ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਵਿਗਿਆਨ ਤੇ ਟੈਕਨੋਲੋਜੀ ਸਹਿਯੋਗ ਬਾਰੇ ਭਾਰਤ–ਯੂਰੋਪੀਅਨ ਸੰਯੁਕਤ ਕਮੇਟੀ ਨੇ ਆਈਸੀਟੀ, ਸਰੋਤ ਕਾਰਜਕੁਸ਼ਲਤਾ ਤੇ ਬਿਜਲਈ ਗਤੀਸ਼ੀਲਤਾ ’ਤੇ ਧਿਆਨ ਕੇਂਦ੍ਰਿਤ ਕਰਦਿਆਂ ਕੀਤਾ ਕਾਰਵਾਈ–ਆਧਾਰਤ ਏਜੰਡਾ ਤੈਅ
Posted On:
22 FEB 2021 12:23PM by PIB Chandigarh
ਵਿਗਿਆਨ ਤੇ ਟੈਕਨੋਲੋਜੀ ਬਾਰੇ ਭਾਰਤ–ਯੂਰੋਪੀਅਨ ਯੂਨੀਅਨ ਦੀ ਸਾਂਝੀ ਸਟੀਅਰਿੰਗ ਕਮੇਟੀ ਨੇ ਹਾਲ ਹੀ ਵਿੱਚ ਯੂਰੋਪੀਅਨ ਕਮਿਸ਼ਨ ਦੀ ਮੇਜ਼ਬਾਨੀ ’ਚ ਹੋਈ ਵਿਗਿਆਨ ਤੇ ਟੈਕਨੋਲੋਜੀ ਸਹਿਯੋਗ ਬਾਰੇ ਸੰਯੁਕਤ ਕਮੇਟੀ ਦੀ 13ਵੀਂ ਬੈਠਕ ਦੌਰਾਨ ਖੋਜ ਤੇ ਨਵਾਚਾਰ ਦੇ ਖੇਤਰਾਂ ਵਿੱਚ ਭਾਰਤ–ਯੂਰੋਪੀਅਨ ਯੂਨੀਅਨ ਤਾਲਮੇਲ ਲਈ ਲੰਮੇ ਸਮੇਂ ਵਾਸਤੇ ਰਣਨੀਤਕ ਪਰਿਪੇਖ ਵਿਕਸਤ ਕਰ ਕੇ ਅਪਨਾਉਣ ਉੱਤੇ ਸਹਿਮਤੀ ਪ੍ਰਗਟਾਈ ਹੈ।
ਯੂਰੋਪੀਅਨ ਯੂਨੀਅਨ ਵਾਲੇ ਪਾਸਿਓਂ ‘ਯੂਰੋਪੀਅਨ ਕਮਿਸ਼ਨ ਦੇ ਖੋਜ ਤੇ ਨਵਾਚਾਰ ਮਾਮਲਿਆਂ’ ਦੇ ਡਾਇਰੈਕਟਰ–ਜਨਰਲ ਸ੍ਰੀ ਜੀਨ–ਐਰਿਕ ਪੈਕੁਏਟ ਅਤੇ ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ ਦੀ ਸਾਂਝੀ ਪ੍ਰਧਾਨਗੀ ਹੋਈ ਬੈਠਕ ਦੌਰਾਨ ਦੋਵੇਂ ਧਿਰਾਂ ਨੇ ਭਾਰਤ–ਯੂਰੋਪੀਅਨ ਯੂਨੀਅਨ ਵਿਗਿਆਨ, ਟੈਕਨੋਲੋਜੀ ਨਵਾਚਾਰ ਸਹਿਯੋਗ ਅਧੀਨ ਹਾਸਲ ਹੋਈਆਂ ਉਪਲਬਧੀਆਂ ਦੀ ਸ਼ਲਾਘਾ ਕਰਦਿਆਂ ਇੱਕ ਕਾਰਵਾਈ–ਆਧਾਰਤ ਏਜੰਡਾ ਤੈਅ ਕਰਨ ਦਾ ਫ਼ੈਸਲਾ ਕੀਤਾ, ਜਿਸ ਨੂੰ ਆਪਸੀ ਸਹਿਮਤੀ ਨਾਲ ਤੈਅ ਕੀਤੀ ਸਮਾਂ–ਸੀਮਾ ਦੇ ਅੰਦਰ ਲਾਗੂ ਕੀਤਾ ਜਾ ਸਕੇ।
