ਸੱਭਿਆਚਾਰ ਮੰਤਰਾਲਾ

ਸੱਭਿਆਚਾਰ ਮੰਤਰੀ ਸ਼੍ਰੀ ਪ੍ਰਹਿਲਾਦ ਸਿੰਘ ਪਟੇਲ ਨੇ ਮੰਗੋਲੀਆਈ ਹਮਰੁਤਬਾ ਸ਼੍ਰੀਮਤੀ ਛਿੰਬਟ ਨੋਮਿਨ ਨਾਲ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ ਤਹਿਤ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ


ਸੱਭਿਆਚਾਰ ਮੰਤਰਾਲੇ ਵੱਲੋਂ ਮੰਗੋਲੀਆ ਵਿੱਚ ਬੁੱਧ ਧਰਮ ਦੇ ਮੁੱਖ ਕੇਂਦਰਾਂ ਵਿੱਚ ਵੰਡ ਲਈ ਅਗਲੇ ਸਾਲ ਪਵਿੱਤਰ ਮੰਗੋਲੀਆਈ ਕੰਜੂਰ ਦੇ ਲਗਭਗ 100 ਸੈਟਾਂ ਨੂੰ ਮੁੜ ਛਾਪਿਆ ਜਾਵੇਗਾ: ਸੱਭਿਆਚਾਰ ਮੰਤਰੀ

Posted On: 13 MAY 2021 6:12PM by PIB Chandigarh

ਦੋਵਾਂ ਦੇਸ਼ਾਂ ਦਰਮਿਆਨ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ ਅਤੇ ਸਾਂਝੇ ਦਿਲਚਸਪੀ ਦੇ ਹੋਰ ਖੇਤਰਾਂ ਸਬੰਧੀ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਲਈ ਸੱਭਿਆਚਾਰ ਅਤੇ ਸੈਰ-ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਿਲਾਦ ਸਿੰਘ ਪਟੇਲ ਦੀ ਮੰਗੋਲੀਆਈ ਹਮਰੁਤਬਾ ਸ਼੍ਰੀਮਤੀ ਚਿੰਬਤ ਨੋਮਿਨ ਨਾਲ ਅੱਜ ਵਰਚੁਅਲ ਰੂਪ ਵਿੱਚ ਮੀਟਿੰਗ ਹੋਈ।

ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਸਾਡੀ ਰਣਨੀਤਕ ਭਾਈਵਾਲੀ, ਜੋ ਕਿ ਮਈ 2015 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਮੰਗੋਲੀਆ ਦੀ ਇਤਿਹਾਸਕ ਫੇਰੀ ਦੌਰਾਨ ਸਥਾਪਤ ਕੀਤੀ ਗਈ ਸੀ, ਨੂੰ ਕਾਇਮ ਰੱਖਣ ਅਤੇ ਮਜ਼ਬੂਤ ਬਣਾਉਣਾ ਜਾਰੀ ਰਹੇਗਾ।

 

ਸ਼੍ਰੀ ਪ੍ਰਹਲਾਦ ਪਟੇਲ ਨੇ ਕਿਹਾ ਕਿ ਭਾਰਤ ਅਤੇ ਮੰਗੋਲੀਆ ਦੇ ਵਿਚਾਲੇ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ (ਸੀਈਪੀ) ਦਾ 2023 ਤੱਕ ਨਵੀਨੀਕਰਣ ਕੀਤਾ ਗਿਆ ਹੈ ਅਤੇ ਖਾਸ ਖੇਤਰਾਂ ਦੇ ਅਧੀਨ ਸਹਿਯੋਗ ਦੀ ਗੱਲ ਭਾਰਤ ਅਤੇ ਮੰਗੋਲੀਆ ਦੇ ਸੱਭਿਆਚਾਰਕ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਦਰਮਿਆਨ ਵਿਸਥਾਰਤ ਮੀਟਿੰਗਾਂ ਵਿੱਚ ਕੀਤੀ ਜਾਵੇਗੀ।

 

ਇਸ ਗੱਲ 'ਤੇ ਵੀ ਜ਼ੋਰ ਦਿੱਤਾ ਗਿਆ ਕਿ ਮੰਗੋਲੀਆ ਦੇ ਨਾਲ ਬੁੱਧ ਧਰਮ ਵਿੱਚ ਭਾਰਤ ਦਾ ਇਤਿਹਾਸਕ ਸੰਪਰਕ ਅਤੇ ਏਕੀਕਰਣ ਸਾਡੀ ਡੂੰਘੀ, ਰੂਹਾਨੀ ਦੋਸਤੀ ਦਾ ਅਧਾਰ ਹਨ।

