ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਸਿਹਤਮੰਦ ਜੀਵਨ ਸ਼ੈਲੀ ਅਤੇ ਖਾਣ ਪੀਣ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਆਪਕ ਰਾਸ਼ਟਰੀ ਮੁਹਿੰਮ ਦਾ ਸੱਦਾ ਦਿੱਤਾ
ਉਪ ਰਾਸ਼ਟਰਪਤੀ ਨੇ ਹੈਦਰਾਬਾਦ ਵਿੱਚ ਸੈਂਟਰ ਫਾਰ ਡੀਐੱਨਏ ਫਿੰਗਰਪ੍ਰਿੰਟਿੰਗ ਐਂਡ ਡਾਇਗਨੌਸਟਿਕਸ (ਸੀਡੀਐੱਫਡੀ) ਦਾ ਦੌਰਾ ਕੀਤਾ
ਪੀਡੀਆਟ੍ਰਿਕ ਦੁਰਲੱਭ ਜੈਨੇਟਿਕ ਵਿਕਾਰ ਪ੍ਰਯੋਗਸ਼ਾਲਾ ਦਾ ਉਦਘਾਟਨ ਕੀਤਾ
ਉਪ ਰਾਸ਼ਟਰਪਤੀ ਨੇ ਵਿਗਿਆਨੀਆਂ ਨੂੰ ਜੈਨੇਟਿਕ ਰੋਗਾਂ ਲਈ ਸਰਲ ਡਾਇਗਨੌਸਟਿਕ ਵਿਧੀਆਂ ਵਿਕਸਤ ਕਰਨ ਦੀ ਅਪੀਲ ਕੀਤੀ
ਉਪ ਰਾਸ਼ਟਰਪਤੀ ਨੇ ਅਰਥਵਿਵਸਥਾ ਉੱਤੇ ਜੈਨੇਟਿਕ ਵਿਗਾੜ ਦੇ ਵਿਆਪਕ ਪ੍ਰਭਾਵ ਵੱਲ ਇਸ਼ਾਰਾ ਕੀਤਾ
ਜੀਨੋਮ-ਅਧਾਰਿਤ ਜਨਤਕ ਸਿਹਤ ਖੋਜ ਨੂੰ ਉਤਸ਼ਾਹਿਤ ਕਰਨ ਲਈ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਦੀ ਪ੍ਰਸ਼ੰਸਾ ਕੀਤੀ
ਭਾਰਤ ਦੀ ਆਬਾਦੀ ਵਿੱਚ ਕੋਰੋਨਾ ਵਾਇਰਸ ਦੇ ਪਰਿਵਰਤਨ ਸਪੈਕਟ੍ਰਮ ਨੂੰ ਸਮਝਣ ਵਿੱਚ ਸੀਡੀਐੱਫਡੀ ਦੇ ਯੋਗਦਾਨ ਦੀ ਸ਼ਲਾਘਾ ਕੀਤੀ
Posted On:
20 FEB 2021 12:21PM by PIB Chandigarh
ਉਪ-ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿੱਚ ਗ਼ੈਰ-ਸੰਚਾਰੀ ਰੋਗਾਂ ਦੀਆਂ ਵਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਨਾਉਣ ਅਤੇ ਸੁਸਤ ਜੀਵਨ ਜੀਣ ਅਤੇ ਜੰਕ ਫੂਡ ਤੋਂ ਪਰਹੇਜ਼ ਕਰਨ।
