ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਅਰਦਾਸਾਂ ਤੇ ਦੇਖਭਾਲ਼ ਨੇ ਨਿੱਕੇ ਬਾਲ ਸੁਖਦੀਪ ਸਿੰਘ ਨੂੰ ਬਣਾਇਆ ਕੋਰੋਨਾ ਜੋਧਾ

Posted On: 08 MAY 2021 5:31PM by PIB Chandigarh

ਉਹ ਤਦ ਸਿਰਫ਼ 20 ਦਿਨਾਂ ਦਾ ਸੀ, ਜਦੋਂ ਉਹ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ। ਅਤੇ ਉਸ ਨੂੰ ‘ਕੋਰੋਨਾ ਜੋਧਾ’ ਬਣਨ ‘ਚ ਦਸ ਦਿਨ ਲਗ ਗਏ। ਉਸ ਦੇ ਮਾਪਿਆਂ ਦੀਆਂ ਅਰਦਾਸਾਂ ਤੇ ਡਾਕਟਰ ਤੇ ਨਰਸਿੰਗ ਸਟਾਫ਼ ਦੀ ਨਿਸ਼ਕਾਮ ਸੇਵਾ ਤੇ ਮੁਹਾਰਤ ਨੇ ਉਸ ਦੀ ਇਸ ਖ਼ਤਰਨਾਕ ਵਾਇਰਸ ਤੋਂ ਬਹੁਤ ਧਿਆਨ ਨਾਲ ਦੇਖਭਾਲ਼ ਕੀਤੀ।

ਉਸ ਵੇਲੇ ਸਾਰੇ ਮੁਸਕਰਾ ਰਹੇ ਸਨ, ਜਦੋਂ ਨਵ–ਜਨਮਿਆ ਬਾਲ ਸੁਖਦੀਪ ਸਿੰਘ ਸੰਭਾਵੀ ਤੌਰ ‘ਤੇ ਰਾਜ ਦਾ ਸਭ ਤੋਂ ਛੋਟੀ ਉਮਰ ਦਾ ਜੇਤੂ ਬਣ ਗਿਆ, ਉਸ ਨੂੰ ਕੱਲ੍ਹ ਆਰਟੀ-ਪੀਸੀਆਰ ਸਮੇਤ ਸਾਰੇ ਮੈਡੀਕਲ ਟੈਸਟ ਕਰਵਾ ਕੇ ਜਲੰਧਰ ਦੇ ‘ਪੰਜਾਬ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼’ (PIMS) ਤੋਂ ਡਿਸਚਾਰਜ ਕੀਤਾ ਗਿਆ ਸੀ।

ਉਸ ਦੇ ਪਿਤਾ ਗੁਰਦੀਪ ਸਿੰਘ, ਮਾਤਾ ਤੇ ਪਿਤਾ ਦੋਵੇਂ ਨੈਗੇਟਿਵ ਸਨ, ਨੇ ਕਿਹਾ,‘ਸਾਡਾ ਬੱਚਾ ਹੋਣ ਦੀ ਸਾਡੀ ਖ਼ੁਸ਼ੀ ਥੋੜ੍ਹ–ਚਿਰੀ ਸੀ। ਸਾਨੂੰ ਇਹ ਜਾਣ ਕੇ ਸਦਮਾ ਪੁੱਜਾ ਸੀ ਕਿ ਸਾਡੇ ਬੱਚੇ ਨੂੰ ਕੋਰੋਨਾ ਪਾਜ਼ਿਟਿਵ ਹੋਣ ਦੀ ਸ਼ਨਾਖ਼ਤ ਹੋਈ ਹੈ।’ ਬੇਹੱਦ ਸਨਿਮਰ ਪਿਛੋਕੜ ਵਾਲੇ ਕਪੂਰਥਲਾ ਨਿਵਾਸੀ ਗੁਰਦੀਪ ਸਿੰਘ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਵਾਹਿਗੁਰੂ ਨੇ ਸਾਡੀਆਂ ਅਰਦਾਸਾਂ ਸੁਣ ਲਈਆਂ ਹਨ ਕਿ ਉਹ ਹਸਪਤਾਲ ਵਿੱਚ ਮੁਹੱਈਆ ਕਰਵਾਈ ਗਈ ਦੇਖਭਾਲ਼ ਤੇ ਮੈਡੀਕਲ ਸੇਵਾਵਾਂ ਨਾਲ ਠੀਕਠਾਕ ਹੈ। ਮਾਂ ਸੰਦੀਪ ਕੌਰ ਦੀਆਂ ਖ਼ੁਸ਼ੀਆਂ ਦਾ ਕੋਈ ਟਿਕਾਣਾ ਨਹੀਂ, ਉਹ ਆਪਣੀਆਂ ਅੱਖਾਂ ਝਪਕਾ ਕੇ ਬੱਚੇ ਨੂੰ ਆਪਣੀ ਗੋਦੀ ‘ਚ ਝੂਲਾ ਝੁਲਾਉਂਦੇ ਹਨ।

