ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵੇਸਾਕ ਗਲੋਬਲ ਸਮਾਰੋਹ ਦੇ ਅਵਸਰ ’ਤੇ ਕੁੰਜੀਵਤ ਭਾਸ਼ਣ ਦਿੱਤਾ
ਭਾਰਤ ਉਨ੍ਹਾਂ ਕੁਝ ਵੱਡੀਆਂ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੈ ਜੋ ਪੈਰਿਸ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਟ੍ਰੈਕ ’ਤੇ ਹਨ: ਪ੍ਰਧਾਨ ਮੰਤਰੀ
ਕੋਵਿਡ-19 ਤੋਂ ਬਾਅਦ ਧਰਤੀ ਪਹਿਲਾਂ ਦੀ ਤਰ੍ਹਾਂ ਨਹੀਂ ਰਹੇਗੀ: ਪ੍ਰਧਾਨ ਮੰਤਰੀ
ਆਤੰਕ ਅਤੇ ਕੱਟੜਤਾ ਨੂੰ ਹਰਾਉਣ ਵਾਸਤੇ ਉਨ੍ਹਾਂ ਸਾਰੇ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਜੋ ਮਾਨਵਤਾ ਵਿੱਚ ਵਿਸ਼ਵਾਸ ਕਰਦੇ ਹਨ
Posted On:
26 MAY 2021 11:17AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੁੱਧ ਪੂਰਣਿਮਾ ’ਤੇ ਵੇਸਾਕ ਗਲੋਬਲ ਸਮਾਰੋਹ ਦੇ ਮੌਕੇ ’ਤੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕੁੰਜੀਵਤ ਭਾਸ਼ਣ ਦਿੱਤਾ। ਮਹਾ ਸੰਘ ਦੇ ਮੈਂਬਰ, ਨੇਪਾਲ ਅਤੇ ਸ੍ਰੀ ਲੰਕਾ ਦੇ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਅਤੇ ਸ਼੍ਰੀ ਕਿਰੇਨ ਰਿਜਿਜੂ, ਅੰਤਰਰਾਸ਼ਟਰੀ ਬੋਧੀ ਮਹਾਸੰਘ ਦੇ ਸਕੱਤਰ ਜਨਰਲ, ਮਾਣਯੋਗ ਡਾ. ਧੰਮਪਿਯ ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਸਨ।
ਇਸ ਮੌਕੇ ’ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਵੇਸਾਕ ਭਗਵਾਨ ਬੁੱਧ ਦੇ ਜੀਵਨ ਦਾ ਜਸ਼ਨ ਮਨਾਉਣ ਅਤੇ ਸਾਡੇ ਗ੍ਰਹਿ ਦੀ ਬਿਹਤਰੀ ਦੇ ਲਈ ਉਨ੍ਹਾਂ ਵੱਲੋਂ ਦਿੱਤੇ ਗਏ ਮਹਾਨ ਆਦਰਸ਼ਾਂ ਅਤੇ ਬਲੀਦਾਨਾਂ ਨੂੰ ਪ੍ਰਤੀਬਿੰਬਤ ਕਰਨ ਦਾ ਦਿਨ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਦੇ ਵੇਸਾਕ ਦਿਵਸ ਪ੍ਰੋਗਰਾਮ ਨੂੰ ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਮਾਨਵਤਾ ਦੀ ਲੜਾਈ ਦੀ ਅਗਵਾਈ ਕਰਨ ਵਾਲੇ ਸਾਰੇ ਫ੍ਰੰਟ-ਲਾਈਨ ਵਰਕਰਾਂ ਨੂੰ ਸਮਰਪਿਤ ਕੀਤਾ ਗਿਆ ਸੀ। ਇੱਕ ਸਾਲ ਬਾਅਦ ਵੀ ਕੋਵਿਡ-19 ਮਹਾਮਾਰੀ ਨੇ ਸਾਨੂੰ ਛੱਡਿਆ ਨਹੀਂ ਹੈ ਅਤੇ ਭਾਰਤ ਸਹਿਤ ਕਈ ਦੇਸ਼ਾਂ ਨੇ ਦੂਸਰੀ ਲਹਿਰ ਦਾ ਅਨੁਭਵ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੀਵਨ ਵਿੱਚ ਅਜਿਹੀ ਮਹਾਮਾਰੀ ਕਦੀ ਕਦੀ ਹੀ ਆਉਂਦੀ ਹੈ ਪਰ ਇਸ ਨੇ ਕਈ ਲੋਕਾਂ ਦੇ ਦਰਵਾਜ਼ੇ ਅੱਗੇ ਤ੍ਰਾਸਦੀ ਅਤੇ ਪੀੜ ਲਿਆ ਰੱਖੀ ਹੈ ਅਤੇ ਹਰ ਦੇਸ਼ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੁਆਰਾ ਛੱਡਿਆ ਗਿਆ ਆਰਥਿਕ ਪ੍ਰਭਾਵ ਬਹੁਤ ਵੱਡਾ ਹੈ ਅਤੇ ਸਾਡਾ ਗ੍ਰਹਿ (ਧਰਤੀ) ਕੋਵਿਡ-19 ਤੋ ਬਾਅਦ ਪਹਿਲਾਂ ਵਰਗਾ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ ਕਈ ਜ਼ਿਕਰਯੋਗ ਸੁਧਾਰ ਹੋਏ ਹਨ, ਜਿਵੇਂ ਕਿ ਮਹਾਮਾਰੀ ਦੀ ਬਿਹਤਰ ਸਮਝ, ਜੋ ਇਸ ਨਾਲ ਲੜਨ ਅਤੇ ਵੈਕਸੀਨੇਟ ਹੋਣ ਦੀ ਸਾਡੀ ਰਣਨੀਤੀ ਨੂੰ ਮਜ਼ਬੂਤ ਕਰਦੀ ਹੈ ਜੋ ਕਿ ਜਾਨ ਬਚਾਉਣ ਅਤੇ ਮਹਾਮਾਰੀ ਨੂੰ ਹਰਾਉਣ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਇੱਕ ਸਾਲ ਦੇ ਅੰਦਰ ਕੋਵਿਡ-19 ਦੇ ਟੀਕੇ ਵਿਕਸਿਤ ਕਰਨ ਲਈ ਵਿਗਿਆਨੀਆਂ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਮਾਨਵ ਦੇ ਦ੍ਰਿੜ੍ਹ ਸੰਕਲਪ ਅਤੇ ਤਪ ਦੀ ਸ਼ਕਤੀ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਬੁੱਧ ਦੇ ਜੀਵਨ ਦੇ 4 ਦ੍ਰਿਸ਼ਾਂ ਨੇ ਉਨ੍ਹਾਂ ਅੰਦਰ ਮਾਨਵੀ ਪੀੜਾ ਨੂੰ ਦੂਰ ਕਰਨ ਲਈ ਆਪਣਾ ਜੀਵਨ ਸਮਰਪਿਤ ਕਰਨ ਦੀ ਇੱਛਾ ਨੂੰ ਪ੍ਰਜਵੱਲਿਤ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕਈ ਵਿਅਕਤੀ ਅਤੇ ਸੰਗਠਨ ਇਸ ਮੌਕੇ ’ਤੇ ਪਹੁੰਚੇ ਅਤੇ ਮਾਨਵੀ ਪੀੜਾ ਨੂੰ ਦੂਰ ਕਰਨ ਲਈ ਹਰ ਸੰਭਵ ਪ੍ਰਯਤਨ ਕੀਤਾ। ਦੁਨੀਆ ਭਰ ਦੇ ਬੋਧੀ ਸੰਗਠਨਾਂ ਅਤੇ ਬੁੱਧ ਧਰਮ ਦੇ ਪੈਰੋਕਾਰਾਂ ਦੁਆਰਾ ਉਪਕਰਣਾਂ ਅਤੇ ਸਮੱਗਰੀ ਦਾ ਭਰਪੂਰ ਯੋਗਦਾਨ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਕੰਮ ਭਗਵਾਨ ਬੁੱਧ ਦੇ ਉਪਦੇਸ਼- ਭਵਤੁ ਸਬ ਮੰਗਲਮ੍ (ਸਭ ਦਾ ਅਸ਼ੀਰਵਾਦ, ਦਇਆ ਅਤੇ ਭਲਾਈ) ਦੇ ਅਨੁਰੂਪ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ-19 ਨਾਲ ਲੜਦੇ ਸਮੇਂ ਸਾਨੂੰ ਮਾਨਵਤਾ ਸਾਹਮਣੇ ਆ ਰਹੀਆਂ ਦੂਸਰੀਆਂ ਚੁਣੌਤੀਆਂ ਜਿਵੇਂ ਕਿ ਜਲਵਾਯੂ ਪਰਿਵਰਤਨ ਆਦਿ ਨੂੰ ਨਹੀਂ ਭੁੱਲਣਾ ਚਾਹੀਦਾ। ਉਨ੍ਹਾਂ ਨੇ ਅੱਗੇ ਕਿਹਾ ਕਿ ਅਜੋਕੀ ਪੀੜ੍ਹੀ ਦੀਆਂ ਲਾਪ੍ਰਵਾਹੀ ਵਾਲੀਆਂ ਜੀਵਨ ਸ਼ੈਲੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਖਤਰੇ ਵਿੱਚ ਪਾ ਰਹੀਆਂ ਹਨ ਅਤੇ ਸੰਕਲਪ ਲਿਆ ਕਿ ਅਸੀਂ ਆਪਣੇ ਗ੍ਰਹਿ ਨੂੰ ਜ਼ਖਮੀ ਹਾਲਤ ਵਿੱਚ ਨਹੀ ਰਹਿਣ ਦਿਆਂਗੇ। ਉਨ੍ਹਾਂ ਨੇ ਭਗਵਾਨ ਬੁੱਧ ਦਾ ਉੱਲੇਖ ਕਰਦੇ ਹੋਏ ਕਿਹਾ ਕਿ ਉਹ ਹਮੇਸ਼ਾ ਉਸ ਜੀਵਨ ਸ਼ੈਲੀ ਉੱਤੇ ਜ਼ੋਰ ਦਿੰਦੇ ਸਨ ਜਿੱਥੇ ਕੁਦਰਤ ਨੂੰ ਮਾਤਾ ਸਮਝਣਾ ਸਰਬਉੱਤਮ ਸੀ। ਉਨ੍ਹਾਂ ਨੇ ਐਲਾਨ ਕੀਤਾ ਕਿ ਭਾਰਤ ਉਨ੍ਹਾਂ ਕੁਝ ਵੱਡੀਆਂ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੈ ਜੋ ਪੈਰਿਸ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਟ੍ਰੈਕ ’ਤੇ ਹਨ। ਉਨ੍ਹਾਂ ਕਿਹਾ ਕਿ ਭਾਰਤ ਲਈ, ਸਹੀ ਜੀਵਨ ਕੇਵਲ ਸ਼ਬਦ ਹੀ ਨਹੀਂ ਬਲਕਿ ਕਰਮ ਵੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਗੌਤਮ ਬੁੱਧ ਦਾ ਜੀਵਨ ਸ਼ਾਂਤੀ, ਸਦਭਾਵਨਾ ਅਤੇ ਸਹਿ-ਹੋਂਦ ਬਾਰੇ ਸੀ। ਪਰ ਅੱਜ ਵੀ ਅਜਿਹੀਆਂ ਤਾਕਤਾਂ ਹਨ ਜਿਨ੍ਹਾਂ ਦੀ ਹੋਂਦ ਨਫ਼ਰਤ, ਦਹਿਸ਼ਤ ਅਤੇ ਬੇਤੁਕੀ ਹਿੰਸਾ ਫੈਲਾਉਣ 'ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਤਾਕਤਾਂ ਉਦਾਰਵਾਦੀ ਜਮਹੂਰੀ ਸਿਧਾਂਤਾਂ ਵਿੱਚ ਵਿਸ਼ਵਾਸ ਨਹੀਂ ਰੱਖਦੀਆਂ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਆਤੰਕ ਅਤੇ ਕੱਟੜਤਾ ਨੂੰ ਹਰਾਉਣ ਵਾਸਤੇ ਉਨ੍ਹਾਂ ਸਾਰੇ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਜੋ ਮਾਨਵਤਾ ਵਿੱਚ ਵਿਸ਼ਵਾਸ ਕਰਦੇ ਹਨ। ਉਨ੍ਹਾਂ ਕਿਹਾ ਕਿ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਅਤੇ ਸਮਾਜਿਕ ਨਿਆਂ ਨੂੰ ਦਿੱਤੀ ਮਹੱਤਤਾ ਗਲੋਬਲ ਏਕਤਾ ਸ਼ਕਤੀ ਬਣ ਸਕਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਬੁੱਧ ਸਾਰੇ ਬ੍ਰਹਿਮੰਡ ਲਈ ਪ੍ਰਤਿਭਾ ਦਾ ਭੰਡਾਰ ਸਨ। ਉਨ੍ਹਾਂ ਤੋਂ ਅਸੀਂ ਸਾਰੇ ਸਮੇਂ ਸਮੇਂ ’ਤੇ ਗਿਆਨ ਦਾ ਪ੍ਰਕਾਸ਼ ਲੈ ਕੇ ਦਇਆ, ਯੂਨੀਵਰਸਲ ਜ਼ਿੰਮੇਵਾਰੀ ਅਤੇ ਭਲਾਈ ਦਾ ਰਾਹ ਅਪਣਾ ਸਕਦੇ ਹਾਂ। ਮਹਾਤਮਾ ਗਾਂਧੀ ਦਾ ਹਵਾਲਾ ਦਿੰਦੇ ਹੋਏ ਕਿ "ਬੁੱਧ ਨੇ ਸਾਨੂੰ ਬਾਹਰੀ ਦਿਖਾਵੇ ਦਾ ਤਿਆਗ ਕਰ ਕੇ ਸਚਾਈ ਅਤੇ ਪਿਆਰ ਦੀ ਅੰਤਿਮ ਜਿੱਤ 'ਤੇ ਵਿਸ਼ਵਾਸ ਕਰਨਾ ਸਿਖਾਇਆ", ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਭਗਵਾਨ ਬੁੱਧ ਦੇ ਆਦਰਸ਼ਾਂ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਣ ਦੀ ਤਾਕੀਦ ਕੀਤੀ।
ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਕੋਵਿਡ-19 ਦਾ ਸਾਹਮਣਾ ਕਰਨ ਵਾਲਿਆਂ, ਫ੍ਰੰਟ-ਲਾਈਨ ਹੈਲਥ ਕੇਅਰ ਵਰਕਰਾਂ, ਡਾਕਟਰਾਂ, ਨਰਸਾਂ ਅਤੇ ਵਲੰਟੀਅਰਾਂ ਦਾ ਹਰ ਰੋਜ਼ ਲੋੜਵੰਦਾਂ ਦੀ ਸੇਵਾ ਕਰਨ ਲਈ ਨਿਰਸੁਆਰਥ ਹੋ ਕੇ ਆਪਣੀ ਜਾਨ ਨੂੰ ਜੋਖਮ ਵਿੱਚ ਪਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਪੀੜਤਾਂ ਅਤੇ ਉਨ੍ਹਾਂ ਲੋਕਾਂ ਪ੍ਰਤੀ ਆਪਣੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਲਿਆ ਹੈ।
***
ਡੀਐੱਸ/ਏਕੇ
(Release ID: 1721881)
Visitor Counter : 191
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam