ਪ੍ਰਧਾਨ ਮੰਤਰੀ ਦਫਤਰ
‘ਗਲੋਬਲ ਆਯੁਰਵੇਦ ਫੈਸਟੀਵਲ’ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ–ਪਾਠ
Posted On:
12 MAR 2021 10:11PM by PIB Chandigarh
ਹਰੇਕ ਨੂੰ ਸ਼ੁਭਕਾਮਨਾਵਾਂ।
ਨਮਸਕਾਰ!
ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਕਿਰੇਨ ਰਿਜਿਜੂ ਜੀ, ਮੁਰਲੀਧਰਨ ਜੀ, ‘ਗਲੋਬਲ ਆਯੁਰਵੇਦ ਫੈਸਟੀਵਲ’ ਦੇ ਸਕੱਤਰ ਜਨਰਲ ਡਾ. ਗੰਗਾਧਰਨ ਜੀ, FICCI ਪ੍ਰਧਾਨ ਉਦੈ ਸ਼ੰਕਰ ਜੀ, ਡਾ. ਸੰਗੀਤਾ ਰੈੱਡੀ ਜੀ।
ਪਿਆਰੇ ਮਿੱਤਰੋ,
ਚੌਥੇ ‘ਗਲੋਬਲ ਆਯੁਰਵੇਦ ਫੈਸਟੀਵਲ’ ਨੂੰ ਸੰਬੋਧਨ ਕਰਦਿਆਂ ਮੈਂ ਖ਼ੁਸ਼ ਹਾਂ। ਇਹ ਜਾਣਨਾ ਅਦਭੁਤ ਹੈ ਕਿ ਬਹੁਤ ਸਾਰੇ ਮਾਹਿਰ ਆਪਣੇ ਵਿਚਾਰ ਤੇ ਅਨੁਭਵ ਸਾਂਝੇ ਕਰਨ ਜਾ ਰਹੇ ਹਨ। 25 ਤੋਂ ਵੱਧ ਦੇਸ਼ਾਂ ਦੀ ਨੁਮਾਇੰਦਗੀ ਕੀਤੀ ਜਾ ਰਹੀ ਹੈ। ਇਹ ਵੱਡੇ ਚਿੰਨ੍ਹ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਆਯੁਰਵੇਦ ਤੇ ਔਸ਼ਧੀ ਦੀਆਂ ਰਵਾਇਤੀ ਕਿਸਮਾਂ ਵਿੱਚ ਦਿਲਚਸਪੀ ਵਧਦੀ ਜਾ ਰਹੀ ਹੈ। ਇਸ ਫ਼ੋਰਮ ਤੋਂ, ਸਮੁੱਚੇ ਵਿਸ਼ਵ ਵਿੱਚ ਆਯੁਰਵੇਦ ਲਈ ਕੰਮ ਕਰਨ ਵਾਲੇ ਸਾਰੇ ਵਿਅਕਤੀਆਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਨੀ ਚਾਹਾਂਗਾ। ਉਨ੍ਹਾਂ ਦੇ ਜਨੂੰਨ ਤੇ ਦ੍ਰਿੜ੍ਹਤਾ ਨਾਲ ਸਮੁੱਚੀ ਮਾਨਵਤਾ ਨੂੰ ਲਾਭ ਪੁੱਜੇਗਾ।
