ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ “ਭਾਰਤ ਹਾਈਡ੍ਰੋਜਨ ਨਾਲ ਜੁੜੇ ਈਕੋਸਿਸਟਮ ਨੂੰ ਵਿਕਸਿਤ ਕਰਨ ਦੇ ਲਈ ਕੰਮ ਕਰ ਰਿਹਾ ਹੈ”


ਪੈਟਰੋਲੀਅਮ ਮੰਤਰੀ ਨੇ ਹਾਈਡ੍ਰੋਜਨ ਅਰਥਵਿਵਸਥਾ - ਨਵੀਂ ਦਿੱਲੀ ਸੰਵਾਦ ਨੂੰ ਸੰਬੋਧਨ ਕੀਤਾ
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਦੇਸ਼ ਵਿੱਚ ਹਾਈਡ੍ਰੋਜਨ ਦੀ ਸਪਲਾਈ ਲੜੀ ਢਾਂਚਾ ਤਿਆਰ ਕਰਨ ਦੇ ਲਈ ਪ੍ਰਤੀਬੱਧ

Posted On: 15 APR 2021 4:18PM by PIB Chandigarh

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਕਿਹਾ ਕਿ ਭਾਰਤ ਹਾਈਡ੍ਰੋਜਨ ਈਕੋ ਸਿਸਟਮ ਨੂੰ ਵਿਕਸਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਲਈ ਕੰਮ ਕਰ ਰਿਹਾ ਹੈ| ਹਾਈਡ੍ਰੋਜਨ ਅਰਥਵਿਵਸਥਾ - ਨਵੀਂ ਦਿੱਲੀ ਸੰਵਾਦ 2021 ’ਤੇ ਆਯੋਜਿਤ ਹਾਈਡ੍ਰੋਜਨ ਗੋਲਮੇਜ਼ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਅਸੀਂ ਹਾਈਡ੍ਰੋਜਨ ਦੀ ਵਰਤੋਂ ਨੂੰ ਵਧਾਵਾ ਦੇਣ ਦੇ ਸੰਦਰਭ ਵਿੱਚ ਵੱਖ-ਵੱਖ ਮਹੱਤਵਪੂਰਨ ਕਦਮ ਚੁੱਕੇ ਹਨ| ਭਾਰਤ ਸਰਕਾਰ ਨੇ ਦੇਸ਼ ਵਿੱਚ ਹਾਈਡ੍ਰੋਜਨ ਰੋਡ ਮੈਪ ਤਿਆਰ ਕਰਨ ਦੇ ਲਈ ਹਾਲ ਹੀ ਵਿੱਚ ਕੇਂਦਰੀ ਬਜਟ 2021 ਵਿੱਚ ਰਾਸ਼ਟਰੀ ਹਾਈਡ੍ਰੋਜਨ ਮਿਸ਼ਨ ਦਾ ਐਲਾਨ ਕੀਤਾ ਹੈ| ਉਨ੍ਹਾਂ ਨੇ ਕਿਹਾ ਕਿ ਅਸੀਂ ਬਲੂ ਹਾਈਡ੍ਰੋਜਨ, ਹਾਈਡ੍ਰੋਜਨ ਸੀਐੱਨਜੀ, ਐੱਚ - ਸੀਐੱਨਜੀ ਅਤੇ ਗ੍ਰੀਨ ਹਾਈਡ੍ਰੋਜਨ ਦੇ ਪਾਇਲਟ ਪ੍ਰੋਜੈਕਟਾਂ ’ਤੇ ਕੰਮ ਕਰ ਰਹੇ ਹਾਂ| ਨਾਲ ਦੀ ਨਾਲ ਅਡਵਾਂਸਡ ਤਕਨਾਲੋਜੀ ਦੇ ਇਸਤੇਮਾਲ ਨਾਲ ਅਸੀਂ ਹਾਈਡ੍ਰੋਜਨ ਨੂੰ ਕੰਪ੍ਰੈਸਡ ਨੈਚੁਰਲ ਗੈਸ ਵਿੱਚ ਮਿਲਾ ਰਹੇ ਹਾਂ ਅਤੇ ਇਸਦਾ ਇਸਤੇਮਾਲ ਆਵਾਜਾਈ ਈਂਧਣ ਦੇ ਰੂਪ ਵਿੱਚ ਅਤੇ ਤੇਲ ਸੋਧਣ ਨਾਲ ਜੁੜੀਆਂ ਉਦਯੋਗਿਕ ਇਕਾਈਆਂ ਵਿੱਚ ਕੀਤਾ ਜਾ ਰਿਹਾ ਹੈ| ਪਾਇਲਟ ਆਧਾਰ ’ਤੇ ਦਿੱਲੀ ਵਿੱਚ 50 ਬੱਸਾਂ ਹਾਈਡ੍ਰੋਜਨ ਮਿਸ਼ਰਤ ਕੰਪ੍ਰੈਸਡ ਨੈਚੁਰਲ ਗੈਸ ਯਾਨੀ ਸੀਐੱਨਜੀ ਦੇ ਇਸਤੇਮਾਲ ਨਾਲ ਚਲਾਈਆਂ ਜਾ ਰਹੀਆਂ ਹਨ| ਸਾਡੀ ਯੋਜਨਾ ਅਗਾਮੀ ਮਹੀਨਿਆਂ ਵਿੱਚ ਭਾਰਤ ਦੇ ਹੋਰ ਪ੍ਰਮੁੱਖ ਸ਼ਹਿਰਾਂ ਵਿੱਚ ਵੀ ਇਸ ਨੂੰ ਸ਼ੁਰੂ ਕਰਨ ਦੀ ਹੈ|