ਸ਼੍ਰੀ ਪਟੇਲ ਨੇ ਸ਼੍ਰੀਮਤੀ ਨੋਮਿਨ ਦਾ ਮਹਾਮਾਰੀ ਦੇ ਦੌਰਾਨ ਭਾਰਤ ਲਈ ਉਲਨਬਾਤਾਰ ਵਿੱਚ ਕੁਝ ਪ੍ਰਮੁੱਖ ਮੱਠਾਂ ਦੁਆਰਾ ਕੀਤੀਆਂ ਵਿਸ਼ੇਸ਼ ਪ੍ਰਾਰਥਨਾਵਾਂ ਲਈ ਧੰਨਵਾਦ ਕੀਤਾ। ਸ੍ਰੀਮਤੀ ਨੋਮਿਨ ਨੇ ਕੋਵਿਡ ਮਹਾਮਾਰੀ ਵਿਰੁੱਧ ਲੜਾਈ ਵਿੱਚ ਭਾਰਤ ਅਤੇ ਭਾਰਤੀ ਲੋਕਾਂ ਨਾਲ ਮੰਗੋਲੀਆ ਦੀ ਏਕਤਾ ਦਾ ਪ੍ਰਗਟਾਵਾ ਕਰਨ ਦਾ ਮੌਕਾ ਹਾਸਲ ਕੀਤਾ।

 

ਭਾਰਤੀ ਮੰਤਰੀ ਨੇ ਕਿਹਾ ਕਿ ਸਾਡੀ ਸਾਂਝੀ ਵਿਰਾਸਤ ਨੂੰ ਹੋਰ ਮਜ਼ਬੂਤ ਕਰਨ ਲਈ, 2020-2021 ਤੋਂ ਸ਼ੁਰੂ ਹੋ ਕੇ, ਸੀਆਈਬੀਐਸ, ਲੇਹ ਅਤੇ ਸੀਯੂਟੀਐਸ, ਵਾਰਾਣਸੀ ਦੇ ਵਿਸ਼ੇਸ਼ ਸੰਸਥਾਨਾਂ ਵਿੱਚ ਪੜ੍ਹਨ ਲਈ ਤਿੱਬਤੀ ਬੁੱਧ ਧਰਮਦਾ ਅਧਿਐਨ ਕਰਨ ਲਈ 10 ਸਮਰਪਿਤ ਆਈਸੀਸੀਆਰ ਸਕਾਲਰਸ਼ਿਪ ਨਿਰਧਾਰਤ ਕੀਤੀਆਂ ਗਈਆਂ ਹਨ।

ਸ੍ਰੀ ਪਟੇਲ ਨੇ ਗੰਡਨ ਮੱਠ ਵਿੱਚ ਬੋਧੀ ਹੱਥ-ਲਿਖਤਾਂ ਦੇ ਡਿਜੀਟਲਾਈਜ਼ੇਸ਼ਨ ਲਈ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ਭਾਰਤ ਉਥੇ ਇੱਕ ਅਜਾਇਬ ਘਰ-ਕਮ-ਲਾਇਬ੍ਰੇਰੀ ਸਥਾਪਤ ਕਰਨ ਵਿੱਚ ਸਹਾਇਤਾ ਲਈ ਮੰਗੋਲੀਆ ਦੀ ਬੇਨਤੀ 'ਤੇ ਵਿਚਾਰ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਸੱਭਿਆਚਾਰ ਮੰਤਰਾਲੇ ਵੱਲੋਂ ਮੰਗੋਲੀਆ ਵਿੱਚ ਬੁੱਧ ਧਰਮ ਦੇ ਮੁੱਖ ਕੇਂਦਰਾਂ ਵਿੱਚ ਵੰਡ ਲਈ ਅਗਲੇ ਸਾਲ ਪਵਿੱਤਰ ਮੰਗੋਲੀਆਈ ਕੰਜੂਰ (ਹਰੇਕ ਦੇ 108 ਖੰਡ) ਦੇ ਲਗਭਗ 100 ਸੈਟਾਂ ਨੂੰ ਮੁੜ ਛਾਪਿਆ ਜਾਵੇਗਾ।

ਸ੍ਰੀ ਪਟੇਲ ਨੇ ਭਾਰਤ ਸਰਕਾਰ ਦੁਆਰਾ ਮੰਗੋਲੀਆ ਤੋਂ ਬੋਧੀ ਭਿਕਸ਼ੂਆਂ ਦੇ ਵੀਜ਼ਾ ਅਤੇ ਯਾਤਰਾ ਦੀ ਸਹੂਲਤ ਲਈ ਭਾਰਤ ਵਲੋਂ ਚੁੱਕੇ ਕਦਮਾਂ ਬਾਰੇ ਦੱਸਿਆ।

ਦੋਵਾਂ ਨੇਤਾਵਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਵਿਕਸਤ ਕੀਤੇ ਗਏ ਮਜ਼ਬੂਤ ਸੱਭਿਆਚਾਰਕ ਬੰਧਨਾਂ ਅਤੇ ਰੂਹਾਨੀ ਸਬੰਧਾਂ 'ਤੇ ਸੰਤੁਸ਼ਟੀ ਜ਼ਾਹਰ ਕੀਤੀ ਅਤੇ ਦੋਵਾਂ ਦੇਸ਼ਾਂ ਵਿੱਚ ਕੋਵਿਡ ਦੀ ਸਥਿਤੀ ਦੇ ਨਾਲ ਨਿਪਟਣ ਲਈ ਆਪਸੀ ਸਹਿਯੋਗ ਨੂੰ ਅੱਗੇ ਵਧਾਉਣ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

*****

ਐਨਬੀ / ਐਸਕੇ



(Release ID: 1718563) Visitor Counter : 185


Read this release in: English , Urdu , Hindi , Tamil