ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਦੇਸ਼ ਦੇ ਉੱਘੇ ਡਾਕਟਰਾਂ ਨਾਲ ਕੋਵਿਡ–19 ਪ੍ਰਤੀ ‘ਪਬਲਿਕ ਹੈਲਥ ਰਿਸਪਾਂਸ’ ਦੀ ਸਮੀਖਿਆ


ਪ੍ਰਧਾਨ ਮੰਤਰੀ ਨੇ ਹੁਣ ਤੱਕ ਕੋਵਿਡ–19 ਵਿਰੁੱਧ ਦੇਸ਼ ਦੀ ਜੰਗ ਲਈ ਸਾਰੇ ਹੈਲਥਕੇਅਰ ਪ੍ਰੋਫ਼ੈਸ਼ਨਲਸ ਦਾ ਧੰਨਵਾਦ ਕੀਤਾ

ਪ੍ਰਧਾਨ ਮੰਤਰੀ ਨੇ ਸਮਾਜ ਉੱਤੇ ਡਾਕਟਰਾਂ ਦੀ ਪਰਿਵਰਤਨਾਤਮਕ ਭੂਮਿਕਾ ਤੇ ਸਮਾਜਿਕ ਅਸਰ ’ਤੇ ਜ਼ੋਰ ਦਿੱਤਾ

ਪ੍ਰਧਾਨ ਮੰਤਰੀ ਨੇ ਪ੍ਰੋਟੋਕੋਲਸ ਦੀ ਪਾਲਣਾ ਯਕੀਨੀ ਬਣਾਉਣ ਲਈ ਕੋਵਿਡ ਪ੍ਰਬੰਧ ਦੇ ਅਨੁਭਵੀ ਸ਼ਹਿਰੀ ਡਾਕਟਰਾਂ ਨੂੰ ਹੱਥ ਫੜ ਕੇ, ਸਿਖਲਾਈਆਂ, ਔਨਲਾਈਨ ਸਲਾਹ–ਮਸ਼ਵਰਿਆਂ ਰਾਹੀਂ ਵਾਂਝੇ ਰਹੇ ਖੇਤਰਾਂ ਤੱਕ ਪੁੱਜਣ ਦੀ ਤਾਕੀਦ ਕੀਤੀ

Posted On: 19 APR 2021 6:51PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਵਿਡ–19 ਦੇ ਮਸਲੇ ਅਤੇ ਟੀਕਾਕਰਣ ਪ੍ਰਕਿਰਿਆ ਬਾਰੇ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਪੂਰੇ ਦੇਸ਼ ਦੇ ਡਾਕਟਰਾਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ–ਵਾਇਰਸ ਮਹਾਮਾਰੀ ਦੌਰਾਨ ਡਾਕਟਰਾਂ, ਮੈਡੀਕਲ ਤੇ ਪੈਰਾ–ਮੈਡੀਕਲ ਸਟਾਫ਼ ਵੱਲੋਂ ਕੀਤੀ ਗਈ ਦੇਸ਼ ਦੀ ਵਡਮੁੱਲੀ ਸੇਵਾ ਦੀ ਸ਼ਲਾਘਾ ਕੀਤੀ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਵਰ੍ਹੇ ਇਸੇ ਸਮੇਂ ਦੌਰਾਨ ਸਾਡੇ ਡਾਕਟਰਾਂ ਦੀ ਸਖ਼ਤ ਮਿਹਨਤ ਤੇ ਰਾਸ਼ਟਰ ਦੀ ਰਣਨੀਤੀ ਸਦਕਾਅਸੀਂ ਕੋਰੋਨਾ–ਵਾਇਰਸ ਦੀ ਲਹਿਰ ਉੱਤੇ ਕਾਬੂ ਪਾਉਣ ਦੇ ਯੋਗ ਹੋਏ ਸਾਂ। ਹੁਣ ਦੇਸ਼ ਕੋਰੋਨਾ–ਵਾਇਰਸ ਦੀ ਦੂਸਰੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ, ਸਾਰੇ ਡਾਕਟਰ, ਸਾਡੇ ਮੋਹਰੀ ਕਰਮਚਾਰੀ ਇਸ ਮਹਾਮਾਰੀ ਦਾ ਪੂਰੀ ਤਾਕਤ ਨਾਲ ਡਟ ਕੇ ਮੁਕਾਬਲਾ ਕਰ ਰਹੇ ਹਨ ਅਤੇ ਕਰੋੜਾਂ ਲੋਕਾਂ ਦੀਆਂ ਜਾਨਾਂ ਬਚਾ ਰਹੇ ਹਨ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿੱਛੇ ਜਿਹੇ ਕੇਂਦਰ ਸਰਕਾਰ ਨੇ ਜ਼ਰੂਰੀ ਦਵਾਈਆਂ, ਇੰਜੈਕਸ਼ਨਾਂ ਦੀ ਸਪਲਾਈ ਅਤੇ ਆਕਸੀਜਨ ਦੀ ਉਚਿਤ ਉਪਲਬਧਤਾ ਨਾਲ ਸਬੰਧਤ ਕਈ ਅਹਿਮ ਫ਼ੈਸਲੇ ਲਏ ਹਨ। ਰਾਜ ਸਰਕਾਰਾਂ ਇਨ੍ਹਾਂ ਬਾਰੇ ਲੋੜੀਂਦੇ ਦਿਸ਼ਾ–ਨਿਰਦੇਸ਼ ਜਾਰੀ ਕਰਦੀਆਂ ਰਹੀਆਂ ਹਨ।

