PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
23 APR 2021 6:18PM by PIB Chandigarh
-
ਭਾਰਤ ਦੀ ਕੁੱਲ ਟੀਕਾਕਰਣ ਕਵਰੇਜ 13.54 ਕਰੋੜ ਤੋਂ ਪਾਰ
-
ਪਿਛਲੇ 24 ਘੰਟਿਆਂ ਦੌਰਾਨ 31 ਲੱਖ ਤੋਂ ਵੱਧ ਟੀਕਾਕਰਣ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ
-
ਭਾਰਤ ਦੇ 5 ਰਾਜਾਂ ਵਿੱਚੋਂ 60 ਫੀਸਦੀ ਐਕਟਿਵ ਕੇਸ ਦਰਜ ਕੀਤੇ ਗਏ ਹਨ
-
ਪਿਛਲੇ 24 ਘੰਟਿਆਂ ਵਿੱਚ 1.93 ਲੱਖ ਤੋਂ ਵੱਧ ਦੀ ਰਿਕਵਰੀ ਦਰਜ ਕੀਤੀ ਗਈ ਹੈ
-
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਮਈ ਅਤੇ ਜੂਨ 2021 ਵਿਚ ਐਨਐਫਐੱਸਏ ਦੇ ਲਾਭਾਰਥੀਆਂ ਨੂੰ ਵਾਧੂ ਮੁਫਤ ਅਨਾਜ ਵੰਡਿਆ ਜਾਵੇਗਾ
#Unite2FightCorona
#IndiaFightsCorona
ਭਾਰਤ ਦੀ ਕੁੱਲ ਟੀਕਾਕਰਣ ਕਵਰੇਜ 13.54 ਕਰੋੜ ਤੋਂ ਪਾਰ, ਪਿਛਲੇ 24 ਘੰਟਿਆਂ ਦੌਰਾਨ 31 ਲੱਖ ਤੋਂ ਵੱਧ ਟੀਕਾਕਰਣ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ
ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ ਦੇਸ਼ ਵਿੱਚ ਲਗਾਈਆਂ ਜਾਂਦੀਆਂ ਕੋਵਿਡ 19 ਵੈਕਸੀਨੇਸ਼ਨ ਖੁਰਾਕਾਂ ਦੀ ਸੰਪੂਰਨ ਗਿਣਤੀ ਅੱਜ 13.54 ਕਰੋੜ ਨੂੰ ਪਾਰ ਕਰ ਗਈ ਹੈ। ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 19,38,184 ਸੈਸ਼ਨਾਂ ਰਾਹੀਂ ਕੋਵਿਡ-19 ਟੀਕਿਆਂ ਦੀਆਂ ਕੁੱਲ 13,54,78,420 ਖੁਰਾਕਾਂ ਦਿੱਤੀਆਂ ਗਈਆਂ ਹਨ । ਇਨ੍ਹਾਂ ਵਿੱਚ 92,42,364 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 59,04,739 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 1,17,31,959 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 60,77,260 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), 60 ਸਾਲ ਤੋਂ ਵੱਧ ਉਮਰ ਦੇ ਲਾਭਾਰਥੀਆਂ ਨੇ 4,85,34,810 (ਪਹਿਲੀ ਖੁਰਾਕ ) ਅਤੇ 65,21,662 (ਦੂਜੀ ਖੁਰਾਕ), ਅਤੇ 45 ਤੋਂ 60 ਸਾਲ ਤਕ ਉਮਰ ਦੇ ਲਾਭਾਰਥੀ 4,55,64,330 (ਪਹਿਲੀ ਖੁਰਾਕ) ਅਤੇ 19,01,296 (ਦੂਜੀ ਖੁਰਾਕ) ਸ਼ਾਮਲ ਹਨ। ਦੇਸ਼ ਵਿੱਚ ਹੁਣ ਤੱਕ ਦਿੱਤੀਆਂ ਗਈਆਂ ਕੁੱਲ ਖੁਰਾਕਾਂ ਵਿੱਚੋਂ 59.08 ਫੀਸਦੀ ਖੁਰਾਕਾਂ ਅੱਠ ਰਾਜਾਂ ਵਿੱਚ ਦਿੱਤੀਆਂ ਗਈਆਂ ਹਨ। ਹੇਠਾਂ ਦਿੱਤਾ ਗਿਆ ਗ੍ਰਾਫ ਚੋਟੀ ਦੇ 8 ਰਾਜਾਂ ਵਿੱਚ ਹੁਣ ਤੱਕ ਟੀਕਾਕਰਣ ਦੌਰਾਨ ਦਿੱਤੀਆਂ ਗਈਆਂ ਖੁਰਾਕਾਂ ਦੇ ਅੰਕੜੇ ਨੂੰ ਉਜਾਗਰ ਕਰ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ 31 ਲੱਖ ਤੋਂ ਵੱਧ ਟੀਕਾਕਰਣ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ। ਟੀਕਾਰਕਨ ਮੁਹਿੰਮ ਦੇ 97 ਦਿਨ (22 ਅਪ੍ਰੈਲ, 2021) ਨੂੰ 31,47,782 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ ਹਨ ਜਿਸ ਵਿੱਚੋਂ 19,25,873 ਲਾਭਾਰਥੀਆਂ ਨੂੰ ਪਹਿਲੀ ਖੁਰਾਕ ਲਈ 28,683 ਸੈਸ਼ਨਾਂ ਰਾਹੀਂ ਟੀਕਾ ਲਗਾਇਆ ਗਿਆ ਹੈ ਅਤੇ 12,21,909 ਲਾਭਾਰਥੀਆਂ ਨੇ ਟੀਕੇ ਦੀ ਦੂਜੀ ਖੁਰਾਕ ਹਾਸਲ ਕੀਤੀ ਹੈ। ਪਿਛਲੇ 24 ਘੰਟਿਆਂ ਦੌਰਾਨ 3,32,730 ਨਵੇਂ ਕੇਸ ਸਾਹਮਣੇ ਆਏ ਹਨ। ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ, ਕਰਨਾਟਕ, ਕੇਰਲ, ਛੱਤੀਸਗੜ੍ਹ, ਮੱਧ ਪ੍ਰਦੇਸ਼, ਤਮਿਲ ਨਾਡੂ, ਗੁਜਰਾਤ, ਅਤੇ ਰਾਜਸਥਾਨ ਸਮੇਤ ਦਸ ਰਾਜਾਂ ਵਿੱਚ ਕੋਵਿਡ ਦੇ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਇਨ੍ਹਾਂ 10 ਰਾਜਾਂ ਵਿੱਚੋਂ 75.01 ਫੀਸਦੀ ਨਵੇਂ ਕੇਸ ਸਾਹਮਣੇ ਆ ਰਹੇ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਰੋਜ਼ਾਨਾ ਨਵੇਂ 67,013 ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚੋਂ 34,254 ਮਾਮਲੇ ਸਾਹਮਣੇ ਆਏ ਹਨ ਜਦੋਂਕਿ ਕੇਰਲ ਵਿੱਚ 26,995 ਨਵੇਂ ਮਾਮਲੇ ਦਰਜ ਹੋਏ ਹਨ। ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 24,28,616 ਤੇ ਪਹੁੰਚ ਗਈ ਹੈ। ਇਹ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 14.93 ਫੀਸਦੀ ਬਣਦਾ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਚ 1,37,188 ਮਾਮਲਿਆਂ ਦਾ ਸ਼ੁੱਧ ਵਾਧਾ ਦਰਜ ਕੀਤਾ ਗਿਆ ਹੈ। ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਕਰਨਾਟਕ ਅਤੇ ਕੇਰਲ 5 ਅਜਿਹੇ ਰਾਜ ਹਨ ਜਿਹੜੇ ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 59.12 ਫੀਸਦੀ ਦਾ ਯੋਗਦਾਨ ਪਾ ਰਹੇ ਹਨ। ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,36,48,159 ਤੇ ਪੁੱਜ ਗਈ ਹੈ। ਕੌਮੀ ਰਿਕਵਰੀ ਦੀ ਦਰ 83.92 ਫੀਸਦੀ ਦਰਜ ਕੀਤੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ 1,93,279 ਰਿਕਵਰੀ ਦੇ ਮਾਮਲੇ ਰਜਿਸਟਰ ਕੀਤੇ ਗਏ ਹਨ। ਕੌਮੀ ਮੌਤ ਦਰ ਲਗਾਤਾਰ ਘਟ ਰਹੀ ਹੈ ਅਤੇ ਮੌਜੂਦਾ ਸਮੇਂ ਵਿੱਚ 1.15 ਫੀਸਦੀ 'ਤੇ ਖੜੀ ਹੈ। ਪਿਛਲੇ 24 ਘੰਟਿਆਂ ਦੌਰਾਨ 2,263 ਮੌਤਾਂ ਦਰਜ ਕੀਤੀਆਂ ਗਈਆਂ ਹਨ। ਨਵੀਆਂ ਦਰਜ ਮੌਤਾਂ ਵਿੱਚ 10 ਸੂਬਿਆਂ ਵੱਲੋਂ 81.79 ਫੀਸਦੀ ਦਾ ਹਿੱਸਾ ਪਾਇਆ ਜਾ ਰਿਹਾ ਹੈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (568) ਮੌਤਾਂ ਹੋਈਆਂ ਹਨ। ਇਸ ਤੋਂ ਬਾਅਦ ਦਿੱਲੀ ਵਿੱਚ ਰੋਜ਼ਾਨਾ 306 ਮੌਤਾਂ ਦਰਜ ਕੀਤੀਆਂ ਗਈਆਂ ਹਨ।