ਮਿੱਤਰੋ,
ਭਾਰਤੀ ਸੱਭਿਆਚਾਰ ਜੋ ਸਤਿਕਾਰ ਕੁਦਰਤ ਤੇ ਵਾਤਾਵਰਣ ਨੂੰ ਦਿੰਦਾ ਹੈ, ਆਯੁਰਵੇਦ ਉਸ ਨਾਲ ਨੇੜਿਓਂ ਜੁੜਿਆ ਹੋਇਆ ਹੈ। ਸਾਡੇ ਗ੍ਰੰਥਾਂ ਵਿੱਚ ਆਯੁਰਵੇਦ ਬਾਰੇ ਬਹੁਤ ਸਪਸ਼ਟਤਾ ਨਾਲ ਕੁਝ ਇੰਝ ਬਿਆਨ ਕੀਤਾ ਗਿਆ ਹੈ: हिता-हितम् सुखम् दुखम्, आयुः तस्य हिता-हितम्। मानम् च तच्च यत्र उक्तम्, आयुर्वेद स उच्यते॥ ਆਯੁਰਵੇਦ ਬਹੁਤ ਸਾਰੇ ਪੱਖਾਂ ਦਾ ਖ਼ਿਆਲ ਰੱਖਦਾ ਹੈ। ਇਹ ਚੰਗੀ ਸਿਹਤ ਤੇ ਲੰਮੇ ਜੀਵਨ ਨੂੰ ਯਕੀਨੀ ਬਣਾਉਂਦਾ ਹੈ। ਆਯੁਰਵੇਦ ਨੂੰ ਸੱਚਮੁਚ ਇੱਕ ਸੰਪੂਰਨ ਮਾਨਵ ਵਿਗਿਆਨ ਕਿਹਾ ਜਾ ਸਕਦਾ ਹੈ। ਪੌਦਿਆਂ ਤੋਂ ਤੁਹਾਡੀ ਪਲੇਟ ਤੱਕ, ਸਰੀਰਕ ਤਾਕਤ ਦੇ ਮਾਦਿਆਂ ਤੋਂ ਮਾਨਸਿਕ ਤੰਦਰੁਸਤੀ ਤੱਕ, ਆਯੁਰਵੇਦ ਦਾ ਅਸਰ ਤੇ ਪ੍ਰਭਾਵ ਤੇ ਰਵਾਇਤੀ ਔਸ਼ਧੀ ਬੇਹੱਦ ਵਿਸ਼ਾਲ ਖੇਤਰ ਹੈ।
ਮਿੱਤਰੋ,
ਇਹ ਕਿਹਾ ਗਿਆ ਹੈ: 'स्वस्थस्य स्वास्थ्य रक्षणं, आतुरस्य विकार प्रशमनं'। ਇਸ ਦਾ ਅਰਥ ਹੈ: ਮੌਜੂਦਾ ਬੀਮਾਰੀਆਂ ਦਾ ਇਲਾਜ ਕਰਨ ਤੋਂ ਇਲਾਵਾ ਆਯੁਰਵੇਦ ਸਰੀਰ ਦੀ ਸਮੁੱਚੀ ਸਿਹਤ ਦੀ ਵੀ ਰਾਖੀ ਕਰਦਾ ਹੈ। ਕੋਈ ਹੈਰਾਨੀ ਨਹੀਂ ਕਿ ‘ਰੋਗ’ ਤੋਂ ਜ਼ਿਆਦਾ ਆਯੁਰਵੇਦ ‘ਨਿਰੋਗ’ ਦੀ ਗੱਲ ਕਰਦਾ ਹੈ। ਪਹਿਲਾਂ ਜੇ ਕੋਈ ਕਿਸੇ ਵੈਦ ਕੋਲ ਜਾਂਦਾ ਜਾਂ ਜਾਂਦੀ ਸੀ, ਤਾਂ ਉਸ ਨੂੰ ਨਾ ਕੇਵਲ ਦਵਾਈ ਮਿਲਦੀ ਸੀ, ਸਗੋਂ ਕੁਝ ਮੰਤਰ ਵੀ ਮਿਲਦੇ ਸਨ, ਜਿਵੇਂ: भोजन करें आराम से, सब चिंता को मार। चबा-चबा कर खाइए, वैद्य न आवे द्वार॥ ਇਸ ਦਾ ਅਰਥ ਹੈ: ਬਿਨਾ ਕਿਸੇ ਤਣਾਅ ਦੇ ਆਪਣੇ ਭੋਜਨ ਦਾ ਆਨੰਦ ਮਾਣੋ। ਹੌਲ਼ੀ–ਹੌਲ਼ੀ ਚਬਾ–ਚਬਾ ਕੇ ਖਾਓ… ਇੰਝ ਤੁਹਾਨੂੰ ਵੈਦਰਾਜ ਦੇ ਘਰ ਦੋਬਾਰਾ ਆਉਣ ਦੀ ਲੋੜ ਨਹੀਂ ਪਵੇਗੀ।
ਮਿੱਤਰੋ,
ਜੂਨ 2020 ’ਚ, ਮੈਂ ‘ਫ਼ਾਈਨੈਂਸ਼ੀਅਲ ਟਾਈਮਸ’ ਵਿੱਚ ਇੱਕ ਲੇਖ ਪੜ੍ਹਿਆ ਸੀ। ਉਸ ਦਾ ਸਿਰਲੇਖ ਸੀ – ਕੋਰੋਨਾ–ਵਾਇਰਸ ਨੇ ਦਿੱਤਾ ‘ਸਿਹਤ–ਵਧਾਊ’ ਉਤਪਾਦਾਂ ਨੂੰ ਇੱਕ ਹੁਲਾਰਾ। ਉਹ ਲੇਖ ਹਲਦੀ, ਅਦਰਕ ਤੇ ਅਜਿਹੇ ਹੋਰ ਮਸਾਲਿਆਂ ਬਾਰੇ ਸੀ, ਜਿਨ੍ਹਾਂ ਦੀ ਮੰਗ ਕੋਵਿਡ–19 ਦੀ ਵਿਸ਼ਵ ਮਹਾਮਾਰੀ ਦੇ ਸੰਦਰਭ ਵਿੱਚ ਸਥਿਰਤਾ ਨਾਲ ਵਧਦੀ ਜਾ ਰਹੀ ਹੈ। ਮੌਜੂਦਾ ਸਥਿਤੀ ਇਹ ਦਰਸਾਉਂਦੀ ਹੈ ਕਿ ਆਯੁਰਵੇਦ ਤੇ ਰਵਾਇਤੀ ਔਸ਼ਧੀਆਂ ਦੇ ਪੂਰੀ ਦੁਨੀਆ ਵਿੱਚ ਹੋਰ ਹਰਮਨਪਿਆਰੀਆਂ ਹੋਣ ਦਾ ਇਹ ਸਹੀ ਸਮਾਂ ਹੈ। ਉਨ੍ਹਾਂ ਪ੍ਰਤੀ ਦਿਲਚਸਪੀ ਵਧਦੀ ਜਾ ਰਹੀ ਹੈ। ਦੁਨੀਆ ਇਹ ਵੇਖ ਰਹੀ ਹੈ ਕਿ ਕਿਵੇਂ ਆਧੁਨਿਕ ਤੇ ਰਵਾਇਤੀ ਦੋਵੇਂ ਹੀ ਔਸ਼ਧੀਆਂ ਤੰਦਰੁਸਤੀ ਵਧਾਉਣ ਲਈ ਅਹਿਮ ਹਨ। ਲੋਕਾਂ ਨੂੰ ਆਯੁਰਵੇਦ ਦੇ ਫ਼ਾਇਦਿਆਂ ਤੇ ਰੋਗ–ਪ੍ਰਤੀਰੋਧਕ ਸ਼ਕਤੀ ਵਧਾਉਣ ’ਚ ਇਸ ਦੀ ਭੂਮਿਕਾ ਦਾ ਅਹਿਸਾਸ ਹੋ ਰਿਹਾ ਹੈ। ਲੋਕ ਕਾੜ੍ਹਾ, ਤੁਲਸੀ, ਕਾਲੀ ਮਿਰਚ ਨੂੰ ਆਪਣੇ ਜੀਵਨਾਂ ਦਾ ਅਟੁੱਟ ਅੰਗ ਬਣਾ ਰਹੇ ਹਨ।
