ਪ੍ਰਧਾਨ ਮੰਤਰੀ ਦਫਤਰ

ਬੁੱਧ ਪੂਰਣਿਮਾ 'ਤੇ ਵਰਚੁਅਲ ਵੇਸਾਕ ਦਿਵਸ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 26 MAY 2021 12:16PM by PIB Chandigarh

ਸਨਮਾਨਿਤ ਮਹਾਸੰਘ ਦੇ ਮਾਣਯੋਗ ਮੈਂਬਰ, ਨੇਪਾਲ ਅਤੇ ਸ੍ਰੀ ਲੰਕਾ ਦੇ ਪ੍ਰਧਾਨ ਮੰਤਰੀ, ਮੇਰੇ ਮੰਤਰੀ ਮੰਡਲ ਦੇ ਸਹਿਯੋਗੀ ਸ਼੍ਰੀ ਪ੍ਰਹਲਾਦ ਸਿੰਘ ਅਤੇ ਸ਼੍ਰੀ ਕਿਰੇਨ ਰਿਜਿਜੂ, ਅੰਤਰਰਾਸ਼ਟਰੀ ਬੋਧੀ ਮਹਾਸੰਘ ਦੇ ਸਕੱਤਰ ਜਨਰਲ, ਮਾਣਯੋਗ ਡਾਕਟਰ ਧੰਮਪਿਯ ਜੀ, ਮਾਣਯੋਗ ਵਿਦਵਾਨ, ਧੰਮ ਪੈਰੋਕਾਰ, ਦੁਨੀਆ ਭਰ ਦੇ ਭੈਣੋਂ ਅਤੇ ਭਾਈਓ,

 

ਨਮੋ ਬੁੱਧਾਯ

 

ਨਮਸਤੇ।

 

ਵੇਸਾਕ ਦੇ ਇਸ ਵਿਸ਼ੇਸ਼ ਦਿਨ ’ਤੇ ਤੁਹਾਨੂੰ ਸਾਰਿਆਂ ਨੂੰ ਸੰਬੋਧਨ ਕਰਨ ਸਮੇਂ ਮੈਂ ਸਨਮਾਨਿਤ ਮਹਿਸੂਸ ਕਰਦਾ ਹਾਂ। ਵੇਸਾਕ ਭਗਵਾਨ ਬੁੱਧ ਦੇ ਜੀਵਨ ਨੂੰ ਮਨਾਉਣ ਦਾ ਦਿਨ ਹੈ। ਸਾਡੇ ਗ੍ਰਹਿ ਦੀ ਬਿਹਤਰੀ ਲਈ ਉਨ੍ਹਾਂ ਦੁਆਰਾ ਦਿੱਤੇ ਉੱਤਮ ਆਦਰਸ਼ਾਂ ਅਤੇ ਬਲੀਦਾਨਾਂ ਬਾਰੇ ਸੋਚਣ ਦਾ ਵੀ ਇਹ ਦਿਨ ਹੈ।

 

ਦੋਸਤੋ,

 

