ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਿੱਖਿਆ ਖੇਤਰ ਨਾਲ ਸਬੰਧਿਤ ਬਜਟ ਪ੍ਰਾਵਧਾਨਾਂ ਦੇ ਪ੍ਰਭਾਵੀ ਲਾਗੂਕਰਨ ਬਾਰੇ ਇੱਕ ਵੈਬੀਨਾਰ ਨੂੰ ਸੰਬੋਧਨ ਕੀਤਾ


ਬਜਟ ਵਿੱਚ ਸਿੱਖਿਆ ਨੂੰ ਰੋਜ਼ਗਾਰ ਅਤੇ ਉਦਮੀ ਯੋਗਤਾਵਾਂ ਨਾਲ ਜੋੜਨ ਦੇ ਯਤਨਾਂ ਦਾ ਵਿਸਤਾਰ ਕੀਤਾ ਗਿਆ ਹੈ: ਪ੍ਰਧਾਨ ਮੰਤਰੀ

Posted On: 03 MAR 2021 12:26PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿੱਖਿਆ ਖੇਤਰ ਨਾਲ ਸਬੰਧਿਤ ਬਜਟ ਪ੍ਰਾਵਧਾਨਾਂ ਦੇ ਪ੍ਰਭਾਵੀ ਲਾਗੂਕਰਨ ਬਾਰੇ ਇੱਕ ਵੈਬੀਨਾਰ ਨੂੰ ਸੰਬੋਧਨ ਕੀਤਾ।

 

ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਦਾ ਨਿਰਮਾਣ ਕਰਨ ਲਈ ਦੇਸ਼ ਦੇ ਨੌਜਵਾਨਾਂ ਦਾ ਵਿਸ਼ਵਾਸ ਵਧਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਤਮਵਿਸ਼ਵਾਸ ਤਾਂ ਹੀ ਹੁੰਦਾ ਹੈ ਜਦੋਂ ਨੌਜਵਾਨਾਂ ਨੂੰ ਆਪਣੀ ਸਿੱਖਿਆ ਅਤੇ ਗਿਆਨ ’ਤੇ ਪੂਰਾ ਭਰੋਸਾ ਹੁੰਦਾ ਹੈ। ਆਤਮਵਿਸ਼ਵਾਸ ਉਦੋਂ ਹੁੰਦਾ ਹੈ ਜਦੋਂ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦਾ ਅਧਿਐਨ ਉਨ੍ਹਾਂ ਨੂੰ ਕੰਮ ਕਰਨ ਲਈ ਉਚਿਤ ਅਵਸਰ ਅਤੇ ਲੋੜੀਂਦੇ ਹੁਨਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਇਸ ਵਿਚਾਰ ਨਾਲ ਬਣਾਈ ਗਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਦੇ ਸਾਰੇ ਪ੍ਰਬੰਧ, ਪ੍ਰੀ-ਨਰਸਰੀ ਤੋਂ ਲੈ ਕੇ ਪੀਐੱਚਡੀ ਤੱਕ, ਨੂੰ ਜਲਦੀ ਲਾਗੂ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਸੰਗ ਵਿੱਚ ਬਜਟ ਪ੍ਰਬੰਧਾਂ ਦੀ ਕਾਫ਼ੀ ਸਹਾਇਤਾ ਹੋਵੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਦੇ ਬਜਟ ਦਾ ਧਿਆਨ ਸਿਹਤ ਤੋਂ ਬਾਅਦ ਸਿੱਖਿਆ, ਕੌਸ਼ਲ, ਖੋਜ ਅਤੇ ਨਵੀਨਤਾ ਵੱਲ ਹੈ। ਉਨ੍ਹਾਂ ਦੇਸ਼ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦਰਮਿਆਨ ਤਾਲਮੇਲ ਵਧਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਹੁਨਰ ਵਿਕਾਸ, ਅੱਪਗ੍ਰੇਡੇਸ਼ਨ ਅਤੇ ਅਪ੍ਰੈਂਟਿਸਸ਼ਿਪ ’ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਸਿੱਖਿਆ ਨੂੰ ਰੋਜ਼ਗਾਰ ਅਤੇ ਉੱਦਮੀ ਯੋਗਤਾ ਨਾਲ ਜੋੜਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਇਸ ਬਜਟ ਵਿੱਚ ਹੋਰ ਵਧਾ ਦਿੱਤਾ ਗਿਆ ਹੈ। ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਅੱਜ ਭਾਰਤ ਵਿਗਿਆਨਕ ਪ੍ਰਕਾਸ਼ਨਾਂ, ਪੀਐੱਚਡੀ ਵਿਦਵਾਨਾਂ ਦੀ ਗਿਣਤੀ ਅਤੇ ਸਟਾਰਟਅੱਪ ਈਕੋਸਿਸਟਮ ਦੇ ਮਾਮਲੇ ਵਿੱਚ ਦੁਨੀਆ ਦੇ ਤਿੰਨ ਵੱਡੇ ਦੇਸ਼ਾਂ ਵਿੱਚ ਸ਼ਾਮਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ ਪਹਿਲੇ 50 ਦੇਸ਼ਾਂ ਵਿੱਚ ਸ਼ਾਮਲ ਹੋ ਚੁੱਕਾ ਹੈ ਅਤੇ ਇਸ ਦੀ ਸਥਿਤੀ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉੱਚ ਸਿੱਖਿਆ, ਰਿਸਰਚ ਅਤੇ ਇਨੋਵੇਸ਼ਨ ਵੱਲ ਨਿਰੰਤਰ ਧਿਆਨ ਕੇਂਦ੍ਰਿਤ ਕਰਨ ਕਾਰਨ ਵਿਦਿਆਰਥੀਆਂ ਅਤੇ ਨੌਜਵਾਨ ਵਿਗਿਆਨੀਆਂ ਲਈ ਨਵੇਂ ਅਵਸਰ  ਪੈਦਾ ਹੋ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਸਕੂਲਾਂ ਦੀਆਂ ਅਟਲ ਟਿੰਕਰਿੰਗ ਲੈਬਾਂ ਤੋਂ ਲੈ ਕੇ ਉੱਚ ਸਿੱਖਿਆ ਸੰਸਥਾਵਾਂ ਦੇ ਅਟਲ ਇਨਕਿਊਬੇਸ਼ਨ ਸੈਂਟਰਾਂ ਤੱਕ ਵੱਲ ਪੂਰਾ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਟਾਰਟਅੱਪਸ ਲਈ ਹੈਕਾਥੌਨਸ ਆਯੋਜਿਤ ਕਰਨ ਦੀ ਇੱਕ ਨਵੀਂ ਰਵਾਇਤ ਸ਼ੁਰੂ ਹੋ ਗਈ ਹੈ ਜੋ ਦੇਸ਼ ਦੇ ਨੌਜਵਾਨਾਂ ਅਤੇ ਉਦਯੋਗਾਂ ਦੋਵਾਂ ਲਈ ਕਾਫ਼ੀ ਮਹੱਤਵਪੂਰਨ ਸਿੱਧ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਇਨੀਸ਼ੀਏਟਿਵ ਫਾਰ ਡਿਵੈੱਲਪਮੈਂਟ ਐਂਡ ਹਾਰਨੈਸਿੰਗ ਆਫ਼ ਇਨੋਵੇਸ਼ਨ ਰਾਹੀਂ 3500 ਤੋਂ ਵੱਧ ਸਟਾਰਟਅੱਪ ਤਿਆਰ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਨੈਸ਼ਨਲ ਸੁਪਰ ਕੰਪਿਊਟਿੰਗ ਮਿਸ਼ਨ ਦੇ ਤਹਿਤ 3 ਸੁਪਰ ਕੰਪਿਊਟਰ- ਪਰਮ ਸ਼ਿਵਾਯ, ਪਰਮ ਸ਼ਕਤੀ ਅਤੇ ਪਰਮ ਬ੍ਰਹਮਾ- ਆਈਆਈਟੀ ਬੀਐੱਚਯੂ, ਆਈਆਈਟੀ ਖੜਗਪੁਰ ਅਤੇ ਆਈਆਈਐੱਸਆਰ ਪੁਣੇ ਵਿਖੇ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਦੀਆਂ ਦਰਜਨ ਤੋਂ ਵੱਧ ਸੰਸਥਾਵਾਂ ਨੂੰ ਅਜਿਹੇ ਸੁਪਰ ਕੰਪਿਊਟਰ ਦਿੱਤੇ ਜਾਣ ਦੀ ਤਜਵੀਜ਼ ਹੈ। ਉਨ੍ਹਾਂ ਦੱਸਿਆ ਕਿ ਆਈਆਈਟੀ ਖੜਗਪੁਰ, ਆਈਆਈਟੀ ਦਿੱਲੀ ਅਤੇ ਬੀਐੱਚਯੂ ਤੋਂ ਤਿੰਨ ਆਧੁਨਿਕ ਵਿਸ਼ਲੇਸ਼ਣ ਅਤੇ ਤਕਨੀਕੀ ਸਹਾਇਤਾ ਸੰਸਥਾਵਾਂ (SATHI) ਵੀ ਕੰਮ ਕਰ ਰਹੀਆਂ ਹਨ।

