ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 25 ਫਰਵਰੀ ਨੂੰ ਤਮਿਲ ਨਾਡੂ ਤੇ ਪੁਦੂਚੇਰੀ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਕੋਇੰਬਟੂਰ ’ਚ 12,400 ਕਰੋੜ ਰੁਪਏ ਕੀਮਤ ਦੇ ਬੁਨਿਆਦੀ ਢਾਂਚੇ ਨਾਲ ਸਬੰਧਿਤ ਕਈ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ–ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਪੁਦੂਚੇਰੀ ’ਚ ਕਈ ਵਿਕਾਸ ਪਹਿਲਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ–ਪੱਥਰ ਰੱਖਣਗੇ

Posted On: 23 FEB 2021 7:27PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਫਰਵਰੀ, 2021 ਨੂੰ ਤਮਿਲ ਨਾਡੂ ਅਤੇ ਪੁਦੂਚੇਰੀ ਦਾ ਦੌਰਾ ਕਰਨਗੇ। ਸਵੇਰੇ ਲਗਭਗ 11:30 ਵਜੇ ਪ੍ਰਧਾਨ ਮੰਤਰੀ ਪੁਦੂਚੇਰੀ ’ਚ ਵਿਭਿੰਨ ਵਿਕਾਸ ਪਹਿਲਾਂ ਦਾ ਉਦਘਾਟਨ ਕਰਨਗੇ ਤੇ ਨੀਂਹ–ਪੱਥਰ ਰੱਖਣਗੇ। ਸ਼ਾਮੀਂ ਲਗਭਗ 4 ਵਜੇ ਪ੍ਰਧਾਨ ਮੰਤਰੀ ਕੋਇੰਬਟੂਰ ’ਚ 12,400 ਕਰੋੜ ਰੁਪਏ ਕੀਮਤ ਦੇ ਬੁਨਿਆਦੀ ਢਾਂਚੇ ਨਾਲ ਸਬੰਧਿਤ ਕਈ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ–ਪੱਥਰ ਰੱਖਣਗੇ।

 

ਤਮਿਲ ਨਾਡੂ ’ਚ ਪ੍ਰਧਾਨ ਮੰਤਰੀ

 

ਪ੍ਰਧਾਨ ਮੰਤਰੀ ਨੇਯਵੇਲੀ ਦਾ ਨਵਾਂ ਤਾਪ ਬਿਜਲੀ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਲਿਗਨਾਈਟ ਅਧਾਰਿਤ ਬਿਜਲੀ ਪਲਾਂਟ ਹੈ, ਜਿਸ ਨੂੰ 1000 ਮੈਗਾਵਾਟ ਸਮਰੱਥਾ ਦਾ ਬਿਜਲੀ ਉਤਪਾਦਨ ਕਰਨ ਲਈ ਤਿਆਰ ਕੀਤਾ ਗਿਆ ਹੈ ਅਤੇ ਇਸ ਦੀਆਂ 500–500 ਮੈਗਾਵਾਟ ਸਮਰੱਥਾ ਦੀਆਂ ਦੋ ਇਕਾਈਆਂ ਹਨ। ਲਗਭਗ 8,000 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਇਹ ਪਿਟ ਹੈੱਡ ਬਿਜਲੀ ਪਲਾਂਟ ਨੇਯਵੇਲੀ ’ਚ ਮੌਜੂਦ ਉਨ੍ਹਾਂ ਖਾਣਾਂ ਤੋਂ ਈਂਧਨ ਵਜੋਂ ਲਿਗਨਾਈਟ ਦਾ ਉਪਯੋਗ ਕਰੇਗਾ, ਜਿਨ੍ਹਾਂ ਵਿੱਚ ਲਿਗਨਾਈਟ ਦੇ ਇੰਨੇ ਜ਼ਿਆਦਾ ਭੰਡਾਰ ਹਨ ਕਿ ਉਨ੍ਹਾਂ ਨਾਲ ਇਸ ਪ੍ਰੋਜੈਕਟ ਲਈ ਈਂਧਨ ਦੀ ਜ਼ਰੂਰਤ ਸਦਾ ਲਈ ਪੂਰੀ ਹੁੰਦੀ ਰਹੇਗੀ। ਇਹ ਪਲਾਂਟ ਸੁਆਹ ਦੀ 100% ਉਪਯੋਗਤਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਤੋਂ ਪੈਦਾ ਹੋਣ ਵਾਲੀ ਬਿਜਲੀ ਦਾ ਲਾਭ ਤਮਿਲ ਨਾਡੂ, ਕੇਰਲ, ਕਰਨਾਟਕ, ਆਂਧਰ ਪ੍ਰਦੇਸ਼, ਤੇਲੰਗਾਨਾ ਅਤੇ ਪੁਦੂਚੇਰੀ ਨੂੰ ਪੁੱਜੇਗਾ ਅਤੇ ਸਭ ਤੋਂ ਵੱਧ ਲਗਭਗ 65% ਹਿੱਸਾ ਤਮਿਲ ਨਾਡੂ ਨੂੰ ਮਿਲੇਗਾ।

