ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਵਿਕਾਸ ਨੂੰ ਗਤੀ ਦੇਣ ਲਈ ਸਾਡੇ ਮਹਿਲਾ-ਪੁਰਸ਼ ਸਮਾਨਤਾ ਲਾਭਾਂਸ਼ ਦਾ ਉਪਯੋਗ ਕਰਨ ਦੀ ਤਾਕੀਦ ਕੀਤੀ


ਮਹਿਲਾਵਾਂ ਸਾਡੇ ਭਵਿੱਖ ਦੀਆਂ ਪ੍ਰਗਤੀ ਲੀਡਰ ਹਨ: ਉਪ ਰਾਸ਼ਟਰਪਤੀ ਸ਼੍ਰੀ ਵੈਂਕਈਆ ਨਾਇਡੂ

ਸ਼੍ਰੀ ਨਾਇਡੂ ਨੇ ਭਾਰਤ ਨੂੰ ਮਜ਼ਦੂਰੀ ਵਿੱਚ ਮਹਿਲਾ-ਪੁਰਸ਼ ਸਮਾਨਤਾ ਪ੍ਰਾਪਤ ਕਰਨ ਅਤੇ ਰਸਮੀ ਖੇਤਰ ਵਿੱਚ ਰੁਕਾਵਟਾਂ ਨੂੰ ਸਮਾਪਤ ਕਰਨ ਵਿੱਚ ਅਗਵਾਈ ਕਰਨ ਦਾ ਸੱਦਾ ਦਿੱਤਾ

ਮਹਾਮਾਰੀ ਨਾਲ ਬਾਲੜੀ ਸਿੱਖਿਆ 'ਤੇ ਪ੍ਰਤੀਕੂਲ ਪ੍ਰਭਾਵ ਪਿਆ - ਇਸ ਨੂੰ ਇੱਕ ਮਿਸ਼ਨ ਮੋਡ ਵਿੱਚ ਸੁਧਾਰਨ ਦੀ ਜ਼ਰੂਰਤ: ਉਪ ਰਾਸ਼ਟਰਪਤੀ

‘ਪੜ੍ਹਨਾ, ਗਿਆਨਵਾਨ ਬਣਨਾ, ਸਸ਼ਕਤ ਹੋਣਾ’: ਸਾਡੀਆਂ ਵਿਕਾਸ ਲੀਡਰ ਬਣਨ ਵਾਸਤੇ ਮਹਿਲਾਵਾਂ ਲਈ ਉਪ ਰਾਸ਼ਟਰਪਤੀ ਦਾ ਮੰਤਰ

ਉਪ ਰਾਸ਼ਟਰਪਤੀ ਨੇ ਕੋਵਿਡ -19 ਵਿਰੁੱਧ ਲੜਾਈ ਵਿੱਚ ਫਰੰਟਲਾਈਨ ਮਹਿਲਾਵਾਂ ਦੀ ਸ਼ਲਾਘਾ ਕੀਤੀ

ਸ਼੍ਰੀ ਨਾਇਡੂ ਨੇ ਫਿੱਕੀ ਮਹਿਲਾ ਸੰਗਠਨ (FICCI FLO) ਦੇ ‘ਵੰਦੇ ਮਾਤਰਮ’ ਸਮਾਗਮ ਨੂੰ ਵਰਚੁਅਲੀ ਸੰਬੋਧਨ ਕੀਤਾ

Posted On: 30 APR 2021 5:29PM by PIB Chandigarh

ਉਪ-ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਦੇਸ਼ ਵਿੱਚ ਮੌਜੂਦਾ 20% ਮਹਿਲਾ ਸ਼੍ਰਮ ਸ਼ਕਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਉਦਯੋਗ ਜਗਤ ਨੂੰ ਸੱਦਾ ਦਿੱਤਾ ਕਿ ਉਹ  ਭਾਰਤ ਨੂੰ ਤੇਜ਼ੀ ਨਾਲ ਵਿਕਾਸ ਪਥ  ’ਤੇ ਲਿਆਉਣ ਲਈ ਮਹਿਲਾ- ਪੁਰਸ਼ ਸਮਾਨਤਾ ਲਾਭਾਂਸ ਦਾ ਉਪਯੋਗ ਕਰਨ।

 