ਯੂਰੋਪੀਅਨ ਯੂਨੀਅਨ–ਭਾਰਤ ਦੇ ਜੁਲਾਈ ਸਿਖ਼ਰ–ਸੰਮੇਲਨ ਦੌਰਾਨ ਅਪਣਾਏ ਗਏ ‘ਸਾਂਝੇ ਬਿਆਨ’ ਅਤੇ ‘ਯੂਰੋਪੀਅਨ ਯੂਨੀਅਨ–ਭਾਰਤ ਰਣਨੀਤਕ ਭਾਈਵਾਲੀ:2025 ਲਈ ਇੱਕ ਖ਼ਾਕਾ’ ਉੱਤੇ ਗ਼ੌਰ ਕਰਦਿਆਂ ਦੋਵੇਂ ਧਿਰਾਂ ਨੇ ਆਈਸੀਟੀ (ICT), ਖ਼ਾਸ ਕਰਕੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਸਮੇਤ ਸਾਈਬਰ–ਫ਼ਿਜ਼ੀਕਲ–ਸਿਸਟਮਜ਼ (ICPS), ਸਰਕੂਲਰ ਅਰਥਵਿਵਸਥਾ ਤੇ ਸਰੋਤਾਂ ਦੀ ਕਾਰਜਕੁਸ਼ਲਤਾ (ਕੂੜਾ ਕਰਕਟ ਤੋਂ ਊਰਜਾ; ਪਲਾਸਟਿਕਸ; ਆਦਿ), ਬਿਜਲਈ ਗਤੀਸ਼ੀਲਤਾ ਤੇ ਟਿਕਾਊ ਐਗ੍ਰੀ–ਫ਼ੂਡ ਪ੍ਰੋਸੈਸਿੰਗ ਤੇ ਹੋਰ ਮਾਮਲਿਆਂ ਬਾਰੇ ਸੰਭਾਵੀ ਸਹਿਯੋਗ ਵਿੱਚ ਦਿਲਚਸਪੀ ਵਿਖਾਈ ਹੈ।
‘ਮਿਸ਼ਨ ਇਨੋਵੇਸ਼ਨ’ ਦੀ ਮੁੱਖ ਭੂਮਿਕਾ ਖੋਜ ਤੇ ਨਵਾਚਾਰ ਲਈ ਕੋਸ਼ਿਸ਼ਾਂ ਉੱਤੇ ਕੇਂਦ੍ਰਿਤ ਹੈ, ਤਾਂ ਜੋ ਇਸ ਧਰਤੀ ਉੱਤੇ ਕਾਰਬਨ ਦਾ ਨਾਮੋ–ਨਿਸ਼ਾਨ ਨਾ ਰਹੇ ਅਤੇ ਸਵੱਛ ਊਰਜਾ ਤਬਾਦਲਾ ਤੇਜ਼ੀ ਨਾਲ ਹੋ ਸਕੇ – ਇਸ ਉੱਤੇ ਵਧੇਰੇ ਜ਼ੋਰ ਦਿੱਤਾ ਗਿਆ, ਇਸ ਦੇ ਨਾਲ ਹੀ ਵਿਸ਼ਵ–ਪੱਧਰੀ ਫ਼ੋਰਮਾਂ ਜ਼ਰੀਏ ਕੋਵਿਡ–19 ਵਿਸ਼ਵ ਮਹਾਮਾਰੀ ਤੋਂ ਅਗਾਂਹ ਸਿਹਤ ਮਾਮਲਿਆਂ ’ਚ ਸਹਿਯੋਗ ਉੱਤੇ ਵੀ ਜ਼ੋਰ ਦਿੱਤਾ ਗਿਆ। ਦੋਵੇਂ ਧਿਰਾਂ ਨੇ ਧਰੁਵ ਵਿਗਿਆਨਾਂ ’ਚ ਸਹਿਯੋਗ ਉੱਤੇ ਵੀ ਜ਼ੋਰ ਦਿੱਤਾ ਅਤੇ ਵਰਚੁਅਲ ਬੈਠਕ ਦੌਰਾਨ ‘ਹੌਰਾਈਜ਼ਨ ਯੂਰੋਪ’ ਅਧੀਨ ਭਵਿੱਖ ਦੇ ਸਹਿਯੋਗ ਬਾਰੇ ਵਿਚਾਰ–ਵਟਾਂਦਰਾ ਕੀਤਾ ਗਿਆ।
