ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਪਾਣੀਪਤ ਵਿੱਚ 500 ਬਿਸਤਰਿਆਂ ਵਾਲਾ ਕੋਵਿਡ ਕੇਅਰ ਸੈਂਟਰ ਲੋਕਾਂ ਨੂੰ ਸਮਰਪਿਤ ਕੀਤਾ;


ਸ੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਸਟੀਲ ਅਤੇ ਪੈਟਰੋਲੀਅਮ ਸੈਕਟਰ ਤਰਲ ਮੈਡੀਕਲ ਆਕਸੀਜਨ ਦੀ ਕੌਮੀ ਜ਼ਰੂਰਤ ਦੇ ਵੱਡੇ ਹਿੱਸੇ ਦੀ ਪੂਰਤੀ ਕਰ ਰਹੇ ਹਨ

Posted On: 16 MAY 2021 2:49PM by PIB Chandigarh

 ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਅੱਜ, ਹਰਿਆਣਾ ਦੇ ਪਾਣੀਪਤ ਵਿੱਚ ਪਿੰਡ ਬਲਜੱਟਾਂ ਨੇੜੇ 500 ਬਿਸਤਰਿਆਂ ਵਾਲੇ ਕੋਵਿਡ ਕੇਅਰ ਹਸਪਤਾਲ ਦਾ ਉਦਘਾਟਨ ਕੀਤਾ। ਇਸ ਮੌਕੇ ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਅਤੇ ਕਰਨਾਲ ਤੋਂ ਲੋਕ ਸਭਾ ਮੈਂਬਰ ਸ੍ਰੀ ਸੰਜੇ ਭਾਟੀਆ ਵੀ ਮੌਜੂਦ ਸਨ। ਇਹ ਹਸਪਤਾਲ ਹਰਿਆਣਾ ਸਰਕਾਰ ਨੇ ਇੰਡੀਅਨ ਆਇਲ ਦੇ ਸਹਿਯੋਗ ਨਾਲ ਬਣਾਇਆ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਇਸਦੇ ਲਈ ਗੈਸ ਦੇ ਰੂਪ ਵਿੱਚ ਆਕਸੀਜਨ ਦੀ ਸਪਲਾਈ ਕਰੇਗੀ। ਪਾਣੀਪਤ ਵਿੱਚ ਰਿਫਾਇਨਰੀ ਨੇੜੇ ਬਣਾਏ ਗਏ ਇਸ ਅਸਥਾਈ ਕੋਵਿਡ ਹਸਪਤਾਲ ਦਾ ਨਾਮ ਗੁਰੂ ਤੇਗ ਬਹਾਦਰ ਸੰਜੀਵਨੀ ਕੋਵਿਡ ਹਸਪਤਾਲ ਰੱਖਿਆ ਗਿਆ ਹੈ।

 