ਫਿੱਕੀ ਮਹਿਲਾ ਸੰਗਠਨ (FICCI FLO) ਹੈਦਰਾਬਾਦ ਚੈਪਟਰ ਦੇ ਇੱਕ ਸਮਾਗਮ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ, “ਅਸੀਂ ਅਕਸਰ ਇਸ ਤੱਥ ਦਾ ਉੱਲੇਖ  ਕਰਦੇ ਹਾਂ ਕਿ ਸਾਡੇ ਕੋਲ ਇਕ ਮਹੱਤਵਪੂਰਨ ਜਨਸੰਖਿਆ ਲਾਭਾਂਸ਼ ਹੈ ਜਿਸ ਨੂੰ ਅਸੀਂ ਅਨਲੌਕ ਕਰ ਸਕਦੇ ਹਾਂ” ਅਤੇ ਉਨ੍ਹਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਮਹਿਲਾਵਾਂ ਦੀ ਅਗਵਾਈ ਵਾਲੇ ਉਦਯੋਗਿਕ ਕਾਰਜ ਬਲ, ਵਿਕਾਸ ਦੀ ਗਤੀ ਨੂੰ ਤੇਜ਼ ਕਰ ਸਕਦੇ ਹਨ। ਉਨ੍ਹਾਂ ਕਿਹਾ, “ਸਾਨੂੰ ਆਪਣੀ ਅਰਥਵਿਵਸਥਾ ਨੂੰ ਅੱਗੇ ਵਧਾਉਣ ਲਈ ਇਸ ਪ੍ਰਤਿਭਾ ਪੂਲ ਵਿੱਚੋਂ ਬਿਹਤਰੀਨ ਨੂੰ ਅੱਗੇ ਲਿਆਉਣ ਦੀ ਜ਼ਰੂਰਤ ਹੈ।”  ਉਨ੍ਹਾਂ ਅੱਗੇ ਕਿਹਾ,“ਮਹਿਲਾਵਾਂ ਸਾਡੇ ਭਵਿੱਖੀ ਵਿਕਾਸ ਦੀਆਂ ਲੀਡਰ ਹਨ।” 

 

ਉਪ-ਰਾਸ਼ਟਰਪਤੀ ਨੇ ਉਨ੍ਹਾਂ ਮਸਲਿਆਂ ’ਤੇ ਗੌਰ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ ਜੋ ਕਿ ਮਹਿਲਾਵਾਂ ਨੂੰ ਕਾਰਜ ਸਥਾਨਾਂ 'ਤੇ ਉਨ੍ਹਾਂ ਦੀ ਪੂਰੀ ਸੰਭਾਵਨਾ ਨੂੰ ਸਾਕਾਰ  ਕਰਨ ਤੋਂ ਰੋਕਦੇ ਹਨ। ਇਹ ਵੇਖਦਿਆਂ ਕਿ ਇਸ ਮਹਾਮਾਰੀ ਨੇ ਮਹਿਲਾ-ਪੁਰਸ਼ ਦਰਮਿਆਨ ਰੋਜ਼ਗਾਰ ਅਸਮਾਨਤਾਵਾਂ ਨੂੰ ਹੋਰ ਗਹਿਰਾ ਕਰ ਦਿੱਤਾ ਹੈ, ਸ਼੍ਰੀ ਨਾਇਡੂ ਨੇ ਮਹਿਲਾਵਾਂ ਦੇ ਸਸ਼ਕਤੀਕਰਨ ਲਈ ‘ਪ੍ਰਤੀਨਿਧਤਾ, ਮਿਹਨਤਾਨਾ  ਅਤੇ ਭੂਮਿਕਾਵਾਂ’ ਦੇ ਮੁੱਦਿਆਂ ਉੱਤੇ ਧਿਆਨ ਦੇਣ ਦੀ ਸਲਾਹ ਦਿੱਤੀ।

 

