ਸਿੱਖਿਆ ਮੰਤਰਾਲਾ

ਪ੍ਰਧਾਨ ਮੰਤਰੀ ਨੇ ਦੂਸਰੇ ‘ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ’ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ



ਨਵੀਂ ਸਿੱਖਿਆ ਨੀਤੀ ਦਾ ਧਿਆਨ ਬਿਹਤਰ ਵਿਅਕਤੀ ਬਣਾਉਣ ’ਤੇ ਕੇਂਦ੍ਰਿਤ ਹੈ: ਪ੍ਰਧਾਨ ਮੰਤਰੀ





ਪ੍ਰਧਾਨ ਮੰਤਰੀ ਵੱਲੋਂ ਨੌਜਵਾਨਾਂ ਨੂੰ ‘ਰਾਸ਼ਟਰੀ ਸਿੱਖਿਆ ਨੀਤੀ–2020’ ਰਾਹੀਂ ਮੁਹੱਈਆ ਕਰਵਾਈ ਗਈ ਸਿੱਖਣ ਦੀ ਲਚਕਤਾ ਤੇ ਨਵਾਚਾਰਕਤਾ ਦਾ ਲਾਭ ਲੈਣ ਦੀ ਬੇਨਤੀ

Posted On: 12 JAN 2021 5:20PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਦੂਸਰੇ ‘ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ’ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ। ਇਹ ਸਮਾਰੋਹ ਕੇਂਦਰੀ ਹਾਲ ਵਿੱਚ ਹੋਇਆ ਤੇ ਪ੍ਰਧਾਨ ਮੰਤਰੀ ਨੇ ਇਸ ਫੈਸਟੀਵਲ ਦੇ ਨੌਜਵਾਨ ਰਾਸ਼ਟਰੀ ਜੇਤੂਆਂ ਦੇ ਵਿਚਾਰ ਵੀ ਸੁਣੇ। ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ, ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਅਤੇ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਕਿਰੇਨ ਰਿਜਿਜੂ ਇਸ ਮੌਕੇ ਮੌਜੂਦ ਸਨ।

 

ਪ੍ਰਧਾਨ ਮੰਤਰੀ ਨੇ ਨੌਜਵਾਨ ‘ਸੰਸਦ ਮੈਂਬਰਾਂ’ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਅਤੇ ਦੇਸ਼ ਦੇ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਉਹ ‘ਰਾਸ਼ਟਰੀ ਸਿੱਖਿਆ ਨੀਤੀ – 2020’ ਦੁਆਰਾ ਮੁਹੱਈਆ ਕਰਵਾਈ ਗਈ ਸਿੱਖਣ ਦੀ ਲਚਕਤਾ ਤੇ ਨਵਾਚਾਰਕਤਾ ਦਾ ਲਾਭ ਉਠਾਉਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਇੱਕ ਅਜਿਹਾ ਸੁਖਾਵਾਂ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੀ ਅਣਹੋਂਦ ਕਾਰਨ ਨੌਜਵਾਨ ਮਜਬੂਰੀ ਵੱਸ ਵਿਦੇਸ਼ਾਂ ਨੂੰ ਜਾਣ ਬਾਰੇ ਸੋਚਦੇ ਹਨ, ਪਰ ਹੁਣ ਦੇਸ਼ ਦਾ ਮਾਹੌਲ ਹੀ ਉਨ੍ਹਾਂ ਨੂੰ ਬਿਹਤਰ ਉੱਦਮ, ਮੌਕੇ, ਮਾਨਤਾ ਤੇ ਇੱਜ਼ਤ ਮੁਹੱਈਆ ਕਰਵਾਉਂਦਾ ਹੈ।

 