https://www.pib.gov.in/PressReleasePage.aspx?PRID=1713506
ਪ੍ਰਧਾਨ ਮੰਤਰੀ ਮੋਦੀ ਨੇ ਉੱਚ ਦਬਾਅ ਵਾਲੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੋਵਿਡ-19 ਦੀ ਸਥਿਤੀ ਬਾਰੇ ਮੀਟਿੰਗ ਦੀ ਪ੍ਰਧਾਨਗੀ ਕੀਤੀ, ਆਕਸੀਜਨ ਟੈਂਕਰਾਂ ਦੇ ਟ੍ਰੈਵਲ ਟਾਈਮ ਨੂੰ ਘੱਟ ਕਰਨ ਲਈ ਰੇਲਵੇਜ਼ ਅਤੇ ਏਅਰਫੋਰਸ ਨੂੰ ਤੈਨਾਤ ਕੀਤਾ ਜਾ ਰਿਹਾ ਹੈ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ 11 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਕੋਵਿਡ-19 ਦੀ ਸਥਿਤੀ ਬਾਰੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿੱਥੋਂ ਕਿ ਹਾਲ ਹੀ ਵਿੱਚ ਅਧਿਕਤਮ ਕੋਰੋਨਾ ਮਾਮਲਿਆਂ ਦੀ ਰਿਪੋਰਟ ਮਿਲੀ ਹੈ। ਇਹ ਨੋਟ ਕਰਦੇ ਹੋਏ ਕਿ ਵਾਇਰਸ ਇੱਕੋ ਸਮੇਂ ਕਈ ਰਾਜਾਂ ਦੇ ਨਾਲ ਨਾਲ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ, ਪ੍ਰਧਾਨ ਮੰਤਰੀ ਮੋਦੀ ਨੇ ਸਮੂਹਿਕ ਸ਼ਕਤੀ ਨਾਲ ਮਹਾਮਾਰੀ ਖਿਲਾਫ਼ ਲੜਨ ਲਈ ਮਿਲ-ਜੁਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਭਾਰਤ ਦੀ ਸਫਲਤਾ ਦਾ ਸਭ ਤੋਂ ਵੱਡਾ ਅਧਾਰ ਸਾਡੇ ਸੰਯੁਕਤ ਪ੍ਰਯਤਨ ਅਤੇ ਸੰਯੁਕਤ ਰਣਨੀਤੀ ਸੀ ਅਤੇ ਦੁਹਰਾਇਆ ਕਿ ਮੌਜੂਦਾ ਚੁਣੌਤੀ ਨਾਲ ਵੀ ਸਾਨੂੰ ਉਸੇ ਤਰ੍ਹਾਂ ਹੀ ਨਿਪਟਣਾ ਪਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਰਾਜਾਂ ਨੂੰ ਇਸ ਲੜਾਈ ਵਿੱਚ ਕੇਂਦਰ ਦੇ ਪੂਰੇ ਸਮਰਥਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਿਹਤ ਮੰਤਰਾਲਾ ਵੀ ਰਾਜਾਂ ਦੇ ਸੰਪਰਕ ਵਿੱਚ ਹੈ ਅਤੇ ਸਥਿਤੀ ਉੱਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਸਮੇਂ ਸਮੇਂ ਤੇ ਰਾਜਾਂ ਨੂੰ ਲੋੜੀਂਦੇ ਮਸ਼ਵਰੇ ਜਾਰੀ ਕਰ ਰਿਹਾ ਹੈ। ਆਕਸੀਜਨ ਸਪਲਾਈ ਬਾਰੇ, ਪ੍ਰਧਾਨ ਮੰਤਰੀ ਮੋਦੀ ਨੇ ਰਾਜਾਂ ਦੁਆਰਾ ਉਠਾਏ ਗਏ ਸਵਾਲਾਂ ਦਾ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਆਕਸੀਜਨ ਸਪਲਾਈ ਵਧਾਉਣ ਲਈ ਨਿਰੰਤਰ ਪ੍ਰਯਤਨ ਕੀਤੇ ਜਾ ਰਹੇ ਹਨ। ਸਰਕਾਰ ਦੇ ਸਾਰੇ ਸਬੰਧਿਤ ਵਿਭਾਗ ਅਤੇ ਮੰਤਰਾਲੇ ਵੀ ਮਿਲ ਕੇ ਕੰਮ ਕਰ ਰਹੇ ਹਨ। ਤਤਕਾਲ ਜ਼ਰੂਰਤਾਂ ਪੂਰੀਆਂ ਕਰਨ ਲਈ ਉਦਯੋਗਿਕ ਆਕਸੀਜਨ ਨੂੰ ਵੀ ਇਸੇ ਮਕਸਦ ਲਈ ਵਰਤਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਰਾਜਾਂ ਨੂੰ ਤਾਕੀਦ ਕੀਤੀ ਕਿ ਉਹ ਦਵਾਈਆਂ ਅਤੇ ਆਕਸੀਜਨ ਨਾਲ ਜੁੜੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਨ ਅਤੇ ਤਾਲਮੇਲ ਰੱਖਣ। ਉਨ੍ਹਾਂ ਰਾਜਾਂ ਨੂੰ ਆਕਸੀਜਨ ਅਤੇ ਦਵਾਈਆਂ ਦੀ ਜ਼ਖੀਰੇਬਾਜ਼ੀ ਅਤੇ ਕਾਲਾ-ਬਜ਼ਾਰੀ ਦੀ ਜਾਂਚ ਕਰਨ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਰਾਜ ਇਹ ਸੁਨਿਸ਼ਚਿਤ ਕਰੇ ਕਿ ਕੋਈ ਵੀ ਆਕਸੀਜਨ ਟੈਂਕਰ, ਭਾਵੇਂ ਇਹ ਕਿਸੇ ਵੀ ਰਾਜ ਲਈ ਕਿਉਂ ਨਾ ਹੋਵੇ, ਰੁਕਿਆ ਜਾਂ ਫਸਿਆ ਨਹੀਂ ਰਹਿਣਾ ਚਾਹੀਦਾ। ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਤਾਕੀਦ ਕੀਤੀ ਕਿ ਉਹ ਰਾਜ ਦੇ ਵੱਖ-ਵੱਖ ਹਸਪਤਾਲਾਂ ਵਿੱਚ ਆਕਸੀਜਨ ਪਹੁੰਚਾਉਣ ਲਈ ਇੱਕ ਉੱਚ ਪੱਧਰੀ ਤਾਲਮੇਲ ਕਮੇਟੀ ਦਾ ਗਠਨ ਕਰਨ। ਇਸ ਤਾਲਮੇਲ ਕਮੇਟੀ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਜਿਉਂ ਹੀ ਕੇਂਦਰ ਤੋਂ ਆਕਸੀਜਨ ਦੀ ਅਲਾਟਮੈਂਟ ਹੁੰਦੀ ਹੈ, ਇਹ ਤੁਰੰਤ ਰਾਜ ਦੇ ਵੱਖ-ਵੱਖ ਹਸਪਤਾਲਾਂ ਵਿੱਚ ਲੋੜ ਅਨੁਸਾਰ ਆਕਸੀਜਨ ਉਪਲਬਧ ਕਰਾ ਸਕੇ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨੂੰ ਦੱਸਿਆ ਕਿ ਕੱਲ੍ਹ ਉਨ੍ਹਾਂ ਨੇ ਆਕਸੀਜਨ ਸਪਲਾਈ ਬਾਰੇ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ ਸੀ ਅਤੇ ਆਕਸੀਜਨ ਸਪਲਾਈ ਵਧਾਉਣ ਦੇ ਸਾਰੇ ਵਿਕਲਪਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਅੱਜ ਇੱਕ ਹੋਰ ਮੀਟਿੰਗ ਵਿੱਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਆਕਸੀਜਨ ਟੈਂਕਰਾਂ ਦੇ ਟ੍ਰੈਵਲ ਟਾਈਮ ਅਤੇ ਇਨ੍ਹਾਂ ਨੂੰ ਲੱਦਣ ਤੇ ਉਤਾਰਨ ਦੇ ਸਮੇਂ ਨੂੰ ਘਟਾਉਣ ਲਈ ਸਾਰੇ ਸੰਭਵ ਵਿਕਲਪਾਂ ‘ਤੇ ਕੰਮ ਕਰ ਰਹੀ ਹੈ। ਇਸ ਦੇ ਲਈ, ਰੇਲਵੇ ਨੇ ਆਕਸੀਜਨ ਐਕਸਪ੍ਰੈੱਸ ਦੀ ਸ਼ੁਰੂਆਤ ਕੀਤੀ ਹੈ। ਇੱਕ ਪਾਸੇ ਦੇ ਟ੍ਰੈਵਲ ਟਾਈਮ ਨੂੰ ਘੱਟ ਕਰਨ ਲਈ ਏਅਰ ਫੋਰਸ ਦੁਆਰਾ ਖਾਲੀ ਆਕਸੀਜਨ ਟੈਂਕਰਾਂ ਦੀ ਵੀ ਟ੍ਰਾਂਸਪੋਰਟੇਸ਼ਨ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਸਾਧਨਾਂ ਦੀ ਅੱਪਗ੍ਰੇਡਿੰਗ ਦੇ ਨਾਲ-ਨਾਲ ਸਾਨੂੰ ਟੈਸਟਿੰਗ'ਤੇ ਵੀ ਧਿਆਨ ਦੇਣਾ ਹੋਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਆਪਕ ਪੱਧਰ ਉੱਤੇ ਟੈਸਟਿੰਗ ਹੋਣੀ ਚਾਹੀਦੀ ਹੈ ਤਾਕਿ ਲੋਕਾਂ ਨੂੰ ਇਹ ਸੁਵਿਧਾ ਅਸਾਨੀ ਨਾਲ ਮਿਲ ਸਕੇ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਾਡੇ ਟੀਕਾਕਰਣ ਪ੍ਰੋਗਰਾਮ ਦੀ ਰਫਤਾਰ ਇਸ ਸਥਿਤੀ ਵਿੱਚ ਧੀਮੀ ਨਹੀਂ ਹੋਣੀ ਚਾਹੀਦੀ। ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਟੀਕਾਕਰਣ ਪ੍ਰੋਗਰਾਮ ਚਲਾ ਰਿਹਾ ਹੈ ਅਤੇ ਹੁਣ ਤੱਕ ਭਾਰਤ ਸਰਕਾਰ ਵੱਲੋਂ 13 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਰਾਜਾਂ ਨੂੰ ਮੁਫ਼ਤ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ। ਕੇਂਦਰ ਸਰਕਾਰ ਵੱਲੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ ਅਤੇ ਸਿਹਤ ਦੇਖਭਾਲ਼ ਕਰਮਚਾਰੀਆਂ ਅਤੇ ਫਰੰਟ-ਲਾਈਨ ਵਰਕਰਾਂ ਨੂੰ ਮੁਫ਼ਤ ਵੈਕਸੀਨ ਉਪਲੱਬਧ ਕਰਵਾਉਣ ਲਈ ਚਲਾਈ ਗਈ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ 1 ਮਈ ਤੋਂ ਇਹ ਟੀਕਾ 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਲਈ ਉਪਲਬਧ ਹੋਵੇਗਾ। ਵੱਧ ਤੋਂ ਵੱਧ ਲੋਕਾਂ ਨੂੰ ਟੀਕਾ ਲਗਵਾਉਣ ਲਈ ਸਾਨੂੰ ਮਿਸ਼ਨ ਮੋਡ ਵਿੱਚ ਕੰਮ ਕਰਨ ਦੀ ਵੀ ਜ਼ਰੂਰਤ ਹੋਵੇਗੀ।
https://www.pib.gov.in/PressReleasePage.aspx?PRID=1713553
ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਦੇਸ਼ ਭਰ ਦੇ ਪ੍ਰਮੁੱਖ ਆਕਸੀਜਨ ਨਿਰਮਾਤਾਵਾਂ ਨਾਲ ਗੱਲਬਾਤ ਕੀਤੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਦੇਸ਼ ਭਰ ਦੇ ਪ੍ਰਮੁੱਖ ਆਕਸੀਜਨ ਨਿਰਮਾਤਾਵਾਂ ਨਾਲ ਇੱਕ ਬੈਠਕ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਸਮਾਂ ਨਾ ਸਿਰਫ਼ ਚੁਣੌਤੀਆਂ ਨਾਲ ਨਿਪਟਣ ਦਾ ਹੈ, ਬਲਕਿ ਬਹੁਤ ਘੱਟ ਸਮੇਂ ’ਚ ਹੱਲ ਮੁਹੱਈਆ ਕਰਵਾਉਣ ਦਾ ਵੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਰਕਾਰ ਅਤੇ ਆਕਸੀਜਨ ਉਤਪਾਦਕਾਂ ਵਿਚਾਲੇ ਚੰਗਾ ਤਾਲਮੇਲ ਕਾਇਮ ਰੱਖਣ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਪਿਛਲੇ ਕੁਝ ਹਫ਼ਤਿਆਂ ਦੌਰਾਨ ਉਤਪਾਦਨ ਵਧਾਉਣ ਲਈ ਆਕਸੀਜਨ ਦੇ ਨਿਰਮਾਤਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਤਰਲ ਆਕਸੀਜਨ ਦਾ ਉਤਪਾਦਨ ਵਧਾਉਣ ਲਈ ਕਈ ਕਦਮ ਉਠਾਏ ਗਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀਆਂ ਮੈਡੀਕਲ ਜ਼ਰੂਰਤ ਦੀ ਪੂਰਤੀ ਲਈ ਉਦਯੋਗਿਕ ਆਕਸੀਜਨ ਨੂੰ ਵਰਤਣ ਲਈ ਉਦਯੋਗ ਦਾ ਧੰਨਵਾਦ ਵੀ ਕੀਤਾ। ਸਥਿਤੀ ਵਿੱਚ ਹੋਰ ਸੁਧਾਰ ਲਿਆਉਣ ਲਈ, ਪ੍ਰਧਾਨ ਮੰਤਰੀ ਮੋਦੀ ਨੇ ਆਉਣ ਵਾਲੇ ਦਿਨਾਂ ਵਿੱਚ ਆਕਸੀਜਨ ਦੀ ਮੰਗ ਦੀ ਪੂਰਤੀ ਲਈ ਉਦਯੋਗ ਦੀ ਪੂਰੀ ਸੰਭਾਵਨਾ ਦਾ ਉਪਯੋਗ ਕਰਨ ਦੀ ਗੱਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਇਹ ਨੋਟ ਕੀਤਾ ਕਿ ਆਕਸੀਜਨ ਸਿਲੰਡਰਾਂ ਦੀ ਉਪਲਬਧਤਾ ਵਿੱਚ ਵਾਧਾ ਕਰਨ ਦੇ ਨਾਲ–ਨਾਲ ਆਕਸੀਜਨ ਨੂੰ ਲਿਆਉਣ–ਲਿਜਾਣ ਲਈ ਲੌਜਿਸਟਿਕਸ ਸੁਵਿਧਾਵਾਂ ਅੱਪਗ੍ਰੇਡ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਉਦਯੋਗ ਨੂੰ ਬੇਨਤੀ ਕੀਤੀ ਕਿ ਉਹ ਹੋਰ ਗੈਸਾਂ ਦੀ ਆਵਾਜਾਈ ਲਈ ਵਰਤੇ ਜਾਣ ਵਾਲੇ ਟੈਂਕਰਾਂ ਦੀ ਵਰਤੋਂ ਆਕਸੀਜਨ ਦੀ ਸਪਲਾਈ ਲਈ ਕਰਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਕਸੀਜਨ ਨਾਲ ਸਬੰਧਿਤ ਰਾਜਾਂ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਦਿਆਂ ਸਰਕਾਰ ਰੇਲਵੇਜ਼ ਤੇ ਹਵਾਈ ਫ਼ੌਜ ਦੀ ਪ੍ਰਭਾਵੀ ਤਰੀਕੇ ਵਰਤੋਂ ਕਰ ਰਹੀ ਹੈ, ਤਾਂ ਜੋ ਟੈਂਕਰ ਛੇਤੀ ਤੋਂ ਛੇਤੀ ਉਤਪਾਦਨ ਕੇਂਦਰ ਤੱਕ ਪਹੁੰਚ ਸਕਣ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ, ਰਾਜਾਂ ਅਤੇ ਟ੍ਰਾਂਸਪੋਰਟਰਸ ਤੇ ਸਾਰੇ ਹਸਪਤਾਲਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ। ਜਿੰਨੀ ਬਿਹਤਰ ਇਕਜੁੱਟਤਾ ਤੇ ਤਾਲਮੇਲ ਹੋਣਗੇ, ਇਸ ਚੁਣੌਤੀ ਨਾਲ ਨਿਪਟਣਾ ਓਨਾ ਹੀ ਸੌਖਾ ਹੋਵੇਗਾ। ਆਕਸੀਜਨ ਉਤਪਾਦਕਾਂ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਮੁਕੰਮਲ ਮਦਦ ਦੇਣ ਲਈ ਕਿਹਾ ਤੇ ਆਸ ਪ੍ਰਗਟਾਈ ਕਿ ਦੇਸ਼ ਛੇਤੀ ਹੀ ਇਸ ਸੰਕਟ ਦਾ ਟਾਕਰਾ ਕਰਨ ਵਿੱਚ ਸਫ਼ਲ ਹੋਵੇਗਾ।
https://www.pib.gov.in/PressReleasePage.aspx?PRID=1713590
