ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਇੱਫੀ–51 ਇੰਡੀਅਨ ਪੈਨੋਰਮਾ ਦੇ ਫਿਲਮਸਾਜ਼ ਮੀਡੀਆ ਨੂੰ ਮਿਲੇ
ਇਹ ਪਰਿਭਾਸ਼ਿਤ ਕਰਨਾ ਬਹੁਤ ਔਖਾ ਹੈ ਕਿ ਕਿਸੇ ਦੀਆਂ ਨਿਜੀ ਹੱਦਾਂ ਕਿੱਥੇ ਖ਼ਤਮ ਹੁੰਦੀਆਂ ਹਨ: ‘ਓਰੂ ਪਾਥਿਰਾ ਸਵਪਨਮ ਪੋਲੇ’ ਦੇ ਡਾਇਰੈਕਟਰ ਸ਼ਰਨ ਵੇਨੂੰਗੋਪਾਲ
ਜੇ ਕਿਸੇ ਨੇ ਕੋਈ ਫਿਲਮ ਬਣਾਈ ਹੈ, ਤਾਂ ਉਨ੍ਹਾਂ ਦਾ ਸਤਿਕਾਰ ਕਰੋ: ‘ਗਾਥਮ’ ਦੇ ਅਦਾਕਾਰ ਭਾਰਗਵ ਪੋਲੂਦਾਸੂ
ਇੱਕ ਮਾਂ ਨੂੰ ਆਪਣੀ ਧੀ ਦੇ ਲੈਪਟੌਪ ਵਿੱਚ ਅਚਾਨਕ ਉਸ ਦੀ ਇੱਕ ਨਗਨ ਵੀਡੀਓ ਮਿਲਦੀ ਹੈ – ਓਰੂ ਪਾਥਿਰਾ ਸਵਪਨਮ ਪੋਲੇ (ਇੰਡੀਅਨ ਪੈਨੋਰਮਾ ਨੌਨ–ਫ਼ੀਚਰ ਫਿਲਮ) ਦੁਆਰਾ ਸ਼ਰਨ ਵੇਨੂਗੋਪਾਲ
ਇੱਕ ਵਿਅਕਤੀ ਇੱਕ ਹਾਦਸੇ ‘ਚ ਆਪਣੀ ਯਾਦਦਾਸ਼ਤ ਗੁਆ ਬੈਠਦਾ ਹੈ ਤੇ ਮਾਨਸਿਕ ਤੌਰ ਉੱਤੇ ਪਰੇਸ਼ਾਨ ਇੱਕ ਵਿਅਕਤੀ ਨਾਲ ਇੱਕ ਮਕਾਨ ‘ਚ ਫਸ ਜਾਂਦਾ ਹੈ – ਗਾਥਮ (ਇੰਡੀਅਨ ਪੈਨੋਰਮਾ ਫ਼ੀਚਰ ਫਿਲਮ) ਦਬਆਰਾ ਕਿਰਨ ਕੋਂਡਾਮੜੂਗੁਲਾ
ਪਹਿਲੀ ਵਾਰ ਫਿਲਮ ਦਾ ਨਿਰਮਾਣ ਕਰਨ ਵਾਲੇ ਸ਼ਰਨ ਵੇਨੂਗੁਪਾਲ ਅਤੇ ਅਦਾਕਾਰ/ਨਿਰਮਾਤਾ ਭਾਰਗਵ ਪੋਲੂਦਾਸੂ ਨੇ ਅੱਜ ਪਣਜੀ ‘ਚ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ‘ਚ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਦੀਆਂ ਫਿਲਮਾਂ ਇਸ ਵਰ੍ਹੇ ਇੱਫੀ ਦੇ ਇੰਡੀਅਨ ਪੈਨੋਰਮਾ ‘ਚ ਚੁਣੀਆਂ ਗਈਆਂ ਹਨ।
