ਪ੍ਰਧਾਨ ਮੰਤਰੀ ਦਫਤਰ

ਚੋਰੀ ਚੌਰਾ ਦੇ ਸ਼ਹੀਦਾਂ ਨੂੰ ਬਣਦੀ ਤਰਜੀਹ ਨਹੀਂ ਦਿੱਤੀ ਗਈ ਹੈ: ਪ੍ਰਧਾਨ ਮੰਤਰੀ

Posted On: 04 FEB 2021 5:16PM by PIB Chandigarh

ਪ੍ਰਧਾਨ ਮੰਤਰੀ ਨੇ ਇਸ ਤੱਥ ਉੱਤੇ ਅਫ਼ਸੋਸ ਪ੍ਰਗਟਾਇਆ ਹੈ ਕਿ ਚੌਰੀ ਚੌਰਾ ਦੇ ਸ਼ਹੀਦਾਂ ਨੂੰ ਇਤਿਹਾਸ ਦੇ ਪੰਨਿਆਂ ਉੱਤੇ ਬਣਦੀ ਤਰਜੀਹ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਘੱਟ ਜਾਣੇ ਜਾਂਦੇ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਕਹਾਣੀਆਂ ਨੂੰ ਅੱਗੇ ਲਿਆਉਣ ਦੀਆਂ ਸਾਡੀਆਂ ਕੋਸ਼ਿਸ਼ਾਂ ਉਨ੍ਹਾ ਲਈ ਸਾਡੀ ਇੱਕ ਸੱਚੀ ਸ਼ਰਧਾਂਜਲੀ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਸਭ ਇਸ ਸਾਲ ਹੋਰ ਵੀ ਜ਼ਿਆਦਾ ਵਾਜਬ ਹੈ, ਜਦੋਂ ਦੇਸ਼ ਆਜ਼ਾਦੀ–ਪ੍ਰਾਪਤੀ ਦੇ 75ਵੇਂ ਸਾਲ ਵਿੱਚ ਦਾਖ਼ਲ ਹੋ ਰਿਹਾ ਹੈ। ਸ੍ਰੀ ਮੋਦੀ ਅੱਜ ਵੀਡੀਓ ਕਾਨਫ਼ਰੰਸਸ ਰਾਹੀਂ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੇ ਚੌਰੀ ਚੌਰਾ ’ਚ ‘ਚੌਰੀ ਚੌਰਾ’ ਘਟਨਾ ਦੇ ਸ਼ਤਾਬਦੀ ਸਮਾਰੋਹਾਂ ਦਾ ਉਦਘਾਟਨ ਕਰਨ ਤੋਂ ਬਾਅਦ ਬੋਲ ਰਹੇ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਚੌਰੀ ਚੌਰਾ ਦੇ ਸ਼ਹੀਦਾਂ ਬਾਰੇ ਓਨੀ ਵਿਚਾਰ ਚਰਚਾ ਨਹੀਂ ਕੀਤੀ ਜਾਂਦੀ, ਜਿੰਨੀ ਕਿ ਹੋਣੀ ਚਾਹੀਦੀ ਹੈ। ਚੌਰੀ ਚੌਰਾ ਆਮ ਲੋਕਾਂ ਦਾ ਇੱਕ ਸਵੈ–ਪ੍ਰੇਰਿਤ ਸੰਘਰਸ਼ ਸੀ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ,‘ਭਾਵੇਂ ਇਸ ਸੰਘਰਸ਼ ਦੇ ਕ੍ਰਾਂਤੀਕਾਰੀਆਂ ਨੂੰ ਇਤਿਹਾਸ ਦੇ ਪੰਨਿਆਂ ਉੱਤੇ ਪ੍ਰਮੁੱਖਤਾ ਨਹੀਂ ਦਿੱਤੀ ਗਈ, ਫਿਰ ਵੀ ਉਨ੍ਹਾਂ ਦਾ ਖ਼ੂਨ ਇਸ ਦੇਸ਼ ਦੀ ਧਰਤੀ ’ਤੇ ਡੁੱਲ੍ਹਿਆ ਹੈ।’