ਪ੍ਰਧਾਨ ਮੰਤਰੀ ਨੇ ਵਿਰਾਰ ਹਸਪਤਾਲ ਵਿੱਚ ਅੱਗ ਲਗਣ ਨਾਲ ਲੋਕਾਂ ਦੀ ਮੌਤ ‘ਤੇ ਸੋਗ ਪ੍ਰਗਟਾਇਆ, ਅਨੁਗ੍ਰਹਿ ਰਾਸ਼ੀ (ਐਕਸ-ਗ੍ਰੇਸ਼ੀਆ) ਨੂੰ ਪ੍ਰਵਾਨਗੀ ਦਿੱਤੀ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਰਾਰ ਦੇ ਕੋਵਿਡ-19 ਹਸਪਤਾਲ ਵਿੱਚ ਅੱਗ ਲਗਣ ਨਾਲ ਲੋਕਾਂ ਦੀ ਮੌਤ ‘ਤੇ ਸੋਗ ਪ੍ਰਗਟਾਇਆ ਹੈ। ਉਨ੍ਹਾਂ ਨੇ ਜਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਵਿਰਾਰ ਵਿੱਚ ਹਸਪਤਾਲ ਵਿੱਚ ਲਗੀ ਅੱਗ ਵਿੱਚ ਮਾਰੇ ਗਏ ਲੋਕਾਂ ਦੇ ਨਿਕਟ ਸਬੰਧੀਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (ਪੀਐੱਮਐੱਨਆਰਐੱਫ) ਤੋਂ 2-2 ਲੱਖ ਰੁਪਏ ਦੀ ਅਨੁਗ੍ਰਹਿ ਰਾਸ਼ੀ (ਐਕਸ-ਗ੍ਰੇਸ਼ੀਆ) ਪ੍ਰਵਾਨ ਕੀਤੀ ਹੈ। ਗੰਭੀਰ ਰੂਪ ਨਾਲ ਜਖ਼ਮੀ ਲੋਕਾਂ ਨੂੰ 50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ।
https://www.pib.gov.in/PressReleasePage.aspx?PRID=1713504
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਮਈ ਅਤੇ ਜੂਨ 2021 ਵਿਚ ਐਨਐਫਐੱਸਏ ਦੇ ਲਾਭਾਰਥੀਆਂ ਨੂੰ ਵਾਧੂ ਮੁਫਤ ਅਨਾਜ ਵੰਡਿਆ ਜਾਵੇਗਾ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗ਼ਰੀਬਾਂ ਪ੍ਰਤੀ ਵਚਨਬੱਧਤਾ ਦੇ ਅਨੁਸਾਰ, ਭਾਰਤ ਸਰਕਾਰ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 (ਐਨਐੱਫਐੱਸਏ) ਦੇ ਅਧੀਨ ਆਉਣ ਵਾਲੇ ਲਗਭਗ 80 ਕਰੋੜ ਲਾਭਾਰਥੀਆਂ ਨੂੰ ਪ੍ਰਤੀ ਵਿਅਕਤੀ 5 ਕਿਲੋ ਪ੍ਰਤੀ ਮਹੀਨਾ ਮੁਫਤ ਅਨਾਜ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ ਜੋ ਅਗਲੇ ਦੋ ਮਹੀਨਿਆਂ, ਮਈ ਅਤੇ ਜੂਨ 2021 ਲਈ, ਪਹਿਲਾਂ ਵਾਂਗ ਐਨਐਫਐੱਸਏ ਤੋਂ ਵੱਧ ਅਨਾਜ "ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪ੍ਰਧਾਨ ਮੰਤਰੀ-ਜੀਕੇਏਆਈ)" ਦੀ ਤਰਜ ਤੇ ਉਪਲਬਧ ਕਰਾਇਆ ਜਾਵੇਗਾ। ਇਸ ਵਿਸ਼ੇਸ਼ ਯੋਜਨਾ (ਪੀਐੱਮਜੀਕੇਏਵਾਈ) ਦੇ ਤਹਿਤ, ਐਨਐੱਫਐੱਸਏ ਦੀਆਂ ਦੋਵੇਂ ਸ਼੍ਰੇਣੀਆਂ ਜਿਵੇਂ ਕਿ ਅੰਤਯੋਦਿਆ ਅੰਨ ਯੋਜਨਾ (ਏਏਵਾਈ) ਅਤੇ ਤਰਜੀਹੀ ਘਰੇਲੂ ਵਸਨੀਕਾਂ (ਪੀਐੱਚਐੱਚ) ਦੇ ਅਧੀਨ ਆਉਣ ਵਾਲੇ ਲਗਭਗ 80 ਕਰੋੜ ਐਨਐੱਫਐੱਸਏ ਲਾਭਾਰਥੀਆਂ ਨੂੰ ਮੁਫਤ ਅਨਾਜ (ਚਾਵਲ/ਕਣਕ) ਦਾ ਵਾਧੂ ਕੋਟਾ ਦਿੱਤਾ ਜਾਵੇਗਾ, ਜੋ ਐਨਐਫਐਸ ਏ ਅਧੀਨ ਪ੍ਰਤੀ ਵਿਅਕਤੀ 5 ਕਿਲੋਗ੍ਰਾਮ ਪ੍ਰਤੀ ਮਹੀਨਾ ਨਿਯਮਤ ਮਹੀਨਾਵਾਰ ਅਧਿਕਾਰਤ ਕੋਟੇ ਤੋਂ ਵੱਧ ਹੋਵੇਗਾ। ਭਾਰਤ ਸਰਕਾਰ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੇਂਦਰੀ ਸਹਾਇਤਾ ਦੇ ਹਿੱਸੇ ਵਜੋਂ ਅਨਾਜ ਦੀ ਲਾਗਤ, ਅੰਤਰ-ਰਾਜੀ ਢੋਆ ਢੁਆਈ ਆਦਿ ਦੀ ਕੀਮਤ ਦਾ 26,000 ਕਰੋੜ ਰੁਪਏ ਤੋਂ ਵੱਧ ਦਾ ਪੂਰਾ ਖਰਚਾ ਚੁੱਕੇਗੀ।
https://www.pib.gov.in/PressReleasePage.aspx?PRID=1713561
ਭਾਰਤੀ ਹਵਾਈ ਫ਼ੌਜ ਕੋਵਿਡ-19 ਕੇਸਾਂ ਵਿੱਚ ਤਾਜ਼ਾ ਵਾਧੇ ਦੀ ਰੋਕਥਾਮ ਲਈ ਆਕਸੀਜਨ ਕੰਟੇਨਰਾਂ, ਜ਼ਰੂਰੀ ਦਵਾਈਆਂ ਅਤੇ ਹੋਰ ਡਾਕਟਰੀ ਉਪਕਰਣਾਂ ਨੂੰ ਹਵਾਈ ਜਹਾਜ਼ਾਂ ਰਾਹੀਂ ਪਹੁੰਚਾ ਰਹੀ ਹੈ
ਭਾਰਤੀ ਹਵਾਈ ਫ਼ੌਜ (ਆਈਏਐੱਫ) ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਕਸੀਜਨ ਦੇ ਕੰਟੇਨਰਾਂ, ਸਿਲੰਡਰਾਂ, ਜ਼ਰੂਰੀ ਦਵਾਈਆਂ, ਕੋਵਿਡ ਹਸਪਤਾਲਾਂ ਦੀ ਸਥਾਪਨਾ ਅਤੇ ਬਰਕਰਾਰ ਰੱਖਣ ਲਈ ਲੋੜੀਂਦੇ ਉਪਕਰਣਾਂ ਅਤੇ ਕੋਵਿਡ ਵਿੱਚ ਤਾਜ਼ਾ ਵਾਧੇ ਵਿਰੁੱਧ ਲੜਾਈ ਲਈ ਸਹੂਲਤਾਂ ਦੇਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਈਏਐੱਫ ਟਰਾਂਸਪੋਰਟ ਦੇ ਜਹਾਜ਼ਾਂ ਅਤੇ ਹੈਲੀਕਾਪਟਰਾਂ ਨੂੰ ਇਨ੍ਹਾਂ ਕੰਮਾਂ ਲਗਾਇਆ ਗਿਆ ਹੈ। ਇਨ੍ਹਾਂ ਵਿੱਚ ਟਰਾਂਸਪੋਰਟ ਏਅਰਕਰਾਫਟ ਸੀ-17, ਸੀ-130 ਜੇ, ਆਈਐੱਲ-76, ਐੱਨ-32 ਅਤੇ ਐਵਰੋ ਸ਼ਾਮਲ ਹਨ। ਚਿਨੂਕ ਅਤੇ ਐੱਮਆਈ-17 ਹੈਲੀਕਾਪਟਰ ਨੂੰ ਵੀ ਤਿਆਰ ਬਰ ਤਿਆਰ ਰੱਖਿਆ ਗਿਆ ਹੈ। ਕੋਚੀ, ਮੁੰਬਈ, ਵਿਜਾਗ ਅਤੇ ਬੰਗਲੌਰ ਤੋਂ ਦਿੱਲੀ ਦੇ ਵੱਖ-ਵੱਖ ਹਸਪਤਾਲਾਂ ਲਈ ਡਾਕਟਰਾਂ ਅਤੇ ਨਰਸਿੰਗ ਸਟਾਫ ਨੂੰ ਏਅਰਲਿਫਟ ਕੀਤਾ ਗਿਆ ਹੈ। ਭਾਰਤੀ ਹਵਾਈ ਫ਼ੌਜ ਦੇ ਸੀ-17 ਅਤੇ ਆਈਐਲ-76 ਜਹਾਜ਼ਾਂ ਨੇ ਆਕਸੀਜਨ ਦੀ ਵੰਡ ਨੂੰ ਤੇਜ਼ ਕਰਨ ਲਈ ਭਰਾਈ ਵਾਲੇ ਸਟੇਸ਼ਨਾਂ 'ਤੇ ਵੱਡੇ ਖਾਲੀ ਆਕਸੀਜਨ ਟੈਂਕਰਾਂ ਨੂੰ ਪਹੁਚਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ, ਸੀ-17 ਅਤੇ ਆਈਐਲ-76 ਨੇ ਲੇਹ ਵਿਖੇ ਇੱਕ ਵਾਧੂ ਕੋਵਿਡ ਟੈਸਟ ਸਹੂਲਤ ਸਥਾਪਤ ਕਰਨ ਲਈ ਬਾਇਓ ਸੇਫਟੀ ਅਲਮਾਰੀਆਂ ਅਤੇ ਆਟੋਕਲੇਵ ਮਸ਼ੀਨਾਂ ਸਮੇਤ ਭਾਰੀ ਮਾਤਰਾ ਵਿੱਚ ਭਾਰ ਲਿਜਾਇਆ ਗਿਆ ਹੈ। ਆਈਏਐੱਫ ਟ੍ਰਾਂਸਪੋਰਟ ਅਤੇ ਹੈਲੀਕਾਪਟਰ ਨੂੰ ਥੋੜੇ ਨੋਟਿਸ 'ਤੇ ਤੈਨਾਤ ਰਹਿਣ ਲਈ ਤਿਆਰ ਰੱਖਿਆ ਗਿਆ ਹੈ। ਇਹ ਜ਼ਿਕਰਯੋਗ ਹੈ ਕਿ 2020 ਵਿੱਚ ਕੋਵਿਡ-19 ਦੇ ਸ਼ੁਰੂ ਹੋਣ ਦੇ ਪਹਿਲੇ ਦਿਨਾਂ ਵਿੱਚ, ਆਈਏਐੱਫ ਨੇ ਕੋਰੋਨਾ ਵਾਇਰਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਲੋੜੀਂਦੀਆਂ ਦਵਾਈਆਂ, ਮੈਡੀਕਲ ਅਤੇ ਹੋਰ ਜ਼ਰੂਰੀ ਸਮਾਨ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਕਈ ਮੁਹਿੰਮਾਂ ਚਲਾਈਆਂ ਸਨ।
https://www.pib.gov.in/PressReleasePage.aspx?PRID=1713580
ਕੋਵਿਡ-19 ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਏਐਫਐਸਐਸ ਜਰਮਨੀ ਤੋਂ ਆਕਸੀਜਨ ਉਤਪਾਦਨ ਪਲਾਂਟ ਆਯਾਤ ਕਰੇਗੀ
ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਏ.ਐੱਫ.ਐੱਮ.ਐੱਸ.) ਨੇ ਦੇਸ਼ ਭਰ ਵਿਚ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਹਸਪਤਾਲਾਂ ਵਿਚ ਆਕਸੀਜਨ ਦੀ ਘਾਟ ਦੇ ਵਿਚਕਾਰ, ਜਰਮਨੀ ਤੋਂ ਆਕਸੀਜਨ ਉਤਪਾਦਨ ਪਲਾਂਟ ਅਤੇ ਕੰਨਟੇਨਰਾਂ ਦੀ ਦਰਾਮਦ ਕਰਨ ਦਾ ਫੈਸਲਾ ਕੀਤਾ ਹੈ। 23 ਮੋਬਾਈਲ ਆਕਸੀਜਨ ਉਤਪਾਦਨ ਪਲਾਂਟ ਜਰਮਨੀ ਤੋਂ ਹਵਾਈ ਮਾਰਗ ਰਾਹੀਂ ਲਿਆਂਦੇ ਜਾ ਰਹੇ ਹਨ, ਜਿਹੜੇ ਕੋਵਿਡ ਦੇ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਏ.ਐੱਫ.ਐੱਸ. ਹਸਪਤਾਲਾਂ ਵਿੱਚ ਲਗਾਏ ਜਾਣਗੇ। ਹਰੇਕ ਪਲਾਂਟ ਵਿੱਚ ਪ੍ਰਤੀ ਮਿੰਟ 40 ਲੀਟਰ ਆਕਸੀਜਨ ਅਤੇ 2,400 ਲੀਟਰ ਪ੍ਰਤੀ ਘੰਟਾ ਆਕਸੀਜਨ ਪੈਦਾ ਕਰਨ ਦੀ ਸਮਰੱਥਾ ਹੁੰਦੀ ਹੈ। ਇਸ ਦਰ ਨਾਲ, ਇਹ ਪਲਾਂਟ 24 ਘੰਟਿਆਂ ਵਿੱਚ 20 ਤੋਂ 25 ਮਰੀਜ਼ਾਂ ਨੂੰ ਆਕਸੀਜਨ ਪ੍ਰਦਾਨ ਕਰ ਸਕਦਾ ਹੈ। ਪੋਰਟੇਬਲ ਹੋਣ ਕਾਰਨ ਇਨ੍ਹਾਂ ਪਲਾਂਟਾਂ ਦਾ ਫਾਇਦਾ ਇਹ ਹੈ ਕਿ ਇਨ੍ਹਾਂ ਨੂੰ ਆਸਾਨੀ ਨਾਲ ਰੱਖਿਆ ਜਾ ਸਕਦਾ ਹੈ। ਇਨ੍ਹਾਂ ਦੇ ਇਕ ਹਫਤੇ ਦੇ ਅੰਦਰ-ਅੰਦਰ ਭਾਰਤ ਆਉਣ ਦੀ ਉਮੀਦ ਹੈ। ਇਕ ਹੋਰ ਮਹੱਤਵਪੂਰਨ ਫੈਸਲੇ ਤਹਿਤ, ਰੱਖਿਆ ਮੰਤਰਾਲਾ ਨੇ ਡਾਕਟਰੀ ਸੇਵਾਵਾਂ ਵਿੱਚ ਡਾਕਟਰਾਂ ਦੀ ਅਚਾਨਕ ਵੱਧੀ ਲੋੜ ਦੇ ਮੱਦੇਨਜ਼ਰ, ਏਐਫਐਮਐਸ ਵਿੱਚ ਸ਼ਾਰਟ ਸਰਵਿਸ ਕਮਿਸ਼ਨਡ (ਐਸਐਸਸੀ) ਅਧੀਨ ਆਪਣੇ ਸਾਰੇ ਡਾਕਟਰਾਂ ਦੀਆਂ ਸੇਵਾਵਾਂ ਨੂੰ 31 ਦਸੰਬਰ 2021 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਏਐਫਐਮਐਸ ਦੇ ਡਾਕਟਰਾਂ ਦੀ ਗਿਣਤੀ ਵਿਚ 238 ਦਾ ਵਾਧਾ ਕਰੇਗਾ ਅਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰੇਗਾ।
https://www.pib.gov.in/PressReleasePage.aspx?PRID=1713573
ਪੀਆਈਬੀ ਫੀਲਡ ਦਫਤਰਾਂ ਤੋਂ ਮਿਲੇ ਇਨਪੁੱਟਸ
ਮਹਾਰਾਸ਼ਟਰ: ਮੁੰਬਈ ਦੇ ਨਜ਼ਦੀਕ ਵਿਰਾਰ ਦੇ ਇੱਕ ਨਿਜੀ ਕੋਵਿਡ ਹਸਪਤਾਲ ਵਿੱਚ ਲੱਗੀ ਅੱਗ ਵਿੱਚ 13 ਮਰੀਜ਼ਾਂ ਦੀ ਜਾਨ ਚਲੀ ਗਈ। ਮਹਾਰਾਸ਼ਟਰ ਸਰਕਾਰ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਮਹਾਰਾਸ਼ਟਰ ਸਰਕਾਰ ਨੇ ਵਿਰਾਰ ਕਾਂਡ ਵਿੱਚ ਆਪਣੀ ਜਾਨ ਗਵਾਉਣ ਵਾਲਿਆਂ ਦੇ ਨਿਕਟ ਸਬੰਧੀਆਂ ਨੂੰ 5 ਲੱਖ ਰੁਪਏ ਦੀ ਅਨੁਗ੍ਰਹਿ ਰਾਸ਼ੀ (ਐਕਸ-ਗ੍ਰੇਸ਼ੀਆ) ਦੇਣ ਦਾ ਐਲਾਨ ਕੀਤਾ ਹੈ। ਗੰਭੀਰ ਰੂਪ ਨਾਲ ਜ਼ਖਮੀ ਮਰੀਜ਼ਾਂ ਨੂੰ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਇਸ ਘਟਨਾ ਵਿੱਚ ਜਾਨ ਗੁਆ ਚੁੱਕੇ ਲੋਕਾਂ ਦੇ ਨਿਕਟ ਸਬੰਧੀਆਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (ਪੀਐੱਮਐੱਨਆਰਐੱਫ) ਤੋਂ 2-2 ਲੱਖ ਰੁਪਏ ਦੀ ਅਨੁਗ੍ਰਹਿ ਰਾਸ਼ੀ (ਐਕਸ-ਗ੍ਰੇਸ਼ੀਆ) ਪ੍ਰਵਾਨ ਕੀਤੀ ਹੈ। ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਨੂੰ 50,000 ਰੁਪਏ ਦਿੱਤੇ ਜਾਣਗੇ। ਪਿਛਲੇ ਕੁਝ ਦਿਨਾਂ ਤੋਂ, ਮੁੰਬਈ ਅਤੇ ਮਹਾਰਾਸ਼ਟਰ ਵਿੱਚ ਨਵੇਂ ਕੋਵਿਡ ਕੇਸ ਸਥਿਰ ਹਨ ਜਾਂ ਥੋੜੇ ਘੱਟ ਹੋ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਹਫਤਿਆਂ ਵਿੱਚ ਹੋਰ ਗਿਰਾਵਟ ਦੇਖੀ ਜਾ ਸਕਦੀ ਹੈ। ਦੋ ਹਫ਼ਤੇ ਪਹਿਲਾਂ ਮੁੰਬਈ ਵਿੱਚ ਕੋਵਿਡ-19 ਦੇ 10 ਹਜ਼ਾਰ ਤੋਂ ਵੱਧ ਮਰੀਜ਼ ਰਜਿਸਟਰਡ ਹੋਏ ਸਨ। ਪਿਛਲੇ ਦਿਨਾਂ ਵਿੱਚ ਮੁੰਬਈ ਵਿੱਚ ਤਕਰੀਬਨ 7 ਹਜ਼ਾਰ ਨਵੇਂ ਮਰੀਜ਼ਾਂ ਦਾ ਟੈਸਟ ਪਾਜ਼ੀਟਿਵ ਆ ਰਿਹਾ ਹੈ। ਨਵੇਂ ਮਰੀਜ਼ਾਂ ਦੇ ਮੁਕਾਬਲੇ ਜ਼ਿਆਦਾ ਗਿਣਤੀ ਵਿੱਚ ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਰਹੀ ਹੈ।
ਗੁਜਰਾਤ: ਗੁਜਰਾਤ ਵਿੱਚ ਕੋਵਿਡ ਬੈੱਡਾਂ ਦੀ ਸੰਖਿਆ 15 ਮਾਰਚ ਨੂੰ 42,000 ਤੋਂ ਵੱਧ ਕੇ ਹੁਣ ਤੱਕ 90,000 ਹੋ ਗਈ ਹੈ। ਮੁੱਖ ਮੰਤਰੀ ਵਿਜੇ ਰੁਪਾਣੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੌਰਾਨ ਰਾਜ ਵਿੱਚ ਕੋਵਿਡ ਦਾ ਮੁਕਾਬਲਾ ਕਰਨ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੰਦਿਆਂ, ਪ੍ਰਧਾਨ ਮੰਤਰੀ ਮੋਦੀ ਨੂੰ ਇਹ ਜਾਣਕਾਰੀ ਦਿੱਤੀ। ਵੀਰਵਾਰ ਨੂੰ ਗੁਜਰਾਤ ਵਿੱਚ ਕੋਰੋਨਾ ਦੇ 13105 ਨਵੇਂ ਕੇਸ ਅਤੇ 137 ਮੌਤਾਂ ਰਿਪੋਰਟ ਹੋਈਆਂ। ਐਕਟਿਵ ਕੇਸ 92,084 ਹਨ। ਹੁਣ ਤੱਕ ਕੋਰੋਨਾ ਤੋਂ 5,877 ਦੀ ਮੌਤ ਹੋ ਚੁੱਕੀ ਹੈ। ਕੁੱਲ ਟੀਕਾਕਰਣ 1,08,59,073 ਹੋ ਗਿਆ ਹੈ। ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।
ਮੱਧ ਪ੍ਰਦੇਸ਼: ਮੁੱਖ ਮੰਤਰੀ ਨੇ ਸ਼ਹਿਰੀ ਸਥਾਨਕ ਸੰਸਥਾਵਾਂ ਨਾਲ ਇੱਕ ਵੀਡੀਓ ਕਾਨਫਰੰਸ ਵਿੱਚ ਐਲਾਨ ਕੀਤਾ ਕਿ ਮੱਧ ਪ੍ਰਦੇਸ਼ ਵਿੱਚ ਸਟਰੀਟ ਵਿਕਰੇਤਾਵਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ 1000 ਰੁਪਏ ਦੀ ਸਹਾਇਤਾ ਮਿਲੇਗੀ। ਉਨ੍ਹਾਂ ਇਹ ਵੀ ਸਪਸ਼ਟ ਕਰ ਦਿੱਤਾ ਕਿ ‘ਰੇਮਡੇਸੀਵਿਰ’ ਦੀ ਕਾਲਾਬਜ਼ਾਰੀ ਕਰਨ ਵਾਲੇ ਲੋਕਾਂ ਖ਼ਿਲਾਫ਼ ਐੱਨਐੱਸਏ ਤਹਿਤ ਕਾਰਵਾਈ ਕੀਤੀ ਜਾਵੇਗੀ। ਰਾਜ ਸਰਕਾਰ ਹੋਮ ਆਈਸੋਲੇਸ਼ਨ ਵਾਲੇ 55,506 ਮਰੀਜ਼ਾਂ ਲਈ, ਔਨਲਾਈਨ ‘ਯੋਗਾ ਕਲਾਸਾਂ’ ਦੀ ਪਹੁੰਚ ਵੀ ਮੁਹੱਈਆ ਕਰਵਾਏਗੀ। ਹਰੇਕ 50 ਮਰੀਜ਼ਾਂ ਲਈ ਇਕ ਯੋਗਾ ਅਧਿਆਪਕ ਨਿਯੁਕਤ ਕੀਤਾ ਜਾਵੇਗਾ। ਇਹ ਕਲਾਸਾਂ ਸ਼ੁੱਕਰਵਾਰ ਤੋਂ ਸ਼ੁਰੂ ਹੋਣਗੀਆਂ। ਰਾਜ ਸਿਹਤ ਕਮਿਸ਼ਨਰ ਦੇ ਦਫ਼ਤਰ ਨੇ ਇਸ ਸਬੰਧ ਵਿੱਚ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਮੱਧ ਪ੍ਰਦੇਸ਼ ਵਿੱਚ 13107 ਨਵੇਂ ਕੇਸ ਅਤੇ 75 ਮੌਤਾਂ ਰਿਪੋਰਟ ਹੋਈਆਂ; ਭੋਪਾਲ ਵਿੱਚ ਵੀਰਵਾਰ ਨੂੰ 1753 ਨਵੇਂ ਸੰਕਰਮਿਤ ਮਰੀਜ਼ ਸਨ।
