ਖੇਤੀਬਾੜੀ ਮੰਤਰਾਲਾ

ਭਾਰਤ ਵਿੱਚ ਇਸ ਸਾਲ ਗਰਮੀਆਂ ਦੀਆਂ ਫਸਲਾਂ ਦੇ ਬਿਜਾਈ ਖ਼ੇਤਰ ਵਿੱਚ ਵਾਧਾ ਹੋਇਆ ਹੈ


ਇਸ ਸਾਲ ਗਰਮੀਆਂ ਦੀਆਂ ਫਸਲਾਂ ਦੀ ਬਿਜਾਈ ਪਿਛਲੇ ਸਾਲ ਨਾਲੋਂ 21.5 ਪ੍ਰਤੀਸ਼ਤ ਵਧੇਰੇ ਹੈ

ਦਾਲਾਂ ਦੀ ਬਿਜਾਈ 6.45 ਲੱਖ ਹੈਕਟੇਅਰ ਤੋਂ ਵਧ ਕੇ 12.75 ਲੱਖ ਹੈਕਟੇਅਰ ਹੋਈ, ਜੋ ਲਗਭਗ 100 ਪ੍ਰਤੀਸ਼ਤ ਦਾ ਵਾਧਾ ਦਰਸਾਉਂਦੀ ਹੈ

ਤੇਲ ਬੀਜਾਂ ਅਤੇ ਚੌਲਾਂ ਦੀ ਬਿਜਾਈ ਵਿੱਚ ਤਕਰੀਬਨ 16 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ

ਗਰਮੀ ਦੀਆਂ ਫਸਲਾਂ ਨਾ ਸਿਰਫ ਵਾਧੂ ਆਮਦਨੀ ਪ੍ਰਦਾਨ ਕਰਦੀਆਂ ਹਨ ਬਲਕਿ ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਨ ਦੇ ਨਾਲ ਨਾਲ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰਦੀਆਂ ਹਨ

Posted On: 23 APR 2021 1:18PM by PIB Chandigarh

ਰਾਜਾਂ ਅਤੇ ਕੇਂਦਰ ਸਰਕਾਰ ਦੀਆਂ ਸਖਤ ਯੋਜਨਾਬੰਦੀ ਅਤੇ ਠੋਸ ਯਤਨਾਂ ਅਤੇ ਕਿਸਾਨਾਂ ਦੀ ਸਖਤ ਮਿਹਨਤ ਸਦਕਾ ਲਗਾਤਾਰ ਦੂਜੇ ਸਾਲ ਗਰਮੀਆਂ ਦੀਆਂ ਫਸਲਾਂ ਦੀ ਬਿਜਾਈ ਨੇ ਦੇਸ਼ ਵਿੱਚ ਵਾਧੇ ਦੇ ਰੁਝਾਨ ਨੂੰ ਦਰਸਾਇਆ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਗਰਮੀਆਂ ਦੀਆਂ ਫਸਲਾਂ ਜਿਵੇਂ ਕਿ ਦਾਲਾਂ, ਮੋਟੇ ਅਨਾਜ, ਖ਼ੁਰਾਕੀ ਅਨਾਜ ਅਤੇ ਤੇਲ ਬੀਜਾਂ ਦੀ ਵਿਗਿਆਨਕ ਕਾਸ਼ਤ ਲਈ ਨਵੀਂ ਪਹਿਲ ਕੀਤੀ ਹੈ।

23 ਅਪ੍ਰੈਲ 2021 ਨੂੰ ਦੇਸ਼ ਵਿੱਚ ਗਰਮੀਆਂ ਦੀ ਬਿਜਾਈ ਪਿਛਲੇ ਸਾਲ ਦੇ ਇਸ ਸਮੇਂ ਦੀ ਬਿਜਾਈ ਨਾਲੋਂ 21.5 ਪ੍ਰਤੀਸ਼ਤ ਵੱਧ ਹੈ। ਇਸ ਸਮੇਂ ਦੌਰਾਨ, ਗਰਮੀ ਦੀਆਂ ਫਸਲਾਂ ਦਾ ਰਕਬਾ ਇੱਕ ਸਾਲ ਪਹਿਲਾਂ 60.67 ਲੱਖ ਹੈਕਟੇਅਰ ਤੋਂ ਵਧ ਕੇ 73.76 ਲੱਖ ਹੈਕਟੇਅਰ ਹੋ ਗਿਆ ਹੈ।