ਵੇਤਨ ਅਸਮਾਨਤਾ ਦੇ ਮੁੱਦੇ ਦਾ ਜ਼ਿਕਰ ਕਰਦਿਆਂ, ਸ਼੍ਰੀ ਨਾਇਡੂ ਨੇ ਕਿਹਾ ਕਿ ਬਰਾਬਰ ਕੰਮ ਲਈ ਬਰਾਬਰ ਵੇਤਨ ਇੱਕ ਬੁਨਿਆਦੀ ਮੰਗ ਹੈ ਜੋ ਕਿ ਅਜੇ ਵੀ ਬਹੁਤੇ ਵਿਕਸਿਤ ਦੇਸ਼ਾਂ ਅਤੇ ਕਾਰਪੋਰੇਟ ਜਗਤ ਦੇ ਉੱਚਤਮ ਪੱਧਰ ’ਤੇ ਵੀ ਪੂਰੀ ਨਹੀਂ ਹੋ ਸਕੀ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਆਰਥਿਕ ਮੰਚ ਦੀ ਗਲੋਬਲ ਜੈਂਡਰ ਗੈਪ ਰਿਪੋਰਟ 2020 ਵਿੱਚ ਉੱਨਤ ਅਰਥਵਿਵਸਥਾਵਾਂ ਵਿੱਚ ਵੀ ਲਗਭਗ 15%  ਵੇਤਨ ਅਸਮਾਨਤਾ ਦਾ ਸੰਕੇਤ ਦਿੱਤਾ ਗਿਆ ਹੈ ਅਤੇ ਹੁਣ ਤੱਕ ਕਿਸੇ ਵੀ ਦੇਸ਼ ਨੇ ਮਜ਼ਦੂਰੀ ਦੇਣ ਵਿੱਚ ਮਹਿਲਾ-ਪੁਰਸ਼  ਸਮਾਨਤਾ  ਹਾਸਲ ਨਹੀਂ ਕੀਤੀ ਹੈ।

 

ਇਸ ਸਬੰਧ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨੂੰ ਇਸ ਅਸਮਾਨਤਾ  ਨੂੰ ਦੂਰ ਕਰਨ ਵਿੱਚ ਅਗਵਾਈ ਕਰਨੀ ਚਾਹੀਦੀ ਹੈ। ਪ੍ਰਗਤੀਸ਼ੀਲ ਮਾਤ੍ਰਤਵ ਲਾਭ (ਸੋਧ) ਐਕਟ, 2017 ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਿੱਚ ਵੇਤਨ ਸਹਿਤ ਮਾਤ੍ਰਤਵ ਛੁੱਟੀ ਨੂੰ 12 ਹਫਤਿਆਂ ਤੋਂ ਵਧਾ ਕੇ 26 ਹਫ਼ਤੇ ਕੀਤਾ ਗਿਆ, ਜਿਸ ਨੇ ਵਿਕਸਿਤ ਦੇਸ਼ਾਂ ਨੂੰ ਵੀ ਰਾਹ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਉਸ ਮਹਿਲਾ-ਪੁਰਸ਼ ਵੇਤਨ ਅਸਮਾਨਤਾ  ਨੂੰ ਘੱਟ ਕਰਨ ਵਿੱਚ ਸਹਾਇਤਾ ਕਰੇਗਾ ਜਿਸ ਦਾ ਸਾਹਮਣਾ ਉਨ੍ਹਾਂ ਕੰਮ-ਕਾਜੀ ਮਹਿਲਾਵਾਂ ਨੂੰ  ਕਰਨਾ ਪੈਂਦਾ ਹੈ ਜੋ ਮਾਤ੍ਰਤਵ ਅਤੇ ਸ਼ਿਸ਼ੂ ਦੇਖਭਾਲ  ਲਈ ਛੁੱਟੀ ਉੱਤੇ ਜਾਂਦੀਆਂ ਹਨ।

 

ਰਸਮੀ ਸੈਕਟਰ ਵਿੱਚ ਮਹਿਲਾਵਾਂ ਦੀ ਘੱਟ ਨੁਮਾਇੰਦਗੀ ਦੇ ਮੁੱਦੇ ਨੂੰ ਧਿਆਨ ਵਿੱਚ ਰੱਖਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਇਨ੍ਹਾਂ ਰੁਕਾਵਟਾਂ ਨੂੰ ਤੋੜਨ ਦਾ ਮਸਲਾ ਸਭ ਤੋਂ ਹੇਠਲੇ ਪੱਧਰ ਉੱਤੇ ਹੀ ਨਹੀਂ ਰੁਕਦਾ। ਉਨ੍ਹਾਂ ਕਿਹਾ, “ਇਹ ਸਮੱਸਿਆ ਬਹੁਤ ਉੱਪਰ  ਤੱਕ ਜਾਂਦੀ ਹੈ।” ਉਨ੍ਹਾਂ  ਕਿਹਾ ਕਿ ਇੱਥੋਂ ਤੱਕ ਕਿ ਧਨਾਢ 500 ਕੰਪਨੀਆਂ ਵਿੱਚ ਵੀ ਸਿਰਫ 35 ਮਹਿਲਾ ਸੀਈਓ ਹਨ।