ਦੋਵੇਂ ਧਿਰਾਂ ਨੇ ਯੂਰੋਪ ਅਤੇ ਭਾਰਤ ਵਿਚਾਲੇ ਖੋਜਕਾਰਾਂ ਦੇ ਵਧੇਰੇ ਸੰਤੁਲਿਤ ਪ੍ਰਵਾਹ ਦੇ ਉਦੇਸ਼ ਨਾਲ ਇੱਕ–ਦੂਜੇ ਦੇ ਸਮਾਨ ਪ੍ਰੋਗਰਾਮਾਂ ਦੇ ਪਰਸਪਰ ਹਿਤਾਂ ਤੇ ਪਰਸਪਰ ਪ੍ਰੋਤਸਾਹਨ ਉੱਤੇ ਆਧਾਰਤ ਖੋਜਕਾਰਾਂ ਦੀ ਸਿਖਲਾਈ ਅਤੇ ਗਤੀਸ਼ੀਲਤਾ ਸਮੇਤ ਮਨੁੱਖੀ ਪੂੰਜੀ ਵਿਕਾਸ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ।
ਭਾਰਤੀ ਧਿਰ ਨੇ ‘ਵਿਗਿਆਨ, ਟੈਕਨੋਲੋਜੀ ਤੇ ਨਵਾਚਾਰ ਬਾਰੇ ਨਵੀਂ ਨੀਤੀ (STIP 2020)’ ਦੇ ਪ੍ਰਮੁੱਖ ਤੱਤ ਪੇਸ਼ ਕੀਤੇ, ਜਿਨ੍ਹਾਂ ਦਾ ਉਦੇਸ਼ ਕਿਸੇ ਮੰਤਵ ਲਈ ਫ਼ਿੱਟ, ਟ੍ਰਾਂਸਲੇਸ਼ਨਲ ਤੇ ਬੁਨਿਆਦੀ ਖੋਜ ਨੂੰ ਉਤਸ਼ਾਹਿਤ ਕਰਨ ਵਾਲਾ ਜਵਾਬਦੇਹ ਖੋਜ ਮਾਹੌਲ ਸਿਰਜਣਾ; ਟੈਕਨੋਲੋਜੀ ਦਾ ਦੇਸ਼ ਵਿੱਚ ਵਿਕਾਸ ਕਰਨਾ, ਟੈਕਨੋਲੋਜੀ ਦਾ ਦੇਸੀਕਰਣ; ਖੁੱਲ੍ਹੇ ਵਿਗਿਆਨ ਦੀ ਸੁਵਿਧਾ; ਇਕਵਿਟੀ ਤੇ ਸਮਾਵੇਸ਼ ਹੈ।
ਭਾਰਤੀ ਧਿਰ ਨੇ ‘ਭਾਰਤ–ਯੂਰੋਪੀਅਨ ਯੂਨੀਅਨ ਵਿਗਿਆਨ, ਟੈਕਨੋਲੋਜੀ ਤੇ ਨਵਾਚਾਰ ਸਹਿਯੋਗ’ ਅਧੀਨ ਸਾਂਝੀ ਫ਼ੰਡਿੰਗ ਨਾਲ ਭਵਿੱਖ ਵਿੱਚ ਸਾਂਝੇ ਪ੍ਰੋਜੈਕਟ ‘ਲਾਗੂਕਰਣ ਦੀ ਵਿਵਸਥਾ’ (IA) ਦਾ ਪ੍ਰਸਤਾਵ ਰੱਖਿਆ, ਤਾਂ ਜੋ ਤਾਲਮੇਲ ਦੀ ਪ੍ਰਕਿਰਿਆ ਨੂੰ ਸਹੀ ਲੀਹ ’ਤੇ ਲਿਆਂਦਾ ਜਾ ਸਕੇ ਅਤੇ ਪ੍ਰੋਜੈਕਟ ਮੁੱਲਾਂਕਣ, ਚੋਣ, ਫ਼ੰਡਿੰਗ, ਨਿਗਰਾਨੀ ਦੇ ਨਾਲ–ਨਾਲ IPR ਸ਼ੇਅਰਿੰਗ/ਡਾਟਾ ਸ਼ੇਅਰਿੰਗ / ਸਮੱਗਰੀਆਂ / ਉਪਕਰਣ ਟ੍ਰਾਂਸਫ਼ਰ ਪ੍ਰਬੰਧ ਤੇ ਹੋਰ ਮਾਮਲਿਆਂ ਨਾਲ ਸਬੰਧਤ ਕੁਝ ਖ਼ਾਸ ਮਸਲੇ ਹੱਲ ਕੀਤੇ ਜਾ ਸਕਣ।