 ਇਸ ਹਸਪਤਾਲ ਨੂੰ ਬਣਾਉਣ ਦਾ ਕੰਮ 29 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ ਜਿਸ ਨੂੰ ਜੰਗੀ ਪੱਧਰ 'ਤੇ ਪੂਰਾ ਕੀਤਾ ਗਿਆ। ਇਸ ਹਸਪਤਾਲ ਵਿੱਚ ਨਜ਼ਦੀਕ ਦੇ ਜ਼ਿਲ੍ਹਿਆਂ ਜਿਵੇਂ ਪਾਣੀਪਤ, ਕਰਨਾਲ, ਸੋਨੀਪਤ ਆਦਿ ਦੇ ਮਰੀਜ਼ਾਂ ਨੂੰ ਸਬੰਧਤ ਜ਼ਿਲ੍ਹਾ ਸਿਵਲ ਹਸਪਤਾਲ ਤੋਂ ਰੈਫ਼ਰਲ ਮਿਲਣ ਤੋਂ ਬਾਅਦ ਦਾਖਲ ਕੀਤਾ ਜਾਵੇਗਾ। ਇਸ ਹਸਪਤਾਲ ਦਾ ਸੰਚਾਲਨ 275 ਤੋਂ ਵੱਧ ਸਿਹਤ ਸੰਭਾਲ ਪੇਸ਼ੇਵਰ ਕਰਨਗੇ, ਜਿਨ੍ਹਾਂ ਵਿੱਚ ਸਰਕਾਰੀ ਡਾਕਟਰ, ਇੰਟਰਨਸ਼ਿਪ ਦੇ ਡਾਕਟਰ, ਨਰਸਾਂ ਅਤੇ ਨਰਸਿੰਗ ਵਿਦਿਆਰਥੀ ਸ਼ਾਮਲ ਹੋਣਗੇ। ਇਹ ਹਸਪਤਾਲ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ, ਪਾਣੀਪਤ ਰਿਫਾਇਨਰੀ ਅਤੇ ਪੈਟਰੋ ਕੈਮੀਕਲ ਕੰਪਲੈਕਸ ਦੁਆਰਾ ਸਥਾਪਿਤ ਵੱਧ ਤੋਂ ਵੱਧ 15 ਐੱਮਟੀ/ਪ੍ਰਤੀ ਦਿਨ ਸਮਰੱਥਾ ਵਾਲੀ ਸਮਰਪਤ ਗੈਸੀ ਆਕਸੀਜਨ ਪਾਈਪ ਲਾਈਨ ਨਾਲ ਲੈਸ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ ਸਿਹਤ ਸੰਭਾਲ ਕਰਮਚਾਰੀਆਂ ਦੇ ਰਹਿਣ ਲਈ ਨੇੜਲੇ ਹੋਟਲਾਂ ਵਿੱਚ ਵਿਵਸਥਾ ਵੀ ਕੀਤੀ ਹੈ ਜੋ ਇਸ ਹਸਪਤਾਲ ਵਿਚ ਛੇ ਮਹੀਨਿਆਂ ਲਈ ਕੰਮ ਕਰਨਗੇ।

 