ਛੱਤੀਸਗੜ੍ਹ: ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਇੱਕ ਵੀਡੀਓ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਰੇਮਡੇਸਿਵਿਰ ਅਤੇ ਹੋਰ ਜਾਨ ਬਚਾਉਣ ਵਾਲੀਆਂ ਦਵਾਈਆਂ ਦੇ ਉਤਪਾਦਕਾਂ ਨੂੰ ਨਿਰਮਾਣ ਵਾਲੇ ਰਾਜ ਦੀਆਂ ਜ਼ਰੂਰਤਾਂ ਦੀ ਪੂਰਤੀ ਤੋਂ ਬਾਅਦ ਉਨ੍ਹਾਂ ਨੂੰ ਦੂਜੇ ਰਾਜਾਂ ਵਿੱਚ ਪਹਿਲ ਦੇ ਆਧਾਰ ‘ਤੇ ਉਪਲਬਧ ਕਰਵਾਉਣਾ ਚਾਹੀਦਾ ਹੈ, ਉਸੇ ਤਰ੍ਹਾਂ ਜਿਵੇਂ ਕਿ ਆਕਸੀਜਨ ਪੈਦਾ ਕਰਨ ਵਾਲੇ ਰਾਜਾਂ ਵਿੱਚ ਹੁੰਦਾ ਹੈ ਕਿ ਅਜਿਹੇ ਰਾਜ ਆਪਣੀ ਲੋੜ ਤੋਂ ਬਾਅਦ ਵਾਧੂ ਆਕਸੀਜਨ ਦੂਸਰੇ ਰਾਜਾਂ ਨੂੰ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਇਸ ਦੇ ਲਈ ਭਾਰਤ ਸਰਕਾਰ ਦੁਆਰਾ ਇੱਕ ਗਾਈਡਲਾਈਨ ਜਾਰੀ ਕੀਤੀ ਜਾਣੀ ਚਾਹੀਦੀ ਹੈ। ਰਾਜ ਦੀ 18 ਪ੍ਰਤੀਸ਼ਤ ਅਬਾਦੀ ਨੂੰ ਟੀਕਾਕਰਣ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। 90 ਪ੍ਰਤੀਸ਼ਤ ਸਿਹਤ ਕਰਮਚਾਰੀਆਂ, 84 ਪ੍ਰਤੀਸ਼ਤ ਫਰੰਟਲਾਈਨ ਵਰਕਰਾਂ ਅਤੇ 45 ਸਾਲ ਤੋਂ ਵੱਧ ਉਮਰ ਦੇ 69 ਪ੍ਰਤੀਸ਼ਤ ਲੋਕਾਂ ਨੂੰ ਕੋਰੋਨਾ ਦੀ ਰੋਕਥਾਮ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ।
ਰਾਜਸਥਾਨ: ਰਾਜ ਸਰਕਾਰ ਹੁਣ ਕੇਂਦਰ ਨੂੰ ਸਪਲਾਈ ਵਧਾਉਣ ਲਈ ਬੇਨਤੀ ਕਰ ਰਹੀ ਹੈ ਕਿਉਂਕਿ ਪਿਛਲੇ ਸੱਤ ਦਿਨਾਂ ਤੋਂ ਐਕਟਿਵ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਜਦੋਂ ਕਿ ਰਾਜ ਵਿੱਚ 25 ਅਪ੍ਰੈਲ ਨੂੰ 1 ਲੱਖ ਐਕਟਿਵ ਮਾਮਲੇ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਸੀ, ਸਿਹਤ ਵਿਭਾਗ ਦੇ ਅਨੁਮਾਨ ਤੋਂ ਤਿੰਨ ਦਿਨ ਪਹਿਲਾਂ 22 ਅਪ੍ਰੈਲ ਨੂੰ ਹੀ ਇਹ ਭਿਆਨਕ ਅੰਕੜਾ ਪਾਰ ਹੋ ਗਿਆ ਸੀ। ਰੋਜ਼ਾਨਾ ਨਵੇਂ ਸੰਕ੍ਰਮਣ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋਣ ਦੇ ਕਾਰਨ, ਵੀਰਵਾਰ ਨੂੰ ਕੁੱਲ ਐਕਟਿਵ ਕੇਸ 1,07,157 ਹੋ ਗਏ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀਰਵਾਰ ਨੂੰ ਕੇਂਦਰੀ ਕੈਬਨਿਟ ਸਕੱਤਰ ਰਾਜੀਵ ਗੌਬਾ ਨਾਲ ਰਾਜ ਵਿੱਚ ਆਕਸੀਜਨ ਸਪਲਾਈ ਦੀ ਕਮੀ ਬਾਰੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਨਿਰਵਿਘਨ ਵਹਾਅ ਯਕੀਨੀ ਬਣਾਉਣ ਦੀ ਅਪੀਲ ਕੀਤੀ।
ਗੋਆ: ਗੋਆ ਸਰਕਾਰ ਨੇ ਅੱਜ ਇੱਕ ਆਦੇਸ਼ ਜਾਰੀ ਕਰਕੇ, ਕੋਵਿਡ ਮਰੀਜ਼ਾਂ ਦੇ ਇਲਾਜ ਲਈ ਆਈਸੀਯੂ ਸੁਵਿਧਾਵਾਂ ਵਾਲੇ ਨਿਜੀ ਹਸਪਤਾਲਾਂ ਲਈ ਸਤੰਬਰ 2020 ਵਿੱਚ ਨਿਰਧਾਰਿਤ ਕੀਤੀ ਗਈ ਦਰਾਂ ਦੀ ਉਪਰਲੀ ਹੱਦ ਨੂੰ 20% ਘਟਾ ਦਿੱਤਾ ਹੈ। ਰਾਜ ਸਰਕਾਰ ਕੋਰੋਨਾ ਵਾਇਰਸ ਦੇ ਵਿਰੁੱਧ, 18 ਤੋਂ 45 ਸਾਲ ਦੀ ਉਮਰ ਵਰਗ ਦੇ ਲੋਕਾਂ ਦੇ ਟੀਕਾਕਰਣ ਲਈ 60 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ 'ਕੋਵੀਸ਼ੀਲਡ' ਟੀਕੇ ਦੀਆਂ 15 ਲੱਖ ਤੋਂ ਵੱਧ ਖੁਰਾਕਾਂ ਦੀ ਖਰੀਦ ਕਰੇਗੀ। ਸਰਕਾਰ ਨੇ ਕੇਂਦਰ ਦੁਆਰਾ ਘੋਸ਼ਿਤ ਕੀਮਤ ‘ਤੇ, ਸੀਰਮ ਇੰਸਟੀਚਿਊਟ ਆਫ ਇੰਡੀਆ, ਪੁਣੇ ਤੋਂ ਸ਼ੁਰੂ ਵਿੱਚ ਕੋਵੀਸ਼ੀਲਡ ਦੀਆਂ ਪੰਜ ਲੱਖ ਖੁਰਾਕਾਂ ਖਰੀਦਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਭਾਰਤ ਸਰਕਾਰ ਨੇ ਗੋਆ ਨੂੰ ਕੱਲ੍ਹ ਕੋਲ੍ਹਾਪੁਰ ਵਿਖੇ ਤਰਲ ਮੈਡੀਕਲ ਆਕਸੀਜਨ ਦਾ ਨਿਰਮਾਣ ਕਰਨ ਵਾਲੇ ਪਲਾਂਟ ਤੋਂ ਰੋਜ਼ਾਨਾ ਆਕਸੀਜਨ ਦੀ ਸਪਲਾਈ ਦੇ ਕੁਝ ਪੱਧਰਾਂ ਲਈ ਸੋਧ ਕੀਤੀ ਗਈ ਆਪਣੀ ਵੰਡ ਯੋਜਨਾ ਵਿੱਚ ਸ਼ਾਮਲ ਕੀਤਾ ਹੈ।
ਕੇਰਲ: ਦਿਨ-ਬ-ਦਿਨ ਵਧ ਰਹੇ ਕੋਵਿਡ-19 ਕੇਸਾਂ ਦੇ ਮੱਦੇਨਜ਼ਰ ਨਾਗਰਿਕ ਜੀਵਨ 'ਤੇ ਲਗਾਮ ਕੱਸਣ ਲਈ ਕੇਰਲ ਵਿੱਚ ਕੱਲ੍ਹ ਤੋਂ ਹਫਤਾਵਾਰੀ ਲੌਕਡਾਊਨ ਸ਼ੁਰੂ ਕੀਤੀ ਜਾਵੇਗੀ। ਸਾਰੇ ਜਨਤਕ ਅਤੇ ਪ੍ਰਾਈਵੇਟ ਦਫ਼ਤਰ ਅਤੇ ਵਪਾਰਕ ਅਦਾਰੇ, ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਤੋਂ ਇਲਾਵਾ, ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਰਹਿਣਗੇ। ਰਾਤ ਦਾ ਕਰਫਿਊ ਜਾਰੀ ਰਹੇਗਾ। ਰਮਜ਼ਾਨ ਦਾ ਵਰਤ ਰੱਖਣ ਵਾਲਿਆਂ ਲਈ ਖਾਣਾ ਸੁਨਿਸ਼ਚਿਤ ਕਰਨ ਲਈ ਪ੍ਰਬੰਧ ਕੀਤੇ ਜਾਣਗੇ। ਰਾਜ ਵਿੱਚ ਟੀਕੇ ਦੀਆਂ ਸਾਢੇ ਛੇ ਲੱਖ ਹੋਰ ਖੁਰਾਕਾਂ ਪਹੁੰਚ ਗਈਆਂ ਹਨ। ਟੀਕਾਕਰਣ ਕੈਂਪ ਅੱਜ ਦੁਬਾਰਾ ਸ਼ੁਰੂ ਹੋ ਗਏ ਹਨ। ਵਿੱਤ ਮੰਤਰੀ ਥਾਮਸ ਇਸਾਕ ਨੇ ਕਿਹਾ ਕਿ ਰਾਜ ਸਰਕਾਰ ਕੋਵਿਡ ਟੀਕਾ ਮੁਫਤ ਮੁਹੱਈਆ ਕਰਵਾਏਗੀ। ਮੁੱਖ ਮੰਤਰੀ ਪਿਨਾਰਯੀ ਵਿਜੈਯਨ ਨੇ ਅੱਜ ਦੁਪਹਿਰ ਪ੍ਰਧਾਨ ਮੰਤਰੀ ਨਾਲ ਵੀਡੀਓ ਕਾਨਫ਼ਰੰਸ ਦੌਰਾਨ ਰਾਜ ਲਈ ਹੋਰ ਟੀਕਿਆਂ ਦੀ ਮੰਗ ਕਰਦਿਆਂ ਰਾਜਾਂ ਨੂੰ ਟੀਕੇ ਮੁਫਤ ਦੇਣ ਦੀ ਅਪੀਲ ਕੀਤੀ। ਇਸ ਦੌਰਾਨ, 38,318 ਹੋਰ ਲੋਕਾਂ ਨੇ ਅੱਜ ਟੀਕੇ ਦੀ ਪਹਿਲੀ ਖੁਰਾਕ ਅਤੇ 31,607 ਲੋਕਾਂ ਨੇ ਦੂਸਰੀ ਖੁਰਾਕ ਪ੍ਰਾਪਤ ਕੀਤੀ। ਕੇਰਲ ਵਿੱਚ ਵੀਰਵਾਰ ਨੂੰ ਇੱਕ ਦਿਨ ਦੇ ਸਭ ਤੋਂ ਵੱਧ 26,995 ਕੋਵਿਡ-19 ਕੇਸ ਦਰਜ ਕੀਤੇ ਗਏ, ਜਿਸ ਨਾਲ ਕੇਸਲੋਡ 13,22,054 ਹੋ ਗਿਆ। ਐਕਟਿਵ ਕੇਸ 19.97% ਦੀ ਟੀਪੀਆਰ ਦੇ ਨਾਲ 1,56,226 ਹੋ ਗਏ।