2014–2020 ਦੌਰਾਨ ਤਾਲਮੇਲ ਨਾਲ ਕੁੱਲ ~157 ਮਿਲੀਅਨ ਯੂਰੋ (H2020 ਤੋਂ 113 ਯੂਰੋ ਅਤੇ ਭਾਰਤ ਸਰਕਾਰ ਵੱਲੋਂ 44 ਯੂਰੋ) ਦੀ ਫ਼ੰਡਿੰਗ 42 ਪ੍ਰੋਜੈਕਟਾਂ ਵਿੱਚ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਤਾਲਮੇਲ – ਪਾਣੀ, ਇੱਕ ਨਵੀਂ ਪੀੜ੍ਹੀ ਦੀ ਇਨਫ਼ਲੂਐਂਜ਼ਾ ਵੈਕਸੀਨ ਅਤੇ ਸਮਾਰਟ ਗ੍ਰਿੱਡਜ਼ ਸਹਿਯੋਗ ਬਾਰੇ ਪ੍ਰਮੁੱਖ ਸੱਦਿਆਂ ਦੇ ਰੂਪ ਵਿੱਚ ਹੋਏ ਹਨ। ਪਿਛਲੇ ਸਾਲਾਂ ਦੌਰਾਨ ਦੋਵੇਂ ਪਾਸੇ ਦੇ ਖੋਜਕਾਰਾਂ ਦਾ ਆਉਣ–ਜਾਣ ਵਰਨਣਯੋਗ ਹੱਦ ਤੱਕ ਵਧਾ ਦਿੱਤਾ ਗਿਆ ਹੈ ਅਤੇ ਭਾਰਤ ਅਤੇ ਯੂਰੋਪ ਦੇ ਵਿਗਿਆਨੀਆਂ ਤੇ ਖੋਜ ਸੰਗਠਨਾਂ ਵਿਚਾਲੇ ਸਹਿਯੋਗ ਮਜ਼ਬੂਤ ਹੋਇਆ ਹੈ।
ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ (DBT) ਦੇ ਸਕੱਤਰ, ਡਾ. ਰੇਨੂ ਸਵਰੂਪ, ਭਾਰਤ ’ਚ ਯੂਰੋਪੀਅਨ ਯੂਨੀਅਨ ਦੇ ਵਫ਼ਦ ਨਾਲ ਸਬੰਧਤ ਮਾਮਲਿਆਂ ਦੇ ਇੰਚਾਰਜ ਸ੍ਰੀ ਕ੍ਰਿਸਟੋਫ਼ੇ ਮੈਨੇਟ ਅਤੇ ਬ੍ਰੱਸੇਲਜ਼ ’ਚ ਮਿਸ਼ਨ ਦੇ ਡਿਪਟੀ ਚੀਫ਼ ਦੇਬਾਸੀਸ਼ ਪ੍ਰੁਸਟੀ, ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਅੰਤਰਰਾਸ਼ਟਰੀ ਸਹਿਯੋਗ ਮਾਮਲਿਆਂ ਦੇ ਮੁਖੀ ਡਾ. ਸੰਜੀਵ ਕੁਮਾਰ ਵਾਰਸ਼ਨੇਅ, ਸੁਸ਼੍ਰੀ ਮਾਰੀਆ ਕ੍ਰਿਸਟੀਨਾ, RUSSO, ਡਾਇਰੈਕਟਰ ਕੌਮਾਂਤਰੀ ਸਹਿਯੋਗ (DG R&I-EC) ਅਤੇ ਵਿਭਿੰਨ ਵਿਗਿਆਨਕ ਮੰਤਰਾਲਿਆਂ / ਵਿਭਾਗਾਂ (DST, MOES, DBT) ਦੇ ਹੋਰ ਅਧਿਕਾਰੀਆਂ ਨੇ ਵੀ ਇਨ੍ਹਾਂ ਵਿਚਾਰ–ਵਟਾਂਦਰਿਆਂ ਵਿੱਚ ਭਾਗ ਲਿਆ।
*****
ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)
(Release ID: 1700061)
Visitor Counter : 219