ਇਸ ਮੌਕੇ ਬੋਲਦਿਆਂ ਸ੍ਰੀ ਪ੍ਰਧਾਨ ਨੇ ਇੰਡੀਅਨ ਆਇਲ ਅਤੇ ਹਰਿਆਣਾ ਸਰਕਾਰ ਨੂੰ ਇਸ ਪ੍ਰੋਜੈਕਟ ਨੂੰ ਇੰਨੇ ਥੋੜੇ ਸਮੇਂ ਵਿੱਚ ਪੂਰਾ ਕਰਨ ਲਈ ਵਧਾਈ ਦਿੱਤੀ। ਕੋਵਿਡ -19 ਮਹਾਮਾਰੀ ਨੂੰ ਸਦੀ ਵਿੱਚ ਇੱਕ ਵਾਰ ਆਉਣ ਵਾਲਾ ਸੰਕਟ ਦਸਦਿਆਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਕੋਵਿਡ -19 ਦੀ ਦੂਸਰੀ ਲਹਿਰ ਵਿਰੁੱਧ ਲੜਨ ਅਤੇ ਜਾਨਾਂ ਬਚਾਉਣ ਲਈ ਅਣਥੱਕ ਯਤਨ ਕਰ ਰਹੀ ਹੈ। ਮਹਾਮਾਰੀ ਦੇ ਵਿਰੁੱਧ ਭਾਰਤ ਦੀ ਲੜਾਈ ਵਿੱਚ ਪੈਟਰੋਲੀਅਮ ਅਤੇ ਸਟੀਲ ਸੈਕਟਰ ਦੇ ਯੋਗਦਾਨ ਬਾਰੇ, ਸ਼੍ਰੀ ਪ੍ਰਧਾਨ ਨੇ ਕਿਹਾ ਕਿ ਇਹ ਦੋਵੇਂ ਸੈਕਟਰ ਮਿਲ ਕੇ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੀ ਕੌਮੀ ਜ਼ਰੂਰਤ ਦੇ ਵੱਡੇ ਹਿੱਸੇ ਦੀ ਸਪਲਾਈ ਰੋਜ਼ਾਨਾ ਅਧਾਰ ‘ਤੇ ਕਰ ਰਹੇ ਹਨ। ਉਨ੍ਹਾਂ ਨੇ ਐੱਲਐੱਮਓ ਦੀ ਦਰਾਮਦ, ਆਕਸੀਜਨ ਕੰਸਨਟ੍ਰੇਟਰਾਂ ਅਤੇ ਕ੍ਰਾਇਓਜੈਨਿਕ ਕੰਟੇਨਰਾਂ ਦੀ ਖਰੀਦ, ਰਿਫਾਇਨਰੀਆਂ ਵਿੱਚ ਸਿਲੰਡਰ ਭਰਨ ਅਤੇ ਤਰਲ ਆਕਸੀਜਨ ਦੀ ਢੋਆ ਢੁਆਈ ਲਈ ਲੋਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਰਗੇ ਕਦਮਾਂ ਬਾਰੇ ਵੀ ਚਾਨਣਾ ਪਾਇਆ। ਸਟੀਲ ਅਤੇ ਪੈਟਰੋਲੀਅਮ ਸੈਕਟਰ ਦੁਆਰਾ ਜੰਬੋ ਕੋਵਿਡ ਕੇਅਰ ਸੁਵਿਧਾਵਾਂ ਸਥਾਪਤ ਕਰਨ ਬਾਰੇ ਜ਼ਿਕਰ ਕਰਦਿਆਂ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਸਟੀਲ ਸੈਕਟਰ ਗੈਸੀ ਆਕਸੀਜਨ ਇਸਤੇਮਾਲ ਕਰਕੇ 15 ਥਾਵਾਂ ‘ਤੇ ਜੰਬੋ ਕੋਵਿਡ ਸੁਵਿਧਾਵਾਂ ਸਥਾਪਤ ਕਰ ਰਿਹਾ ਹੈ ਅਤੇ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਤਕਰੀਬਨ 8500 ਆਕਸੀਜਨ ਬਿਸਤਰੇ ਉਪਲਬਧ ਕਰਵਾਏ ਜਾਣਗੇ। ਇਸੇ ਤਰ੍ਹਾਂ, ਪੈਟਰੋਲੀਅਮ ਸੈਕਟਰ ਆਪਣੀਆਂ ਰਿਫਾਇਨਰੀਆਂ (ਬੀਪੀਸੀਐੱਲ ਬੀਨਾ, ਆਈਓਸੀ ਪਾਨੀਪਤ, ਬੀਪੀਸੀਐੱਲ ਕੋਚੀ, ਐੱਚਐੱਮਈਐੱਲ ਬਠਿੰਡਾ, ਅਤੇ ਸੀਪੀਸੀਐੱਲ ਚੇਨਈ) ਵਿਖੇ 2000 ਬੈੱਡਾਂ ਦੀ ਸੁਵਿਧਾ ਵੀ ਦੇਵੇਗਾ।

 

 ਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਆਕਸੀਜਨ, ਵੈਂਟੀਲੇਟਰਾਂ, ਬੈੱਡਾਂ ਅਤੇ ਦਵਾਈਆਂ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਮਿਲ ਕੇ ਕੰਮ ਕਰ ਰਹੀਆਂ ਹਨ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਅਗਲੇ ਕੁਝ ਮਹੀਨਿਆਂ ਵਿੱਚ ਵੈਕਸੀਨ ਟੀਕੇ ਦੀ ਉਪਲਬਧਤਾ ਵਿੱਚ ਕਾਫ਼ੀ ਵਾਧਾ ਹੋਵੇਗਾ। ਮੰਤਰੀ ਨੇ ਕਿਹਾ ਕਿ ਆਈਓਸੀਐੱਲ ਸਾਰੇ ਹਿਤਧਾਰਕਾਂ (ਪੈਟਰੋਲ ਪੰਪਾਂ ਦੇ ਕਰਮਚਾਰੀਆਂ, ਐੱਲਪੀਜੀ ਵੰਡ ਵਿੱਚ ਲੱਗੇ ਲੋਕਾਂ ਸਮੇਤ) ਅਤੇ ਪਾਣੀਪਤ ਰਿਫਾਇਨਰੀ ਨੇੜੇ ਰਹਿਣ ਵਾਲੇ ਲੋਕਾਂ ਨੂੰ ਮੁਫਤ ਟੀਕਾਕਰਣ ਮੁਹੱਈਆ ਕਰਵਾਏਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਇੰਡੀਅਨ ਆਇਲ ਪਾਣੀਪਤ ਵਿੱਚ ਮਜ਼ਦੂਰਾਂ ਲਈ ਘੱਟ ਕੀਮਤ ਵਾਲੀ ਰਿਹਾਇਸ਼ ਦਾ 100 ਕਰੋੜ ਰੁਪਏ ਦਾ ਸਮੂਹ ਬਣਾਏਗੀ।