ਤਮਿਲ ਨਾਡੂ: ਤਮਿਲ ਨਾਡੂ ਦੇ ਮੁੱਖ ਮੰਤਰੀ ਐਡਪੱਡੀ ਕੇ ਪਲਾਨੀਸਵਾਮੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚੇਨਈ ਦੇ ਨੇੜੇ ਚੇਂਗੱਲਪੱਟੂ ਵਿਖੇ ਏਕੀਕ੍ਰਿਤ ਟੀਕਾਕਰਣ ਕੰਪਲੈਕਸ ਦੀ ਤੇਜ਼ੀ ਨਾਲ ਤਿਆਰੀ ਕਰਨ ਤੋਂ ਇਲਾਵਾ, ਅਗਲੇ ਦਸ ਦਿਨਾਂ ਲਈ ਨਿਸ਼ਚਿਤ ਸਟਾਕ ਨੂੰ ਯਕੀਨੀ ਬਣਾਉਣ ਲਈ ਕੋਵਿਡ ਟੀਕਿਆਂ ਦੀਆਂ 20 ਲੱਖ ਖੁਰਾਕਾਂ ਦੀ ਸਪਲਾਈ ਕਰਨ ਦੀ ਅਪੀਲ ਕੀਤੀ। ਤਮਿਲ ਨਾਡੂ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਉਹ 1 ਮਈ ਤੋਂ, ਜਦੋਂ ਕਿ 18 ਸਾਲ ਤੋਂ ਉਪਰ ਦੇ ਲੋਕਾਂ ਨੂੰ ਕਵਰ ਕਰਨ ਲਈ ਟੀਕਾ ਮੁਹਿੰਮ ਦਾ ਅਗਲਾ ਪੜਾਅ ਸ਼ੁਰੂ ਹੋਵੇਗਾ, ਸਾਰਿਆਂ ਨੂੰ ਮੁਫਤ ਕੋਵਿਡ-19 ਟੀਕਾਕਰਣ ਮੁਹੱਈਆ ਕਰਵਾਏਗੀ। 20 ਅਪ੍ਰੈਲ ਤੱਕ ਰਾਜ ਨੂੰ ਮਿਲੀਆਂ 61.85 ਲੱਖ ਟੀਕਾ ਖੁਰਾਕਾਂ ਵਿਚੋਂ 49.23 ਲੱਖ ਖੁਰਾਕਾਂ ਬੁੱਧਵਾਰ ਤੱਕ ਦਿੱਤੀਆਂ ਜਾ ਚੁੱਕੀਆਂ ਹਨ।
ਕਰਨਾਟਕ: ਨਵੇਂ ਕੇਸ ਰਿਪੋਰਟ ਹੋਏ: 25795; ਕੁੱਲ ਐਕਟਿਵ ਮਾਮਲੇ: 196236; ਕੋਵਿਡ ਕਾਰਨ ਨਵੀਂਆਂ ਮੌਤਾਂ: 123; ਕੁੱਲ ਕੋਵਿਡ ਮੌਤਾਂ ਦੀ ਸੰਖਿਆ: 13885 ਹੈ। ਕੱਲ੍ਹ ਤਕਰੀਬਨ 88,363 ਲੋਕਾਂ ਨੂੰ ਟੀਕੇ ਲਗਾਏ ਗਏ ਅਤੇ ਰਾਜ ਵਿੱਚ ਹੁਣ ਤੱਕ ਕੁੱਲ 76,41,817 ਟੀਕੇ ਲਗਾਏ ਜਾ ਚੁੱਕੇ ਹਨ। ਰਾਜ ਸਰਕਾਰ ਨੇ ਕੋਰੋਨਾ ਦੀ ਲਾਗ ਦੇ ਮੱਦੇਨਜ਼ਰ ਵੀਰਵਾਰ ਨੂੰ ਅਚਾਨਕ ਲੌਕਡਾਊਨ ਲਗਾ ਦਿੱਤਾ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਕੇ ਸੁਧਾਕਰ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਕੋਰੋਨਾ ਦੀ ਦੂਸਰੀ ਲਹਿਰ ਨੇ ਲਾਗ ਦੇ ਫੈਲਾਅ ਨੂੰ ਤੇਜ਼ ਕਰ ਦਿੱਤਾ ਹੈ ਅਤੇ ਸ਼ਹਿਰ ਵਿੱਚ ਇੱਕ ਸਿਹਤ ਐਮਰਜੈਂਸੀ ਦੀ ਸਥਿਤੀ ਪੈਦਾ ਹੋ ਗਈ ਹੈ। ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਡੀ ਵੀ ਸਦਾਨੰਦ ਗੌੜਾ ਨੇ ਵੀਰਵਾਰ ਨੂੰ ਇੱਕ ਟਵੀਟ ਵਿੱਚ ਜਾਣਕਾਰੀ ਸਾਂਝੀ ਕੀਤੀ ਕਿ ਕਰਨਾਟਕ ਨੂੰ ਰੇਮਡੇਸਿਵਿਰ ਦੀਆਂ 25 ਹਜ਼ਾਰ ਹੋਰ ਸ਼ੀਸ਼ੀਆਂ ਦੀ ਸਪਲਾਈ ਕੀਤੀ ਗਈ ਹੈ ਅਤੇ ਇਸ ਦੀ ਵਰਤੋਂ 30 ਅਪ੍ਰੈਲ ਤੱਕ ਰਾਜ ਵਿੱਚ ਸੰਕਰਮਿਤ ਲੋਕਾਂ ਦੇ ਇਲਾਜ ਲਈ ਕੀਤੀ ਜਾਏਗੀ। ਮੁੱਖ ਮੰਤਰੀ ਬੀਐੱਸ ਯੇਦੀਯੂਰੱਪਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਇਸ ਪਿਛੋਕੜ ਵਿੱਚ ਇੱਕ ਕਰੋੜ ਟੀਕੇ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਆਂਧਰ ਪ੍ਰਦੇਸ਼: ਆਂਧਰ ਪ੍ਰਦੇਸ਼ ਵਿੱਚ 41,871 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ 10,759 ਨਵੇਂ ਮਾਮਲੇ ਸਾਹਮਣੇ ਆਏ, ਅਤੇ 31 ਮੌਤਾਂ ਦਰਜ ਹੋਈਆਂ, ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 3992 ਨੂੰ ਛੁੱਟੀ ਮਿਲੀ। ਕੁੱਲ ਕੇਸ: 9,97,462; ਐਕਟਿਵ ਕੇਸ: 66,944; ਡਿਸਚਾਰਜ: 9,22,977; ਮੌਤਾਂ ਦੀ ਸੰਖਿਆ: 7541 ਹੈ। ਵੀਰਵਾਰ ਤੱਕ ਰਾਜ ਵਿੱਚ ਕੋਵਿਡ ਟੀਕੇ ਦੀਆਂ ਕੁੱਲ 53,30,080 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਰਾਜ ਦੇ ਸਿਹਤ ਪ੍ਰਸ਼ਾਸਨ ਨੇ ਜ਼ਿਲ੍ਹਿਆਂ ਵਿੱਚ ਟੀਕੇ ਦੀਆਂ ਕੁੱਲ ਛੇ ਲੱਖ ਖੁਰਾਕਾਂ ਭੇਜੀਆਂ ਹਨ। ਇਸ ਦੌਰਾਨ ਰਾਜ ਦੇ ਉਦਯੋਗ ਮੰਤਰੀ ਐੱਮ ਗੌਤਮ ਰੈਡੀ ਨੇ ਵੀਰਵਾਰ ਨੂੰ ਕਿਹਾ ਕਿ ਰਾਜ ਵਿੱਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ। ਮੰਤਰੀ ਦੇ ਅਨੁਸਾਰ, ਰਾਜ ਦੀਆਂ 40 ਕੰਪਨੀਆਂ ਵਿੱਚ 510 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਪੈਦਾ ਹੁੰਦੀ ਹੈ, ਅਤੇ ਵਿਸ਼ੇਸ਼ ਅਧਿਕਾਰੀਆਂ ਨੂੰ ਆਕਸੀਜਨ ਸਪਲਾਈ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਤੇਲੰਗਾਨਾ: ਰਾਜ ਦੇ ਸਾਰੇ ਵਰਗਾਂ ਦੇ ਕੁੱਲ 1,86,457 ਲੋਕਾਂ ਨੇ ਕੱਲ੍ਹ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਅਤੇ 24,787 ਨੇ ਦੂਸਰੀ ਖੁਰਾਕ ਪ੍ਰਾਪਤ ਕੀਤੀ। ਇਸ ਦੌਰਾਨ ਰਾਜ ਵਿੱਚ ਕੱਲ੍ਹ 6,206 ਨਵੇਂ ਰੋਜ਼ਾਨਾ ਕੋਵਿਡ ਕੇਸ ਦਰਜ ਕੀਤੇ ਗਏ ਅਤੇ 29 ਮੌਤਾਂ ਹੋਈਆਂ, ਜਿਨ੍ਹਾਂ ਨਾਲ ਰਾਜ ਦੇ ਪਾਜ਼ਿਟਿਵ ਮਾਮਲਿਆਂ ਦੀ ਸੰਖਿਆ ਵਧ ਕੇ 3,79,494 ਹੋ ਗਈ ਹੈ ਅਤੇ ਮੌਤਾਂ ਦੀ ਸੰਖਿਆ 1928 ਹੋ ਗਈ ਹੈ। 22 ਅਪ੍ਰੈਲ ਤੱਕ ਰਾਜ ਭਰ ਵਿੱਚ 495 ਐਕਟਿਵ ਮਾਈਕਰੋ ਕੰਟੇਨਮੈਂਟ ਜ਼ੋਨ ਹਨ, ਜ਼ਿਆਦਾਤਰ (63) ਗ੍ਰੇਟਰ ਹੈਦਰਾਬਾਦ ਮਿਊਂਸਿਪਲ ਕਾਰਪੋਰੇਸ਼ਨ ਖੇਤਰ ਵਿੱਚ ਹਨ। ਵੱਡੀ ਗਿਣਤੀ ਵਿੱਚ ਨੌਜਵਾਨ ਰਾਜ ਵਿੱਚ ਕੋਰੋਨਾ ਵਾਇਰਸ ਤੋਂ ਸੰਕਰਮਿਤ ਹੋ ਰਹੇ ਹਨ ਅਤੇ ਇਸ ਮਹੀਨੇ ਦੀ ਪਹਿਲੀ ਤਰੀਕ ਤੋਂ ਬਾਅਦ ਰਿਪੋਰਟ ਕੀਤੇ ਗਏ ਕੋਵਿਡ ਪਾਜ਼ੀਟਿਵ ਕੇਸਾਂ ਦਾ 56 ਪ੍ਰਤੀਸ਼ਤ ਕੇਸ 40 ਸਾਲ ਤੋਂ ਘੱਟ ਉਮਰ ਦੇ ਹਨ।