ਆਪਣੀ 37 ਮਿੰਟਾਂ ਦੀ ਮਲਿਆਲਮ ਨੌਨ–ਫ਼ੀਚਰ ਫਿਲਮ (ਓਰੂ ਪਾਥਿਰਾ ਸਵਪਨਮ ਪੋਲੇ) ਬਾਰੇ ਬੋਲਦਿਆਂ ਸ਼ਰਨ ਵੇਨੂਗੋਪਾਲ ਨੇ ਕਿਹਾ,‘ਇਹ ਪਰਿਭਾਸ਼ਿਤ ਕਰਨਾ ਬਹੁਤ ਔਖਾ ਹੈ ਕਿ ਇੱਕ ਵਿਅਕਤੀ ਦੀਆਂ ਨਿਜੀ ਸੀਮਾਵਾਂ ਕਿੱਥੇ ਖ਼ਤਮ ਹੁੰਦੀਆਂ ਹਨ। ਇਹ ਫਿਲਮ ਇਸੇ ਕਥਾਨਕ ਉੱਤੇ ਅਧਾਰਿਤ ਹੈ। ਇਸ ਫਿਲਮ ਦੇ ਨਾਮ ਦਾ ਅਨੁਵਾਦ ਹੈ – ‘ਅੱਧੀ ਰਾਤ ਦੇ ਇੱਕ ਸੁਪਨੇ ਵਾਂਗ’।
ਇਸ ਫਿਲਮ ਬਾਰੇ ਬੋਲਦਿਆਂ ਵੇਨੂੰਗੋਪਾਲ ਨੇ ਅੱਗੇ ਦੱਸਿਆ,‘ਅਸੀਂ ਇਸ ਫਿਲਮ ਦੀ ਸ਼ੂਟਿੰਗ ਮਾਰਚ 2020 ਦੌਰਾਨ ਕੀਤੀ ਸੀ, ਜਿਸ ਤੋਂ ਬਾਅਦ ਦੇਸ਼ ਭਰ ਵਿੱਚ ਲੌਕਡਾਊਨ ਲਾ ਦਿੱਤਾ ਗਿਆ। ਸਾਨੂੰ ਸ਼ੱਕ ਸੀ ਕਿ ਕੀ ਸਾਡੀ ਫਿਲਮ ਕਦੇ ਪਰਦਾ–ਏ–ਸਕ੍ਰੀਨ ਉੱਤੇ ਪ੍ਰਦਰਸ਼ਿਤ ਹੋ ਵੀ ਸਕੇਗੀ ਕਿ ਨਹੀਂ। ਪਰ ਅਸੀਂ ਹੁਣ ਇਹ ਦੇਖ ਕੇ ਬਹੁਤ ਖ਼ੁਸ਼ ਤੇ ਸੰਤੁਸ਼ਟ ਹਾਂ ਕਿ ਸਾਡੀ ਫਿਲਮ ਚੁਣੀ ਗਈ ਹੈ ਤੇ ਇਸ ਵਰ੍ਹੇ ਇੱਫੀ ਦੇ ਇੰਡੀਅਨ ਪੈਨੋਰਮਾ ਅਧੀਨ ਵੱਡੇ ਪਰਦੇ ‘ਤੇ ਵੀ ਦਿਖਾਈ ਜਾ ਰਹੀ ਹੈ।’
ਤੇਲੁਗੂ ਫਿਲਮ ‘ਗਾਥਮ’ ਦੇ ਅਦਾਕਾਰ ਅਤੇ ਨਿਰਮਾਤਾ ਭਾਰਗਵ ਪੋਲੂਦਾਸੂ ਨੇ ਵੀ ਆਪਣੀ ਫਿਲਮ ਦੇ ਕੁਝ ਅਨੁਭਵ ਸਾਂਝੇ ਕੀਤੇ, ਜੋ ਇੰਡੀਅਨ ਪੈਨੋਰਮਾ ਫ਼ੀਚਰ ਫਿਲਮਾਂ ਅਧੀਨ ਚੁਣੀ ਗਈ ਹੈ।
