ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ‘ਦ ਤਮਿਲ ਨਾਡੂ ਡਾ. ਐੱਮ.ਜੀ.ਆਰ. ਮੈਡੀਕਲ ਯੂਨੀਵਰਸਿਟੀ’ ਦੀ 33ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ
ਵਿਦਿਆਰਥੀਆਂ ਅਤੇ ਸੰਸਥਾਨ ਦੀ ਸਫ਼ਲਤਾ ਨਾਲ ਐੱਮਜੀਆਰ ਬਹੁਤ ਖੁਸ਼ ਹੁੰਦੇ : ਪ੍ਰਧਾਨ ਮੰਤਰੀ
ਭਾਰਤੀ ਮੈਡੀਕਲ ਪੇਸ਼ੇਵਰਾਂ ਦੇ ਪ੍ਰਤੀ ਬਹੁਤ ਪ੍ਰਸ਼ੰਸਾ ਅਤੇ ਸਨਮਾਨ ਦਾ ਭਾਵ ਹੈ : ਪ੍ਰਧਾਨ ਮੰਤਰੀ
ਮਹਾਮਾਰੀ ਦੇ ਬਾਅਦ ਡਾਕਟਰਾਂ ਦਾ ਸਨਮਾਨ ਹੋਰ ਅਧਿਕ ਵਧਿਆ ਹੈ : ਪ੍ਰਧਾਨ ਮੰਤਰੀ
ਨਿਰਸੁਆਰਥ ਭਾਵ ਨਾਲ ਕੰਮ ਕਰਨਾ ਤੁਹਾਨੂੰ ਨਿਡਰ ਬਣਾਉਂਦਾ ਹੈ : ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਕਿਹਾ
Posted On:
26 FEB 2021 11:57AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦ ਤਮਿਲ ਨਾਡੂ ਡਾ. ਐੱਮ.ਜੀ.ਆਰ. ਮੈਡੀਕਲ ਯੂਨੀਵਰਸਿਟੀ ਦੀ 33ਵੀਂ ਕਨਵੋਕੇਸ਼ਨ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕੀਤਾ। ਇਸ ਪ੍ਰੋਗਰਾਮ ਵਿੱਚ 21,000 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਡਿਗਰੀ ਅਤੇ ਡਿਪਲੋਮੇ ਪ੍ਰਦਾਨ ਕੀਤੇ ਗਏ। ਇਸ ਮੌਕੇ ’ਤੇ ਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਵੀ ਮੌਜੂਦ ਸਨ।
ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਖੁਸ਼ੀ ਪ੍ਰਗਟਾਈ ਕਿ ਡਿਗਰੀ ਅਤੇ ਡਿਪਲੋਮਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿੱਚ 70% ਤੋਂ ਅਧਿਕ ਮਹਿਲਾਵਾਂ ਹਨ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਿਦਿਆਰਥਣਾਂ ਨੂੰ ਵਿਸ਼ੇਸ਼ ਰੂਪ ਨਾਲ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਮਹਿਲਾਵਾਂ ਨੂੰ ਅੱਗੇ ਵਧਦੇ ਦੇਖਣਾ ਇੱਕ ਵਿਸ਼ੇਸ਼ ਅਨੁਭਵ ਹੈ। ਜਦੋਂ ਅਜਿਹਾ ਹੁੰਦਾ ਹੈ ਤਾਂ ਉਹ ਪਲ ਬੇਹੱਦ ਮਾਣ ਅਤੇ ਖੁਸ਼ੀ ਦਾ ਪਲ ਹੁੰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਸੰਸਥਾਨ ਦੀ ਸਫ਼ਲਤਾ ਨੂੰ ਦੇਖ ਕੇ ਐੱਮਜੀਆਰ ਬਹੁਤ ਖੁਸ਼ ਹੁੰਦੇ। ਸ਼੍ਰੀ ਮੋਦੀ ਨੇ ਕਿਹਾ ਕਿ ਐੱਮਜੀਆਰ ਦੀ ਸਰਕਾਰ ਵਿੱਚ ਗ਼ਰੀਬਾਂ ਪ੍ਰਤੀ ਦਇਆ ਝਲਕਦੀ ਸੀ। ਸਿਹਤ ਦੇਖਭਾਲ਼, ਸਿੱਖਿਆ ਅਤੇ ਮਹਿਲਾਵਾਂ ਦਾ ਸਸ਼ਕਤੀਕਰਣ ਉਨ੍ਹਾਂ ਦੇ ਪਿਆਰੇ ਵਿਸ਼ੇ ਸਨ। ਉਨ੍ਹਾਂ ਨੇ ਕਿਹਾ ਕਿ ਸ੍ਰੀ ਲੰਕਾ ਵਿੱਚ ਰਹਿਣ ਵਾਲੇ ਸਾਡੇ ਤਮਿਲ ਭਾਈਆਂ ਅਤੇ ਭੈਣਾਂ ਲਈ ਸਿਹਤ ਦੇ ਖੇਤਰ ਵਿੱਚ ਕੰਮ ਕਰਕੇ ਭਾਰਤ ਬਹੁਤ ਸਨਮਾਨਿਤ ਅਨੁਭਵ ਕਰਦਾ ਹੈ। ਐੱਮਜੀਆਰ ਦਾ ਜਨਮ ਸ੍ਰੀ ਲੰਕਾ ਵਿੱਚ ਹੀ ਹੋਇਆ ਸੀ। ਭਾਰਤ ਦੀ ਵਿੱਤੀ ਮਦਦ ਨਾਲ ਚਲ ਰਹੀ ਐਂਬੂਲੈਂਸ ਸੇਵਾ ਦਾ ਸ੍ਰੀ ਲੰਕਾ ਦਾ ਤਮਿਲ ਸਮੁਦਾਇ ਵਿਆਪਕ ਤੌਰ ’ਤੇ ਵਰਤੋਂ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਤਮਿਲ ਸਮੁਦਾਇ ਲਈ ਸਿਹਤ ਦੇਖਭਾਲ਼ ਖੇਤਰ ਵਿੱਚ ਕੀਤੇ ਜਾ ਰਹੇ ਪ੍ਰਯਤਨਾਂ ਨੂੰ ਦੇਖ ਕੇ ਐੱਮਜੀਆਰ ਬਹੁਤ ਖੁਸ਼ ਹੁੰਦੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਵਿੱਚ ਭਾਰਤੀ ਮੈਡੀਕਲ ਪੇਸ਼ੇਵਰਾਂ, ਵਿਗਿਆਨੀਆਂ ਅਤੇ ਫਾਰਮਾ ਪੇਸ਼ੇਵਰਾਂ ਲਈ ਬਹੁਤ ਪ੍ਰਸ਼ੰਸਾ ਅਤੇ ਸਨਮਾਨ ਦਾ ਭਾਵ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਪੂਰੇ ਵਿਸ਼ਵ ਲਈ ਦਵਾਈਆਂ ਅਤੇ ਟੀਕਿਆਂ ਦਾ ਉਤਪਾਦਨ ਕਰ ਰਿਹਾ ਹੈ। ਕੋਵਿਡ-19 ਤੋਂ ਬਾਕੀ ਵਿਸ਼ਵ ਦੇ ਮੁਕਾਬਲੇ ਭਾਰਤ ਵਿੱਚ ਮੌਤ ਦਰ ਸਭ ਤੋਂ ਘੱਟ ਅਤੇ ਰਿਕਵਰੀ ਦਰ ਸਭ ਤੋਂ ਅਧਿਕ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਸਿਹਤ ਤੰਤਰ ਨੂੰ ਨਵੀਂ ਨਜ਼ਰ, ਨਵੇਂ ਸਨਮਾਨ ਅਤੇ ਨਵੇਂ ਭਰੋਸੇ ਨਾਲ ਦੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਹਾਮਾਰੀ ਨਾਲ ਅਸੀਂ ਜੋ ਸਬਕ ਸਿੱਖੇ ਹਨ ਉਹ ਸਾਨੂੰ ਟੀਬੀ ਜਿਹੀਆਂ ਹੋਰ ਬਿਮਾਰੀਆਂ ਦਾ ਮੁਕਾਬਲਾ ਕਰਨ ਵਿੱਚ ਮਦਦ ਕਰਨਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਸਮੁੱਚੀ ਮੈਡੀਕਲ ਸਿੱਖਿਆ ਅਤੇ ਮੈਡੀਕਲ ਖੇਤਰ ਵਿੱਚ ਪਰਿਵਰਤਨ ਲਿਆ ਰਹੀ ਹੈ। ਰਾਸ਼ਟਰੀ ਮੈਡੀਕਲ ਕਮਿਸ਼ਨ ਨਵੀਂ ਮੈਡੀਕਲ ਯੂਨੀਵਰਸਿਟੀ ਦੀ ਸਥਾਪਨਾ ਦੇ ਨਿਯਮਾਂ ਨੂੰ ਨਵੇਂ ਸਿਰੇ ਤੋਂ ਤੈਅ ਕਰੇਗਾ, ਜ਼ਿਆਦਾ ਪਾਰਦਰਸ਼ਤਾ ਲਿਆਏਗਾ ਅਤੇ ਇਸ ਖੇਤਰ ਵਿੱਚ ਮਾਨਵ ਸੰਸਾਧਨ ਦੀ ਗੁਣਵੱਤਾ ਅਤੇ ਉਪਲਬਧਤਾ ਵਿੱਚ ਸੁਧਾਰ ਕਰੇਗਾ। ਉਨ੍ਹਾਂ ਨੇ ਕਿਹਾ ਕਿ ਪਿਛਲੇ 6 ਸਾਲ ਵਿੱਚ ਐੱਮਬੀਬੀਐੱਸ ਦੀਆਂ ਸੀਟਾਂ ਵਿੱਚ 30 ਹਜ਼ਾਰ ਤੋਂ ਜ਼ਿਆਦਾ ਦਾ ਵਾਧਾ ਕੀਤਾ ਗਿਆ ਹੈ ਜੋ ਕਿ 2014 ਦੇ ਮੁਕਾਬਲੇ 50 ਪ੍ਰਤੀਸ਼ਤ ਅਧਿਕ ਹੈ। ਪੀਜੀ ਸੀਟਾਂ ਵਿੱਚ 24 ਹਜ਼ਾਰ ਦਾ ਵਾਧਾ ਕੀਤਾ ਗਿਆ ਹੈ ਜੋ ਕਿ 2014 ਦੇ ਮੁਕਾਬਲੇ ਕਰੀਬ 80 ਪ੍ਰਤੀਸ਼ਤ ਅਧਿਕ ਹੈ। 2014 ਵਿੱਚ, ਦੇਸ਼ ਵਿੱਚ 6 ਏਮਸ ਸਨ, ਲੇਕਿਨ ਪਿਛਲੇ 6 ਵਰ੍ਹਿਆਂ ਵਿੱਚ ਦੇਸ਼ ਭਰ ਵਿੱਚ 15 ਅਤੇ ਏਮਸ ਸਥਾਪਿਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰ ਨੇ ਤਮਿਲ ਨਾਡੂ ਦੇ ਉਨ੍ਹਾਂ ਜ਼ਿਲ੍ਹਿਆਂ ਵਿੱਚ 11 ਨਵੀਆਂ ਮੈਡੀਕਲ ਯੂਨੀਵਰਸਿਟੀਆਂ ਖੋਲ੍ਹਣ ਦੀ ਆਗਿਆ ਦਿੱਤੀ ਹੈ ਜਿੱਥੇ ਹੁਣ ਤੱਕ ਇੱਕ ਵੀ ਮੈਡੀਕਲ ਯੂਨੀਵਰਸਿਟੀ ਨਹੀਂ ਸੀ। ਇਨ੍ਹਾਂ ਮੈਡੀਕਲ ਯੂਨੀਵਰਸਿਟੀਆਂ ਲਈ ਭਾਰਤ ਸਰਕਾਰ 2000 ਕਰੋੜ ਰੁਪਏ ਤੋਂ ਜ਼ਿਆਦਾ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਬਜਟ ਵਿੱਚ ਐਲਾਨ ‘ਪ੍ਰਧਾਨ ਮੰਤਰੀ ਆਤਮਨਿਰਭਰ ਸਵਸਥ ਭਾਰਤ ਯੋਜਨਾ’ ਕੋਵਿਡ ਦੇ ਨਵੇਂ ਅਤੇ ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦਾ ਇਲਾਜ ਕਰਨ ਦੇ ਪ੍ਰਾਇਮਰੀ, ਸੈਕੰਡਰੀ ਅਤੇ ਤੀਜੇ ਦਰਜੇ ਦੇ ਸਿਹਤ ਤੰਤਰ ਦੀ ਸਮਰੱਥਾ ਵਿੱਚ ਵਾਧਾ ਕਰੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਡਾਕਟਰ ਸਭ ਤੋਂ ਅਧਿਕ ਸਨਮਾਨਿਤ ਪੇਸ਼ੇਵਰਾਂ ਵਿੱਚ ਸ਼ਾਮਲ ਹਨ ਅਤੇ ਮਹਾਮਾਰੀ ਦੇ ਬਾਅਦ ਉਨ੍ਹਾਂ ਦਾ ਸਨਮਾਨ ਹੋਰ ਅਧਿਕ ਵਧਿਆ ਹੈ। ਉਨ੍ਹਾਂ ਦਾ ਸਨਮਾਨ ਇਸ ਲਈ ਵਧਿਆ ਹੈ ਕਿ ਲੋਕਾਂ ਨੂੰ ਉਨ੍ਹਾਂ ਦੇ ਪੇਸ਼ੇ ਦੀ ਗੰਭੀਰਤਾ ਸਮਝ ਵਿੱਚ ਆਈ ਹੈ, ਖਾਸ ਤੌਰ ’ਤੇ ਅਜਿਹੇ ਵਿੱਚ, ਜਦੋਂ ਕਿਸੇ ਰੋਗੀ ਲਈ ਜੀਣ ਅਤੇ ਮਰਨ ਦਾ ਪ੍ਰਸ਼ਨ ਪੈਦਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਗੰਭੀਰ ਹੋਣਾ ਅਤੇ ਗੰਭੀਰ ਦਿਖਣਾ ਦੋ ਅਲੱਗ-ਅਲੱਗ ਚੀਜ਼ਾਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੀ ਹਾਸੇ ਮਜ਼ਾਕ ਦੀ ਭਾਵਨਾ ਨੂੰ ਬਰਕਰਾਰ ਰੱਖਣ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਉਨ੍ਹਾਂ ਨੂੰ ਆਪਣੇ ਰੋਗੀਆਂ ਦਾ ਮਨੋਬਲ ਵਧਾਉਣ ਵਿੱਚ ਵੀ ਮਦਦ ਮਿਲੇਗੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਜਦੋਂ ਉਹ ਦੇਸ਼ ਦੀ ਸਿਹਤ ਦਾ ਧਿਆਨ ਰੱਖਣ ਤਾਂ ਉਹ ਆਪਣੀ ਸਿਹਤ ਅਤੇ ਫਿਟਨੈੱਸ ਦਾ ਵੀ ਧਿਆਨ ਰੱਖਣ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਨਿਰਸੁਆਰਥ ਭਾਵ ਨਾਲ ਕੰਮ ਕਰਨ, ਕਿਉਂਕਿ ਇਹ ਉਨ੍ਹਾਂ ਨੂੰ ਨਿਡਰ ਬਣਾਉਂਦਾ ਹੈ।
******
ਡੀਐੱਸ/ਏਕੇ
(Release ID: 1701241)
Visitor Counter : 198
Read this release in:
Tamil
,
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Telugu
,
Kannada
,
Malayalam