ਅਸਾਮ: ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਵੀਰਵਾਰ ਨੂੰ ਰਾਜ ਵਿੱਚ ਕੋਵਿਡ-19 ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਇੱਕ ਸਰਬ ਪਾਰਟੀ ਬੈਠਕ ਕੀਤੀ ਅਤੇ ਰਾਜਨੀਤਿਕ ਪਾਰਟੀਆਂ ਨੂੰ ਮਹਾਮਾਰੀ ਵਿਰੁੱਧ ਇੱਕਜੁਟ ਹੋ ਕੇ ਲੜਾਈ ਲੜਨ ਦੀ ਅਪੀਲ ਕੀਤੀ। ਸਿਹਤ ਮੰਤਰੀ ਸ੍ਰੀ ਹਿਮੰਤ ਬਿਸ਼ਵ ਸ਼ਰਮਾ ਨੇ ਕਿਹਾ ਕਿ ਡਿਬਰੂਗੜ ਹਵਾਈ ਅੱਡੇ 'ਤੇ ਇੱਕ ਹਵਾਈ ਯਾਤਰੀ ਵਿੱਚ ਦੋਹਰੇ-ਪਰਿਵਰਤਨਸ਼ੀਲ ਕੋਵਿਡ-19 ਰੂਪ ਦੀ ਖੋਜ ਕੀਤੀ ਗਈ ਹੈ।
ਮਣੀਪੁਰ: ਮਣੀਪੁਰ ਵਿੱਚ ਵੀਰਵਾਰ ਨੂੰ ਦਰਜ ਹੋਏ 86 ਨਵੇਂ ਕੋਵਿਡ-19 ਪਾਜ਼ਿਟਿਵ ਮਾਮਲਿਆਂ ਦੇ ਨਾਲ, ਮਣੀਪੁਰ ਵਿੱਚ ਕੋਵਿਡ-19 ਮਾਮਲਿਆਂ ਦੀ ਸੰਖਿਆ, 30000 ਦਾ ਅੰਕੜਾ ਪਾਰ ਕਰ ਗਈ। ਮਣੀਪੁਰ ਵਿੱਚ ਕੋਵਿਡ-19 ਦੇ ਟੀਕੇ ਲਗਾਏ ਗਏ ਲੋਕਾਂ ਦੀ ਗਿਣਤੀ 1,18,215 ਤੱਕ ਪਹੁੰਚ ਗਈ। ਇੰਫਾਲ ਘਾਟੀ ਦੇ 26 ਹੋਰ ਖੇਤਰਾਂ ਨੂੰ ਕੋਵਿਡ-19 ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਇੰਫਾਲ ਈਸਟ ਵਿੱਚ ਪੰਜ ਅਤੇ ਇੰਫਾਲ ਵੈਸਟ ਵਿੱਚ 21 ਖੇਤਰਾਂ ਨੂੰ ਕੋਵਿਡ-19 ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ।
ਮੇਘਾਲਿਆ: ਰਾਜ ਵਿੱਚ ਵੀਰਵਾਰ ਨੂੰ 180 ਤਾਜ਼ਾ ਕੋਵਿਡ-19 ਕੇਸ ਦਰਜ ਕੀਤੇ ਗਏ, ਜਿਨ੍ਹਾਂ ਨਾਲ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 1,131 ਹੋ ਗਈ ਹੈ। ਰਾਜ ਵਿੱਚ ਬੁੱਧਵਾਰ ਨੂੰ 68 ਮਰੀਜ਼ ਰਿਕਵਰ ਹੋਏ ਵੀ ਦਰਜ ਕੀਤੇ ਗਏ। ਸਿਹਤ ਮੰਤਰੀ, ਏ ਐੱਲ ਹੇਕ ਨੇ ਵੀਰਵਾਰ ਨੂੰ ਕਿਹਾ ਕਿ ਰਾਜ ਕੋਲ ਅਗਲੇ 15 ਤੋਂ 20 ਦਿਨਾਂ ਲਈ ਟੀਕੇ ਦਾ ਕਾਫ਼ੀ ਭੰਡਾਰ ਹੈ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਕਿਸੇ ਵੀ ਘਾਟ ਦੀ ਸੂਰਤ ਵਿੱਚ ਟੀਕੇ ਉਪਲਬਧ ਕਰਵਾਏਗੀ।
ਨਾਗਾਲੈਂਡ: ਨਾਗਾਲੈਂਡ ਵਿੱਚ ਵੀਰਵਾਰ ਨੂੰ 53 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ। ਐਕਟਿਵ ਕੇਸ 385 ਹਨ ਅਤੇ ਕੁੱਲ ਕੇਸ ਵਧ ਕੇ 12,800 ਹੋ ਗਏ ਹਨ। ਨਾਗਾਲੈਂਡ ਨੇ ਕੋਵਿਡ-19 ਵਾਰ ਰੂਮ ਨੂੰ ਮੁੜ ਸਕ੍ਰਿਆ ਕਰ ਦਿੱਤਾ ਹੈ। ਮੁੱਖ ਸਕੱਤਰ ਜੇ ਆਲਮ ਚੇਅਰਮੈਨ ਦੇ ਤੌਰ ‘ਤੇ ਵਾਰ ਰੂਮ ਦੀ ਅਗਵਾਈ ਕਰਨਗੇ।
ਤ੍ਰਿਪੁਰਾ: ਅਗਰਤਲਾ ਦੇ ਕੋਵਿਡ ਕੇਅਰ ਸੈਂਟਰ ਤੋਂ 31 ਕੋਵਿਡ-19 ਪਾਜ਼ਿਟਿਵ ਮਰੀਜ਼ ਫਰਾਰ ਹੋ ਗਏ। ਪੁਲਿਸ ਅਨੁਸਾਰ ਉਹ ਰਾਜ ਦੇ ਬਾਹਰੋਂ ਆਏ ਸਨ ਅਤੇ ਅਗਰਤਲਾ ਵਿੱਚ ਇੱਥੇ ਪਾਜ਼ਿਟਿਵ ਟੈਸਟ ਕੀਤੇ ਗਏ ਸਨ। ਪਿਛਲੇ 24 ਘੰਟਿਆਂ ਵਿੱਚ 76 ਟੈਸਟ ਪਾਜ਼ਿਟਿਵ ਪਾਏ ਗਏ ਹਨ ਜਿਨ੍ਹਾਂ ਨਾਲ ਕੁੱਲ ਪਾਜ਼ਿਟਿਵ ਕੇਸਾਂ ਦੀ ਗਿਣਤੀ 554 ਹੋ ਗਈ ਹੈ।
ਸਿੱਕਿਮ: ਸਿੱਕਿਮ ਵਿੱਚ ਕੋਵਿਡ- 19 ਨਾਲ ਸਬੰਧਤ 137ਵੀਂ ਮੌਤ ਦਰਜ ਕੀਤੀ ਗਈ। ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ 124 ਕੇਸ ਪਾਏ ਗਏ। ਸਿੱਕਿਮ ਵਿੱਚ 1,213 ਲੋਕਾਂ ਨੇ ਕੋਵਿਡ-19 ਟੀਕੇ ਲਗਵਾਏ। ਇਨ੍ਹਾਂ ਵਿੱਚੋਂ 802 ਨੂੰ ਪਹਿਲੀ ਖੁਰਾਕ ਦਿੱਤੀ ਗਈ ਜਦੋਂ ਕਿ 411 ਨੇ ਟੀਕੇ ਦਾ ਕੋਰਸ ਪੂਰਾ ਕੀਤਾ। ਮੁੱਖ ਮੰਤਰੀ ਨੇ ਕੋਵਿਡ-19 'ਤੇ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।
ਪੰਜਾਬ: ਪਾਜ਼ਿਟਿਵ ਟੈਸਟ ਕੀਤੇ ਗਏ ਮਰੀਜ਼ਾਂ ਦੀ ਸੰਖਿਆ 319719 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 40584 ਹੈ। ਰਿਪੋਰਟ ਹੋਈਆਂ ਕੁੱਲ ਮੌਤਾਂ ਦੀ ਸੰਖਿਆ 8189 ਹੈ। ਕੋਵਿਡ-19 ਦੀ ਪਹਿਲੀ ਖੁਰਾਕ 533999 (ਹੈਲਥਕੇਅਰ + ਫਰੰਟਲਾਈਨ ਵਰਕਰਸ) ਨੂੰ ਦਿੱਤੀ ਗਈ। ਕੁੱਲ 158330 (ਹੈਲਥਕੇਅਰ + ਫਰੰਟਲਾਈਨ ਵਰਕਰਸ) ਨੂੰ ਕੋਵਿਡ-19 ਦੀ ਦੂਸਰੀ ਖੁਰਾਕ ਦਾ ਟੀਕਾ ਲਗਾਇਆ ਗਿਆ ਹੈ। 45 ਤੋਂ ਉਪਰ ਉਮਰ ਵਾਲੇ ਕੁੱਲ 1900685 ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ। 45 ਤੋਂ ਉਪਰ ਉਮਰ ਵਾਲੇ ਕੁੱਲ 100963 ਲੋਕਾਂ ਨੂੰ ਟੀਕੇ ਦੀ ਦੂਸਰੀ ਖੁਰਾਕ ਦਿੱਤੀ ਗਈ ਹੈ।
ਹਰਿਆਣਾ: ਅੱਜ ਤੱਕ ਪਾਜ਼ਿਟਿਵ ਪਾਏ ਗਏ ਸੈਂਪਲਾਂ ਦੀ ਕੁੱਲ ਸੰਖਿਆ 390989 ਹੈ। ਕੁੱਲ ਐਕਟਿਵ ਕੋਵਿਡ-19 ਮਰੀਜ਼ 58597 ਹਨ। ਮੌਤਾਂ ਦੀ ਗਿਣਤੀ 3583 ਹੈ। ਟੀਕਾਕਰਣ ਦੀ ਸੰਪੂਰਨ ਕਵਰੇਜ 3433443 ਹੈ।
ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੁੱਲ ਕੋਵਿਡ-19 ਦੇ ਕੇਸ 36404 ਹਨ। ਐਕਟਿਵ ਕੇਸਾਂ ਦੀ ਕੁੱਲ ਸੰਖਿਆ 4273 ਹੈ। ਅੱਜ ਤੱਕ ਦੀ ਕੋਵਿਡ-19 ਮੌਤਾਂ ਦੀ ਕੁੱਲ ਸੰਖਿਆ 427 ਹੈ।
ਹਿਮਾਚਲ ਪ੍ਰਦੇਸ਼: ਅੱਜ ਤੱਕ ਕੋਵਿਡ ਪਾਜ਼ਿਟਿਵ ਟੈਸਟ ਕੀਤੇ ਗਏ ਮਰੀਜ਼ਾਂ ਦੀ ਕੁੱਲ ਸੰਖਿਆ 82876 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 11859 ਹੈ। ਹੁਣ ਤੱਕ 1241 ਮੌਤਾਂ ਹੋਣ ਦੀ ਖਬਰ ਹੈ।
ਫੈਕਟ ਚੈੱਕ
****
ਐੱਮਵੀ/ਏਪੀ
(Release ID: 1713871)
Visitor Counter : 202