ਰੱਖਿਆ ਮੰਤਰਾਲਾ

ਡੀਆਰਡੀਓ ਦਿੱਲੀ ਅਤੇ ਹਰਿਆਣਾ ਵਿੱਚ ਪੰਜ ਮੈਡੀਕਲ ਆਕਸੀਜਨ ਪਲਾਂਟ ਲਗਾਏਗਾ

ਨਵੀਂ ਦਿੱਲੀ ਦੇ ਏਮਜ਼ ਅਤੇ ਆਰਐਮਐਲ ਹਸਪਤਾਲਾਂ ਵਿੱਚ ਉਪਕਰਣ ਪਹੁੰਚੇ

Posted On: 04 MAY 2021 6:26PM by PIB Chandigarh

ਕੋਵਿਡ -19 ਕੇਸਾਂ ਅਤੇ ਇਸ ਤੋਂ ਬਾਅਦ ਆਕਸੀਜਨ ਦੀ ਜਰੂਰਤ ਨੂੰ ਪੂਰਾ ਕਰਨ ਲਈ, ਪ੍ਰਧਾਨ ਮੰਤਰੀ-ਕੇਅਰਜ਼ ਤਹਿਤ ਦੇਸ਼ ਭਰ ਵਿੱਚ 500 ਮੈਡੀਕਲ ਆਕਸੀਜਨ ਪਲਾਂਟ ਲਗਾਉਣ ਲਈ ਫੰਡ ਜਾਰੀ ਕੀਤੇ ਗਏ ਹਨ। ਇਹ ਪਲਾਂਟ ਤਿੰਨ ਮਹੀਨਿਆਂ ਦੇ ਅੰਦਰ ਸਥਾਪਤ ਕਰਨ ਦੀ ਯੋਜਨਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ), ਆਪਣੇ ਉਦਯੋਗਾਂ ਰਾਹੀਂ, ਮਈ ਦੇ ਪਹਿਲੇ ਹਫ਼ਤੇ ਦੇ ਅੰਦਰ-ਅੰਦਰ ਦਿੱਲੀ ਅਤੇ ਆਸ ਪਾਸ ਪੰਜ ਮੈਡੀਕਲ ਆਕਸੀਜਨ ਪਲਾਂਟ ਸਥਾਪਤ ਕਰ ਰਿਹਾ ਹੈ। ਇਨ੍ਹਾਂ ਨੂੰ ਏਮਜ਼ ਟਰਾਮਾ ਸੈਂਟਰ, ਡਾ. ਰਾਮ ਮਨੋਹਰ ਲੋਹੀਆ ਹਸਪਤਾਲ (ਆਰਐਮਐਲ), ਸਫਦਰਜੰਗ ਹਸਪਤਾਲ, ਲੇਡੀ ਹਾਰਡਿੰਗ ਮੈਡੀਕਲ ਕਾਲਜ ਅਤੇ ਏਮਜ਼ ਝੱਜਰ, ਹਰਿਆਣਾ ਵਿਖੇ ਸਥਾਪਤ ਕੀਤਾ ਜਾਣਾ ਹੈ। ਸ਼ਡਿਊਲ ਦੇ ਅਨੁਸਾਰ, ਇਨ੍ਹਾਂ ਵਿੱਚੋਂ ਦੋ ਪਲਾਂਟ 4 ਮਈ, 2021 ਨੂੰ ਦਿੱਲੀ ਪਹੁੰਚੇ ਸਨ ਅਤੇ ਕ੍ਰਮਵਾਰ ਏਮਜ਼ ਅਤੇ ਆਰਐਮਐਲ ਹਸਪਤਾਲਾਂ ਵਿੱਚ ਸਥਾਪਤ ਕੀਤੇ ਜਾ ਰਹੇ ਹਨ। ਇਨ੍ਹਾਂ ਪਲਾਂਟਾਂ ਦੀ ਸਪਲਾਈ ਐੱਮ/ਐੱਸ ਟਰਾਈਡੈਂਟ ਨਿਊਮੋਨਿਕਸ ਪ੍ਰਾਈਵੇਟ ਲਿਮਟਿਡ, ਕੋਇੰਬਟੂਰ ਵਲੋਂ ਕੀਤੀ ਗਈ ਹੈ, ਜੋ ਕਿ ਡੀਆਰਡੀਓ ਦੀ ਤਕਨਾਲੋਜੀ ਦੀ ਭਾਈਵਾਲ ਹੈ ਅਤੇ ਇਸ ਨੂੰ 48 ਪਲਾਂਟਾਂ ਦਾ ਆਰਡਰ ਦਿੱਤਾ ਗਿਆ ਹੈ। ਐੱਮ/ਐੱਸ ਟਾਟਾ ਐਡਵਾਂਸਡ ਸਿਸਟਮ ਲਿਮਟਿਡ ਨੂੰ 332 ਪਲਾਂਟਾਂ ਦਾ ਆਰਡਰ ਦਿੱਤਾ ਗਿਆ ਹੈ ਅਤੇ ਸਪੁਰਦਗੀ ਮਈ ਮੱਧ ਤੋਂ ਸ਼ੁਰੂ ਹੋ ਜਾਵੇਗੀ। ਪਲਾਂਟਾਂ ਦੇ ਸਮੇਂ ਤੋਂ ਪਹਿਲਾਂ ਸਪੁਰਦ ਕਰਨ ਲਈ ਕਾਰਜਕ੍ਰਮ ਦੀ ਬਹੁਤ ਧਿਆਨ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਸਮਾਨ ਰੂਪ ਵਿੱਚ ਹਰੇਕ ਹਸਪਤਾਲ ਵਿੱਚ ਸਾਈਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ।