ਮਿੱਤਰੋ,
ਅੱਜ ਸੈਰ–ਸਪਾਟੇ ਦੇ ਕਈ ਰੰਗ ਹਨ। ਪਰ ਭਾਰਤ ਤੁਹਾਡੇ ਲਈ ਖ਼ਾਸ ਤੌਰ ਉੱਤੇ ‘ਵੈੱਲਨੈੱਸ ਟੂਰਿਜ਼ਮ’ ਦੀ ਪੇਸ਼ਕਸ਼ ਕਰਦਾ ਹੈ, ਮੈਂ ਦੋਬਾਰਾ ਦੁਹਰਾਉਂਦਾ ਹਾਂ ‘ਵੈੱਲਨੈੱਸ ਟੂਰਿਜ਼ਮ’। ਵੈੱਲਨੈੱਸ ਟੂਰਿਜ਼ਮ ਦੇ ਕੇਂਦਰ ਵਿੱਚ ‘ਰੋਗ ਦਾ ਇਲਾਜ ਕਰੋ, ਤੰਦਰੁਸਤੀ ਵਧਾਓ’ ਦਾ ਸਿਧਾਂਤ ਹੈ। ਅਤੇ ਜਦੋਂ ਮੈਂ ਵੈੱਲਨੈੱਸ ਟੂਰਿਜ਼ਮ ਦੀ ਗੱਲ ਕਰਦਾ ਹਾਂ, ਤਾਂ ਇਹ ਇਸ ਦਾ ਮਜ਼ਬੂਤ ਥੰਮ੍ਹ ਆਯੁਰਵੇਦ ਤੇ ਰਵਾਇਤੀ ਔਸ਼ਧੀ ਹੈ। ਖ਼ੁਦ ਬਾਰੇ ਇਹ ਕਲਪਨਾ ਕਰੋ ਕਿ ਤੁਸੀਂ ਸੋਹਣੇ ਰਾਜ ਕੇਰਲ ਦੇ ਹਰੇ–ਭਰੇ ਇਲਾਕਿਆਂ ਵਿੱਚ ਜ਼ਹਿਰ–ਮੁਕਤ ਹੋ ਰਹੇ ਹੋ। ਸੋਚੋ ਕਿ ਤੁਸੀਂ ਉੱਤਰਾਖੰਡ ਦੀਆਂ ਪਰਬਤੀ ਪੌਣਾਂ ਦੁਆਰਾ ਤੇਜ਼ੀ ਨਾਲ ਵਹਿੰਦੇ ਜਾ ਰਹੇ ਇੱਕ ਦਰਿਆ ਕੋਲ ਯੋਗਾ ਕਰ ਰਹੇ ਹੋ। ਖ਼ੁਦ ਬਾਰੇ ਕਲਪਨਾ ਕਰੋ ਕਿ ਤੁਸੀਂ ਉੱਤਰ–ਪੂਰਬ ਦੇ ਹਰੇ–ਭਰੇ ਜੰਗਲਾਂ ਦੇ ਵਿਚਕਾਰ ਹੋ। ਜੇ ਤੁਹਾਡੇ ਜੀਵਨ ਦੀਆਂ ਸਮਾ–ਸੀਮਾਵਾਂ ਤੇ ਘਟਨਾਕ੍ਰਮਾਂ ਤੋਂ ਤੁਹਾਨੂੰ ਤਣਾਅ ਹੋ ਰਿਹਾ ਹੈ, ਤਾਂ ਇਹ ਭਾਰਤ ਦੇ ਅਕਾਲ ਸੱਭਿਆਚਾਰ ਨੂੰ ਪਰਖਣ ਦਾ ਵੇਲਾ ਹੈ, ਭਾਰਤ ਆਓ।
ਮਿੱਤਰੋ,