ਹੈਦਰਾਬਾਦ ਵਿੱਚ ਸੈਂਟਰ ਫਾਰ ਡੀਐੱਨਏ ਫਿੰਗਰਪ੍ਰਿੰਟਿੰਗ ਅਤੇ ਡਾਇਗਨੌਸਟਿਕਸ ਵਿਖੇ ਸੈਂਟਰ ਦੀਆਂ ਸੁਵਿਧਾਵਾਂ ਦਾ ਦੌਰਾ ਕਰਨ ਤੋਂ ਬਾਅਦ ਵਿਗਿਆਨੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ, ਡਬਲਿਊਐੱਚਓ ਦੇ ਅੰਕੜਿਆਂ ਵਿੱਚ ਭਾਰਤ ਵਿੱਚ ਹੋਈਆਂ 61 ਪ੍ਰਤੀਸ਼ਤ ਮੌਤਾਂ ਦਾ ਕਾਰਨ ਦਿਲ ਦੀਆਂ ਬਿਮਾਰੀਆਂ, ਕੈਂਸਰ ਅਤੇ ਸ਼ੂਗਰ ਜਿਹੀਆਂ ਐੱਨਸੀਡੀਜ਼ ਨੂੰ ਦੱਸਿਆ ਗਿਆ ਹੈ।
ਸ਼੍ਰੀ ਨਾਇਡੂ ਨੇ ਸਿਹਤਮੰਦ ਜੀਵਨ ਸ਼ੈਲੀ ਅਤੇ ਖਾਣ ਪੀਣ ਦੀਆਂ ਆਦਤਾਂ ਨੂੰ ਅਪਨਾਉਣ ਦੀ ਮਹੱਤਤਾ 'ਤੇ ਵਿਆਪਕ ਰਾਸ਼ਟਰੀ ਮੁਹਿੰਮ ਚਲਾਉਂਦਿਆਂ ਇਸ ਰੁਝਾਨ ‘ਤੇ ਠੱਲ ਪਾਉਣ ਦਾ ਸੱਦਾ ਦਿੱਤਾ। ਇਸ ਪ੍ਰਸੰਗ ਵਿੱਚ, ਉਨ੍ਹਾਂ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਉਹ ਸਿਹਤਮੰਦ ਵਿਕਲਪਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ।
ਸੁਸਤੀ ਭਰਪੂਰ ਜੀਵਨ ਸ਼ੈਲੀ ਅਤੇ ਗ਼ੈਰ-ਸਿਹਤਮੰਦ ਖੁਰਾਕ ਦੀਆਂ ਆਦਤਾਂ ਦੇ ਨਕਾਰਾਤਮਕ ਪ੍ਰਭਾਵ ਬਾਰੇ ਲੋਕਾਂ, ਖ਼ਾਸ ਕਰਕੇ ਸਕੂਲ ਅਤੇ ਕਾਲਜ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਮੂਹਕ ਯਤਨਾਂ ਦਾ ਸੱਦਾ ਦਿੰਦਿਆਂ ਉਪ-ਰਾਸ਼ਟਰਪਤੀ ਨੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ, ਸਾਡੀਆਂ ਰਵਾਇਤੀ ਖਾਣ-ਪੀਣ ਦੀਆਂ ਆਦਤਾਂ 'ਤੇ ਮੁੜ ਵਿਚਾਰ ਕਰਨ ਅਤੇ ਬਿਹਤਰ ਸਿਹਤ ਦੇ ਨਤੀਜਿਆਂ ਲਈ ਪ੍ਰੋਟੀਨ ਨਾਲ ਭਰਪੂਰ ਭੋਜਨ ਦੀ ਖਪਤ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ। ਤਤਕਾਲ ਖਾਣੇ ਲਈ ਖਬਤ ਪ੍ਰਤੀ ਸਾਵਧਾਨ ਕਰਦਿਆਂ, ਉਨ੍ਹਾਂ ਕਿਹਾ "ਤਤਕਾਲ ਭੋਜਨ ਦਾ ਅਰਥ ਹੈ ਨਿਰੰਤਰ ਬਿਮਾਰੀ।”