 

ਕੇਂਦਰੀ ਮੰਤਰੀ ਨੇ ਕਿਹਾ ਕਿ ਤੇਜ਼ੀ ਨਾਲ ਵਿਕਸਤ ਹੋ ਰਹੀ ਅਰਥਵਿਵਸਥਾ ਦਾ ਇੱਕ ਮਹੱਤਵਪੂਰਨ ਅੰਦਰੂਨੀ ਹਿੱਸਾ ਹੈ ਊਰਜਾ, ਅਤੇ ਅਸੀਂ ਇੱਕ ਅਜਿਹਾ ਊਰਜਾ ਖੇਤਰ ਵਿਕਸਤ ਕਰਨਾ ਚਾਹੁੰਦੇ ਹਾਂ ਜੋ ਵਿਕਾਸ ਕੇਂਦਰਤ, ਉਦਯੋਗ ਅਨੁਕੂਲ ਅਤੇ ਵਾਤਾਵਰਣ ਅਨੁਕੂਲ ਹੋਵੇ| ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤ ਵਿੱਚ ਊਰਜਾ ਦੀ ਕਮੀ ਨੂੰ ਦੂਰ ਕਰਨ ਅਤੇ ਹਰੇਕ ਵਿਅਕਤੀ ਤੱਕ ਇਨਸਾਫ਼ ਸੰਗਤ ਢੰਗ ਨਾਲ ਊਰਜਾ ਪਹੁੰਚਾਉਣ ਦਾ ਕੰਮ ਕਰ ਰਹੇ ਹਾਂ| ਇਸ ਦੇ ਲਈ ਸਸਤੇ ਅਤੇ ਆਸਾਨ ਊਰਜਾ ਸਰੋਤਾਂ ਦੀ ਲੋੜ ਹੋਵੇਗੀ, ਜੋ ਘੱਟ ਤੋਂ ਘੱਟ ਕਾਰਬਨ ਉਤਸਰਜਨ ਦਾ ਵੀ ਕਾਰਨ ਹੋਣ|

 