ਆਯੁਰਵੇਦ ਦੀ ਹਰਮਨਪਿਆਰਤਾ ਦਾ ਧੰਨਵਾਦ, ਜੋ ਇੱਕ ਮਜ਼ਬੂਤ ਮੌਕਾ ਸਾਡੀ ਉਡੀਕ ਕਰ ਰਿਹਾ ਹੈ। ਸਾਨੂੰ ਉਹ ਮੌਕਾ ਕਿਸੇ ਹਾਲਤ ’ਚ ਗੁਆਉਣਾ ਨਹੀਂ ਚਾਹੀਦਾ। ਰਵਾਇਤਾਂ ਤੇ ਆਧੁਨਿਕਤਾ ਦੇ ਸੁਮੇਲ ਨਾਲ ਬਹੁਤ ਫ਼ਾਇਦੇ ਹੁੰਦੇ ਰਹੇ ਹਨ। ਨੌਜਵਾਨ ਵੱਡੀ ਗਿਣਤੀ ’ਚ ਆਯੁਰਵੇਦ ਉਤਪਾਦਾਂ ਦੀ ਵਰਤੋਂ ਕਰ ਰਹੇ ਹਨ। ਆਯੁਰਵੇਦ ਨੂੰ ਪ੍ਰਮਾਣਿਕਤਾ ਅਧਾਰਿਤ ਮੈਡੀਕਲ ਵਿਗਿਆਨਾਂ ਨਾਲ ਸੰਗਠਿਤ ਕਰਨ ਪ੍ਰਤੀ ਚੇਤੰਨਤਾ ਵਧਦੀ ਜਾ ਰਹੀ ਹੈ। ਇਸੇ ਤਰ੍ਹਾਂ ਜੋ ਹੋਰ ਚੀਜ਼ਾਂ ਹਰਮਨਪਿਆਰੀਆਂ ਹੋ ਰਹੀਆਂ ਹਨ: ਆਯੁਰਵੇਦ ਸਪਲੀਮੈਂਟਸ। ਉਤਪਾਦਾਂ ਦੀ ਪੈਕੇਜਿੰਗ ਵਿੱਚ ਬਹੁਤ ਜ਼ਿਆਦਾ ਵਾਧਾ ਹੁੰਦਾ ਰਿਹਾ ਹੈ। ਮੈਂ ਆਪਣੇ ਸਿੱਖਿਆ–ਸ਼ਾਸਤਰੀਆਂ ਨੂੰ ਸੱਦਾ ਦੇਵਾਂਗਾ ਕਿ ਉਹ ਆਯੁਰਵੇਦ ਅਤੇ ਔਸ਼ਧੀ ਦੀਆਂ ਰਵਾਇਤੀ ਕਿਸਮਾਂ ਦੀ ਖੋਜ ਨੂੰ ਡੂੰਘਾ ਕਰਨ। ਮੈਂ ਆਪਣੇ ਜੀਵੰਤ ਸਟਾਰਟ–ਅੱਪ ਭਾਈਚਾਰੇ ਨੂੰ ਬੇਨਤੀ ਕਰਾਂਗਾ ਕਿ ਉਹ ਆਯੁਰਵੇਦਿਕ ਉਤਪਾਦਾਂ ਵੱਲ ਖ਼ਾਸ ਤੌਰ ’ਤੇ ਝਾਤ ਪਾਉਣ। ਇੱਕ ਚੀਜ਼ ਜਿਸ ਲਈ ਮੈਂ ਖ਼ਾਸ ਤੌਰ ’ਤੇ ਨੌਜਵਾਨਾਂ ਦੀ ਸ਼ਲਾਘਾ ਕਰਨੀ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਇਲਾਜ ਦੀਆਂ ਸਾਡੀਆਂ ਰਵਾਇਤੀ ਕਿਸਮਾਂ ਨੂੰ ਸਾਰੀ ਦੁਨੀਆ ਦੇ ਸਮਝ ਆਉਣ ਵਾਲੀ ਭਾਸ਼ਾ ਵਿੱਚ ਪੇਸ਼ ਕਰਨ ’ਚ ਮੋਹਰੀ ਭੂਮਿਕਾ ਨਿਭਾਈ ਹੈ। ਕੋਈ ਹੈਰਾਨੀ ਨਹੀਂ, ਮੈਂ ਮਜ਼ਬੂਤੀ ਨਾਲ ਇਹ ਮਹਿਸੂਸ ਕਰਦਾ ਹਾਂ ਕਿ ਸਾਡੀ ਧਰਤੀ ਦੇ ਲੋਕਾਚਾਰ ਤੇ ਸਾਡੇ ਨੌਜਵਾਨਾਂ ਦੀ ਉੱਦਮ–ਭਾਵਨਾ ਨਾਲ ਹੈਰਾਨੀਜਨਕ ਗੱਲਾਂ ਹੋ ਸਕਦੀਆਂ ਹਨ।