ਜੈਨੇਟਿਕ ਰੋਗਾਂ ਦੇ ਬੋਝ ਦਾ ਜ਼ਿਕਰ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਵਿਗਿਆਨੀਆਂ ਨੂੰ ਕਿਹਾ ਕਿ ਉਹ ਬਿਹਤਰ ਮਰੀਜ਼ ਪ੍ਰਬੰਧਨ ਵਿੱਚ ਸਹਾਇਤਾ ਲਈ ਵਿਭਿੰਨ ਜੈਨੇਟਿਕ ਰੋਗਾਂ ਦੀ ਜਾਂਚ ਲਈ ਸਰਲ ਅਤੇ ਲਾਗਤ-ਪ੍ਰਭਾਵਸ਼ਾਲੀ ਢੰਗ ਵਿਕਸਤ ਕਰਨ। ਉਨ੍ਹਾਂ ਭਾਰਤ ਵਿੱਚ 10 ਤੋਂ ਵੱਧ ਵਿਕਾਰਾਂ ਲਈ ਨੋਵੇਲ ਜੈਨੇਟਿਕ ਪਰਿਵਰਤਨ ਦੀ ਪਹਿਚਾਣ ਕਰਨ ਲਈ ਸੀਡੀਐੱਫਡੀ ਦੀ ਪ੍ਰਸੰਸਾ ਕੀਤੀ, ਜਿਨ੍ਹਾਂ ਵਿੱਚ 4 ਨਵੇਂ ਜੀਨਾਂ ਦੀ ਪਹਿਚਾਣ ਵੀ ਸ਼ਾਮਲ ਹੈ, ਜੋ ਜੈਨੇਟਿਕ ਸਲਾਹ ਅਤੇ ਰੋਗਾਂ ਦੇ ਪ੍ਰਬੰਧਨ ਵਿੱਚ ਮਦਦਗਾਰ ਹੋਵੇਗੀ।
ਦੌਰੇ ਦੌਰਾਨ ਉਪ-ਰਾਸ਼ਟਰਪਤੀ ਨੇ ਸੀਡੀਐੱਫਡੀ ਵਿਖੇ ‘ਪੀਡੀਆਟ੍ਰਿਕ ਦੁਰਲੱਭ ਜੈਨੇਟਿਕ ਵਿਕਾਰ’ ਪ੍ਰਯੋਗਸ਼ਾਲਾ ਦਾ ਉਦਘਾਟਨ ਵੀ ਕੀਤਾ।
ਭਾਰਤ ਵਿੱਚ ਗ਼ੈਰ-ਸੰਚਾਰੀ ਰੋਗਾਂ ਦੀਆਂ ਵਧ ਰਹੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ, ਉਨ੍ਹਾਂ ਕਿਹਾ ਕਿ ਦੁਰਲੱਭ ਜੈਨੇਟਿਕ ਵਿਕਾਰ ਐੱਨਸੀਡੀਜ਼ ਦਾ ਵੱਡਾ ਸਮੂਹ ਬਣਦੇ ਹਨ।
ਇਹ ਦੇਖਦੇ ਹੋਏ ਕਿ ਦੁਨੀਆ ਭਰ ਵਿੱਚ ਤਕਰੀਬਨ 350 ਮਿਲੀਅਨ ਲੋਕ "ਦੁਰਲੱਭ ਰੋਗਾਂ" ਨਾਲ ਜੂਝ ਰਹੇ ਹਨ ਅਤੇ ਭਾਰਤ ਵਿੱਚ ਤਕਰੀਬਨ 70 ਮਿਲੀਅਨ (20 ਵਿੱਚੋਂ 1), ਸ਼੍ਰੀ ਨਾਇਡੂ ਨੇ ਅਰਥਵਿਵਸਥਾ ਅਤੇ ਸਮਾਜਿਕ ਢਾਂਚੇ 'ਤੇ ਇਨ੍ਹਾਂ ਵਿਗਾੜਾਂ ਦੇ ਬੋਝ ਦੇ ਵਿਆਪਕ ਪ੍ਰਭਾਵ ਵੱਲ ਇਸ਼ਾਰਾ ਕੀਤਾ, ਇਨ੍ਹਾਂ ਵਿਚੋਂ ਬਹੁਤੇ ਲਾ-ਇਲਾਜ ਹਨ।
ਜੀਨੋਮ-ਅਧਾਰਿਤ ਪਬਲਿਕ ਸਿਹਤ ਖੋਜ ਨੂੰ ਉਤਸ਼ਾਹਿਤ ਕਰਨ ਅਤੇ ਸੀਡੀਐੱਫਡੀ ਨੂੰ "ਪੀਡੀਆਟ੍ਰਿਕ ਰੇਅਰ ਜੈਨੇਟਿਕ ਡਿਸਆਰਡਰਸ" ਵਿਸ਼ੇ 'ਤੇ ਇੱਕ ਪ੍ਰਮੁੱਖ ਖੋਜ ਪ੍ਰੋਗਰਾਮ ਨੂੰ ਲੈਣ ਲਈ ਕਹਿਣ ਲਈ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਦੀ ਪ੍ਰਸ਼ੰਸਾ ਕਰਦੇ ਹੋਏ, ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਭਾਰਤ ਦੇ ਮਨੁੱਖੀ ਸਿਹਤ ਸਬੰਧੀ ਟੀਚੇ ਹਾਸਲ ਕਰਨ ਅਤੇ ਜੈਨੇਟਿਕ ਬਿਮਾਰੀਆਂ ਦੇ ਸਮਾਜਿਕ ਬੋਝ ਨੂੰ ਘਟਾਉਂਣ ਵਿੱਚ ਸਥਿਰ ਵਿਕਾਸ ਲਈ ਸਕਾਰਾਤਮਕ ਯੋਗਦਾਨ ਪਾਏਗਾ।
ਇਹ ਨੋਟ ਕਰਦਇਆਂ ਕਿ ਸੀਡੀਐੱਫਡੀ ਨੇ ਸ਼ੁਰੂਆਤ ਦੇ ਸਮੇਂ ਤੋਂ ਲੈ ਕੇ 60,000 ਤੋਂ ਵੱਧ ਪਰਿਵਾਰਾਂ ਨੂੰ ਜੈਨੇਟਿਕ ਬਿਮਾਰੀ ਵਾਲੇ ਮਰੀਜ਼ਾਂ ਦੀ ਜੈਨੇਟਿਕ ਜਾਂਚ ਅਤੇ ਕਾਊਂਸਲਿੰਗ ਲਈ ਸੇਵਾਵਾਂ ਪ੍ਰਦਾਨ ਕੀਤੀਆਂ ਹਨ, ਸ਼੍ਰੀ ਨਾਇਡੂ ਨੇ ਅਣਜਾਣ ਜੈਨੇਟਿਕ ਵਿਕਾਰ ਵਾਲੇ ਮਰੀਜ਼ਾਂ ਦੇ ਮੁੱਲਾਂਕਣ ਲਈ ਕਈ ਕਲੀਨਿਕਲ ਸੈਂਟਰਾਂ ਨਾਲ ਦੇਸ਼ ਵਿਆਪੀ ਸਹਿਯੋਗ ਸਥਾਪਿਤ ਕਰਨ ਲਈ ਸੰਸਥਾ ਦੀ ਸ਼ਲਾਘਾ ਕੀਤੀ। ਉਨ੍ਹਾਂ ਸੀਡੀਐੱਫਡੀ ਨੂੰ, ਉਸ ਦੁਆਰਾ ਜੈਨੇਟਿਕ ਬਿਮਾਰੀਆਂ ਸਬੰਧੀ ਪੇਸ਼ ਕੀਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਮੀਡੀਆ ਰਾਹੀਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕਿਹਾ।
ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਮਾਨਵਤਾ ਨੂੰ ਦਰਪੇਸ਼ ਬੇਮਿਸਾਲ ਚੁਣੌਤੀਆਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ CDFD ਦੇ ਕੋਰੋਨਾ ਵਾਰੀਅਰਜ਼ ਦੀ ਕੋਵਿਡ -19 ਸੰਕਰਮਣ ਦੀ ਸਹੀ ਜਾਂਚ ਕਰਨ ‘ਤੇ ਤਾਰੀਫ਼ ਕੀਤੀ। “ਮੈਨੂੰ ਦੱਸਿਆ ਗਿਆ ਹੈ ਕਿ ਸੀਡੀਐੱਫਡੀ ਨੇ ਪਿਛਲੇ 10 ਮਹੀਨਿਆਂ ਵਿੱਚ 40,000 ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਹੈ।”
