ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਡਿਜੀਟਲ ਪਲੈਟਫਾਰਮ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਦੇ ਹਨ: ਪ੍ਰਕਾਸ਼ ਜਾਵਡੇਕਰ


ਨਵੇਂ ਡਿਜੀਟਲ ਮੀਡੀਆ ਦਿਸ਼ਾ-ਨਿਰਦੇਸ਼ ਵਿਭਿੰਨ ਪਲੈਟਫਾਰਮਾਂ ਲਈ ਬਰਾਬਰ ਪੱਧਰ ਦਾ ਖੇਤਰ ਪ੍ਰਦਾਨ ਕਰਦੇ ਹਨ


ਸਰਕਾਰ ਸਵੈ-ਨਿਯੰਤਰਣ ਦਾ ਸਮਰਥਨ ਕਰਦੀ ਹੈ

प्रविष्टि तिथि: 20 MAR 2021 3:44PM by PIB Chandigarh

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਡਿਜੀਟਲ ਟੈਕਨੋਲੋਜੀ ਪਲੈਟਫਾਰਮਾਂ ਨੇ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨ ਅਤੇ ਸ਼ਾਸਨ ਵਿੱਚ ਭ੍ਰਿਸ਼ਟਾਚਾਰ ਮੁਕਤ ਵਾਤਾਵਰਣ ਦੀ ਸ਼ੁਰੂਆਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਹੈ।


 


 

ਮੁੰਬਈ ਵਿੱਚ ਇੱਕ ਪ੍ਰਾਈਵੇਟ ਟੀਵੀ ਨੈੱਟਵਰਕ ਦੁਆਰਾ ਆਯੋਜਿਤ ਇੱਕ ਡਿਜੀਟਲ ਮੀਡੀਆ ਕਨਕਲੇਵ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਜਾਵਡੇਕਰ ਨੇ ਕਿਹਾ, ਓਟੀਟੀ ਬਾਰੇ ਨਵੇਂ ਦਿਸ਼ਾ-ਨਿਰਦੇਸ਼ਾਂ ਦੁਆਰਾ, ਸਰਕਾਰ ਨੇ ਵਿਭਿੰਨ ਡਿਜੀਟਲ ਪਲੈਟਫਾਰਮਸ ਲਈ ਇੱਕ ਬਰਾਬਰ ਪੱਧਰ ਦਾ ਖੇਤਰ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ, “ਓਟੀਟੀ ਬਾਰੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਜ਼ਰੀਏ ਅਸੀਂ ਪਾਰਦਰਸ਼ਤਾ ਲਿਆਉਣ ਅਤੇ ਵਿਭਿੰਨ ਮੀਡੀਆ ਪਲੈਟਫਾਰਮਸ ਨੂੰ ਬਰਾਬਰ ਪੱਧਰ ਦਾ ਖੇਤਰ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਭਾਵੇਂ ਉਹ ਇਲੈਕਟ੍ਰੌਨਿਕ, ਪ੍ਰਿੰਟ ਜਾਂ ਡਿਜੀਟਲ ਮੀਡੀਆ ਹੋਵੇ। ਇਸਦਾ ਉਦੇਸ਼ ਓਟੀਟੀ ਪਲੈਟਫਾਰਮਾਂ ਨੂੰ ਨਿਯੰਤਰਿਤ ਕਰਨਾ ਨਹੀਂ ਬਲਕਿ ਇਹ ਸਵੈ-ਨਿਯਮ ਦੀ ਉਚਿਤ ਸਹੂਲਤ ਲਈ ਹੈ।

 

ਕੋਵਿਡ ਮਹਾਮਾਰੀ ਦੌਰਾਨ ਡਿਜੀਟਲ ਮੀਡੀਆ ਨੇ ਕਿਵੇਂ ਸਰਕਾਰ ਦੇ ਕੰਮਕਾਜ ਨੂੰ ਸਮਰੱਥ ਬਣਾਇਆ, ਇਸ ਬਾਰੇ ਯਾਦ ਕਰਦਿਆਂ ਮੰਤਰੀ ਨੇ ਕਿਹਾ ਕਿ ਵਰਚੁਅਲੀ ਆਯੋਜਿਤ ਕੀਤੀਆਂ ਗਈਆਂ 50 ਤੋਂ ਵੱਧ ਕੈਬਨਿਟ ਮੀਟਿੰਗਾਂ ਨੇ ਇਹ ਸੁਨਿਸ਼ਚਿਤ ਕੀਤਾ ਕਿ ਫੈਸਲਾ ਲੈਣ ਵਿੱਚ ਕੋਈ ਦੇਰੀ ਨਹੀਂ ਹੋਈ।

 

ਸ੍ਰੀ ਜਾਵਡੇਕਰ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਵਿਭਿੰਨ ਭਲਾਈ ਸਕੀਮਾਂ ਅਧੀਨ 13 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ 35 ਕਰੋੜ ਲੋਕਾਂ ਨੂੰ ਡੀਬੀਟੀ (ਡਾਇਰੈਕਟ ਬੈਨੇਫਿਟ ਟ੍ਰਾਂਸਫਰ) ਮੋਡ ਜ਼ਰੀਏ ਪ੍ਰਦਾਨ ਕੀਤੀ ਗਈ। ਉਨ੍ਹਾਂ ਕਿਹਾ, “12.30 ਕਰੋੜ ਤੋਂ ਵੱਧ ਕਿਸਾਨਾਂ ਨੇ ਸਿੱਧੇ ਖਾਤਿਆਂ 'ਚ ਪੈਸੇ ਪ੍ਰਾਪਤ ਕੀਤੇ, ਬਿਨਾ ਕੋਈ ਰਕਮ ਲੀਕ ਹੋਏ।” 