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਭਾਰਤ ਦਾ ਊਰਜਾ ਖੇਤਰ ਤੇਜ਼ੀ ਨਾਲ ਨਵਾਂ ਰੂਪ ਲੈ ਰਿਹਾ ਹੈ| ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ ਸਾਲ ਅਕਤੂਬਰ ਵਿੱਚ ਭਾਰਤ ਦੇ ਲਈ ਨਵੀਂ ਊਰਜਾ ਦੇ ਰੋਡਮੈਪ ਦਾ ਖਾਕਾ ਦੇਸ਼ ਦੇ ਸਾਹਮਣੇ ਰੱਖਿਆ ਸੀ ਜੋ ਮੁੱਖ ਰੂਪ ਵਿੱਚ 7 ਮਹੱਤਵਪੂਰਨ ਸੰਚਾਲਕ ਬਿੰਦੂਆਂ ’ਤੇ ਕੇਂਦਰਤ ਸੀ ਅਤੇ ਇਸ ਵਿੱਚੋਂ ਇੱਕ ਸੀ ਉੱਭਰਦੇ ਈਂਧਣ ਵਿਕਲਪ - ਖਾਸ ਰੂਪ ਨਾਲ ਹਾਈਡ੍ਰੋਜਨ| ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਭਾਰਤ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਇੱਕ ਸਪਸ਼ਟ ਖਾਕਾ ਵਿਕਸਤ ਕਰ ਰਹੀ ਹੈ| ਜਿਸ ਨਾਲ ਭਾਰਤ ਨੂੰ ਮੈਨੂਫੈਕਚਰਿੰਗ ਦਾ ਕੇਂਦਰ ਬਣਾਉਣ ਦੀ ਉਮੀਦ ਹੈ ਅਤੇ ਜੋ ਲੋੜੀਂਦੀ ਵਿਸ਼ਵ ਸਪਲਾਈ ਲੜੀ ਨਾਲ ਜੁੜਿਆ ਹੋਇਆ ਹੈ| ਇਸ ਯਤਨ ਵਿੱਚ ਊਰਜਾ ਦਾ ਇੱਕ ਅਹਿਮ ਅਤੇ ਨਿਰਧਾਰਤ ਯੋਗਦਾਨ ਹੋਵੇਗਾ|

 

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਹਾਈਡ੍ਰੋਜਨ ਵਿੱਚ ਭਵਿੱਖ ਦੇ ਊਰਜਾ ਸਰੋਤ ਦੀ ਜਗ੍ਹਾ ਲੈਣ ਦੀ ਪੂਰੀ ਸਮਰੱਥਾ ਹੈ| ਹਾਈਡ੍ਰੋਜਨ ਦੇ ਪ੍ਰਤੀ ਇੰਨਾ ਆਕਰਸ਼ਣ ਇਸ ਲਈ ਹੈ ਕਿਉਂਕਿ ਮੌਜੂਦਾ ਈਂਧਣ ਦੀ ਜਗ੍ਹਾ ’ਤੇ ਜੇਕਰ ਹਾਈਡ੍ਰੋਜਨ ਦਾ ਇਸਤੇਮਾਲ ਵੱਧਦਾ ਹੈ ਚਾਹੇ ਫਿਊਲ ਸੇਲ ਦੇ ਰੂਪ ਵਿੱਚ ਜਾਂ ਫਿਰ ਊਰਜਾ ਪੈਦਾ ਕਰਨ ਦੇ ਲਈ ਜਲਾ ਕੇ, ਦੋਨੋਂ ਹੀ ਸਥਿਤੀਆਂ ਵਿੱਚ ਇਹ ਗਲੋਬਲ ਵਾਰਮਿੰਗ ਦੀ ਗਤੀ ਨੂੰ ਘੱਟ ਕਰੇਗਾ| ਭਵਿੱਖ ਵਿੱਚ ਸਮੁੱਚੇ ਊਰਜਾ ਖੇਤਰ ਵਿੱਚ ਹਾਈਡ੍ਰੋਜਨ ਨੂੰ ਸ਼ਾਮਲ ਕਰਨ ਨਾਲ ਊਰਜਾ ਦੀ ਵਧਣ ਵਾਲੀ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ|

 

ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਵਾਤਾਵਰਨ ਅਤੇ ਜਲਵਾਯੂ ਨਾਲ ਜੁੜੀਆਂ ਚੁਣੌਤੀਆਂ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਲੈ ਕੇ ਗੰਭੀਰ ਰਿਹਾ ਹੈ| ਨਾਲ ਹੀ ਨਵਿਆਉਣਯੋਗ ਊਰਜਾ ਨੂੰ ਵੱਡੇ ਪੈਮਾਨੇ ’ਤੇ ਵਿਕਸਤ ਕਰਨ ਅਤੇ ਊਰਜਾ ਯੋਗਤਾ ਨਾਲ ਜੁੜੇ ਉਪਾਵਾਂ ਨੂੰ ਵਿਆਪਕ ਆਧਾਰ ’ਤੇ ਲਾਗੂ ਕਰਨ ਦੇ ਪ੍ਰਤੀ ਵੀ ਗੰਭੀਰ ਰਿਹਾ ਹੈ| ਬੀਤੇ 6 ਸਾਲਾਂ ਵਿੱਚ ਭਾਰਤ ਨੇ ਆਪਣੀ ਨਵਿਆਉਣਯੋਗ ਊਰਜਾ ਉਤਪਾਦਨ ਸਮਰੱਥਾ ਨੂੰ 32 ਗੀਗਾਵਾਟ ਤੋਂ ਵਧਾ ਕੇ 100 ਗੀਗਾਵਾਟ ਕਰ ਲਿਆ ਹੈ| ਉਨ੍ਹਾਂ ਨੇ ਕਿਹਾ ਕਿ ਸਾਲ 2030 ਤੱਕ 450 ਗੀਗਾਵਾਟ ਊਰਜਾ ਨਵਿਆਉਣਯੋਗ ਸਰੋਤਾਂ ਤੋਂ ਉਤਪਾਦਤ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਅਸੀਂ ਸਹੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ| ਊਰਜਾ ਸਰੋਤਾਂ ਦੇ ਬਹੁਤਾਤ ਨਾਲ ਇਹ ਪਰਿਵਰਤਨ ਸੰਭਵ ਹੋਵੇਗਾ| ਹਾਲਾਂਕਿ ਇਹ ਵੀ ਮਹੱਤਵਪੂਰਨ ਹੈ ਕਿ ਊਰਜਾ ਦੇ ਨਵੇਂ ਸਵਰੂਪਾਂ ਦੇ ਮਿਸ਼ਰਣ ਦਾ ਜੋ ਵਿਕਲਪ ਹੈ ਉਹ ਸੰਬੰਧਿਤ ਦੇਸ਼ਾਂ ਵਿੱਚ ਪਹਿਲਾਂ ਤੋਂ ਹੀ ਪ੍ਰਚੱਲਣ ਵਿੱਚ ਮੌਜੂਦ ਟੈਕਨਾਲੋਜੀ ਨਾਲ ਤਾਲਮੇਲ ਬਿਠਾਉਣ ਅਤੇ ਸਹਿਹੋਂਦ ਵਾਲਾ ਹੋਣਾ ਚਾਹੀਦਾ ਹੈ ਕਿਉਂਕਿ ਉਸ ਵਿੱਚ ਵੱਡੇ ਪੈਮਾਨੇ ’ਤੇ ਪੂੰਜੀ ਨਿਵੇਸ਼ ਕੀਤਾ ਗਿਆ ਹੈ| ਇਸ ਲਈ ਵੀ ਹਾਈਡ੍ਰੋਜਨ ਦਾ ਉਭਾਰ ਇੱਕ ਸਵਾਗਤ ਯੋਗ ਬਦਲਾਓ ਹੈ|

 

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਦੇਸ਼ ਵਿੱਚ ਹਾਈਡ੍ਰੋਜਨ ਸਪਲਾਈ ਲੜੀ ਸਥਾਪਤ ਕਰਨ ਨੂੰ ਲੈ ਕੇ ਪ੍ਰਤੀਬੱਧ ਹੈ| ਉਨ੍ਹਾਂ ਨੇ ਕਿਹਾ ਕਿ ਵਰਤਮਾਨ ਵਿੱਚ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਸਾਡਾ ਪੈਟਰੋਲੀਅਮ ਖੇਤਰ ਵੱਖ-ਵੱਖ ਤੇਲ ਸੋਧਣ ਉਪਕਰਣਾਂ ਵਿੱਚ ਪ੍ਰਚਾਲਨ ਪ੍ਰਕਿਰਿਆ ਦੇ ਲਈ ਸਭ ਤੋਂ ਵੱਡਾ ਹਾਈਡ੍ਰੋਜਨ ਉਤਪਾਦਕ ਹੈ| ਇਸ ਲਈ ਸਾਨੂੰ ਹਾਈਡ੍ਰੋਜਨ ਮੋਲੀਕਿਊਲ ਉਤਪਾਦਿਤ ਕਰਨ, ਇਕੱਠੇ ਕਰਨ ਅਤੇ ਗੈਸ ਦੇ ਰੂਪ ਵਿੱਚ ਉਨ੍ਹਾਂ ਦਾ ਵਪਾਰ ਕਰਨ ਦੀ ਸਮਰੱਥਾ ਦਾ ਅਨੁਭਵ ਹੈ| ਇਹ ਸਾਨੂੰ ਈ-ਵਿਕਲਪਾਂ ਦੇ ਉਲਟ ਮੌਜੂਦਾ ਬਿਜ਼ਨਸ ਮਾਡਲ ਅਤੇ ਬੁਨਿਆਦੀ ਢਾਂਚੇ ਦੀ ਵਰਤੋਂ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ|

 

ਉਨ੍ਹਾਂ ਨੇ ਕਿਹਾ ਕਿ ਹਾਈਡ੍ਰੋਜਨ ਸਸਤੇ ਆਵਾਜਾਈ ਦੇ ਲਈ ਟਿਕਾਊ ਵਿਕਲਪ ਐੱਸਏਟੀਏਟੀ ਦੇ ਅੰਤਰਗਤ ਕੰਪ੍ਰੈਸਡ ਬਾਇਓਗੈਸ ਨੂੰ ਵਧਾਵਾ ਦੇਣ, ਗੈਸ ਆਧਾਰਿਤ ਅਰਥਵਿਵਸਥਾ ਨੂੰ ਵਧਾਵਾ ਦੇਣ ਜਾਂ ਵੇਸਟ ਟੂ ਐਨਰਜੀ ਜਿਹੀਆਂ ਮੰਤਰਾਲੇ ਦੀਆਂ ਹੋਰ ਮਹੱਤਵਕਾਂਕਸ਼ੀ ਯੋਜਨਾਵਾਂ ਨੂੰ ਵੀ ਮਜ਼ਬੂਤੀ ਦੇਣ ਵਿੱਚ ਸਮਰੱਥ ਹੈ| ਅਜਿਹੇ ਏਕੀਕਰਨ ਨਾਲ ਊਰਜਾ ਖੇਤਰ ਵਿੱਚ ਹੋਰ ਜ਼ਿਆਦਾ ਸਹੂਲੀਅਤ ਵਧੇਗੀ ਅਤੇ ਪਹਿਲਾਂ ਤੋਂ ਮੌਜੂਦ ਬੁਨਿਆਦੀ ਢਾਂਚੇ  ਜਾਂ ਪਹਿਲਾਂ ਤੋਂ ਸਿਰਜਤ ਕੀਤੇ ਜਾ ਰਹੇ ਬੁਨਿਆਦੀ ਢਾਂਚੇ ਦੇ ਜ਼ਿਆਦਾ ਤੋਂ ਜ਼ਿਆਦਾ ਸਮਰੱਥਾ ਦੇ ਇਸਤੇਮਾਲ ਦਾ ਵੀ ਰਾਹ ਪੱਧਰਾ ਹੋਵੇਗਾ| ਉਨ੍ਹਾਂ ਨੇ ਕਿਹਾ ਕਿ ਹਾਈਡ੍ਰੋਜਨ ਦਾ ਇਸਤੇਮਾਲ ਆਵਾਜਾਈ ਖੇਤਰ ਤੱਕ ਹੀ ਸੀਮਤ ਨਹੀਂ ਰਹਿਣ ਵਾਲਾ ਹੈ| ਇਸ ਦੀ ਡੀਕਾਰਬੋਨਾਈਜਿੰਗ ਏਜੰਟ ਦੇ ਰੂਪ ਵਿੱਚ ਇਸਤੇਮਾਲ ਨਾਲ ਜੋ ਈਕੋਸਿਸਟਮ ਵਿਕਸਿਤ ਹੋਵੇਗਾ ਉਹ ਰਸਾਇਣ ਉਦਯੋਗ ਤੋਂ ਲੈ ਕੇ ਇਸਪਾਤ, ਲੋਹਾ, ਖਾਦਾਂ ਅਤੇ ਰਿਫਾਈਨਿੰਗ, ਆਵਾਜਾਈ, ਹੀਟ ਅਤੇ ਊਰਜਾ ਸਮੇਤ ਵੱਖ-ਵੱਖ ਖੇਤਰਾਂ ਦੇ ਲਈ ਉਪਯੋਗੀ ਹੋਵੇਗਾ|

 

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਕੁਦਰਤੀ ਗੈਸ ਦੇ ਨਾਲ ਇਸਦਾ ਮਿਲਾਪ ਸਥਾਪਤ ਹੋਣ ਨਾਲ ਹਾਈਡ੍ਰੋਜਨ ਨੂੰ ਵੱਖ-ਵੱਖ ਊਰਜਾ ਵਿਕਲਪਾਂ ਦੇ ਨਾਲ ਮਿਲਾਇਆ ਜਾ ਸਕਦਾ ਹੈ ਅਤੇ ਇਸਦੇ ਲਈ ਵੱਡੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ| ਉਨ੍ਹਾਂ ਨੇ ਕਿਹਾ ਕਿ ਅਸੀਂ ਮੋਟਰ ਵਾਹਨ ਅਤੇ ਰਸੋਈ ਵਿੱਚ ਇਸਤੇਮਾਲ ਹੋਣ ਵਾਲੇ ਈਂਧਣ ਦੇ ਲਈ ਲਗਾਤਾਰ ਇਸਤੇਮਾਲ ਯੋਗ ਤਕਨਾਲੋਜੀ ਐੱਚ-ਸੀਐੱਨਜੀ ਸ਼ੁਰੂ ਕਰਨ ਵੱਲ ਵੱਧ ਰਹੇ ਹਾਂ|

 

ਸਾਡੇ ਤੇਲ ਸੋਧਣ ਵਾਲੇ ਪਲਾਂਟ, ਉਪਲਬਧ ਵਾਧੂ ਸਮਰੱਥਾ ਦਾ ਇਸਤੇਮਾਲ ਕਰਨ ਦੀ ਯੋਜਨਾ ਬਣਾ ਰਹੇ ਹਨ ਤਾਂਕਿ ਹਾਈਡ੍ਰੋਜਨ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੇ ਲਈ  ਸ਼ੁਰੂਆਤੀ ਮੰਗ ਦੀ ਪੂਰਤੀ ਕੀਤੀ ਜਾ ਸਕੇ| ਗੁਜਰਾਤ ਸਥਿਤ ਇੰਡੀਅਨ ਆਇਲ ਦੇ ਪਲਾਂਟ ਵਿੱਚ ਕੁਦਰਤੀ ਗੈਸ ਅਤੇ ਇਸਦੇ ਹਾਈਪਰਨੇਸ਼ਨ ਦੇ ਦੁਆਰਾ ਹਾਈਡ੍ਰੋਜਨ ਦੇ ਉਤਪਾਦਨ ਦੀ ਤਿਆਰੀ ਚੱਲ ਰਹੀ ਹੈ| ਇਹ ਉਤਪਾਦਨ ਕਾਰਬਨ ਕੈਪਚਰ ਤਕਨਾਲੋਜੀ ਦੇ ਨਾਲ ਕੀਤਾ ਜਾਵੇਗਾ ਜਿਸ ਦੇ ਸਿੱਟੇ ਵਜੋਂ ਬਲੂ ਹਾਈਡ੍ਰੋਜਨ ਦਾ ਉਤਪਾਦਨ ਹੋਵੇਗਾ| ਵੱਖ-ਵੱਖ ਮਹੱਤਵਪੂਰਨ ਮਾਰਗਾਂ ’ਤੇ ਹਾਈਡ੍ਰੋਜਨ ਫਿਊਲ ਸੈੱਲ ਨਾਲ ਸੰਚਾਲਤ ਅਨੇਕਾਂ ਬੱਸਾਂ ਚਲਾਉਣ ਦੀ ਯੋਜਨਾ ਹੈ| ਵਿਸ਼ਾਲ ਸੀਐੱਨਜੀ ਪਾਈਪਲਾਈਨ ਬੁਨਿਆਦੀ ਢਾਂਚੇ ਦੇ ਹਾਈਡ੍ਰੋਜਨ ਦੀ ਟ੍ਰਾਂਸਪੋਰਟੇਸ਼ਨ ਸੰਬੰਧੀ ਇਸਤਮਾਲ ਦੇ ਲਈ ਯਤਨ ਜਾਰੀ ਹਨ ਤਾਂਕਿ ਇਸਦੀ ਟ੍ਰਾਂਸਪੋਰਟੇਸ਼ਨ ਲਾਗਤ ਨੂੰ ਘੱਟ ਕੀਤਾ ਜਾ ਸਕੇ|