 

ਇਸ ਸੰਦਰਭ ਵਿੱਚ, ਸ਼੍ਰੀ ਨਾਇਡੂ ਨੇ ਖੁਸ਼ੀ ਜ਼ਾਹਰ ਕੀਤੀ ਕਿ ਭਾਰਤ ਵਿੱਚ, ਹਰ ਸਾਲ, ਦੇਸ਼ ਭਰ ਤੋਂ ਬਹੁਤ ਸਾਰੀਆਂ ਮਹਿਲਾਵਾਂ ਵਿਭਿੰਨ ਖੇਤਰਾਂ ਵਿੱਚ ਆਪਣੀਆਂ ਪ੍ਰਾਪਤੀਆਂ ਨਾਲ ਆਪਣੀ ਛਾਪ ਛੱਡ ਰਹੀਆਂ ਹਨ। ਉਨ੍ਹਾਂ ਨੇ ਗ੍ਰਾਂਟ ਥੌਰਨਟਨ ਦੀ ਰਿਪੋਰਟ ’ਵਿਮਨ ਇਨ ਬਿਜ਼ਨਸ 2021’ ਦਾ ਹਵਾਲਾ ਦਿੱਤਾ, ਜਿਸ ਅਨੁਸਾਰ ਸੀਨੀਅਰ ਪ੍ਰਬੰਧਕੀ ਅਹੁਦਿਆਂ 'ਤੇ ਕੰਮ ਕਰਨ ਵਾਲੀਆਂ ਮਹਿਲਾਵਾਂ ਦੇ ਸਬੰਧ ਵਿੱਚ ਭਾਰਤ, ਵਿਸ਼ਵ ਭਰ ਵਿੱਚੋਂ ਤੀਜੇ ਨੰਬਰ' ਤੇ ਹੈ। ਉਨ੍ਹਾਂ ਕਿਹਾ ਕਿ ਇਹ  ਭਾਰਤੀ ਕਾਰੋਬਾਰਾਂ ਵਿੱਚ ਵਰਕਿੰਗ ਵਿਮਨ ਦੇ ਪ੍ਰਤੀ ਬਦਲਦੇ ਨਜ਼ਰੀਏ ਅਤੇ ਭਾਰਤੀ ਅਰਥਵਿਵਸਥਾ ਲਈ ਸਕਾਰਾਤਮਕ ਦ੍ਰਿਸ਼ਟੀਕੋਣ ਵੱਲ ਸੰਕੇਤ ਕਰਦਾ ਹੈ। ਸ਼੍ਰੀ ਨਾਇਡੂ ਨੇ ਟਿੱਪਣੀ ਕੀਤੀ ਕਿ ਕੰਪਨੀਆਂ ਹੁਣ ਇੱਕ ਸਮਾਵੇਸ਼ੀ ਕਾਰਜ ਸੱਭਿਆਚਾਰ ਦੇ ਦੀਰਘਕਾਲੀ ਲਾਭਾਂ ਬਾਰੇ ਜਾਣਕਾਰੀ ਰੱਖਦੀਆਂ ਹਨ।

 

ਬਾਲੜੀਆਂ ਨੂੰ ਗੁਣਵੱਤਾ ਭਰਪੂਰ ਸਿਖਿਆ ਪ੍ਰਦਾਨ ਕਰਨ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਨਾਇਡੂ ਨੇ  ਕਿਹਾ ਕਿ ਸਕੂਲ ਵਿੱਚ ਕੁੜੀਆਂ, ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੀਆਂ ਹਨ, ਪਰ ਉੱਚ ਸਿੱਖਿਆ ਵਿੱਚ ਉਨ੍ਹਾਂ ਦੇ ਨਾਮਾਂਕਣ ਵਿੱਚ ਇੱਕ ਗੈਪ ਹੈ। ਉਨ੍ਹਾਂ ਇਹ ਵੀ ਮਹਿਸੂਸ ਕੀਤਾ ਕਿ ਮਹਾਮਾਰੀ ਦਾ ਬਾਲੜੀਆਂ ਦੀ ਪੜ੍ਹਾਈ ਉੱਤੇ ਪ੍ਰਤੀਕੂਲ ਪ੍ਰਭਾਵ ਪਿਆ ਹੈ। ਸ਼੍ਰੀ ਨਾਇਡੂ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਇਨ੍ਹਾਂ ਅਸਮਾਨਤਾਵਾਂ ਵਿੱਚ ਇੱਕ ਮਿਸ਼ਨ ਮੋਡ ’ਤੇ ਸੁਧਾਰ ਕਰਨ ਦੀ ਲੋੜ ਹੈ।