ਪਿਛਲੇ ਸਾਲ ਵੀ, ਮੈਂ ਵੇਸਾਕ ਦਿਵਸ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਸੀ। ਉਹ ਪ੍ਰੋਗਰਾਮ ਕੋਵਿਡ-19 ਮਹਾਮਾਰੀ ਦੇ ਵਿਰੁੱਧ ਮਨੁੱਖੀ ਲੜਾਈ ਦੀ ਅਗਵਾਈ ਕਰਨ ਵਾਲੇ ਸਾਰੇ ਫ੍ਰੰਟ-ਲਾਈਨ ਵਰਕਰਾਂ ਨੂੰ ਸਮਰਪਿਤ ਕੀਤਾ ਗਿਆ ਸੀ। ਇੱਕ ਸਾਲ ਬਾਅਦ, ਅਸੀਂ ਨਿਰੰਤਰਤਾ ਅਤੇ ਤਬਦੀਲੀ ਦਾ ਮਿਸ਼ਰਣ ਦੇਖ ਰਹੇ ਹਾਂ। ਕੋਵਿਡ-19 ਮਹਾਮਾਰੀ  ਸਾਨੂੰ ਛੱਡ ਕੇ ਨਹੀਂ ਗਈ। ਭਾਰਤ ਸਮੇਤ ਕਈ ਦੇਸ਼ਾਂ ਨੇ ਦੂਸਰੀ ਲਹਿਰ ਦਾ ਅਨੁਭਵ ਕੀਤਾ ਹੈ। ਮਨੁੱਖਤਾ ਲਈ ਪਿਛਲੇ ਕਈ ਦਹਾਕਿਆਂ  ਦਾ ਇਹ ਸਭ ਤੋਂ ਬੁਰਾ ਸੰਕਟ ਹੈ। ਅਸੀਂ ਇੱਕ ਸਦੀ ਤੋਂ ਇਸ ਤਰ੍ਹਾਂ ਦੀ ਮਹਾਮਾਰੀ ਨਹੀਂ ਦੇਖੀ। ਇੱਕ ਜੀਵਨ ਕਾਲ ਵਿੱਚ ਇੱਕ ਵਾਰ ਆਈ ਇਹ ਮਹਾਮਾਰੀ ਕਈਆਂ ਦੇ ਘਰ ਦੁਖਾਂਤ ਅਤੇ  ਪੀੜਾ ਲੈ ਕੇ ਆਈ ਹੈ।

 

ਮਹਾਮਾਰੀ ਨੇ ਹਰ ਰਾਸ਼ਟਰ ਨੂੰ ਪ੍ਰਭਾਵਿਤ ਕੀਤਾ ਹੈ। ਆਰਥਿਕ ਪ੍ਰਭਾਵ ਵੀ ਬਹੁਤ ਵੱਡਾ ਹੈ। ਕੋਵਿਡ-19 ਤੋਂ ਬਾਅਦ ਸਾਡਾ ਗ੍ਰਹਿ ਪਹਿਲਾਂ  ਜਿਹਾ ਨਹੀਂ ਰਹੇਗਾ। ਆਉਣ ਵਾਲੇ ਸਮੇਂ ਵਿੱਚ, ਅਸੀਂ ਨਿਸ਼ਚਿਤ ਰੂਪ ਵਿੱਚ ਘਟਨਾਵਾਂ ਨੂੰ ਕੋਵਿਡ ਤੋਂ ਪਹਿਲਾਂ ਦੀਆਂ ਜਾਂ ਕੋਵਿਡ ਤੋਂ ਬਾਅਦ ਦੀਆਂ ਘਟਨਾਵਾਂ ਕਹਿ ਕੇ ਯਾਦ ਰੱਖਾਂਗੇ। ਪਰੰਤੂ, ਪਿਛਲੇ ਸਾਲ ਦੇ ਦੌਰਾਨ, ਬਹੁਤ ਸਾਰੀਆਂ ਮਹੱਤਵਪੂਰਨ ਤਬਦੀਲੀਆਂ ਵੀ ਆਈਆਂ ਹਨ। ਹੁਣ ਸਾਡੇ ਕੋਲ ਮਹਾਮਾਰੀ ਦੀ ਬਿਹਤਰ ਸਮਝ ਹੈ ਜੋ ਇਸ ਨਾਲ ਲੜਨ ਦੀ ਸਾਡੀ ਰਣਨੀਤੀ ਨੂੰ ਮਜ਼ਬੂਤ ਕਰਦੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਹੁਣ ਸਾਡੇ ਕੋਲ ਟੀਕਾ ਹੈ, ਜੋ ਜਾਨਾਂ ਨੂੰ ਬਚਾਉਣ ਅਤੇ ਮਹਾਮਾਰੀ ਨੂੰ ਹਰਾਉਣ ਲਈ ਬਹੁਤ ਜ਼ਰੂਰੀ ਹੈ। ਮਹਾਮਾਰੀ ਦੀ ਮਾਰ ਤੋਂ ਇੱਕ ਸਾਲ ਦੇ ਅੰਦਰ ਵੈਕਸੀਨੇਸ਼ਨ ਦਾ ਤਿਆਰ ਹੋ ਜਾਣਾ ਮਨੁੱਖੀ ਦ੍ਰਿੜ੍ਹਤਾ ਅਤੇ ਹਠ ਦੀ ਸ਼ਕਤੀ ਨੂੰ ਦਰਸਾਉਂਦਾ ਹੈ। ਭਾਰਤ ਨੂੰ ਆਪਣੇ ਵਿਗਿਆਨੀਆਂ 'ਤੇ ਮਾਣ ਹੈ, ਜਿਨ੍ਹਾਂ ਨੇ ਕੋਵਿਡ-19 ਵੈਕਸੀਨਾਂ 'ਤੇ ਕੰਮ ਕੀਤਾ ਹੈ।