 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਕੋਰੋਨਾ–ਵਾਇਰਸ ਵਿਰੁੱਧ ਜੰਗ ਵਿੱਚ ਟੀਕਾਕਰਣ ਸਭ ਤੋਂ ਵੱਡਾ ਹਥਿਆਰ ਹੈ। ਉਨ੍ਹਾਂ ਡਾਕਟਰਾਂ ਨੂੰ ਬੇਨਤੀ ਕੀਤੀ ਕਿ ਉਹ ਵੱਧ ਤੋਂ ਵੱਧ ਮਰੀਜ਼ਾਂ ਨੂੰ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰਨ।

 

ਪ੍ਰਧਾਨ ਮੰਤਰੀ ਨੇ ਡਾਕਟਰਾਂ ਨੂੰ ਬੇਨਤੀ ਕੀਤੀ ਕਿ ਉਹ ਇਨ੍ਹਾਂ ਔਖੇ ਸਮਿਆਂ ਵੇਲੇ ਕੋਵਿਡ ਇਲਾਜ ਅਤੇ ਰੋਕਥਾਮ ਬਾਰੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਵਿਰੁੱਧ ਲੋਕਾਂ ਨੂੰ ਸਿੱਖਿਅਤ ਕਰਨ, ਇਹ ਬਹੁਤ ਅਹਿਮ ਹੈ ਕਿ ਲੋਕ ਦਹਿਸ਼ਤ ਦੇ ਸ਼ਿਕਾਰ ਨਾ ਹੋਣ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਲਈ ਵਾਜਬ ਇਲਾਜ ਦੇ ਨਾਲ–ਨਾਲ ਹਸਪਤਾਲਾਂ ਵਿੱਚ ਦਾਖ਼ਲ ਮਰੀਜ਼ਾਂ ਦੀ ਕਾਊਂਸਲਿੰਗ ਉੱਤੇ ਵੀ ਜ਼ਰੂਰ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਡਾਕਟਰਾਂ ਨੂੰ ਹੋਰ ਰੋਗਾਂ ਦੇ ਇਲਾਜ ਲਈ ਟੈਲੀ–ਮੈਡੀਸਿਨ ਦੀ ਵਰਤੋਂ ਕਰਨ ਲਈ ਵੀ ਉਤਸ਼ਾਹਿਤ ਕੀਤਾ, ਜੇ ਕੋਈ ਐਮਰਜੈਂਸੀ ਨਾ ਹੋਵੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਰ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਵਿੱਚ ਮਹਾਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਪ੍ਰਧਾਨ ਮੰਤਰੀ ਨੇ ਅਜਿਹੇ ਸਥਾਨਾਂ ’ਤੇ ਵਸੀਲੇ ਅੱਪਗ੍ਰੇਡ ਕਰਨ ਲਈ ਕੋਸ਼ਿਸ਼ਾਂ ਤੇਜ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਡਾਕਟਰਾਂ ਨੂੰ ਬੇਨਤੀ ਕੀਤੀ ਕਿ ਉਹ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਵਿੱਚ ਕੰਮ ਕਰ ਰਹੇ ਆਪਣੇ ਸਹਿਯੋਗੀ ਸਾਥੀਆਂ ਨਾਲ ਜੁੜਨ ਅਤੇ ਉਨ੍ਹਾਂ ਨੂੰ ਔਨਲਾਈਨ ਸਲਾਹ–ਮਸ਼ਵਰੇ ਦੇਣ, ਤਾਂ ਜੋ ਸਾਰੇ ਪ੍ਰੋਟੋਕੋਲਸ ਦੀ ਸਹੀ ਤਰੀਕੇ ਪਾਲਣਾ ਯਕੀਨੀ ਬਣਾਈ ਜਾ ਸਕੇ।

 

ਡਾਕਟਰਾਂ ਨੇ ਕੋਵਿਡ ਮਹਾਮਾਰੀ ਨਾਲ ਨਿਪਟਣ ਦੇ ਆਪਣੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੀ ਅਗਵਾਈ ਹੇਠ ਮਹਾਮਾਰੀ ਨਾਲ ਨਿਪਟਣ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਇਹ ਜ਼ਿਕਰ ਵੀ ਕੀਤਾ ਕਿ ਉਹ ਸਿਹਤ–ਸੰਭਾਲ਼ ਦੇ ਬੁਨਿਆਦੀ ਢਾਂਚੇ ਵਿੱਚ ਕਿਵੇਂ ਵਾਧਾ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਮਾਸਕ ਪਹਿਨਣ ਅਤੇ ਸਮਾਜਿਕ–ਦੂਰੀ ਬਣਾ ਕੇ ਰੱਖਣ ਦੇ ਮਹੱਤਵ ਨੂੰ ਦੁਹਰਾਇਆ। ਉਨ੍ਹਾਂ ਗ਼ੈਰ–ਕੋਵਿਡ ਰੋਗੀਆਂ ਲਈ ਸਿਹਤ ਬੁਨਿਆਦੀ ਢਾਂਚਾ ਕਾਇਮ ਰੱਖਣ ਉੱਤੇ ਵੀ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਕਿਵੇਂ ਮਰੀਜ਼ਾਂ ਨੂੰ ਦਵਾਈਆਂ ਦੀ ਗ਼ੈਰ–ਵਾਜਬ ਵਰਤੋਂ ਬਾਰੇ ਸੰਵੇਦਨਸ਼ੀਲ ਬਣਾ ਰਹੇ ਹਨ।

 

ਇਸ ਮੀਟਿੰਗ ਵਿੱਚ ਕੇਂਦਰੀ ਸਿਹਤ ਮੰਤਰੀ ਸ਼੍ਰੀ ਹਰਸ਼ ਵਰਧਨ, ਰਾਜ ਮੰਤਰੀ (ਸਿਹਤ) ਸ਼੍ਰੀ ਅਸ਼ਵਨੀ ਕੁਮਾਰ ਚੌਬੇ, ਕੇਂਦਰੀ ਰਸਾਇਣ ਤੇ ਖਾਦ ਮੰਤਰੀ ਸ਼੍ਰੀ ਡੀ.ਵੀ. ਸਦਾਨੰਦ ਗੌੜਾ, ਰਾਜ ਮੰਤਰੀ (ਸੀ ਐਂਡ ਐੱਫ) ਮਨਸੁਖ ਮਾਂਡਵੀਯਾ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ, ਨੀਤੀ ਆਯੋਗ ਦੇ ਮੈਂਬਰ (ਐੱਚ) ਡਾ. ਵੀ.ਕੇ. ਪੌਲ, ਕੈਬਨਿਟ ਸਕੱਤਰ, ਕੇਂਦਰੀ ਸਿਹਤ ਸਕੱਤਰ, ਕੇਂਦਰੀ ਫ਼ਾਰਮਾਸਿਊਟੀਕਲ ਸਕੱਤਰ, ਡਾ. ਬਲਰਾਮ ਭਾਰਗਵ, ਡੀਜੀ ਆਈਸੀਐੱਮਆਰ ਦੇ ਨਾਲ–ਨਾਲ ਕੇਂਦਰ ਸਰਕਾਰ ਦੇ ਮੰਤਰਾਲਿਆਂ / ਵਿਭਾਗਾਂ ਦੇ ਹੋਰ ਅਧਿਕਾਰੀਆਂ ਨੇ ਵੀ ਭਾਗ ਲਿਆ।

 

******

 

ਡੀਐੱਸ/ਏਕੇ


(Release ID: 1712795)