ਆਪਣੀ ਫਿਲਮ ਬਾਰੇ ਬੋਲਦਿਆਂ ਪੋਲੂਦਾਸੂ ਨੇ ਕਿਹਾ,‘ਗਾਥਮ ਸਾਲ 2020 ਦੌਰਾਨ ਤੇਲੁਗੂ ਭਾਸ਼ਾ ਵਿੱਚ ਓਟੀਟੀ ਮੰਚਾਂ ਉੱਤੇ ਬਹੁਤ ਜ਼ਿਆਦਾ ਹਿੱਟ ਰਹੀ ਹੈ। ਮੈਂ ਇੱਕ ਸੌਫ਼ਟਵੇਅਰ ਪੇਸ਼ੇਵਰ ਵਜੋਂ ਤੇ ਮੇਰੇ ਅਮਲੇ ਨੇ ਕੰਮ ਕਰਦਿਆਂ ਹਫ਼ਤੇ ਦੇ ਅੰਤ ਦੀਆਂ ਛੁੱਟੀਆਂ ਦੌਰਾਨ ਸਮਾਂ ਕੱਢ ਕੇ ਇਸ ਫਿਲਮ ਨੂੰ ਮੁਕੰਮਲ ਕੀਤਾ ਸੀ। ਇਹ ਸਾਡਾ ਜਨੂੰਨ ਸੀ, ਜਿਸ ਕਾਰਨ ਅਸੀਂ ਸਾਰੇ ਇਹ ਹਾਸਲ ਕਰ ਸਕੇ।’
ਉਨ੍ਹਾਂ ਇਸ ਫਿਲਮ ਲਈ ਧਨ ਇਕੱਠਾ ਕਰਨ ਵਿੱਚ ਟੀਮ ਨੂੰ ਆਈਆਂ ਔਕੜਾਂ ਅਤੇ ਕੈਲੀਫ਼ੋਰਨੀਆ ਦੀ ਚੁਣੌਤੀਪੂਰਣ ਠੰਢੇ ਮੌਸਮ ‘ਚ ਵੀ ਦਿਨ–ਰਾਤ ਮਿਲ ਕੇ ਕੰਮ ਕਰਨ ਬਾਰੇ ਵੀ ਦੱਸਿਆ। ਇੱਕ ਛੋਟੀ ਟੀਮ ਦੇ ਨਿਰਮਾਤਾ ਵਜੋਂ ਉਨ੍ਹਾਂ ਨੂੰ ਇਹ ਫਿਲਮ ਤਿਆਰ ਕਰਦੇ ਸਮੇਂ ਹਰ ਤਰ੍ਹਾਂ ਦੇ ਕੰਮ ਕਰਨੇ ਪਏ। ਉਨ੍ਹਾਂ ਇਹ ਵੀ ਦੱਸਿਆ,‘ਮੈਨੂੰ ਖਾਣਾ ਵੀ ਪਕਾਉਣਾ ਪਿਆ, ਸਫ਼ਾਈ ਵੀ ਕਰਨੀ ਪਈ, ਬਰਤਨ ਤੇ ਕੱਪੜੇ ਵੀ ਧੋਣੇ ਪਏ ਅਤੇ ਅਦਾਕਾਰੀ ਤਾਂ ਕਰਨੀ ਹੀ ਸੀ।’
ਪੋਲੂਦਾਸੂ ਨੇ ਇਸ ਫਿਲਮ ਦੇ ਫਿਲਮਾਂਕਣ ਬਾਰੇ ਦੱਸਦਿਆਂ ਕਿਹਾ,‘ਮੁਢਲੇ ਦ੍ਰਿਸ਼ ਦੇਖਣ ਤੋਂ ਬਾਅਦ ਅਸੀਂ ਮਹਿਸੂਸ ਕੀਤਾ ਕਿ ਇਹ ਫਿਲਮ ਸਾਡੀ ਪਹਿਲਾਂ ਦੀ ਯੋਜਨਾ ਤੋਂ ਕਿਤੇ ਜ਼ਿਆਦਾ ਵੱਡਾ ਪ੍ਰੋਜੈਕਟ ਹੋ ਨਿੱਬੜੇਗੀ।’
ਉਨ੍ਹਾਂ ਦਰਸ਼ਕਾਂ ਨੂੰ ਦੱਸਿਆ ਕਿ ਫਿਲਮ ਨਿਰਮਾਣ ਉਨ੍ਹਾਂ ਦੀ ਕਲਪਨਾ ਤੋਂ ਕਿਤੇ ਜ਼ਿਆਦਾ ਵੱਡੀ ਪ੍ਰਕਿਰਿਆ ਹੈ। ‘ਮੈਂ ਇਹ ਵੀ ਸਿੱਖਿਆ ਕਿ ਫਿਲਮ ਕਿਵੇਂ ਨਹੀਂ ਬਣਾਉਣੀ। ਪਹਿਲਾਂ, ਮੈਂ ਕਿਸੇ ਵੀ ਫਿਲਮ ਜਾਂ ਫਿਲਮਸਾਜ਼ਾਂ ਉੱਤੇ ਉਸ ਦੇ ਮਿਆਰ ਬਾਰੇ ਟਿੱਪਣੀਆਂ ਕਰ ਦਿੰਦਾ ਸਾਂ। ਪਰ ਹੁਣ ਇਹ ਫਿਲਮ ਬਣਾਉਣ ਤੋਂ ਬਾਅਦ ਮੈਂ ਇਹ ਗੱਲ ਹਰੇਕ ਨੂੰ ਆਖਣੀ ਹੈ ਕਿ ‘ਜੇ ਕੋਈ ਵਿਅਕਤੀ ਫਿਲਮ ਬਣਾਉਂਦਾ ਹੈ, ਤਾਂ ਉਸ ਦਾ ਸਤਿਕਾਰ ਕਰੋ।’
ਓਟੀਟੀ ਮੰਚਾਂ ਬਾਰੇ ਪੁੱਛੇ ਇੱਕ ਸੁਆਲ ਦੇ ਜੁਆਬ ‘ਚ ਉਨ੍ਹਾਂ ਕਿਹਾ ਇਹ ਫਿਲਮਸਾਜ਼ਾਂ ਤੇ ਦਰਸ਼ਕਾਂ ਦੋਵਾਂ ਲਈ ਬਹੁਤ ਹੀ ਸੁਵਿਧਾਜਨਕ ਮੰਚ ਹੈ। ਇਸ ਦੇ ਨਾਲ ਹੀ ਇਸ ਮੰਚ ਨੂੰ ਵਧੀਆ ਸਮੱਗਰੀ ਦੀ ਤਲਾਸ਼ ਰਹਿੰਦੀ ਹੈ ਤੇ ਵਧੀਆ ਸਮੱਗਰੀ ਆਪਣੇ–ਆਪ ਹੀ ਨਿੱਖੜ ਕੇ ਸਾਹਮਣੇ ਆ ਜਾਂਦੀ ਹੈ।
ਪਿਛੋਕੜ
ਓਰੂ ਪਾਥਿਰਾ ਸਵਪਨਮ ਪੋਲੇ
ਸੁਧਾ ਇੱਕ ਉੱਦਮੀ ਹੈ ਤੇ ਇੱਕ ਕਾਲਜ ਪੜ੍ਹਦੀ ਕੁੜੀ ਦੀ ਮਾਂ ਹੈ; ਉਸ ਦਿਨ ਉਸ ਨੂੰ ਆਪਣਾ ਸਾਰਾ ਜੀਵਨ ਹੀ ਉਲਟਾ–ਪੁਲਟਾ ਹੋਇਆ ਜਾਪਦਾ ਹੈ, ਜਦੋਂ ਇੱਕ ਡਾਕਟਰ ਸ਼ੱਕ ਪ੍ਰਗਟਾਉਂਦਾ ਹੈ ਕਿ ਉਸ ਨੂੰ ਕੈਂਸਰ ਹੋ ਸਕਦਾ ਹੈ। ਉਸ ਦੀਆਂ ਚਿੰਤਾਵਾਂ ਉਦੋਂ ਹੋਰ ਵੀ ਵਧ ਜਾਂਦੀਆਂ ਹਨ, ਜਦੋਂ ਇੱਕ ਦਿਨ ਉਹ ਆਪਣੀ ਧੀ ਦੇ ਲੈਪਟੌਪ ਵਿੱਚ ਉਸ ਦੀ ਇੱਕ ਨਗਨ ਵੀਡੀਓ ਵੇਖ ਲੈਂਦੀ ਹੈ।
ਗਾਥਮ
ਰਿਸ਼ੀ ਇੱਕ ਹਾਦਸੇ ਵਿੱਚ ਆਪਣੀ ਯਾਦਦਾਸ਼ਤ ਗੁਆ ਬੈਠਦਾ ਹੈ ਤੇ ਜਦੋਂ ਉਸ ਦੀ ਅੱਖ ਖੁੱਲ੍ਹਦੀ ਹੈ, ਤਾਂ ਵੇਖਦਾ ਹੈ ਕਿ ਅਦਿਤੀ ਨਾਂਅ ਦੀ ਲੜਕੀ ਉਸ ਦੇ ਜੀਵਨ ਦਾ ਪਿਆਰ ਹੋਣ ਦਾ ਦਾਅਵਾ ਕਰਦੀ ਹੈ। ਉਹ ਰਿਸ਼ੀ ਦੇ ਪਿਛਲੇ ਜੀਵਨ ਬਾਰੇ ਕੁਝ ਸੁਆਲਾਂ ਦੇ ਜੁਆਬ ਲੱਭਣ ਦੀ ਯਾਤਰਾ ਉੱਤੇ ਨਿਕਲ ਤੁਰਦੇ ਹਨ। ਮੰਦੇਭਾਗੀਂ, ਰਾਹ ਵਿੱਚ ਕਿਤੇ ਉਨ੍ਹਾਂ ਦੀ ਕਾਰ ਖ਼ਰਾਬ ਹੋ ਜਾਂਦੀ ਹੈ ਤੇ ਇੱਕ ਅਜਨਬੀ ਉਨ੍ਹਾਂ ਨੂੰ ਕਾਰ ਠੀਕ ਹੋਣ ਤੱਕ ਆਪਣੇ ਕੋਲ ਪਨਾਹ ਦੇਣ ਦੀ ਪੇਸ਼ਕਸ਼ ਕਰਦਾ ਹੈ। ਫਿਰ ਹੌਲੀ–ਹੌਲੀ ਜਦੋਂ ਉਨ੍ਹਾਂ ਦੇ ਮੇਜ਼ਬਾਨ ਦਾ ਕਾਲਾ ਚਿਹਰਾ ਸਾਹਮਣੇ ਆਉਣ ਲਗਦਾ ਹੈ, ਤਾਂ ਸਭ ਕੁਝ ਗੜਬੜਾ ਜਾਂਦਾ ਹੈ। ਸਭ ਕੁਝ ਵੱਸ ਤੋਂ ਬਾਹਰ ਹੋ ਜਾਂਦਾ ਹੈ ਤੇ ਕਹਾਣੀ ‘ਚ ਕੁਝ ਅਣਕਿਆਸੇ ਮੋੜ ਆਉਂਦੇ ਹਨ ਤੇ ਹੈਰਾਨੀਜਨਕ ਪੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਮਹਿਸੂਸ ਕਰਦੇ ਹਨ ਕਿ ਉਹ ਮਾਨਸਿਕ ਤੌਰ ਉੱਤੇ ਪਰੇਸ਼ਾਨ ਇੱਕ ਵਿਅਕਤੀ ਦੇ ਮਕਾਨ ‘ਚ ਆ ਕੇ ਫਸ ਗਏ ਹਨ।
https://youtu.be/L18HIKRjJeg
***
ਡੀਐੱਲ/ਐੱਸਪੀ
(Release ID: 1689772)
Visitor Counter : 216