 

ਉਪ ਰਾਸ਼ਟਰਪਤੀ ਨੇ ਮਹਿਲਾਵਾਂ ਨੂੰ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਤੌਰ ’ਤੇ ਸਸ਼ਕਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਰਾਜਨੀਤਿਕ ਤੌਰ 'ਤੇ ਸਾਨੂੰ ਰਾਜ ਦੀਆਂ ਵਿਧਾਨ ਸਭਾਵਾਂ ਅਤੇ ਸੰਸਦ ਵਿੱਚ ਮਹਿਲਾਵਾਂ  ਲਈ ਉਚਿਤ ਰਾਖਵਾਂਕਰਨ ਲਾਗੂ ਕਰਨ ਦੀ ਜ਼ਰੂਰਤ ਹੈ। ਆਰਥਿਕ ਤੌਰ ਤੇ, ਸਾਨੂੰ  ਸਟੈਂਡ ਅਪ ਇੰਡੀਆ ਵਰਗੀਆਂ ਯੋਜਨਾਵਾਂ ਰਾਹੀਂ ਮਹਿਲਾਵਾਂ ਨੂੰ ਕਾਰੋਬਾਰ ਅਤੇ ਸਹਿਕਾਰਤਾ ਸ਼ੁਰੂ ਕਰਨ ਦੇ ਯੋਗ ਬਣਾਉਣਾ ਹੋਵੇਗਾ।  ਸਮਾਜਿਕ ਤੌਰ 'ਤੇ, ਸਾਨੂੰ ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਕਿ ਮਹਿਲਾਵਾਂ ਨੂੰ ਕਿਸੇ ਕਿਸਮ ਦੇ ਵਿਤਕਰੇ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਮਹਿਲਾਵਾਂ 'ਤੇ ਅੱਤਿਆਚਾਰ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।"

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਮਹਿਲਾਵਾਂ ਦੁਆਰਾ ਸਾਡੇ ਦੇਸ਼ ਨੂੰ  ਇਸ ਦੇ ਸਹੀ ਸਥਾਨ ’ਤੇ ਲੈ ਜਾਣ ਲਈ ਉਨ੍ਹਾਂ ਨੂੰ “ਪੜ੍ਹਾਉਣਾ, ਗਿਆਨਵਾਨ ਬਣਾਉਣਾ ਅਤੇ ਸਸ਼ਕਤ ਕਰਨਾ”  ਸਾਡੇ ਲਈ ਇੱਕ ਮੰਤਰ ਹੋਣਾ ਚਾਹੀਦਾ ਹੈ।

ਇਸ ਮੌਕੇ, ਸ਼੍ਰੀ ਨਾਇਡੂ ਨੇ ਕੋਵਿਡ-19 ਦੇ ਖਿਲਾਫ ਲੜਾਈ ਵਿੱਚ ਫਰੰਟ ਲਾਈਨਾਂ ਵਿੱਚ ਰਹਿਣ ਵਾਲੀਆਂ ਹੋਰ ਮਹਿਲਾਵਾਂ- ਡਾਕਟਰਾਂ, ਨਰਸਾਂ, ਪੈਰਾ-ਮੈਡੀਕਲ ਸਟਾਫ, ਸੈਨੇਟਰੀ ਵਰਕਰਾਂ, ਆਸ਼ਾ ਵਰਕਰਾਂ ਅਤੇ ਮਹਿਲਾ ਪੁਲਿਸ ਅਤੇ ਹੋਰਨਾਂ ਦੀ ਵੀ ਸ਼ਲਾਘਾ ਕੀਤੀ।

 

