ਸੱਭਿਆਚਾਰ ਮੰਤਰਾਲਾ
ਪ੍ਰਧਾਨ ਮੰਤਰੀ ਨੇ ਕੋਲਕਾਤਾ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਨਮ ਵਰ੍ਹੇਗੰਢ ਦੇ ਸਮਾਰੋਹ ’ਚ ਹਿੱਸਾ ਲਿਆ
ਨੇਤਾਜੀ ਭਾਰਤ ਦੀ ਸ਼ਕਤੀ ਤੇ ਪ੍ਰੇਰਣਾ ਦੀ ਮੂਰਤ ਹਨ: ਪ੍ਰਧਾਨ ਮੰਤਰੀ
Posted On:
23 JAN 2021 9:12PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਲਕਾਤਾ ’ਚ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਨਮ ਵਰ੍ਹੇਗੰਢ ਦੇ ਸਮਾਰੋਹ ਵਿੱਚ ਹਿੱਸਾ ਲਿਆ। ਉਨ੍ਹਾਂ ਕੋਲਕਾਤਾ ਦੇ ਵਿਕਟੋਰੀਆ ਮੈਮੋਰੀਅਲ ’ਚ ‘ਪਰਾਕ੍ਰਮ ਦਿਵਸ’ ਸਮਾਰੋਹਾਂ ਦੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕੀਤੀ। ਨੇਤਾਜੀ ਬਾਰੇ ਇੱਕ ਸਥਾਈ ਪ੍ਰਦਰਸ਼ਨੀ ਅਤੇ ਇੱਕ ਪ੍ਰੋਜੈਕਸ਼ਨ ਮੈਪਿੰਗ ਸ਼ੋਅ ਦਾ ਉਦਘਾਟਨ ਇਸ ਮੌਕੇ ਕੀਤਾ ਗਿਆ। ਪ੍ਰਧਾਨ ਨੇ ਇੱਕ ਯਾਦਗਾਰੀ ਸਿੱਕਾ ਤੇ ਡਾਕ–ਟਿਕਟ ਵੀ ਜਾਰੀ ਕੀਤੇ। ਨੇਤਾਜੀ ਦੇ ਵਿਸ਼ੇ ਉੱਤੇ ਅਧਾਰਿਤ ਇੱਕ ਸੱਭਿਆਚਾਰਕ ਪ੍ਰੋਗਰਾਮ ‘ਆਮਰਾ ਨੂਤੋਨ ਜੂਬੋਨੇਰੀ ਦੂਤ’ ਵੀ ਕਰਵਾਇਆ ਗਿਆ ਸੀ।
ਇਸ ਸਮਾਰੋਹ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇਤਾਜੀ ਪ੍ਰਤੀ ਆਪਣਾ ਸਤਿਕਾਰ ਪ੍ਰਗਟਾਉਣ ਲਈ ਐਲਗਿਨ ਰੋਡ ਉੱਤੇ ਸਥਿਤ ਨੇਤਾਜੀ ਸੁਭਾਸ਼ ਬੋਸ ਦੇ ਘਰ, ਨੇਤਾਜੀ ਭਵਨ ਗਏ। ਬਾਅਦ ’ਚ ਉਹ ਕੋਲਕਾਤਾ ਦੀ ਨੈਸ਼ਨਲ ਲਾਇਬ੍ਰੇਰੀ ਗਏ, ਜਿੱਥੇ ‘21ਵੀਂ ਸਦੀ ਵਿੱਚ ਨੇਤਾਜੀ ਸੁਭਾਸ਼ ਦੀ ਵਿਰਾਸਤ ਦੀ ਮੁੜ–ਚਰਚਾ’ ਵਿਸ਼ੇ ਉੱਤੇ ਇੱਕ ਅੰਤਰਰਾਸ਼ਟਰੀ ਕਾਨਫ਼ਰੰਸ ਅਤੇ ਕਲਾਕਾਰਾਂ ਦੇ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਵਿਕਟੋਰੀਆ ਮੈਮੋਰੀਅਲ ’ਚ ਪਰਾਕ੍ਰਮ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕਲਾਕਾਰਾਂ ਤੇ ਕਾਨਫ਼ਰੰਸ ਦੇ ਭਾਗੀਦਾਰਾਂ ਨਾਲ ਗੱਲਬਾਤ ਵੀ ਕੀਤੀ।
ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਮਾਂ ਭਾਰਤੀ ਦੇ ਵੀਰ ਸਪੂਤ ਦਾ ਜਨਮ–ਦਿਨ ਹੈ, ਜਿਨ੍ਹਾਂ ਨੇ ਸੁਤੰਤਰ ਭਾਰਤ ਦੇ ਸੁਪਨੇ ਨੂੰ ਨਵੀਂ ਦਿਸ਼ਾ ਦਿੱਤੀ। ਅੱਜ ਜਿਸ ਚੇਤੰਨਤਾ ਦੇ ਜਸ਼ਨ ਅਸੀਂ ਮਨਾ ਰਹੇ ਹਾਂ, ਉਹ ਗ਼ੁਲਾਮੀ ਦੇ ਹਨੇਰੇ ਨੂੰ ਚੀਰ ਕੇ ਨਿੱਕਲੀ ਸੀ ਅਤੇ ਇਨ੍ਹਾਂ ਸ਼ਬਦਾਂ ਨਾਲ ਵਿਸ਼ਵ ਦੀ ਸਭ ਤੋਂ ਮਜ਼ਬੂਤ ਤਾਕਤ ਨੂੰ ਚੁਣੌਤੀ ਦਿੱਤੀ ਸੀ ਕਿ ‘ਮੈਂ ਆਜ਼ਾਦੀ ਮੰਗਾਂਗਾ ਨਹੀਂ, ਮੈਂ ਇਸ ਨੂੰ ਲਵਾਂਗਾ।’