 

ਪ੍ਰਧਾਨ ਮੰਤਰੀ NLCIL ਦਾ 709 ਮੈਗਾਵਾਟ ਸਮਰੱਥਾ ਦਾ ਸੋਲਰ ਬਿਜਲੀ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਸ ਨੂੰ ਤਿਰੂਨੇਲਵੇਲੀ, ਤੁਤੀਕੌਰਿਨ, ਰਾਮਨਾਥਪੁਰਮ ਅਤੇ ਵਿਰੁਧੂਨਗਰ ਜ਼ਿਲ੍ਹਿਆਂ ਦੀ ਲਗਭਗ 2,670 ਏਕੜ ਜ਼ਮੀਨ ਦੇ ਰਕਬੇ ਉੱਤੇ ਸਥਾਪਿਤ ਕੀਤਾ ਗਿਆ ਹੈ। ਇਹ ਪ੍ਰੋਜੈਕਟ 3,000 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਹੈ।

 

ਪ੍ਰਧਾਨ ਮੰਤਰੀ ‘ਲੋਅਰ ਭਵਾਨੀ ਪ੍ਰੋਜੈਕਟ ਸਿਸਟਮ’ ਦੇ ਵਿਸਤਾਰ, ਮੁਰੰਮਤ ਤੇ ਆਧੁਨਿਕੀਕਰਣ ਦਾ ਨੀਂਹ–ਪੱਥਰ ਰੱਖਣਗੇ। ਭਵਾਨੀਸਾਗਰ ਬੰਨ੍ਹ ਅਤੇ ਨਹਿਰ ਪ੍ਰਣਾਲੀਆਂ ਸਾਲ 1955 ’ਚ ਮੁਕੰਮਲ ਹੋਈਆਂ ਸਨ। ‘ਲੋਅਰ ਭਵਾਨੀ ਸਿਸਟਮ’ ਵਿੱਚ ‘ਲੋਅਰ ਭਵਾਨੀ ਪ੍ਰੋਜੈਕਟ ਕੈਨਾਲ ਸਿਸਟਮ’, ਅਰਕਾਨਕੋਟਾਈ ਅਤੇ ਥਡਾਪੱਲੀ ਚੈਨਲਸ ਅਤੇ ਕਲਿੰਗਾਰਾਇਨ ਚੈਨਲ ਸ਼ਾਮਲ ਹਨ। ਇਹ ਈਰੋਡ, ਤਿਰੂਪੁਰ ਅਤੇ ਕਰੂਰ ਜ਼ਿਲ੍ਹਿਆਂ ਦੀ 2 ਲੱਖ ਏਕੜ ਤੋਂ ਵੱਧ ਭੂਮੀ ਸਿੰਜਦਾ ਹੈ। ‘ਲੋਅਰ ਭਵਾਨੀ ਸਿਸਟਮ’ ਦੇ ਵਿਸਤਾਰ, ਮੁਰੰਮਤ ਤੇ ਆਧੁਨਿਕੀਕਰਣ ਦਾ ਕੰਮ ‘ਨਾਬਾਰਡ’ (NABARD) ਬੁਨਿਆਦੀ ਢਾਂਚਾ ਵਿਕਾਸ ਸਹਾਇਤਾ’ ਅਧੀਨ 934 ਕਰੋੜ ਰੁਪਏ ਦੀ ਲਾਗਤ ਨਾਲ ਲਿਆ ਗਿਆ ਹੈ। 