ਕੋਵਿਡ -19 ਦੀ ਦੂਸਰੀ ਲਹਿਰ ਬਾਰੇ ਆਪਣਾ ਸਰੋਕਾਰ ਜ਼ਾਹਰ ਕਰਦਿਆਂ ਉਪ ਰਾਸ਼ਟਰਪਤੀ ਨੇ ਵਿਸ਼ਵਾਸ ਜਤਾਇਆ ਕਿ ਭਾਰਤ ਕੋਵਿਡ ਦੇ ਇਸ ਕਠਿਨ ਫੇਜ਼ ਵਿੱਚੋਂ ਮਜ਼ਬੂਤ ਹੋ ਕੇ ਉੱਭਰੇਗਾ। ਅੱਗੇ, ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਮਹਾਮਾਰੀ ਨਾਲ ਲੜਨ ਦਾ ਮਤਲਬ ਸਿਰਫ ਇਸ ਦਾ ਅਸਰ ਘਟ ਜਾਣ ਦੀ ਉਡੀਕ ਕਰਨਾ ਹੀ ਨਹੀਂ, ਬਲਕਿ ’ਨਿਊ ਨਾਰਮਲ’ ਵਿਵਹਾਰ ਨੂੰ ਪ੍ਰੋਤਸਾਹਿਤ ਕਰਨਾ, ਸਿਹਤ  ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨਾ, ਸਿਹਤਮੰਦ ਆਦਤਾਂ ਅਪਣਾਉਣਾ ਅਤੇ ਇੱਥੋਂ ਤੱਕ ਕਿ ਕਿਸੇ ਵੀ ਵੱਡੇ ਸਿਹਤ ਸੰਕਟ ਨਾਲ ਨਿਪਟਣ ਲਈ ਸਤਰਕਤਾ ਵਰਤਣਾ ਅਤੇ ਇਸ ਦੇ ਲਈ ਹਮੇਸ਼ਾ ਤਿਆਰ ਰਹਿਣਾ ਵੀ ਹੈ। 

 

ਸ਼੍ਰੀ ਨਾਇਡੂ ਨੇ  ਕੋਵਿਡ-19  ਵਿਰੁੱਧ ਲੜਾਈ ਵਿੱਚ ਅੱਗੇ ਰਹਿਣ ਅਤੇ ਯੋਗਦਾਨ ਪਾਉਣ ਲਈ ਉਦਯੋਗ ਜਗਤ ਦੀ ਸ਼ਲਾਘਾ ਕੀਤੀ। ਉਨ੍ਹਾਂ ਕੰਪਨੀਆਂ ਨੂੰ ਸਲਾਹ ਦਿੱਤੀ ਕਿ ਉਹ ਟੀਕਾਕਰਨ ਦੇ ਉਦਘਾਟਨ ਦੇ ਨਾਲ ਹੀ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਟੀਕਾਕਰਨ ਆਯੋਜਨ ਦੇ ਮੌਕਿਆਂ ਦਾ ਉਪਯੋਗ ਕਰਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਕੋਈ ਵੀ ਵਿਅਕਤੀ ਇਸ ਤੋਂ ਵੰਚਿਤ ਨਾ ਰਹਿ ਜਾਵੇ।

 

ਇਸ ਵਰਚੁਅਲ ਆਯੋਜਨ ਵਿੱਚ ਸੁਸ਼੍ਰੀ ਉੱਜਵਲਾ ਸਿੰਘਾਨੀਆ, ਰਾਸ਼ਟਰੀ ਪ੍ਰਧਾਨ, ਫਿੱਕੀ ਮਹਿਲਾ ਸੰਗਠਨ, ਸੁਸ਼੍ਰੀ ਉਮਾ ਚਿਗੁਰੁਪਤੀ, ਐੱਫਐੱਲਓ ਹੈਦਰਾਬਾਦ ਚੈਪਟਰ ਦੀ ਚੇਅਰਪਰਸਨ, ਸੁਸ਼੍ਰੀ ਆਸ਼ਾ ਵਸ਼ਿਸ਼ਟ, ਵਿੰਗ ਕਮਾਂਡਰ, ਭਾਰਤੀ ਹਵਾਈ ਸੈਨਾ, ਸੁਸ਼੍ਰੀ ਵਰਤਿਕਾ ਜੋਸ਼ੀ, ਲੈਫਟੀਨੈਂਟ ਕਮਾਂਡਰ, ਇੰਡੀਅਨ ਨੇਵੀ, ਸੁਸ਼੍ਰੀ ਸ਼ਾਲਿਨੀ ਸਿੰਘ, ਰਿਟਾਇਰਡ ਕੈਪਟਨ, ਇੰਡੀਅਨ ਆਰਮੀ  ਅਤੇ ਹੋਰਨਾਂ ਨੇ ਭਾਗ ਲਿਆ।

 

*****

 

ਐੱਮਐੱਸ/ਆਰਕੇ/ਡੀਪੀ



(Release ID: 1715390) Visitor Counter : 146