਂ ਵਿੱਚ ਦਾਖਲ ਕੋਵਿਡ ਮਰੀਜ਼ਾਂ ਦੀ ਆਕਸੀਜਨ ਦੀ ਵੱਡੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕੇਗਾ। ਕੋਵਿਡ ਕੇਅਰ ਆਈਸੀਯੂ / ਵਾਰਡਾਂ ਵਿੱਚ ਆਕਸੀਜਨ ਨਾਲ ਲੈਸ ਇਹ ਬੈੱਡ ਨਾ ਸਿਰਫ ਸ਼ਹਿਰ ਦੇ ਵਸਨੀਕਾਂ, ਬਲਕਿ ਇਲਾਜ ਲਈ ਹਸਪਤਾਲ ਆਉਣ ਵਾਲੇ ਝਾਰਖੰਡ ਦੇ ਹੋਰ ਲੋਕਾਂ ਲਈ ਵੀ ਸਹਾਈ ਹੋਣਗੇ।

 ਐੱਨਟੀਪੀਸੀ ਪਕੜੀ ਬਾਰਵਾਡੀਹ ਕੋਲਾ ਮਾਈਨਿੰਗ ਪ੍ਰੋਜੈਕਟ, ਹਜ਼ਾਰੀਬਾਗ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ੇਖ ਭਿਖਾਰੀ ਮੈਡੀਕਲ ਕਾਲਜ ਵਿੱਚ 24 ਲੱਖ ਰੁਪਏ ਦੀ ਵਿੱਤੀ ਸਹਾਇਤਾ ਨਾਲ ਗੰਭੀਰ ਮਾਮਲਿਆਂ ਦੀ ਦੇਖਭਾਲ ਵਾਲੇ 180 ਬਿਸਤਰਿਆਂ ਲਈ ਕੇਂਦਰੀ ਆਕਸੀਜਨ ਪ੍ਰਣਾਲੀ ਦੀ ਸੁਵਿਧਾ ਅਤੇ ਸਥਾਪਨਾ ਲਈ ਸਹਾਇਤਾ ਲਈ ਅੱਗੇ ਆਇਆ ਹੈ।

 ਐੱਨਟੀਪੀਸੀ ਤਲਾਈਪੱਲੀ ਕੋਲਾ ਮਾਈਨਿੰਗ ਪ੍ਰੋਜੈਕਟ, ਛੱਤੀਸਗੜ ਨੇ ਰਾਏਗੜ੍ਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਡਾਕਟਰੀ ਉਪਕਰਣ, ਸੇਵਾਵਾਂ, ਸਪਲਾਈ ਪ੍ਰਦਾਨ ਕਰਨ ਵਿੱਚ ਯੋਗਦਾਨ ਪਾਇਆ ਹੈ।

 ਇਹ ਪ੍ਰਾਜੈਕਟ ਰਾਜ ਦੇ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਦੇ ਹਸਪਤਾਲਾਂ ਦੀਆਂ ਇਮਾਰਤਾਂ ਦੇ ਨਵੀਨੀਕਰਨ, ਮੈਡੀਕਲ ਸਟਾਫ, ਸੈਨੀਟੇਸ਼ਨ ਕਰਮਚਾਰੀਆਂ ਵਿੱਚ ਪੀਪੀਈ ਕਿੱਟਾਂ ਵੰਡਣ ਅਤੇ ਲੋੜਵੰਦ ਸਥਾਨਕ ਲੋਕਾਂ ਅਤੇ ਫਸੇ ਹੋਏ ਮਜ਼ਦੂਰਾਂ ਨੂੰ ਅਨਾਜ ਵੰਡਣ ਦੇ ਕੰਮਾਂ ਵਿੱਚ ਮਦਦ ਕਰਨ ਲਈ ਸਰਗਰਮੀ ਨਾਲ ਸ਼ਾਮਲ ਹੈ।

 ਭਾਰਤ ਵਿੱਚ ਕੋਵਿਡ-19 ਮਾਮਲਿਆਂ ਵਿੱਚ ਹੋਏ ਭਾਰੀ ਵਾਧੇ ਨੂੰ ਵੇਖਦਿਆਂ, ਐੱਨਟੀਪੀਸੀ ਦੁਆਰਾ ਬਿਜਲੀ ਮੰਤਰਾਲੇ ਦੇ ਅਗਵਾਈ ਵਿੱਚ ਵਾਇਰਸ ਦੇ ਫੈਲਣ ਵਿਰੁੱਧ ਲੜਨ ਲਈ ਕਈ ਕਦਮ ਉਠਾਏ ਜਾ ਰਹੇ ਹਨ। ਐੱਨਟੀਪੀਸੀ ਆਪਣੇ ਹਸਪਤਾਲਾਂ ਦੀ ਸਮਰੱਥਾ ਵਿੱਚ ਵਾਧਾ ਕਰ ਰਹੀ ਹੈ ਜਾਂ ਫੇਰ ਅਜਿਹੀਆਂ ਸੁਵਿਧਾਵਾਂ ਵਿਕਸਤ ਕਰਨ ਲਈ ਸਥਾਨਕ ਪ੍ਰਸ਼ਾਸਨ ਦੀ ਮਦਦ ਕਰ ਰਹੀ ਹੈ ਜੋ ਕਿ ਕੋਵਿਡ -19 ਸੰਕਰਮਿਤ ਲੋਕਾਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ।

 

***********

 

 ਐੱਸਐੱਸ / ਆਈਜੀ



(Release ID: 1723289) Visitor Counter : 115


Read this release in: English , Urdu , Hindi , Tamil , Telugu