ਸੁਆਮੀ ਵਿਵੇਕਾਨੰਦ ਨੂੰ ਉਨ੍ਹਾਂ ਦੀ ਜਯੰਤੀ ਮੌਕੇ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਂ ਬੀਤਣ ਦੇ ਬਾਵਜੂਦ ਸੁਆਮੀ ਵਿਵੇਕਾਨੰਦ ਦਾ ਪ੍ਰਭਾਵ ਤੇ ਅਸਰ ਸਾਡੇ ਜੀਵਨਾਂ ਉੱਤੇ ਜਿਉਂ ਦਾ ਤਿਉਂ ਕਾਇਮ ਹੈ। ਰਾਸ਼ਟਰਵਾਦ ਤੇ ਰਾਸ਼ਟਰ–ਨਿਰਮਾਣ ਬਾਰੇ ਸੁਆਮੀ ਜੀ ਦੇ ਵਿਚਾਰ ਅਤੇ ਲੋਕਾਂ ਦੀ ਸੇਵਾ ਤੇ ਦੁਨੀਆ ਦੀ ਸੇਵਾ ਬਾਰੇ ਉਨ੍ਹਾਂ ਦੀਆਂ ਸਿੱਖਿਆਵਾਂ ਲਗਾਤਾਰ ਸਾਨੂੰ ਪ੍ਰੇਰਿਤ ਕਰ ਰਹੀਆਂ ਹਨ। ਜਿਹੜੇ ਵੀ ਵਿਅਕਤੀ ਸੁਆਮੀ ਵਿਵੇਕਾਨੰਦ ਜੀ ਦੇ ਸੰਪਰਕ ’ਚ ਆਏ, ਉਨ੍ਹਾਂ ਨੇ ਸੁਆਮੀ ਜੀ ਤੋਂ ਪ੍ਰਭਾਵਿਤ ਹੋ ਕੇ ਸੰਸਥਾਨਾਂ ਦੀ ਸਥਾਪਨਾ ਕੀਤੀ ਤੇ ਬਦਲੇ ’ਚ ਅੱਗੇ ਉਨ੍ਹਾਂ ਨੇ ਨਵੇਂ ਸੰਸਥਾਨਾਂ ਦੀ ਉਸਾਰੀ ਕੀਤੀ। ਇਸ ਤਰ੍ਹਾਂ ਵਿਅਕਤੀਗਤ ਵਿਕਾਸ ਤੋਂ ਸੰਸਥਾਨ–ਨਿਰਮਾਣ ਤੇ ਇਸ ਤੋਂ ਉਲਟ ਪ੍ਰਕਿਰਿਆ ਦਾ ਵਧੀਆ ਚੱਕਰ ਸ਼ੁਰੂ ਹੋਇਆ।

 

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਪੋਖਰਿਯਾਲ ਨੇ ਸੁਆਮੀ ਵਿਵੇਕਾਨੰਦ ਦਾ ਉਹ ਸੰਦੇਸ਼ ਦੁਹਰਾਇਆ, ਜਿਸ ਵਿੱਚ ਕਿਹਾ ਗਿਆ ਹੈ ਕਿ ਨੌਜਵਾਨ ਕਿਸੇ ਵੀ ਦੇਸ਼ ਦੀ ਸਭ ਤੋਂ ਮਹਾਨ ਤਾਕਤ ਹੁੰਦੇ ਹਨ ਤੇ ਉਸ ਦੇਸ਼ ਦਾ ਭਵਿੱਖ ਉਸ ਦੇ ਨੌਜਵਾਨਾਂ ਦੀਆਂ ਕੋਸ਼ਿਸ਼ਾਂ ਦੁਆਰਾ ਹੀ ਆਕਾਰ ਲੈਂਦਾ ਹੈ। ਉਨ੍ਹਾਂ ਜਮਹੂਰੀ ਪ੍ਰਣਾਲੀ ਵਿੱਚ ਨੌਜਵਾਨਾਂ ਵੱਲੋਂ ਨਿਭਾਈ ਜਾਣ ਵਾਲੀ ਅਹਿਮ ਭੂਮਿਕਾ ਉੱਤੇ ਜ਼ੋਰ ਦਿੰਦਿਆਂ ਹਰੇਕ ਨੂੰ ਬੇਨਤੀ ਕੀਤੀ ਕਿ ਉਹ ਜ਼ਿੰਮੇਵਾਰ ਨਾਗਰਿਕ ਬਣਨ ਤੇ ਸੁਆਮੀ ਵਿਵੇਕਾਨੰਦ ਦੇ ਆਦਰਸ਼ਾਂ ਤੇ ਕਦਰਾਂ–ਕੀਮਤਾਂ ਨੂੰ ਆਪਣੇ ਜੀਵਨਾਂ ਵਿੱਚ ਅਪਣਾ ਕੇ ਰਾਸ਼ਟਰ–ਨਿਰਮਾਣ ਵਿੱਚ ਯੋਗਦਾਨ ਪਾਉਣ।