 

 

ਦਾਦੀ ਕੁਲਵਿੰਦਰ ਕੌਰ ਡਾਢੇ ਖ਼ੁਸ਼ ਸਨ। ਉਨ੍ਹਾਂ ਆਖਿਆ,‘ਵਾਹਿਗੁਰੂ ਦੀ ਮਿਹਰ ਹੋਈ ਜੋ ਮੇਰਾ ਪੋਤਾ ਠੀਕ ਹੋ ਕੇ ਘਰ ਵਾਪਸ ਆ ਗਿਆ। ਡਾਕਟਰਾਂ ਨੇ ਉਸ ਦਾ ਬਹੁਤ ਖ਼ਿਆਲ ਰੱਖਿਆ।’

ਨਵ–ਜਨਮੇ ਬਾਲ ਦੀ ਦੇਖਭਾਲ਼ ਕਰਨ ਵਾਲਾ ਨਰਸਿੰਗ ਸਟਾਫ਼ ਵੀ ਡਾਢਾ ਖ਼ੁਸ਼ ਸੀ। ਟੀਮ ‘ਚ ਸ਼ਾਮਲ ਇੱਕ ਸਟਾਫ਼ ਨਰਸ ਰੂਬੀ ਨੇ ਕਿਹਾ,‘ਅਸੀਂ ਇਸ ਬੱਚੇ ਦਾ ਬਹੁਤ ਜ਼ਿਆਦਾ ਖ਼ਿਆਲ ਰੱਖਿਆ। ਇੱਕ ਨਿੱਕੇ ਜਿਹੇ ਬੱਚੇ ਨੂੰ ਇਹ ਸਾਰਾ ਦਰਦ ਝੱਲਦਿਆਂ ਦੇਖਣਾ ਬਹੁਤ ਔਖਾ ਸੀ।’ ਉਨ੍ਹਾਂ ਕਿਹਾ ਕਿ ਬੱਚੇ ਨੂੰ ਚਮਚੇ ਨਾਲ ਦੁੱਧ ਦਿੱਤਾ ਜਾਂਦਾ ਸੀ ਕਿਉਂਕਿ ਉਸ ਦੀ ਮਾਂ ਨੂੰ ਸਪਸ਼ਟ ਕਾਰਨਾਂ ਕਰਕੇ ਉਸ ਨੂੰ ਆਪਣਾ ਦੁੱਧ ਚੁੰਘਾਉਣ ਦੀ ਇਜਾਜ਼ਤ ਨਹੀਂ ਸੀ।

‘ਪੰਜਾਬ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼’ (PIMS) ‘ਚ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਜਤਿੰਦਰ ਸਿੰਘ ਦੀ ਨਿਗਰਾਨੀ ਹੇਠ ਇਹ ਬੱਚਾ ਠੀਕ ਹੋਇਆ; ਉਨ੍ਹਾਂ ਕਿਹਾ ਕਿ ਬੱਚੇ ਨੂੰ ਜਦੋਂ ਦਾਖ਼ਲ ਕਰਵਾਇਆ ਗਿਆ ਸੀ, ਤਦ ਉਸ ਨੂੰ ਬਹੁਤ ਤੇਜ਼ ਬੁਖ਼ਾਰ ਸੀ ਤੇ ਉਹ ਵਾਇਰਸ ਦੇ ਹਮਲੇ ਦੀ ਮਾਰ ਹੇਠ ਸੀ। ਉਸ ਦਾ ਮਾਮਲਾ ਸਾਡੇ ਲਈ ਬਹੁਤ ਚੁਣੌਤੀਪੂਰਨ ਸੀ। ਵਧੇਰੇ ਚੁਣੌਤੀਪੂਰਨ ਉਸ ਦੇ ਮਾਪਿਆਂ ਨੂੰ ਸਮਝਾਉਣਾ ਸੀ। ਪਰ ਉਨ੍ਹਾਂ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਿਆ ਤੇ ਬੱਚੇ ਦਾ ਇਲਾਜ ਕਰਨ ਵਿੱਚ ਪੂਰਾ ਸਹਿਯੋਗ ਦਿੱਤਾ। ਡਾ. ਸਿੰਘ ਨੇ ਚੇਤਾਵਨੀ ਦਿੱਤੀ, ‘ਵਾਇਰਸ ਦੇ ਦੂਸਰੇ ਗੇੜ ‘ਚ, ਸਭ ਨੂੰ ਆਪਣੀ ਸੁਰੱਖਿਆ ਦਾ ਖ਼ਿਆਲ ਰੱਖਣ ਤੇ ਸਾਨੂੰ ਖ਼ੁਦ ਨੂੰ ਤੇ ਸਮਾਜ ਨੂੰ ਬਚਾਉਣ ਲਈ ਸਰਕਾਰ ਵੱਲੋਂ ਜਾਰੀ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ।’

************

ਡੀਐੱਸ/ਆਰਬੀ


(Release ID: 1717064) Visitor Counter : 135