 

 ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰਾਜ ਸਰਕਾਰ ਨੇ ਕੋਵਿਡ -19 ਦੀ ਬਹੁਤ ਤੇਜ਼ੀ ਨਾਲ ਫੈਲੀ ਦੂਸਰੀ ਲਹਿਰ ਨਾਲ ਲੜਨ ਲਈ ਕਈ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਿਮਾਰੀ ਨਾਲ ਪੀੜਤ ਵੱਡੀ ਗਿਣਤੀ ਲੋਕਾਂ ਦੇ ਇਲਾਜ ਵਿੱਚ ਆਕਸੀਜਨ ਦੀ ਉਪਲਬਧਤਾ ਇੱਕ ਵੱਡੀ ਰੁਕਾਵਟ ਹੈ। ਆਕਸੀਜਨ ਉਤਪਾਦਕ ਕੇਂਦਰਾਂ, ਜਿਵੇਂ ਕਿ ਰਿਫਾਇਨਰੀ ਅਤੇ ਸਟੀਲ ਪਲਾਂਟਾਂ ਦੇ ਨੇੜੇ ਕੋਵਿਡ ਹਸਪਤਾਲਾਂ ਦੀ ਸਥਾਪਨਾ ਨਾਲ ਇਹ ਸਮੱਸਿਆ ਦੂਰ ਹੋਏਗੀ। ਉਨ੍ਹਾਂ ਕਿਹਾ ਕਿ ਹਿਸਾਰ ਵਿੱਚ ਸਟੀਲ ਪਲਾਂਟ ਨੇੜੇ 500 ਬੈੱਡਾਂ ਦੇ ਸੈਂਟਰ ਦਾ ਉਦਘਾਟਨ ਕੀਤਾ ਗਿਆ ਹੈ। ਰਿਫਾਇਨਰੀ ਨੇੜੇ ਇਸ ਦੇ ਸਥਾਪਤ ਹੋਣ ਨਾਲ, ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਹੁਲਾਰਾ ਮਿਲੇਗਾ ਅਤੇ ਲੋਕਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਮਹਾਮਾਰੀ ਦੀ ਤੀਸਰੀ ਲਹਿਰ ਦੀ ਗੱਲ ਕੀਤੀ ਜਾ ਰਹੀ ਹੈ, ਜਿਹੜੀ ਕਿ ਆਉਂਦੀ ਹੈ ਜਾਂ ਨਹੀਂ ਪਰ ਸਭ ਤੋਂ ਮਾੜੇ ਹਾਲਾਤ ਲਈ ਤਿਆਰ ਰਹਿਣਾ ਪਏਗਾ। ਮੁੱਖ ਮੰਤਰੀ ਨੇ ਰਾਜ ਦੇ ਵਿਭਿੰਨ ਵਿਭਾਗਾਂ ਅਤੇ ਇੰਡੀਅਨ ਆਇਲ ਨੂੰ ਇੰਨੇ ਘੱਟ ਸਮੇਂ ਵਿੱਚ ਹਸਪਤਾਲ ਨੂੰ ਕਾਰਜਸ਼ੀਲ ਬਣਾਉਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ 300 ਬਿਸਤਰੇ ਤੁਰੰਤ ਉਪਲਬਧ ਹੋਣਗੇ ਜਦਕਿ ਬਾਕੀ 200 ਬੈੱਡ ਜਲਦੀ ਚਾਲੂ ਹੋ ਜਾਣਗੇ।

 