ਦਾਲਾਂ ਦੇ ਖੇਤਰ ਵਿੱਚ ਮਹੱਤਵਪੂਰਨ ਵਾਧਾ ਦੇਖਿਆ ਗਿਆ ਹੈ। 23 ਅਪ੍ਰੈਲ 2021 ਤੱਕ, ਦਾਲਾਂ ਹੇਠ ਬਿਜਾਈ ਦਾ ਰਕਬਾ 6.45 ਲੱਖ ਹੈਕਟੇਅਰ ਤੋਂ ਵਧ ਕੇ 12.75 ਲੱਖ ਹੈਕਟੇਅਰ ਹੋ ਗਿਆ, ਜਿਸ ਵਿੱਚ ਲਗਭਗ 100 ਪ੍ਰਤੀਸ਼ਤ ਦਾ ਵਾਧਾ ਦਰਸਾਇਆ ਗਿਆ ਹੈ। ਇਹ ਵਾਧਾ ਮੁੱਖ ਤੌਰ 'ਤੇ ਤਾਮਿਲਨਾਡੂ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਗੁਜਰਾਤ, ਬਿਹਾਰ, ਛੱਤੀਸਗੜ੍ਹ, ਮਹਾਰਾਸ਼ਟਰ, ਕਰਨਾਟਕ ਆਦਿ ਰਾਜਾਂ ਵਿੱਚ ਹੋਇਆ ਹੈ।

ਤੇਲ ਬੀਜਾਂ ਦਾ ਫਸਲੀ ਖੇਤਰ 9.03 ਲੱਖ ਹੈਕਟੇਅਰ ਤੋਂ ਵਧ ਕੇ 10.45 ਲੱਖ ਹੈਕਟੇਅਰ ਹੋ ਗਿਆ, ਜੋ ਕਿ ਲਗਭਗ 16 ਪ੍ਰਤੀਸ਼ਤ ਦਾ ਵਾਧਾ ਦਰਸਾਉਂਦਾ ਹੈ। ਇਹ ਖੇਤਰ ਪੱਛਮੀ ਬੰਗਾਲ, ਕਰਨਾਟਕ, ਗੁਜਰਾਤ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਤਾਮਿਲਨਾਡੂ, ਆਂਧਰ ਪ੍ਰਦੇਸ਼, ਛੱਤੀਸਗੜ੍ਹ ਆਦਿ ਨਾਲ ਸਬੰਧਤ ਹੈ।

ਝੋਨੇ ਦੀ ਕਾਸ਼ਤ ਹੇਠਲਾ ਰਕਬਾ 33.82 ਲੱਖ ਹੈਕਟੇਅਰ ਤੋਂ ਵੱਧ ਕੇ 39.10 ਲੱਖ ਹੈਕਟੇਅਰ ਹੋ ਗਿਆ ਹੈ, ਜੋ ਕਿ ਲਗਭਗ 16 ਪ੍ਰਤੀਸ਼ਤ ਦਾ ਵਾਧਾ ਦਰਸਾਉਂਦਾ ਹੈ। ਪੱਛਮੀ ਬੰਗਾਲ, ਤੇਲੰਗਾਨਾ, ਕਰਨਾਟਕ, ਅਸਾਮ, ਆਂਧਰ ਪ੍ਰਦੇਸ਼, ਓਡੀਸ਼ਾ, ਛੱਤੀਸਗੜ, ਤਾਮਿਲਨਾਡੂ, ਬਿਹਾਰ ਆਦਿ ਰਾਜਾਂ ਵਿੱਚ ਹਾੜੀ ਦੇ ਚੌਲਾਂ ਦੀ ਫਸਲ ਦਾ ਖੇਤਰ ਵਧਿਆ ਹੈ।

ਗਰਮੀਆਂ ਦੇ ਮੌਸਮ ਦੌਰਾਨ ਬਿਜਾਈ ਮਈ ਦੇ ਪਹਿਲੇ ਹਫ਼ਤੇ ਤੱਕ ਪੂਰੀ ਹੋਣ ਦੀ ਸੰਭਾਵਨਾ ਹੈ ਅਤੇ ਫਸਲਾਂ ਦੇ ਰਕਬੇ ਵਿੱਚ ਇਸ ਖੇਤਰ ਵਿੱਚ ਕਾਫ਼ੀ ਵਾਧਾ ਹੋਇਆ ਹੈ। ਗਰਮੀ ਦੀਆਂ ਫਸਲਾਂ ਨਾ ਸਿਰਫ ਵਾਧੂ ਆਮਦਨੀ ਪ੍ਰਦਾਨ ਕਰਦੀਆਂ ਹਨ ਬਲਕਿ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰਦੀਆਂ ਹਨ। ਗਰਮੀਆਂ ਦੀਆਂ ਫਸਲਾਂ ਦੀ ਕਾਸ਼ਤ ਖ਼ਾਸਕਰ ਦਾਲਾਂ ਦੀ ਕਾਸ਼ਤ ਦਾ ਇੱਕ ਵੱਡਾ ਲਾਭ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੈ।