ਇਹ ਮੈਡੀਕਲ ਆਕਸੀਜਨ ਪਲਾਂਟ 1000 ਲਿਟਰ ਪ੍ਰਤੀ ਮਿੰਟ (ਐਲਪੀਐਮ) ਦੀ ਪ੍ਰਵਾਹ ਦਰ ਲਈ ਤਿਆਰ ਕੀਤੇ ਗਏ ਹਨ। ਇਹ ਸਿਸਟਮ 190 ਮਰੀਜ਼ਾਂ ਨੂੰ 5 ਐਲਪੀਐਮ ਦੀ ਪ੍ਰਵਾਹ ਦਰ ਨਾਲ ਆਕਸੀਜਨ ਨੂੰ ਪੂਰਾ ਕਰ ਸਕਦਾ ਹੈ ਅਤੇ 195 ਸਿਲੰਡਰ ਪ੍ਰਤੀ ਦਿਨ ਭਰ ਸਕਦਾ ਹੈ। ਮੈਡੀਕਲ ਆਕਸੀਜਨ ਪਲਾਂਟ (ਐਮਓਪੀ) ਤਕਨਾਲੋਜੀ ਡੀਆਰਡੀਓ ਦੁਆਰਾ ਐਲਸੀਏ, ਤੇਜਸ ਲਈ ਆਨ ‐ ਬੋਰਡ ਆਕਸੀਜਨ ਜਨਰੇਸ਼ਨ ਦੇ ਅਧਾਰ 'ਤੇ ਤਿਆਰ ਕੀਤੀ ਗਈ ਹੈ। ਇਹ ਪਲਾਂਟ ਆਕਸੀਜਨ ਦੀ ਢੋਆ-ਢੁਆਈ ਦੀ ਲੌਜਿਸਟਿਕ ਸਮੱਸਿਆਵਾਂ 'ਤੇ ਕਾਬੂ ਪਾਉਣਗੇ ਅਤੇ ਐਮਰਜੈਂਸੀ ਵਿੱਚ ਕੋਵਿਡ -19 ਦੇ ਮਰੀਜ਼ਾਂ ਦੀ ਮਦਦ ਕਰਨਗੇ। ਸੀਐਸਆਈਆਰ ਨੇ ਆਪਣੇ ਉਦਯੋਗਾਂ ਰਾਹੀਂ 120 ਐਮਓਪੀ ਪਲਾਂਟਾਂ ਦਾ ਆਰਡਰ ਵੀ ਦਿੱਤਾ ਹੈ।

 

*****

ਏਬੀਬੀ / ਨੰਪੀ / ਕੇਏ / ਡੀਕੇ / ਸਵੀ / ਏਡੀਏ(Release ID: 1716025) Visitor Counter : 11