 

ਮੰਤਰੀ ਨੇ ਕਿਹਾ, "ਇੱਕ ਸਮਾਂ ਸੀ ਜਦੋਂ ਅਸੀਂ ਆਪਣੀ ਸਾਰੀ ਖਰੀਦਾਰੀ ਲਈ ਨਕਦੀ ਦੀ ਵਰਤੋਂ  ਕਰਦੇ ਸੀ ਪਰ ਹੁਣ ਅਸੀਂ ਆਮ ਤੌਰ ‘ਤੇ ਡਿਜੀਟਲ ਮੋਡ ਜ਼ਰੀਏ ਅਦਾਇਗੀ ਕਰਨਾ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਸੁਵਿਧਾ ਵਿੱਚ ਵਾਧਾ ਹੋਇਆ ਹੈ। ਇਹ ਹੁਣ ਸਾਡੀ ਜ਼ਿੰਦਗੀ ਦਾ ਢੰਗ ਬਣ ਗਿਆ ਹੈ, ਜਿਵੇਂ ਕਿ ਇੱਕ ਸਬਜ਼ੀ ਵਿਕਰੇਤਾ ਵੀ ਡਿਜੀਟਲ ਭੁਗਤਾਨ ਦੀ ਸੁਵਿਧਾ ਲਈ ਕਿਊਆਰ ਕੋਡ ਰੱਖਦਾ ਹੈ।” ਮੰਤਰੀ ਨੇ ਡਿਜੀਟਲ ਸਿੱਖਿਆ ਦੀ ਮਹੱਤਤਾ ਅਤੇ ਇਸ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਉਜਾਗਰ ਕਰਨ ਲਈ ਦੀਕਸ਼ਾ (DIKSHA) ਪਲੈਟਫਾਰਮ (ਡਿਜੀਟਲ ਇਨਫ੍ਰਾਸਟ੍ਰਕਚਰ ਫਾਰ ਨੌਲੇਜ ਸ਼ੇਅਰਿੰਗ) ਦੀ ਉਦਾਹਰਣ ਵੀ ਦਿੱਤੀ।

 


 

ਉਨ੍ਹਾਂ ਅੱਗੇ ਕਿਹਾ ਕਿ "ਮਹਾਮਾਰੀ ਦੇ ਦੌਰਾਨ ਅਸੀਂ ਸੋਚਿਆ ਕਿ ਲੋਕਾਂ ਦਾ ਮਨੋਰੰਜਨ ਕਿਵੇਂ ਕਰੀਏ ਇਸ ਲਈ ਅਸੀਂ ਦੂਰਦਰਸ਼ਨ ਦੀਆਂ ਪੁਰਾਣੀਆਂ ਟੀਵੀ ਸੀਰੀਜ਼ ਜਿਵੇਂ ਕਿ ਰਮਾਇਣ, ਮਹਾਭਾਰਤ ਨੂੰ ਪ੍ਰਸਾਰਿਤ ਕਰਨ ਦਾ ਫੈਸਲਾ ਕੀਤਾ ਜਿਨ੍ਹਾਂ ਨੂੰ ਕਿ ਰਿਕਾਰਡ ਤੋੜ ਦਰਸ਼ਕਾਂ ਨੇ ਦੇਖਿਆ।”

 

"ਮੇਰਾ ਮਹਾਰਾਸ਼ਟਰ, ਡਿਜੀਟਲ ਮਹਾਰਾਸ਼ਟਰ" ਸੰਮੇਲਨ ਦੇ ਥੀਮ ਬਾਰੇ ਬੋਲਦਿਆਂ, ਸ਼੍ਰੀ ਜਾਵਡੇਕਰ ਨੇ ਟਿੱਪਣੀ ਕੀਤੀ ਕਿ ਡਿਜੀਟਲ ਦੁਨੀਆ ਕਿਸੇ ਵੀ ਕਿਸਮ ਦੀਆਂ ਭੌਤਿਕ ਸੀਮਾਵਾਂ ਤੋਂ ਪਰੇ ਹੈ, ਅਤੇ ਨਵੀਂ ਟੈਕਨੋਲੋਜੀ ਨੂੰ ਸਹੀ ਢੰਗ ਨਾਲ ਅਪਣਾਉਣ ਲਈ ਮਹਾਰਾਸ਼ਟਰ ਦੀ ਸ਼ਲਾਘਾ ਕੀਤੀ।

 

ਇਸ ਮੌਕੇ ਹੋਰਨਾਂ ਸ਼ਖਸੀਅਤਾਂ ਸਮੇਤ ਅਦਾਕਾਰ ਸ਼੍ਰੇਯਾਸ ਤਲਪੜੇ ਅਤੇ ਗਲੋਬਲ ਟੀਚਰ ਅਵਾਰਡ ਜੇਤੂ ਅਕਾਦਮਿਕ ਰਣਜੀਤ ਸਿੰਘ ਡਿਸਲੇ ਨੇ ਕੇਂਦਰੀ ਮੰਤਰੀ ਨਾਲ ਸਟੇਜ ਸਾਂਝੀ ਕੀਤੀ।

 


 

                 **********

 

 

ਆਰਟੀ / ਐੱਸਸੀ / ਪੀਐੱਮ


(रिलीज़ आईडी: 1706363) आगंतुक पटल : 276
इस विज्ञप्ति को इन भाषाओं में पढ़ें: Marathi , English , Urdu , हिन्दी