 

ਇਸ ਫੋਰਮ ਦੇ ਜ਼ਰੀਏ, ਮੈਂ ਇੱਕ ਵਾਰ ਫਿਰ ਆਪਣੇ ਫਸਟ ਰਿਸਪੌਂਡਰਸ, ਫ੍ਰੰਟਲਾਈਨ ਹੈਲਥ ਕੇਅਰ ਵਰਕਰਾਂ, ਡਾਕਟਰਾਂ, ਨਰਸਾਂ ਅਤੇ ਵਲੰਟੀਅਰਾਂ ਨੂੰ ਨਮਨ ਕਰਨਾ ਚਾਹਾਂਗਾ ਜੋ ਲੋੜਵੰਦਾਂ ਦੀ ਸੇਵਾ ਕਰਨ ਲਈ ਹਰ ਰੋਜ਼ ਆਪਣੀ ਜਾਨ ਜੋਖ਼ਮ ਵਿੱਚ ਪਾਉਂਦੇ ਹਨ। ਮੈਂ ਪੀੜਤਾਂ ਅਤੇ ਉਨ੍ਹਾਂ ਲੋਕਾਂ ਪ੍ਰਤੀ ਸੰਵੇਦਨਾਵਾਂ ਪ੍ਰਗਟ ਕਰਦਾ ਹਾਂ  ਜਿਨ੍ਹਾਂ ਨੇ ਆਪਣੇ ਅਜ਼ੀਜ਼ ਗੁਆ ਲਏ ਹਨ। ਮੈਂ ਉਨ੍ਹਾਂ ਦੇ ਦੁਖ ਵਿੱਚ ਸ਼ਾਮਲ ਹਾਂ।

 

ਦੋਸਤੋ,

 

ਭਗਵਾਨ ਬੁੱਧ ਦੇ ਜੀਵਨ ਦਾ ਅਧਿਐਨ ਕਰਦੇ ਸਮੇਂ, ਚਾਰ ਦ੍ਰਿਸ਼ਾਂ ਦਾ ਜ਼ਿਕਰ ਆਉਂਦਾ ਹੈ। ਇਨ੍ਹਾਂ ਚੌਹਾਂ ਦ੍ਰਿਸ਼ਾਂ ਨੇ ਭਗਵਾਨ ਬੁੱਧ ਨੂੰ ਮਨੁੱਖੀ ਪੀੜਾ ਨਾਲ ਸਾਹਮਣਾ ਕਰਵਾਇਆ। ਇਸ ਨੇ ਹੀ ਉਨ੍ਹਾਂ ਦੇ ਅੰਦਰ ਮਨੁੱਖੀ ਪੀੜਾ ਨੂੰ ਦੂਰ ਕਰਨ ਲਈ ਆਪਣੀ ਜ਼ਿੰਦਗੀ ਸਮਰਪਿਤ ਕਰਨ ਦੀ ਇੱਛਾ ਨੂੰ ਜਗਾਇਆ।

 