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਵਿੱਚ ਅਜਿਹੀ ਹੋਰ ਕੋਈ ਘਟਨਾ ਮਿਲਣੀ ਦੁਰਲੱਭ ਹੈ, ਜਿੱਥੇ ਸਿਰਫ਼ ਇੱਕੋ ਸਥਾਨ ਉੱਤੇ ਇੱਕੋ ਵਾਰੀ ’ਚ 19 ਆਜ਼ਾਦੀ ਘੁਲਾਟੀਆਂ ਨੂੰ ਫਾਂਸੀ ਦੇ ਦਿੱਤੀ ਗਈ ਸੀ। ਸ੍ਰੀ ਮੋਦੀ ਨੇ ਬਾਬਾ ਰਾਘਵਦਾਸ ਤੇ ਪੰਡਿਤ ਮਦਨ ਮੋਹਨ ਮਾਲਵੀਆ ਦੀਆਂ ਕੋਸ਼ਿਸ਼ਾਂ ਨੂੰ ਯਾਦ ਕੀਤਾ, ਜਿਨ੍ਹਾਂ 150 ਲੋਕਾਂ ਨੂੰ ਫਾਂਸੀ ਦੇ ਤਖ਼ਤੇ ’ਤੇ ਜਾਣ ਤੋਂ ਬਚਾਇਆ ਸੀ।

ਪ੍ਰਧਾਨ ਮੰਤਰੀ ਨੇ ਖ਼ੁਸ਼ੀ ਪ੍ਰਗਟਾਈ ਕਿ ਸਮੁੱਚੀ ਮੁਹਿੰਮ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਇਨ੍ਹਾਂ ਕੋਸ਼ਿਸ਼ਾਂ ਵਿੱਚ ਜੋੜ ਰਹੀ ਹੈ, ਤਾਂ ਜੋ ਆਜ਼ਾਦੀ ਦੇ ਸੰਘਰਸ਼ ਦੇ ਕੁਝ ਘੱਟ ਜਾਣੇ–ਪਛਾਣੇ ਤੱਥਾਂ ਦੀ ਭਾਲ ਕੀਤੀ ਜਾ ਸਕੇ। ਉਨ੍ਹਾਂ ਸਿੱਖਿਆ ਮੰਤਰਾਲੇ ਵੱਲੋਂ ਨੌਜਵਾਨ ਲੇਖਕਾਂ ਨੂੰ ਦਿੱਤੇ ਆਜ਼ਾਦੀ ਘੁਲਾਟੀਆਂ ਉੱਤੇ ਪੁਸਤਕਾਂ ਲਿਖਣ ਦੇ ਸੱਦੇ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਈ ਕਿ ਇੰਝ ਚੌਰੀ ਚੌਰਾ ਦੇ ਬਹੁਤ ਸਾਰੇ ਆਜ਼ਾਦੀ ਘੁਲਾਟੀਆਂ ਦੇ ਜੀਵਨ ਦੇਸ਼ ਸਾਹਮਣੇ ਆ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ੲਹ ਸਾਡੇ ਆਜ਼ਾਦੀ ਘੁਲਾਟੀਆਂ ਨੂੰ ਸੱਚੀ ਸ਼ਰਧਾਂਜਲੀ ਹੈ ਕਿ ਇਨ੍ਹਾਂ ‘ਚੌਰੀ ਚੌਰਾ’ ਸ਼ਤਾਬਦੀ ਸਮਾਰੋਹਾਂ ਨੂੰ ਸਥਾਨਕ ਕਲਾ ਤੇ ਸਭਿਆਚਾਰ ਤੇ ਆਤਮ–ਨਿਰਭਰਤਾ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਯੋਗੀ ਆਦਿੱਤਿਆਨਾਥ ਤੇ ਉੱਤਰ ਪ੍ਰਦੇਸ਼ ਸਰਕਾਰ ਦੀ ਇਸ ਸਮਾਰੋਹ ਦੇ ਆਯੋਜਨ ਲਈ ਵੀ ਸ਼ਲਾਘਾ ਕੀਤੀ।

*****

ਡੀਐੱਸ


(Release ID: 1695340) Visitor Counter : 168