 

ਕੇਂਦਰੀ ਮੰਤਰੀ ਨੇ ਐਲਾਨ ਕੀਤਾ ਕਿ ਭਾਰਤ ਆਪਣੇ ਪੁਰਜ਼ੋਰ ਯਤਨਾਂ ਦੇ ਚਲਦੇ ਊਰਜਾ ਸਰੋਤਾਂ ਨੂੰ ਬਦਲਣ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ| ਜਿਸ ਦੇ ਪਿੱਛੇ ਮਜ਼ਬੂਤ ਰਾਜਨੀਤਕ ਇੱਛਾਸ਼ਕਤੀ ਹੈ| ਭਾਰਤ ਸਾਂਝੇਦਾਰ ਦੇਸ਼ਾਂ ਦੇ ਨਾਲ ਹਾਈਡ੍ਰੋਜਨ ਅਰਥਵਿਵਸਥਾ ਨੂੰ ਅੱਗੇ ਲੈ ਕੇ ਜਾਣ ਦੇ ਲਈ ਪ੍ਰਤੀਬੱਧ ਹੈ|

 

ਯੂਏਈ ਦੇ ਉਦਯੋਗ ਅਤੇ ਉੱਨਤ ਤਕਨਾਲੋਜੀ ਮੰਤਰੀ ਡਾ. ਸੁਲਤਾਨ ਬਿਨ ਅਹਿਮਦ ਸੁਲਤਾਨ ਅਲ ਜਬੇਰ, ਆਸਟਰੇਲੀਆ ਦੇ ਊਰਜਾ ਅਤੇ ਐਮਿਸ਼ਨ ਰੀਡਕਸ਼ਨ ਮੰਤਰੀ ਸ਼੍ਰੀ ਅੰਗਸ ਟੇਲਰ, ਡੈਨਮਾਰਕ ਦੇ ਜਲਵਾਯੂ, ਊਰਜਾ ਅਤੇ ਯੂਟੀਲਿਟੀਜ਼ ਮੰਤਰੀ ਸ਼੍ਰੀ ਡੈਨ ਜੁਗਰਨਸੇਨ, ਅਮਰੀਕਾ ਦੇ ਸਹਾਇਕ ਊਰਜਾ ਮੰਤਰੀ ਸ਼੍ਰੀ ਡੇਵਿਡ ਐੱਮ ਟਰਕ ਨੇ ਵੀ ਗੋਲਮੇਜ਼ ਸੰਮੇਲਨ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕੀਤਾ|

***************

 

ਵਾਈਬੀ(Release ID: 1712364) Visitor Counter : 219


Read this release in: English , Urdu , Hindi , Marathi