ਭਗਵਾਨ ਬੁੱਧ ਨੇ ਸਾਨੂੰ ’ਭਵਤੁ ਸੱਬ ਮੰਗਲਮ‘ (भवतु सब्ब मंगलम) ਅਸ਼ੀਰਵਾਦ, ਰਹਿਮ ਅਤੇ ਸਭ ਦਾ ਭਲਾ ਕਰਨਾ ਸਿਖਾਇਆ। ਪਿਛਲੇ ਸਾਲ, ਅਸੀਂ ਕਈ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਇਸ ਅਵਸਰ ’ਤੇ ਆਉਂਦੇ ਅਤੇ ਪੀੜਾ ਨੂੰ ਘੱਟ ਕਰਨ ਲਈ ਹਰ ਸੰਭਵ ਪ੍ਰਯਤਨ ਕਰਦੇ ਦੇਖਿਆ।

 

ਮੈਨੂੰ ਦੁਨੀਆ ਭਰ ਦੇ ਬੁੱਧ ਧਰਮ ਦੇ ਪੈਰੋਕਾਰਾਂ, ਬੋਧੀ ਸੰਗਠਨਾਂ ਦੁਆਰਾ ਦਿੱਤੇ ਗਏ ਉਪਕਰਣਾਂ ਅਤੇ ਸਮੱਗਰੀ ਦੇ ਭਰਪੂਰ ਯੋਗਦਾਨ ਬਾਰੇ ਵੀ ਜਾਣਕਾਰੀ ਹੈ। ਜਨਸੰਖਿਆ ਅਤੇ ਕਾਰਜ ਦੇ ਭੂਗੋਲਿਕ ਪ੍ਰਸਾਰ, ਦੋਹਾਂ ਦੇ ਲਿਹਾਜ਼ ਨਾਲ ਪੈਮਾਨਾ, ਬਹੁਤ ਵੱਡਾ ਹੈ। ਸਾਥੀ ਮਨੁੱਖਾਂ ਵੱਲੋਂ ਉਦਾਰਤਾ ਅਤੇ ਸਮਰਥਨ ਮਿਲਣ ਨਾਲ ਮਨੁੱਖਤਾ ਨੂੰ ਦਿਲਾਸਾ, ਹੌਸਲਾ ਅਤੇ ਨਿਮਰਤਾ ਮਿਲੀ ਹੈ। ਇਹ ਕਾਰਜ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਦੇ ਅਨੁਰੂਪ ਹਨ। ਇਹ ਸਾਰਾ ਕੁਝ, ਅੱਪ ਦੀਪੋ ਭਵ: (अप्प दीपो भव:) ਦੇ ਸਰਬਉੱਚ ਮੰਤਰ ਨੂੰ ਪ੍ਰਗਟ ਕਰਦਾ ਹੈ।

 

ਦੋਸਤੋ,

 

ਕੋਵਿਡ-19 ਨਿਸ਼ਚਿਤ ਰੂਪ ਵਿੱਚ ਸਾਡੇ ਸਾਹਮਣੇ ਇੱਕ ਵੱਡੀ ਚੁਣੌਤੀ ਹੈ। ਹਾਲਾਂਕਿ ਅਸੀਂ  ਇਸ ਨਾਲ ਲੜਨ ਲਈ ਹਰ ਸੰਭਵ ਪ੍ਰਯਤਨ ਕਰਦੇ ਹਾਂ, ਪਰ ਸਾਨੂੰ ਮਨੁੱਖਤਾ ਦੇ ਸਾਹਮਣੇ ਆ ਰਹੀਆਂ ਹੋਰ ਚੁਣੌਤੀਆਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਚੁਣੌਤੀ   ਜਲਵਾਯੂ ਪਰਿਵਰਤਨ ਦੀ ਹੈ। ਅਜੋਕੇ ਸਮੇਂ ਦੀ ਲਾਪ੍ਰਵਾਹ ਜੀਵਨ-ਸ਼ੈਲੀ ਆਉਣ ਵਾਲੀਆਂ ਪੀੜ੍ਹੀਆਂ ਲਈ ਖਤਰਾ ਹੈ। ਮੌਸਮ ਦਾ ਮਿਜ਼ਾਜ ਬਦਲ ਰਿਹਾ ਹੈ। ਗਲੇਸ਼ੀਅਰ ਪਿਘਲ ਰਹੇ ਹਨ। ਨਦੀਆਂ ਅਤੇ ਜੰਗਲ ਖਤਰੇ ਵਿੱਚ ਹਨ। ਅਸੀਂ ਆਪਣੇ ਗ੍ਰਹਿ ਨੂੰ ਜ਼ਖਮੀ ਨਹੀਂ ਰਹਿਣ ਦੇ ਸਕਦੇ। ਭਗਵਾਨ ਬੁੱਧ ਨੇ ਇੱਕ ਐਸੇ ਜੀਵਨ ਢੰਗ 'ਤੇ ਜ਼ੋਰ ਦਿੱਤਾ ਜਿੱਥੇ ਮਾਂ ਕੁਦਰਤ ਦਾ ਸਭ ਤੋਂ ਜ਼ਿਆਦਾ ਸਤਿਕਾਰ ਕੀਤਾ ਜਾਂਦਾ ਹੈ।