 

ਇਸ ਸੋਚ ਨਾਲ ਕਿ ਗਿਆਨ ਅਤੇ ਖੋਜ ਨੂੰ ਸੀਮਤ ਕਰਨਾ ਦੇਸ਼ ਦੀ ਸਮਰੱਥਾ ਪ੍ਰਤੀ ਇੱਕ ਵੱਡਾ ਅਨਿਆਂ ਹੋਵੇਗਾ, ਪ੍ਰਧਾਨਮੰਤਰੀ ਨੇ ਕਿਹਾ ਕਿ ਪੁਲਾੜ, ਪ੍ਰਮਾਣੂ  ਊਰਜਾ, ਡੀਆਰਡੀਓ ਅਤੇ ਖੇਤੀਬਾੜੀ ਦੇ ਖੇਤਰਾਂ ਵਿੱਚ ਪ੍ਰਤਿਭਾਵਾਨ ਨੌਜਵਾਨਾਂ ਲਈ ਕਈ ਪਹਿਲੂ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਦੇਸ਼ ਨੇ ਮੌਸਮ ਵਿਗਿਆਨ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਮਾਪਦੰਡ ਪ੍ਰਾਪਤ ਕੀਤੇ ਹਨ, ਜਿਸ ਕਾਰਨ ਆਰ ਐਂਡ ਡੀ ਵਿੱਚ ਵਾਧਾ ਹੋਇਆ ਹੈ ਅਤੇ ਸਾਡੀ ਗਲੋਬਲ ਮੁਕਾਬਲੇ ਦੀ ਸਮਰੱਥਾ ਵਿੱਚ ਵੀ ਸੁਧਾਰ ਹੋਇਆ ਹੈ। ਹਾਲ ਹੀ ਵਿੱਚ ਭੂ-ਸਥਾਨਕ ਡੇਟਾ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ, ਜੋ ਪੁਲਾੜ ਸੈਕਟਰ ਅਤੇ ਦੇਸ਼ ਦੇ ਨੌਜਵਾਨਾਂ ਲਈ ਬਹੁਤ ਸਾਰੇ ਅਵਸਰ ਪ੍ਰਦਾਨ ਕਰੇਗਾ। ਇਸ ਨਾਲ ਪੂਰੇ ਈਕੋਸਿਸਟਮ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਦੇਸ਼ ਵਿੱਚ ਇੱਕ ਰਾਸ਼ਟਰੀ ਖੋਜ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਸ ਦੇ ਲਈ 50 ਹਜ਼ਾਰ ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਹ ਦੇਸ਼ ਦੇ ਖੋਜ ਅਦਾਰਿਆਂ ਦੇ ਪ੍ਰਬੰਧਕੀ ਢਾਂਚੇ ਨੂੰ ਮਜ਼ਬੂਤ ਕਰੇਗਾ ਅਤੇ ਆਰ ਐਂਡ ਡੀ, ਅਕਾਦਮਿਕ ਵਿਗਿਆਨੀਆਂ ਅਤੇ ਉਦਯੋਗਾਂ ਦਰਮਿਆਨ ਸੰਪਰਕ ਨੂੰ ਵੀ ਸੁਧਾਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਇਓਟੈਕਨੋਲੋਜੀ ਖੋਜ ਦੇ ਖੇਤਰ ਵਿੱਚ 100 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਸਰਕਾਰ ਦੀਆਂ ਤਰਜੀਹਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਭੋਜਨ ਸੁਰੱਖਿਆ, ਪੋਸ਼ਣ ਅਤੇ ਖੇਤੀਬਾੜੀ ਲਈ ਬਾਇਓਟੈਕਨੋਲੋਜੀ ਖੋਜ ਵਿੱਚ ਵਾਧਾ ਕਰਨ ਦਾ ਸੱਦਾ ਦਿੱਤਾ।

 