ਇਸ ਦਾ ਮੁੱਖ ਉਦੇਸ਼ ਸਿਸਟਮ ਵਿੱਚ ਮੌਜੂਦਾ ਸਿੰਜਾਈ ਢਾਂਚਿਆਂ ਦਾ ਮੁੜ–ਚਾਲੂ ਕਰਨਾ ਅਤੇ ਨਹਿਰਾਂ ਦੀ ਕਾਰਜਕੁਸ਼ਲਤਾ ’ਚ ਵਾਧਾ ਕਰਨਾ ਹੈ। ਨਹਿਰਾਂ ਦੀ ਲਾਈਨਿੰਗ ਤੋਂ ਇਲਾਵਾ 824 ਜਲ–ਮਾਰਗਾਂ, 176 ਜਲ–ਨਿਕਾਸੀਆਂ ਤੇ 32 ਪੁਲਾਂ ਦਾ ਕੰਮ ਵੀ ਹੋਣਾ ਹੈ।

 

ਪ੍ਰਧਾਨ ਮੰਤਰੀ ਵੀ.ਓ. ਚਿਦੰਬਰਾਨਾਰ ਬੰਦਰਗਾਹ ਉੱਤੇ 8–ਲੇਨਿੰਗ ਵਾਲੇ ਕਰੋਮਾਪੱਲਮ ਪੁਲ ਅਤੇ ਰੇਲ ਓਵਰ ਬ੍ਰਿਜ (ROB) ਦਾ ਉਦਘਾਟਨ ਕਰਨਗੇ। ਇਹ ਭਾਰਤ ਦੀਆਂ ਪ੍ਰਮੁੱਖ ਬੰਦਰਗਾਹਾਂ ਵਿੱਚੋਂ ਇੱਕ ਹੈ। ਇਸ ਵੇਲੇ, ਮੌਜੂਦਾ ਕੋਰਮਪੱਲਮ ਪੁਲ ਦੀ ਵਰਤੋਂ ਕਰਦਿਆਂ ਹੀ ਬੰਦਰਗਾਹ ਤੋਂ/ਤੱਕ ਸੜਕ ਰਸਤੇ 76% ਮਾਲ ਦੀ ਆਵਾਜਾਈ ਹੁੰਦੀ ਹੈ, ਇਸ ਪੁਲ ਦਾ ਨਿਰਮਾਣ 1964 ’ਚ ਹੋਇਆ ਸੀ ਤੇ ਇਸ ਦੇ ਕੈਰਿਜਵੇਅ ਦੀ ਚੌੜਾਈ 14 ਮੀਟਰ ਹੈ। ਇਸ ਪੁਲ ਤੋਂ ਰੋਜ਼ਾਨਾ ਭਾਰੀ ਬੋਝ ਨਾਲ ਲੱਦੇ ਲਗਭਗ ਔਸਤਨ 3,000 ਮਾਲਵਾਹਕ ਟਰੱਕ ਲੰਘਦੇ ਹਨ, ਜਿਨ੍ਹਾਂ ਕਾਰਣ ਸੜਕ ਉੱਤੇ ਭਾਰੀ ਭੀੜ ਰਹਿੰਦੀ ਹੈ ਅਤੇ ਜਿਸ ਕਰਕੇ ਆਵਾਜਾਈ ਵਿੱਚ ਦੇਰੀਆਂ ਹੁੰਦੀਆਂ ਹਨ ਤੇ ਆਉਣ–ਜਾਣ ਵਿੱਚ ਵੱਧ ਸਮਾਂ ਲੱਗਦਾ ਹੈ। ਬੰਦਰਗਾਹ ਖੇਤਰ ਤੋਂ ਮਾਲ ਦੀ ਬੇਰੋਕ ਆਵਾਜਾਈ ਨੂੰ ਸੁਗਮ ਬਣਾਉਣ ਅਤੇ ਆਵਾਜਾਈਦੀ ਭੀੜ ਤੋਂ ਬਚਾਅ ਲਈ ਮੌਜੂਦਾ ਕੋਰਮਪੱਲਮ ਪੁਲ ਨੂੰ 8–ਲੇਨ ਬਣਾਉਣ ਅਤੇ ਰੇਲ ਓਵਰ ਬ੍ਰਿਜ ਦਾ ਪ੍ਰੋਜੈਕਟ ਲਾਗੂ ਕੀਤਾ ਗਿਆ ਹੈ। ਇਸ ਕੰਮ ਵਿੱਚ ਪੁਲ ਦੇ ਦੋਵੇਂ ਪਾਸੇ ਚੌੜੇ ਕਰਨਾ ਅਤੇ ਦੋਵੇਂ ਪਾਸੇ ਦੋ ਲੇਨਾਂ (8.5 ਮੀਟਰ) ਜੋੜਨਾ ਅਤੇ ਦੋਵੇਂ ਪਾਸੇ TTPS ਸਰਕਲ ਤੋਂ ਸਿਟੀ ਲਿੰਕ ਸਰਕਲ ਤੱਕ ਲੁੱਕ ਵਾਲੀ ਮੌਜੂਦਾ ਸੜਕ ਨੂੰ ਚੌੜਾ ਕਰਨਾ ਸ਼ਾਮਲ ਹੈ। ਲਗਭਗ 42 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਇਸ ਪ੍ਰੋਜੈਕਟ ਲਈ ਫ਼ੰਡਿੰਗ ਸਹਾਇਤਾ ਸਾਗਰਮਾਲਾ ਪ੍ਰੋਗਰਾਮ ਤੋਂ ਮਿਲੀ ਹੈ।

 

ਪ੍ਰਧਾਨ ਮੰਤਰੀ ਵੀ.ਓ. ਚਿਦੰਬਰਾਨਾਰ ਬੰਦਰਗਾਹ ’ਤੇ 5 ਮੈਗਾਵਾਟ ਗ੍ਰਿੱਡ ਕਨੈਕਟਡ ਗ੍ਰਾਊਂਡ ਅਧਾਰਿਤ ਸੋਲਰ ਬਿਜਲੀ ਪਲਾਂਟ ਦੇ ਡਿਜ਼ਾਈਨ, ਸਪਲਾਈ, ਸਥਾਪਨਾ ਤੇ ਉਸ ਦੇ ਸੰਚਾਲਨ ਦਾ ਨੀਂਹ–ਪੱਥਰ ਰੱਖਣਗੇ। ਇਹ ਪ੍ਰੋਜੈਕਟ ਲਗਭਗ 20 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਸਥਾਪਿਤ ਕੀਤਾ ਜਾਵੇਗਾ ਤੇ ਇਸ ਤੋਂ ਹਰ ਸਾਲ 80 ਲੱਖ ਯੂਨਿਟਾਂ (KWH) ਦਾ ਉਤਪਾਦਨ ਹੋਵੇਗਾ ਤੇ ਇਸ ਰਾਹੀਂ ਬੰਦਰਗਾਹ ਦੀ ਕੁੱਲ ਊਰਜਾ ਖਪਤ ਦੇ 56% ਦੀ ਪੂਰਤੀ ਹੋਵੇਗੀ, ਇਸ ਦੇ ਨਾਲ ਹੀ ਬੰਦਰਗਾਹ ਦੇ ਕੰਮਾਂ ਦੌਰਾਨ ਕਾਰਬਨ–ਨਿਕਾਸੀ ਘਟਾਉਣ ’ਚ ਮਦਦ ਮਿਲੇਗੀ।

 

ਜੀਵਨ ਜੀਣਾ ਹੋਰ ਅਸਾਨ ਬਣਾਉਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ, ‘ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ)’ ਅਧੀਨ ਟੈਨੇਮੈਂਟਸ (ਕਿਰਾਏ ਦੇ ਛੋਟੇ ਮਕਾਨਾਂ) ਦਾ ਉਦਘਾਟਨ ਕਰਨਗੇ। ਤਮਿਲ ਨਾਡੂ ਸਲੱਮ ਕਲੀਅਰੈਂਸ ਬੋਰਡ ਵੱਲੋਂ ਤਿਆਰ ਕੀਤੀਆਂ ਇਨ੍ਹਾਂ ਇਮਾਰਤਾਂ ਵਿੱਚ ਵੀਰਾਪਾਂਡੀ, ਤਿਰੁੱਪੁਰ ’ਚ 1280 ਟੈਨੇਮੈਂਟਸ; ਤਿਰੂਕੁਮਾਰਨ ਨਗਰ, ਤਿਰੁੱਪਪੁਰ ’ਚ 1248 ਟੈਨੇਮੈਂਟਸ; ਮਦੁਰਾਇ ’ਚ ਰਜੱਕੁਰ ਫ਼ੇਜ਼–II ’ਚ 1,088 ਟੈਨੇਮੈਂਟਸ ਅਤੇ ਤ੍ਰਿਚੀ ’ਚ ਇਰੂੰਗਲੂਰ ਵਿਖੇ 528 ਟੈਨੇਮੈਂਟਸ ਸ਼ਾਮਲ ਹਨ। ਇਨ੍ਹਾਂ ਟੈਨੇਮੈਂਟਸ ਦਾ ਨਿਰਮਾਣ 330 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਇਨ੍ਹਾਂ ’ਚੋਂ ਹਰੇਕ ਟੈਨੇਮੈਂਟ ਸ਼ਹਿਰੀ ਗ਼ਰੀਬਾਂ / ਝੁੱਗੀਆਂ–ਝੌਂਪੜੀਆਂ ’ਚ ਰਹਿਣ ਵਾਲੇ ਲੋਕਾਂ ਨੂੰ ਅਲਾਟ ਕੀਤੀ ਜਾਵੇਗੀ, ਜਿਸ ਦਾ ਪਲਿੰਥ ਰਕਬਾ 400 ਵਰਗ ਫ਼ੁੱਟ ਹੈ ਤੇ ਉਨ੍ਹਾਂ ਵਿੱਚ ਬਹੁ–ਉਦੇਸ਼ੀ ਹਾੱਲ, ਬੈੱਡਰੂਮ, ਰਸੋਈਘਰ, ਗੁਸਲਖਾਨਾ ਤੇ ਪਖਾਨਾ ਮੁਹੱਈਆ ਕਰਵਾਇਆ ਗਿਆ ਹੈ। ਲੁੱਕ ਨਾਲ ਬਣੀ ਕਾਲੀ–ਸ਼ਾਹ ਸੜਕ, ਸਟ੍ਰੀਟ ਲਾਈਟਾਂ, ਸੀਵੇਜ ਟ੍ਰੀਟਮੈਂਟ ਪਲਾਂਟ ਤੇ ਰਾਸ਼ਨ ਦੀ ਦੁਕਾਨ, ਆਂਗਨਵਾੜੀ ਕੇਂਦਰ, ਲਾਇਬ੍ਰੇਰੀ ਤੇ ਦੁਕਾਨਾਂ ਜਿਹੀਆਂ ਸਮਾਜਕ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ।

 

ਪ੍ਰਧਾਨ ਮੰਤਰੀ ਕੋਇੰਬਟੂਰ, ਮਦੁਰਾਇ, ਸਲੇਮ, ਤੰਜਾਵੂਰ, ਵੈੱਲੋਰ, ਤਿਰੂਚਿਰਾਪੱਲੀ, ਤਿਰੁੱਪੁਰ, ਤਿਰੁਨੇਲਵੇਲੀ ਅਤੇ ਤੁਤੀਕੁੜੀ ਸਮੇਤ ਨੌਂ ‘ਸਮਾਰਟ ਸਿਟੀਜ਼’ ਵਿੱਚ ‘ਇੰਟੈਗ੍ਰੇਟਡ ਕਮਾਂਡ ਐਂਡ ਕੰਟ੍ਰੋਲ ਸੈਂਟਰਸ’ (ICCC) ਦੇ ਵਿਕਾਸ ਲਈ ਨੀਂਹ–ਪੱਥਰ ਰੱਖਣਗੇ। ਇਹ ICCCs 107 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੇ ਜਾਣਗੇ ਅਤੇ ਜ਼ਰੂਰੀ ਸਰਕਾਰੀ ਸੇਵਾਵਾਂ ਸੰਗਠਿਤ ਕਰਨ ਅਤੇ ਡਾਟਾ ਅਧਾਰਿਤ ਫ਼ੈਸਲਾ ਲੈਣਾ ਯੋਗ ਬਣਾਉਣ ਦੇ ਉਦੇਸ਼ ਨਾਲ 24x7 ਸਪੋਰਟ ਸਿਸਟਮ ਵਜੋਂ ਕੰਮ ਕਰਨਗੇ, ਤਤਕਾਲ ਸੇਵਾਵਾਂ ਲਈ ਰੀਅਲ ਟਾਈਮ ਸਮਾਰਟ ਸਮਾਧਾਨ ਮੁਹੱਈਆ ਕਰਵਾਉਣਗੇ।

 

ਪੁਦੂਚੇਰੀ ’ਚ ਪ੍ਰਧਾਨ ਮੰਤਰੀ 

 

ਪ੍ਰਧਾਨ ਮੰਤਰੀ ਕਰਾਇਕਾਲ ਜ਼ਿਲ੍ਹੇ ’ਚ ਵਿੱਲੂਪੁਰਮ ਤੋਂ ਨਾਗਾਪੱਟੀਨਮ ਤੱਕ ਦੇ ਪ੍ਰੋਜੈਕਟ ਦੇ 56 ਕਿਲੋਮੀਟਰ ਲੰਬੇ ਸੱਤਾਨਾਥਪੁਰਮ – ਨਾਗਾਪੱਟੀਨਮ ਪੈਕੇਜ – NH45-A ਦੀ 4–ਲੇਨਿੰਗ ਦਾ ਨੀਂਹ–ਪੱਥਰ ਰੱਖਣਗੇ। ਇਸ ਪ੍ਰੋਜੈਕਟ ਦੀ ਪੂੰਜੀ ਲਾਗਤ ਲਗਭਗ 2,426 ਕਰੋੜ ਰੁਪਏ ਹੋਵੇਗੀ। ਉਹ ਕਰਾਇਕਾਲ ਜ਼ਿਲ੍ਹੇ ਦੇ ਕਰਾਇਕਾਲ ਨਵੇਂ ਕੈਂਪਸ ’ਚ ਮੈਡੀਕਲ ਕਾਲਜ (JIPMER) ਦੀ ਇਮਾਰਤ ਦਾ ਨੀਂਹ–ਪੱਥਰ ਰੱਖਣਗੇ। ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 491 ਕਰੋੜ ਰੁਪਏ ਹੈ।

 

ਪ੍ਰਧਾਨ ਮੰਤਰੀ ‘ਸਾਗਰਮਾਲਾ ਸਕੀਮ’ ਅਧੀਨ ਪੁਦੂਚੇਰੀ ’ਚ ਮਾਈਨਰ ਬੰਦਰਗਾਹ ਦੇ ਵਿਕਾਸ ਲਈ ਨੀਂਹ–ਪੱਥਰ ਰੱਖਣਗੇ।  44 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਤਿਆਰ ਹੋਣ ਵਾਲਾ ਇਹ ਪ੍ਰੋਜੈਕਟ ਪੁਦੂਚੇਰੀ ’ਚ ਉਦਯੋਗਾਂ ਲਈ ਚੇਨਈ ਨੂੰ ਕਨੈਕਟੀਵਿਟੀ ਮੁਹੱਈਆ ਕਰਵਾਏਗਾ ਤੇ ਉਦਯੋਗਾਂ ਲਈ ਮਾਲ ਦੀ ਆਵਾਜਾਈ ਦੀ ਸੁਵਿਧਾ ਦੇਵੇਗਾ। ਉਹ ਪੁਦੂਚੇਰੀ ’ਚ ਇੰਦਰਾ ਗਾਂਧੀ ਸਪੋਰਟਸ ਕੰਪਲੈਕਸ ਵਿਖੇ ‘ਸਿੰਥੈਟਿਕ ਐਕਲੈਟਿਕ ਟ੍ਰੈਕ’ ਦਾ ਨੀਂਹ–ਪੱਥਰ ਵੀ ਰੱਖਣਗੇ। ‘ਕੋਲਿਆਂ ਦੀ ਸੁਆਹ’ (ਸਿੰਡਰ) ਨਾਲ ਤਿਆਰ ਕੀਤਾ 400 ਮੀਟਰ ਦੇ ਮੌਜੂਦਾ ਟ੍ਰੈਕ ਦੀ ਸਤ੍ਹਾਂ ਬਹੁਤ ਪੁਰਾਣੀ ਹੈ ਤੇ ਆਪਣਾ ਵੇਲਾ ਵਿਹਾਅ ਚੁੱਕੀ ਹੈ। ਇਸ ਪ੍ਰੋਜੈਕਟ ਦੀ ਲਾਗਤ ਲਗਭਗ 7 ਕਰੋੜ ਰੁਪਏ ਹੋਵੇਗੀ।

 

ਪ੍ਰਧਾਨ ਮੰਤਰੀ ਪੁਦੂਚੇਰੀ ਸਥਿਤ ਜਵਾਹਰਲਾਲ ਇੰਸਟੀਟਿਊਟ ਆਵ੍ ਪੋਸਟਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (JIPMER) ਵਿਖੇ ਬਲੱਡ ਸੈਂਟਰ ਦਾ ਉਦਘਾਟਨ ਕਰਨਗੇ, ਜੋ ਟ੍ਰਾਂਸਫ਼ਿਊਜ਼ਨ ਦੇ ਸਾਰੇ ਪੱਖਾਂ ਵਿੱਚ ਥੋੜ੍ਹੇ ਸਮੇਂ ਅਤੇ ਨਿਰੰਤਰ ਬਲੱਡ ਬੈਂਕ ਪਰਸੋਨਲ ਟ੍ਰੇਨਿੰਗ ਲਈ ਇੱਕ ਖੋਜ ਪ੍ਰਯੋਗਸ਼ਾਲਾ ਤੇ ਇੱਕ ਟ੍ਰੇਨਿੰਗ ਸੈਂਟਰ ਵਜੋਂ ਕੰਮ ਕਰੇਗਾ। ਇਸ ਨੂੰ 28 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤਾ ਗਿਆ ਹੈ।

 

ਪ੍ਰਧਾਨ ਮੰਤਰੀ ਪੁਦੂਚੇਰੀ ਦਾ ਲਾਅਸਪੇਟ ’ਚ 100 ਬਿਸਤਰਿਆਂ ਵਾਲੇ ਲੜਕੀਆਂ ਦੇ ਹੋਸਟਲ ਦਾ ਉਦਘਾਟਨ ਕਰਨਗੇ। ਇਸ ਨੂੰ ‘ਭਾਰਤੀ ਸਪੋਰਟਸ ਅਥਾਰਿਟੀ’ ਦੇ ਬੈਨਰ ਹੇਠ ਮਹਿਲਾ ਐਥਲੀਟਾਂ ਲਈ ਲਗਭਗ 12 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਉਹ ਮੁੜ–ਉਸਾਰੀ ਹੈਰਿਟੇਜ ਮਾਰੀ ਬਿਲਡਿੰਗ ਦਾ ਉਦਘਾਟਨ ਵੀ ਕਰਨਗੇ। ਪੁਦੂਚੇਰੀ ਦੇ ਇਤਿਹਾਸ ਦੀ ਇੱਕ ਵਿਲੱਖਣ ਯਾਦਗਾਰ ਮਾਰੀ ਬਿਲਡਿੰਗ ਦਾ ਨਿਰਮਾਣ ਫ਼ਰਾਂਸੀਸੀਆਂ ਨੇ ਕਰਵਾਇਆ ਸੀ ਤੇ ਇਸ ਨੂੰ ਲਗਭਗ 15 ਕਰੋੜ ਰੁਪਏ ਦੀ ਲਾਗਤ ਨਾਲ ਉਸੇ ਇਮਾਰਤੀ ਕਲਾ–ਨਮੂਨਿਆਂ ਨਾਲ ਮੁੜ–ਉਸਾਰਿਆ ਗਿਆ ਹੈ।

 

*****

 

ਡੀਐੱਸ/ਏਕੇਜੇ



(Release ID: 1700321) Visitor Counter : 104