 

ਮੈਨੂੰ ਇਹ ਦੱਸਦਿਆਂ ਮਾਣ ਹੈ ਕਿ ਭਾਰਤ ਉਨ੍ਹਾਂ ਕੁਝ ਵੱਡੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ ਜੋ ਆਪਣੇ ਪੈਰਿਸ  ਟੀਚਿਆਂ ਨੂੰ ਪੂਰਾ ਕਰਨ ਦੇ ਰਾਹ ’ਤੇ ਹਨ। ਸਾਡੇ ਲਈ, ਟਿਕਾਊ ਜੀਵਨ ਸਿਰਫ ਸਹੀ ਸ਼ਬਦ ਹੀ ਨਹੀਂ ਹੈ। ਇਹ ਸਹੀ ਕਾਰਜਾਂ ਬਾਰੇ ਹੈ।

 

ਦੋਸਤੋ,

 

ਗੌਤਮ ਬੁੱਧ ਦਾ ਜੀਵਨ ਸ਼ਾਂਤੀ, ਸਦਭਾਵਨਾ ਅਤੇ ਸਹਿ-ਹੋਂਦ ਬਾਰੇ ਸੀ। ਅੱਜ ਵੀ ਅਜਿਹੀਆਂ ਤਾਕਤਾਂ ਬਾਕੀ ਹਨ ਜਿਨ੍ਹਾਂ ਦੀ ਹੋਂਦ ਨਫ਼ਰਤ, ਦਹਿਸ਼ਤ ਅਤੇ ਬੇਤੁਕੀ ਹਿੰਸਾ ਫੈਲਾਉਣ 'ਤੇ ਨਿਰਭਰ  ਹੈ। ਅਜਿਹੀਆਂ ਤਾਕਤਾਂ ਉਦਾਰਵਾਦੀ ਜਮਹੂਰੀ ਸਿਧਾਂਤਾਂ ਵਿੱਚ ਵਿਸ਼ਵਾਸ ਨਹੀਂ ਰੱਖਦੀਆਂ। ਸਮੇਂ ਦੀ ਲੋੜ ਹੈ ਕਿ ਮਾਨਵਤਾ ਵਿੱਚ ਵਿਸ਼ਵਾਸ਼ ਰੱਖਣ ਵਾਲੇ ਸਾਰੇ ਲੋਕ ਇਕੱਠੇ ਹੋਣ ਅਤੇ ਦਹਿਸ਼ਤ ਅਤੇ ਕੱਟੜਪੰਥੀ ਨੂੰ ਹਰਾਉਣ।

 

ਦੋਸਤੋ,

 

ਉਸ ਦੇ ਲਈ, ਭਗਵਾਨ ਬੁੱਧ ਦੁਆਰਾ ਦਰਸਾਇਆ ਮਾਰਗ ਬਿਲਕੁਲ ਪ੍ਰਾਸੰਗਿਕ ਹੈ। ਭਗਵਾਨ ਬੁੱਧ ਦੀਆਂ ਸਿੱਖਿਆਵਾਂ ਅਤੇ ਸਮਾਜਿਕ ਨਿਆਂ ਨੂੰ ਦਿੱਤੀ ਮਹੱਤਤਾ ਗਲੋਬਲ ਇਕਜੁੱਟ ਕਰਨ ਵਾਲੀ ਤਾਕਤ ਬਣ ਸਕਦੀ ਹੈ।

 

ਉਨ੍ਹਾਂ ਨੇ ਸਹੀ ਕਿਹਾ- “ਨੱਤੀ ਸੰਤਿ ਪਰਣ ਸੁਖੰ:” (नत्ती संति परण सुखं:) ਸ਼ਾਂਤੀ ਨਾਲੋਂ ਵੱਡਾ ਆਨੰਦ ਕੋਈ ਨਹੀਂ ਹੈ।

 

ਦੋਸਤੋ,

 

ਭਗਵਾਨ ਬੁੱਧ ਸਾਰੇ ਬ੍ਰਹਿਮੰਡ ਲਈ ਪ੍ਰਤਿਭਾ ਦਾ ਭੰਡਾਰ ਸਨ। ਅਸੀਂ ਸਾਰੇ ਸਮੇਂ-ਸਮੇਂ ’ਤੇ ਉਨ੍ਹਾਂ ਕੋਲੋਂ ਗਿਆਨ ਦਾ ਪ੍ਰਕਾਸ਼ ਲੈ ਕੇ ਰਹਿਮ, ਯੂਨੀਵਰਸਲ ਜ਼ਿੰਮੇਵਾਰੀ ਅਤੇ ਭਲਾਈ ਦਾ ਰਾਹ ਅਪਣਾ ਸਕਦੇ ਹਾਂ। ਮਹਾਤਮਾ ਗਾਂਧੀ ਨੇ ਗੌਤਮ ਬੁੱਧ ਦੇ ਬਾਰੇ ਸਹੀ ਕਿਹਾ ਸੀ, "ਬੁੱਧ ਨੇ ਸਾਨੂੰ ਬਾਹਰੀ ਦਿਖਾਵੇ ਨੂੰ ਤਿਆਗ ਕੇ ਸਚਾਈ ਅਤੇ ਪਿਆਰ ਦੀ ਅੰਤਿਮ ਜਿੱਤ 'ਤੇ  ਵਿਸ਼ਵਾਸ ਕਰਨਾ ਸਿਖਾਇਆ।”

 

ਅੱਜ, ਬੁੱਧ ਪੂਰਣਿਮਾ ਦੇ ਮੌਕੇ ’ਤੇ, ਆਓ ਭਗਵਾਨ ਬੁੱਧ ਦੇ ਆਦਰਸ਼ਾਂ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈਏ।

 

ਆਲਮੀ ਕੋਵਿਡ-19 ਮਹਾਮਾਰੀ ਦੇ ਕਠਿਨ ਸਮੇਂ ਤੋਂ ਰਾਹਤ ਪ੍ਰਦਾਨ ਕਰਨ ਲਈ ਟ੍ਰਿਪਲ ਜੈੱਮ (ਤ੍ਰੈ ਰਤਨ) ਨੂੰ ਪ੍ਰਾਰਥਨਾ ਕਰਨ ਵਿੱਚ ਮੈਂ ਆਪ ਸਭ ਦੇ ਨਾਲ ਸ਼ਾਮਲ ਹੁੰਦਾ ਹਾਂ।

 

ਤੁਹਾਡਾ ਧੰਨਵਾਦ।

 

ਤੁਹਾਡਾ ਬਹੁਤ-ਬਹੁਤ ਧੰਨਵਾਦ।

 

***************

 

ਡੀਐੱਸ/ ਵੀਜੇ/ਏਕੇ



(Release ID: 1721935) Visitor Counter : 218