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ 23 ਜਨਵਰੀ ਨੂੰ ਨੇਤਾਜੀ ਦੀ ਜਨਮ ਵਰ੍ਹੇਗੰਢ ‘ਪਰਾਕ੍ਰਮ ਦਿਵਸ’ ਵਜੋਂ ਮਨਾਉਣ ਦਾ ਫ਼ੈਸਲਾ ਲਿਆ ਹੈ, ਤਾਂ ਜੋ ਨੇਤਾਜੀ ਦੀ ਅਜੇਤੂ ਭਾਵਨਾ ਦਾ ਆਦਰ ਕਰ ਸਕੀਏ ਤੇ ਰਾਸ਼ਟਰ ਪ੍ਰਤੀ ਉਨ੍ਹਾਂ ਦੀ ਨਿਸ਼ਕਾਮ ਸੇਵਾ ਨੂੰ ਯਾਦ ਕਰ ਸਕੀਏ। ਸ਼੍ਰੀ ਮੋਦੀ ਨੇ ਦ੍ਰਿੜ੍ਹਤਾਪੂਰਬਕ ਕਿਹਾ ਕਿ ਨੇਤਾਜੀ ਭਾਰਤ ਦੀ ਸ਼ਕਤੀ ਤੇ ਪ੍ਰੇਰਣਾ ਦੀ ਮੂਰਤ ਹਨ।
ਇਸ ਮੌਕੇ ਸੱਭਿਆਚਾਰ ਤੇ ਟੂਰਿਜ਼ਮ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਯਾਦ ਕੀਤਾ ਤੇ ਮਾਤ੍ਰ–ਭੂਮੀ, ਭਾਰਤ ਦੀ ਆਜ਼ਾਦੀ ਲਈ ਉਨ੍ਹਾਂ ਦੀ ਲੀਡਰਸ਼ਿਪ ਤੇ ਬਲੀਦਾਨਾਂ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਨਮਨ ਕੀਤਾ। ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਨੇਤਾਜੀ ਨੂੰ ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਇਤਿਹਾਸ ਵਿੱਚ ਬਣਦਾ ਸਥਾਨ ਨਹੀਂ ਦਿੱਤਾ ਗਿਆ ਸੀ। ਉਂਝ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅਸੀਂ ਉਨ੍ਹਾਂ ਨੂੰ ਉਹ ਮਾਣ–ਸਨਮਾਨ ਦਿੱਤਾ ਹੈ, ਜਿਸ ਦੇ ਉਹ ਹੱਕਦਾਰ ਹਨ। ਸ਼੍ਰੀ ਪਟੇਲ ਨੇ ਕਿਹਾ ਕਿ ਆਜ਼ਾਦ ਹਿੰਦ ਫ਼ੌਜ ਦੇ ਜਵਾਨ ਹਾਲੇ ਵੀ ਜਿਊਂਦੇ ਹਨ ਤੇ ਸਾਡੇ ਰਾਸ਼ਟਰ ਦੀਆਂ ਸਜੀਵ ਗਾਥਾਵਾਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨੇਤਾਜੀ ਨੇ ਕੋਲਕਾਤਾ ਤੋਂ ‘ਦਿੱਲੀ ਚਲੋ’ ਦਾ ਨਾਅਰਾ ਦਿੱਤਾ ਸੀ ਪਰ ਅੱਜ ਅਸੀਂ ਇਸ ਮਹਾਨ ਨੇਤਾ ਨੂੰ ਯੋਗ ਸ਼ਰਧਾਂਜਲੀ ਦੇਣ ਲਈ ਦਿੱਲੀ ਤੋਂ ਕੋਲਕਾਤਾ ਆਏ ਹਾਂ।
ਸ਼੍ਰੀ ਪਟੇਲ ਨੇ ਇਹ ਵੀ ਸੂਚਿਤ ਕੀਤਾ ਕਿ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਟਕ, ਓਡੀਸ਼ਾ ’ਚ ਨੇਤਾਜੀ ਨੂੰ ਉਨ੍ਹਾਂ ਦੇ ਜਨਮ–ਅਸਥਾਨ ਉੱਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ ਨੇ ਸੂਰਤ ਜ਼ਿਲ੍ਹੇ ਦੇ ਹਰੀਪੁਰਾ ਵਿਖੇ ਨੇਤਾਜੀ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿੱਥੇ ਨੇਤਾਜੀ ‘ਇੰਡੀਅਨ ਨੈਸ਼ਨਲ ਕਾਂਗਰਸ’ ਦੇ ਪ੍ਰਧਾਨ ਚੁਣੇ ਗਏ ਸਨ।
***
ਐੱਨਬੀ/ਐੱਸਕੇ
(Release ID: 1691761)
Visitor Counter : 130