 

ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਦੁਨੀਆ ਦਾ ਸਭ ਤੋਂ ਵੱਡਾ ਜਮਹੂਰੀ ਦੇਸ਼ ਭਾਰਤ ਸਾਡੇ ਸੰਵਿਧਾਨ ਤੋਂ ਸ਼ਕਤੀ ਲੈਂਦਾ ਹੈ ਅਤੇ ਸਮਾਜ ਦੀ ਸਭ ਤੋਂ ਹੇਠਲੀ ਤਹਿ ਦੇ ਵਿਅਕਤੀ ਨੂੰ ਮਜ਼ਬੂਤ ਬਣਾਉਣ ਲਈ ਰਾਹ ਪੱਧਰਾ ਕਰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸਤਾਵਨਾ ਸਾਡੇ ਸੰਵਿਧਾਨ ਦਾ ਸਭ ਤੋਂ ਅਹਿਮ ਹਿੱਸਾ ਹੈ। ਪ੍ਰਸਤਾਵਨਾ ਦਾ ਪਹਿਲਾ ਸ਼ਬਦ ‘ਅਸੀਂ’ ਭਾਵ ‘ਅਸੀਂ ਭਾਰਤ ਦੇ ਲੋਕ’। ਉਨ੍ਹਾਂ ਇਹ ਵੀ ਕਿਹਾ ਕਿ ਇਹ ਵਾਕ ਭਾਰਤੀ ਸਮਾਜ ਵਿੱਚ ਰਚਿਆ–ਮਿਚਿਆ ਹੋਇਆ ਹੈ ਤੇ ਸਮਾਜ ਨੂੰ ਰਾਸ਼ਟਰੀ ਭਾਵਨਾ ਵਿੱਚ ਇੱਕਜੁਟ ਕਰ ਕੇ ਰੱਖਦਾ ਹੈ।

 

ਉਨ੍ਹਾਂ ਨੌਜਵਾਨਾਂ ਨੂੰ ਆਪਣੀ ਅਥਾਹ ਊਰਜਾ, ਖ਼ਾਹਿਸ਼ਾਂ, ਸੁਪਨੇ ਤੇ ਇੱਛਾ ਸ਼ਕਤੀ ਵਰਤਣ ਦੀ ਅਪੀਲ ਕੀਤੀ ਅਤੇ ਉਹੀ ਦੇਸ਼ ਦੇ ਭਵਿੱਖ ਨੂੰ ਇੱਕ ਆਕਾਰ ਦੇਣਗੇ। ਉਨ੍ਹਾਂ ਕਿਹਾ,‘ਮੈਨੂੰ ਆਸ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਯੋਗ ਅਗਵਾਈ ਹੇਠ, 21ਵੀਂ ਸਦੀ ਦੀ ਨੌਜਵਾਨ ਪੀੜ੍ਹੀ ‘ਸਵਰਣਿਮ ਭਾਰਤ’ ਦੀ ਨੀਂਹ ਬਣੇਗੀ।’

 

 

ਅੱਜ ‘ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ’ ’ਚ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਸਿੱਖਿਆ ਨਾਲ ਨਾਲ ਸਬੰਧਤ ਅੰਸ਼ ਵੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ:

 

 

https://pib.gov.in/PressReleseDetail.aspx?PRID=1687901

 

 

******

 

ਐੱਮਸੀ/ਕੇਪੀ/ਏਕੇ



(Release ID: 1688044) Visitor Counter : 103