 500 ਬਿਸਤਰਿਆਂ ਵਾਲੇ ਕੋਵਿਡ ਹਸਪਤਾਲ ਨੂੰ ਮੈਡੀਕਲ ਆਕਸੀਜਨ ਸਪਲਾਈ ਕਰਨ ਲਈ ਆਈਓਸੀਐੱਲ ਪਾਨੀਪਤ ਰਿਫਾਇਨਰੀ ਐਂਡ ਪੈਟਰੋ ਕੈਮੀਕਲ ਕੰਪਲੈਕਸ ਵੱਲੋਂ 1.65 ਕਰੋੜ ਰੁਪਏ ਦੀ ਲਾਗਤ ਨਾਲ ਪਾਈਪ ਲਾਈਨ ਵਿਛਾਉਣ ਦਾ ਕੰਮ ਕੀਤਾ ਗਿਆ ਹੈ। ਪਾਣੀਪਤ ਨਾਫਥਾ ਕਰੈਕਰ ਦੇ ਐੱਮਈਜੀ ਪਲਾਂਟ ਨੂੰ ਜਾਣ ਵਾਲੀ ਗੈਸਿਓ ਆਕਸੀਜਨ ਲਾਈਨ ਤੋਂ 1.75 ਕਿਲੋਮੀਟਰ ਲੰਮੀ, 3” ਐੱਸਐੱਸ -304 ਪਾਈਪ ਲਾਈਨ ਵਿਛਾਉਣ ਦਾ ਕੰਮ ਜੰਗੀ ਪੱਧਰ ‘ਤੇ ਪੂਰਾ ਕੀਤਾ ਗਿਆ ਹੈ। ਇਸ ਦੇ ਸਮਾਨੰਤਰ ਅੱਗ ਬੁਝਾਉਣ ਵਿੱਚ ਕੰਮ ਆਉਣ ਵਾਲੀ ਪਾਣੀ (ਫਾਇਰ ਵਾਟਰ) ਦੀ ਇੱਕ 6” ਲਾਈਨ ਵੀ ਵਿਛਾਈ ਗਈ ਹੈ। ਹਸਪਤਾਲ ਵਾਲੇ ਸਿਰੇ ‘ਤੇ 30 ਕਿਲੋ/ਸੈਂਟੀਮੀਟਰ ਸਕੁਏਅਰ ਤੋਂ 7.5 ਕਿਲੋ/ਸੈਂਟੀਮੀਟਰ ਸਕੁਏਅਰ ਤੱਕ ਦਬਾਅ ਘਟਾਉਣ ਲਈ ਦੋ ਨਿਯੰਤਰਣ ਵਾਲਵਾਂ ਦੇ ਨਾਲ ਗੈਸੀ ਆਕਸੀਜਨ ਦੀ ਸਪਲਾਈ ਕਰਨ ਲਈ ਇੱਕ ਟੇਪਿੰਗ ਲਗਾਈ ਗਈ ਹੈ। ਇਸ ਲਾਈਨ ਵਿੱਚ ਹਸਪਤਾਲ ਨੂੰ 15 ਐੱਮਟੀ ਪ੍ਰਤੀ ਦਿਨ ਆਕਸੀਜਨ ਸਪਲਾਈ ਕਰਨ ਦੀ ਸਮਰੱਥਾ ਹੈ। ਇਹ ਆਕਸੀਜਨ ਸਪਲਾਈ ਹਸਪਤਾਲ ਨੂੰ ਮੁਫਤ ਵਿਚ ਮੁਹੱਈਆ ਕਰਵਾਈ ਜਾਏਗੀ। ਇੰਡੀਅਨ ਆਇਲ ਸੀਐੱਸਆਰ ਅਧੀਨ 1.84 ਕਰੋੜ ਰੁਪਏ ਦੀ ਲਾਗਤ ਨਾਲ ਚੌਵੀ ਘੰਟੇ ਕੰਮ ‘ਤੇ ਲਗੇ ਡਾਕਟਰਾਂ ਦੇ ਰਹਿਣ ਦੀ ਵਿਵਸਥਾ ਕਰਨ ਲਈ ਵੀ ਨੇੜਲੇ ਹੋਟਲਾਂ ਵਿੱਚ 50 ਕਮਰੇ ਮੁਹੱਈਆ ਕਰਵਾ ਰਿਹਾ ਹੈ।

 

**********

 

 ਵਾਇਬੀ /ਐੱਸਕੇ

 



(Release ID: 1719225) Visitor Counter : 205


Read this release in: English , Urdu , Hindi , Tamil