ਬਹੁਤੇ ਜਲ ਭੰਡਾਰਾਂ ਵਿੱਚ ਪਾਣੀ ਦੇ ਪੱਧਰ ਨੂੰ ਵਧਾਉਣ ਨਾਲ ਗਰਮੀਆਂ ਦੀਆਂ ਫਸਲਾਂ ਦੇ ਨਾਲ-ਨਾਲ ਹਾੜੀ ਦੀ ਫਸਲ ਦੀ ਰਾਖੀ ਵਿੱਚ ਸਹਾਇਤਾ ਮਿਲੀ ਹੈ । ਇਸ ਨਾਲ ਉਤਪਾਦਕਤਾ ਅਤੇ ਉਤਪਾਦਨ ਵਿੱਚ ਮਹੱਤਵਪੂਰਣ ਵਾਧਾ ਹੋਣ ਦੀ ਉਮੀਦ ਹੈ। 

ਭਾਰਤ ਵਿੱਚ, ਮਿੱਟੀ ਦੀ ਨਮੀ ਅਤੇ ਹੋਰ ਮੌਸਮ ਦੀਆਂ ਸਥਿਤੀਆਂ ਦੇ ਨਾਲ-ਨਾਲ ਅਨਾਜ ਅਤੇ ਪਸ਼ੂਆਂ ਦੀ ਵਾਧੂ ਘਰੇਲੂ ਜ਼ਰੂਰਤ ਨੂੰ ਪੂਰਾ ਕਰਨ ਦੇ ਅਧਾਰ 'ਤੇ ਗਰਮੀਆਂ ਦੀਆਂ ਫਸਲਾਂ ਉਗਾਉਣ ਦਾ ਇੱਕ ਪੁਰਾਣਾ ਅਭਿਆਸ ਰਿਹਾ ਹੈ। ਕੁਝ ਰਾਜਾਂ ਵਿੱਚ, ਪਾਣੀ ਦੀ ਉਪਲਬਧਤਾ ਦੇ ਅਧਾਰ 'ਤੇ, ਗਰਮੀ ਦੇ ਸਮੇਂ ਝੋਨੇ ਦੀ ਬਿਜਾਈ ਕਰਦੇ ਹਨ। ਵਿਗਿਆਨਕ ਤਰੀਕਿਆਂ ਦੀ ਵਰਤੋਂ ਕਰਦਿਆਂ, ਕਿਸਾਨਾਂ ਨੇ ਬੀਜ ਦੇ ਇਲਾਜ ਤੋਂ ਬਾਅਦ ਬੀਜ ਡ੍ਰਿਲ ਦੇ ਜ਼ਰੀਏ ਗਰਮੀ ਦੀਆਂ ਫਸਲਾਂ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ।

ਕਿਸਾਨਾਂ ਨੇ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਵਧੇਰੇ ਉਤਪਾਦਕਤਾ ਅਤੇ ਆਰਥਿਕ ਲਾਭ ਲਈ ਫ਼ਸਲਾਂ ਦੀ ਵਾਢੀ ਤੋਂ ਬਾਅਦ ਮੁੱਲ ਵਧਾਉਣ ਦੀਆਂ ਤਕਨੀਕਾਂ ਦੀ ਵਰਤੋਂ ਕਰ ਰਹੇ ਹਨ।

ਜਨਵਰੀ 2021 ਵਿੱਚ ਰੋਡ ਮੈਪ ਨੂੰ ਵਿਕਸਤ ਕਰਨ ਲਈ ਜ਼ੈਦ ਨੈਸ਼ਨਲ ਕਾਨਫਰੰਸ ਆਯੋਜਤ ਕੀਤੀ ਗਈ ਸੀ, ਜਿਸ ਵਿੱਚ ਰਾਜਾਂ ਨਾਲ ਚੁਣੌਤੀਆਂ, ਸੰਭਾਵਨਾਵਾਂ ਅਤੇ ਰਣਨੀਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਇਸਦੇ ਬਾਅਦ, ਉਤਪਾਦਨ ਨੂੰ ਵੱਧ ਤੋਂ ਵੱਧ ਕਰਨ ਲਈ, ਬੀਜਾਂ ਅਤੇ ਖਾਦਾਂ ਦਾ ਸਮੇਂ ਅਨੁਸਾਰ ਪ੍ਰਬੰਧ ਅਤੇ ਸਟਾਫ ਦੀ ਤਾਇਨਾਤੀ ਨੂੰ ਯਕੀਨੀ ਬਣਾਇਆ ਗਿਆ। ਤਕਨੀਕੀ ਸਹਾਇਤਾ ਲਈ ਰਾਜ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ (ਐਸਏਯੂ) ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇ) ਵਿਚਕਾਰ ਨਜ਼ਦੀਕੀ ਤਾਲਮੇਲ ਯਕੀਨੀ ਬਣਾਇਆ ਗਿਆ, ਜੋ ਕਿ ਜ਼ਿਲ੍ਹਾ ਅਤੇ ਜ਼ਮੀਨੀ ਪੱਧਰ 'ਤੇ ਮਹੱਤਵਪੂਰਨ ਹਨ।

*****

ਏਪੀਐਸ / ਜੇਕੇ



(Release ID: 1713657) Visitor Counter : 280