ਭਾਰਤੀ ਪ੍ਰਤਿਭਾ ਦੀ ਵੱਧਦੀ ਮੰਗ ਦੇ ਸੰਦਰਭ ਵਿੱਚ, ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਸਾਨੂੰ ਹੁਨਰਮੰਦ ਸਮੂਹਾਂ ਦੀ ਮੈਪਿੰਗ ਕਰਕੇ ਅਤੇ ਉੱਤਮ ਪਿਰਤਾਂ ਦੀ ਪਾਲਣਾ ਕਰਦਿਆਂ, ਅੰਤਰਰਾਸ਼ਟਰੀ ਸੰਸਥਾਵਾਂ ਨੂੰ ਸੱਦਾ ਦੇ ਕੇ ਅਤੇ ਉਦਯੋਗਾਂ ਲਈ ਕੌਸ਼ਲ ਅੱਪਗ੍ਰੇਡ ਕਰਕੇ ਆਪਣੇ ਨੌਜਵਾਨਾਂ ਨੂੰ ਤਿਆਰ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਬਜਟ ਵਿੱਚ ਕੀਤੀ ਗਈ ਈਜ਼ ਆਫ ਡੂਇੰਗ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਦੀ ਕਲਪਨਾ, ਦੇਸ਼ ਦੇ ਨੌਜਵਾਨਾਂ ਲਈ ਬਹੁਤ ਲਾਭਦਾਇਕ ਸਾਬਿਤ ਹੋਵੇਗੀ।

 

ਸ਼੍ਰੀ ਮੋਦੀ ਨੇ ਕਿਹਾ ਕਿ ਊਰਜਾ ਦੇ ਖੇਤਰ ਵਿੱਚ ਆਪਣੇ ਆਪ ਨੂੰ ਆਤਮਨਿਰਭਰ ਬਣਾਉਣ ਲਈ ਭਵਿੱਖ ਦੇ ਈਂਧਣ ਅਤੇ ਗ੍ਰੀਨ ਊਰਜਾ ਬਹੁਤ ਮਹੱਤਵਪੂਰਨ ਹਨ। ਇਸ ਦੇ ਲਈ, ਸਾਨੂੰ ਬਜਟ ਵਿੱਚ ਐਲਾਨੇ ਗਏ ਹਾਈਡ੍ਰੋਜਨ ਮਿਸ਼ਨ ਵੱਲ ਗੰਭੀਰਤਾ ਨਾਲ ਅੱਗੇ ਵਧਣਾ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹਾਈਡਰੋਜਨ ਵਾਹਨਾਂ ਦੀ ਜਾਂਚ ਕੀਤੀ ਗਈ ਹੈ ਅਤੇ ਉਨ੍ਹਾਂ ਹਾਈਡਰੋਜਨ ਨੂੰ ਢੋਆ-ਢੁਆਈ ਲਈ ਈਂਧਣ ਵਜੋਂ ਵਰਤਣ ਅਤੇ ਇਸਦੇ ਲਈ ਆਪਣਾ ਵਾਹਨ ਉਦਯੋਗ ਤਿਆਰ ਕਰਨ ਲਈ ਤਾਲਮੇਲ ਵਾਲੇ ਯਤਨਾਂ ਦਾ ਸੱਦਾ  ਦਿੱਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿਚ ਸਥਾਨਕ ਭਾਸ਼ਾਵਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਹੁਣ ਇਹ ਵੇਖਣਾ ਹਰੇਕ ਭਾਸ਼ਾ ਦੇ ਵਿਦਵਾਨਾਂ ਅਤੇ ਮਾਹਿਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸ ਤਰ੍ਹਾਂ ਦੇਸ਼ ਅਤੇ ਵਿਸ਼ਵ ਦਾ ਸਭ ਤੋਂ ਉੱਤਮ ਸਾਹਿਤ ਹਰ ਭਾਰਤੀ ਭਾਸ਼ਾ ਵਿੱਚ ਤਿਆਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਟੈਕਨੋਲੋਜੀ ਦੇ ਇਸ ਯੁਗ ਵਿੱਚ ਇਹ ਪੂਰੀ ਤਰ੍ਹਾਂ ਸੰਭਵ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਪ੍ਰਸਤਾਵਿਤ ਰਾਸ਼ਟਰੀ ਭਾਸ਼ਾ ਅਨੁਵਾਦ ਮਿਸ਼ਨ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।


 

                      **********


 

ਡੀਐੱਸ / ਏਕੇ



(Release ID: 1702342) Visitor Counter : 197