ਭਾਰਤ ਦੀ ਆਬਾਦੀ ਵਿੱਚ ਕੋਰੋਨਾ ਵਾਇਰਸ ਦੇ ਪਰਿਵਰਤਨ ਸਪੈਕਟ੍ਰਮ ਨੂੰ ਸਮਝਣ ਵਿੱਚ ਸੀਡੀਐੱਫਡੀ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ “ਅਜਿਹੀਆਂ ਕੋਸ਼ਿਸ਼ਾਂ ਵਾਇਰਸ ਦੇ ਕਿਸੇ ਵੀ ਰੂਪਾਂ ਨਾਲ ਨਜਿੱਠਣ ਲਈ ਸਾਡੀ ਤਤਪਰਤਾ ਨੂੰ ਯਕੀਨੀ ਬਣਾਉਣ ਵਿੱਚ ਬਹੁਤ ਅੱਗੇ ਵਧ ਗਈਆਂ ਹਨ।”
ਦੁਨੀਆ ਵਿੱਚ ਵਧ ਰਹੇ ਅਪਰਾਧ ਦਰ ਦੀ ਸਮੱਸਿਆ ਵੱਲ ਇਸ਼ਾਰਾ ਕਰਦਿਆਂ, ਉਨ੍ਹਾਂ ਸੀਡੀਐੱਫਡੀ ਦੀ, ਅਪਰਾਧਿਕ ਮਾਮਲਿਆਂ ਵਿੱਚ ਸਹੀ ਨਿਰਣੇ ਨੂੰ ਯਕੀਨੀ ਬਣਾਉਣ ਅਤੇ ਤਬਾਹੀ ਪੀੜਤਾਂ ਦੇ ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਅਦਾਲਤਾਂ, ਕੌਮੀ ਜਾਂਚ ਏਜੰਸੀ (ਐੱਨਆਈਏ) ਅਤੇ ਸੀਬੀਆਈ ਨੂੰ ਅਤਿ ਆਧੁਨਿਕ ਡੀਐੱਨਏ ਫਿੰਗਰਪ੍ਰਿੰਟਿੰਗ ਸੇਵਾ ਪ੍ਰਦਾਨ ਕਰਨ ਲਈ ਪ੍ਰਸ਼ੰਸਾ ਕੀਤੀ।
ਸੀਡੀਐੱਫਡੀ ਦੇ ਵਿਗਿਆਨੀਆਂ ਅਤੇ ਵਿਦਵਾਨਾਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਸ੍ਰੀ ਨਾਇਡੂ ਨੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਖੋਜ ਦੇ ਨਤੀਜੇ ਆਮ ਆਦਮੀ ਨੂੰ ਲਾਭ ਪਹੁੰਚਾਉਣ ਅਤੇ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ। ਉਨ੍ਹਾਂ ਅੱਗੇ ਕਿਹਾ “ਵਿਗਿਆਨ ਦਾ ਅੰਤਮ ਉਦੇਸ਼ ਲੋਕਾਂ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣਾ ਹੋਣਾ ਚਾਹੀਦਾ ਹੈ।”
ਇਸ ਮੌਕੇ ਤੇਲੰਗਾਨਾ ਦੇ ਗ੍ਰਹਿ ਮੰਤਰੀ, ਮੁਹੰਮਦ ਮਹਿਮੂਦ ਅਲੀ, ਸੀਡੀਐੱਫਡੀ ਦੇ ਡਾਇਰੈਕਟਰ, ਡਾ. ਕੇ ਥੰਗਰਾਜ, ਬਾਇਓਟੈਕਨੋਲੋਜੀ ਵਿਭਾਗ ਦੇ ਸੀਨੀਅਰ ਅਧਿਕਾਰੀ, ਵਿਗਿਆਨੀ, ਖੋਜ ਵਿਦਵਾਨ ਅਤੇ ਸਟਾਫ ਮੌਜੂਦ ਸੀ।
*******
ਐੱਮਐੱਸ/ਆਰਕੇ/ਡੀਪੀ
(Release ID: 1699663)
Visitor Counter : 241