ਮਿੱਤਰੋ,
ਸਰਕਾਰ ਵੱਲੋਂ ਮੈਂ ਆਯੁਰਵੇਦ ਦੇ ਵਿਸ਼ਵ ਨੂੰ ਮੁਕੰਮਲ ਸਹਾਇਤਾ ਦਾ ਭਰੋਸਾ ਦਿਵਾਉਂਦਾ ਹਾਂ। ਭਾਰਤ ਨੇ ‘ਨੈਸ਼ਨਲ ਆਯੁਸ਼ ਮਿਸ਼ਨ’ ਦੀ ਸਥਾਪਨਾ ਕੀਤੀ ਹੈ। ਨੈਸ਼ਨਲ ਆਯੁਸ਼ ਮਿਸ਼ਨ’ ਦੀ ਸ਼ੁਰੂਆਤ ਘੱਟ ਲਾਗਤ ਵਾਲੀਆਂ ਆਯੁਸ਼ ਸੇਵਾਵਾਂ ਰਾਹੀਂ ਆਯੁਸ਼ ਮੈਡੀਕਲ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਹੈ। ਇਹ ਮਿਸ਼ਨ ਵਿਦਿਅਕ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਵੀ ਕੰਮ ਕਰ ਰਿਹਾ ਹੈ ਅਤੇ ਆਯੁਰਵੇਦ, ਸਿੱਧ ਯੂਨਾਨੀ ਤੇ ਹੋਮਿਓਪੈਥੀ ਦਵਾਈਆਂ ਦੇ ਗੁਣਵੱਤਾ ਨਿਯੰਤ੍ਰਣ ਲਾਗੂ ਕਰਨ ਦੀ ਸੁਵਿਧਾ ਦੇ ਰਿਹਾ ਹੈ ਅਤੇ ਕੱਚੀਆਂ ਸਮੱਗਰੀਆਂ ਦੀ ਟਿਕਾਊ ਉਪਲਬਧਤਾ ਨੂੰ ਯਕੀਨੀ ਬਣਾ ਰਿਹਾ ਹੈ। ਸਰਕਾਰ ਗੁਣਵੱਤਾ ਉੱਤੇ ਨਿਯੰਤ੍ਰਣ ਰੱਖਣ ਲਈ ਵੀ ਵਿਭਿੰਨ ਕਦਮ ਚੁੱਕ ਰਹੀ ਹੈ। ਆਯੁਰਵੇਦ ਤੇ ਔਸ਼ਧ ਦੀਆਂ ਹੋਰ ਭਾਰਤੀ ਪ੍ਰਣਾਲੀਆਂ ਸਬੰਧੀ ਸਾਡੀ ਨੀਤੀ ਪਹਿਲਾਂ ਹੀ ਵਿਸ਼ਵ ਸਿਹਤ ਸੰਗਠਨ ਦੀ ‘ਰਵਾਇਤੀ ਔਸ਼ਧੀ ਰਣਨੀਤੀ 2014–2023’ ਦੇ ਅਨੁਕੂਲ ਹੈ। WHO ਨੇ ਭਾਰਤ ਵਿੱਚ ‘ਗਲੋਬਲ ਸੈਂਟਰ ਫ਼ਾਰ ਟ੍ਰੈਡੀਸ਼ਨਲ ਮੈਡੀਸਨ’ ਸਥਾਪਿਤ ਕਰਨ ਦਾ ਐਲਾਨ ਵੀ ਕੀਤਾ ਹੈ। ਅਸੀਂ ਇਸ ਕਦਮ ਦਾ ਸੁਆਗਤ ਕਰਦੇ ਹਾਂ। ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਵਿਭਿੰਨ ਦੇਸ਼ਾਂ ਦੇ ਵਿਦਿਆਰਥੀ ਪਹਿਲਾਂ ਹੀ ਆਯੁਰਵੇਦ ਤੇ ਰਵਾਇਤੀ ਔਸ਼ਧੀਆਂ ਬਾਰੇ ਪੜ੍ਹਨ ਲਈ ਭਾਰਤ ਆ ਰਹੇ ਹਨ। ਇਹ ਪੂਰੀ ਦੁਨੀਆ ਦੀ ਤੰਦਰੁਸਤੀ ਬਾਰੇ ਸੋਚਣ ਦਾ ਆਦਰਸ਼ ਸਮਾਂ ਹੈ। ਸ਼ਾਇਦ ਇਸ ਵਿਸ਼ੇ ਉੱਤੇ ਇੱਕ ਵਿਸ਼ਵ–ਪੱਧਰੀ ਸਮਿਟ ਦਾ ਆਯੋਜਨ ਕੀਤਾ ਜਾ ਸਕਦਾ ਹੈ।
ਸਾਨੂੰ ਆਉਣ ਵਾਲੇ ਸਮਿਆਂ ’ਚ ਆਯੁਰਵੇਦ ਤੇ ਆਹਾਰ ਬਾਰੇ ਵੀ ਸੋਚਣਾ ਚਾਹੀਦਾ ਹੈ। ਆਯੁਰਵੇਦ ਨਾਲ ਸਬੰਧਤ ਭੋਜਨ ਵਸਤਾਂ ਤੇ ਸਿਹਤ ਚੰਗੀ ਰੱਖਣ ਵਾਲੀਆਂ ਭੋਜਨ ਵਸਤਾਂ। ਤੁਹਾਡੇ ਵਿੱਚੋਂ ਬਹੁਤੇ ਇਸ ਤੱਥ ਤੋਂ ਜਾਣੂ ਹੋਣਗੇ ਕਿ ਕੁਝ ਦਿਨ ਪਹਿਲਾਂ ਹੀ ਸੰਯੁਕਤ ਰਾਸ਼ਟਰ ਨੇ 2023 ਨੂੰ ‘‘ਇੰਟਰਨੈਸ਼ਨਲ ਈਅਰ ਆਵ੍ ਮਿਲੇਟਸ’ ਐਲਾਨਿਆ ਹੈ। ਆਓ ਮਿਲੇਟਸ (ਮੋਟੇ ਅਨਾਜ) ਦੇ ਫ਼ਾਇਦਿਆਂ ਬਾਰੇ ਜਾਗਰੂਕਤਾ ਫੈਲਾਈਏ।
ਮਿੱਤਰੋ,
ਮੈਂ ਮਹਾਤਮਾ ਗਾਂਧੀ ਦੇ ਇੱਕ ਕਥਨ ਨਾਲ ਸਮਾਪਤੀ ਕਰਦਾ ਹਾਂ, ਜਿਸ ਵਿੱਚ ਉਨ੍ਹਾਂ ਕਿਹਾ ਸੀ: ‘‘ਮੈਂ ਆਯੁਰਵੇਦ ਨੂੰ ਬਹੁਤ ਉੱਚ ਸਮਝਦਾ ਹਾਂ। ਇਹ ਭਾਰਤ ਦੇ ਪ੍ਰਾਚੀਨ ਵਿਗਿਆਨਾਂ ਵਿੱਚੋਂ ਇੱਕ ਹੈ, ਜੋ ਆਪਣੇ ਹਜ਼ਾਰਾਂ ਪਿੰਡਾਂ ਵਿੱਚ ਵਸਦੇ ਕਰੋੜਾਂ ਲੋਕਾਂ ਦੀ ਸਿਹਤ ਯਕੀਨੀ ਬਣਾਉਂਦਾ ਹੈ। ਮੈਂ ਹਰੇਕ ਨਾਗਰਿਕ ਨੂੰ ਆਯੁਰਵੇਦ ਦੇ ਸਿਧਾਂਤਾਂ ਅਨੁਸਾਰ ਜੀਵਨ ਜਿਊਣ ਦੀ ਸਲਾਹ ਦਿੰਦਾ ਹਾਂ। ਫ਼ਾਰਮੇਸੀ, ਡਿਸਪੈਂਸਰੀ ਤੇ ਵੈਦਯਾਰਾਜ, ਸਭ ਲਈ ਮੇਰਾ ਆਸ਼ੀਰਵਾਦ ਹੈ ਕਿ ਉਹ ਆਯੁਰਵੇਦ ਨੂੰ ਹਰ ਤਰ੍ਹਾਂ ਦੀ ਬਿਹਤਰੀਨ ਸੇਵਾ ਦੇਣ।’’ ਮਹਾਤਮਾ ਗਾਂਧੀ ਇਹ ਗੱਲ ਸੌ ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਆਖੀ ਸੀ। ਪਰ ਉਨ੍ਹਾਂ ਦੀ ਭਾਵਨਾ ਨਾਲ ਹੁਣ ਵੀ ਜੁੜਿਆ ਜਾ ਸਕਦਾ ਹੈ। ਆਓ ਆਪਾਂ ਆਯੁਰਵੇਦ ਦੀਆਂ ਆਪਣੀਆਂ ਪ੍ਰਾਪਤੀਆਂ ਵਿੱਚ ਨਿਰੰਤਰ ਵਾਧਾ ਕਰਦੇ ਜਾਈਏ। ਆਯੁਰਵੇਦ ਇੱਕ ਜਿਹੀ ਖਿੱਚ–ਪਾਊ ਸ਼ਕਤੀ ਬਣੇ, ਜੋ ਪੂਰੀ ਦੁਨੀਆ ਨੂੰ ਸਾਡੀ ਧਰਤੀ ਵੱਲ ਖਿੱਚ ਕੇ ਲਿਆਵੇ। ਇਸ ਨਾਲ ਸਾਡੇ ਨੌਜਵਾਨਾਂ ਦੀ ਖ਼ੁਸ਼ਹਾਲੀ ਵੀ ਵਧੇ। ਮੈਂ ਇਸ ਕਾਨਫ਼ਰੰਸ ਦੀ ਸਫ਼ਲਤਾ ਦੀ ਕਾਮਨਾ ਕਰਦਾ ਹਾਂ। ਸਾਰੇ ਭਾਗੀਦਾਰਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ।
ਤੁਹਾਡਾ ਧੰਨਵਾਦ।
ਤੁਹਾਡਾ ਬਹੁਤ ਧੰਨਵਾਦ।
***
ਡੀਐੱਸ/ਵੀਜੇ/ਏਕੇ
(Release ID: 1704522)
Visitor Counter : 214
Read this release in:
Assamese
,
English
,
Urdu
,
Hindi
,
Marathi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam