ਰੱਖਿਆ ਮੰਤਰਾਲਾ

ਕੈਬਨਿਟ ਨੇ ਆਕਾਸ਼ ਮਿਜ਼ਾਈਲ ਪ੍ਰਣਾਲੀ ਦੇ ਨਿਰਯਾਤ ਨੂੰ ਪ੍ਰਵਾਨਗੀ ਦਿੱਤੀ ਅਤੇ ਨਿਰਯਾਤਾਂ ਨੂੰ ਤੇਜ਼ੀ ਨਾਲ ਪ੍ਰਵਾਨਗੀ ਦਿੱਤੇ ਜਾਣ ਲਈ ਇੱਕ ਕਮੇਟੀ ਬਣਾਈ

Posted On: 30 DEC 2020 3:50PM by PIB Chandigarh

ਆਤਮਨਿਰਭਰ ਭਾਰਤ ਦੇ ਤਹਿਤ, ਭਾਰਤ ਵਿਭਿੰਨ ਤਰ੍ਹਾਂ ਦੇ ਰੱਖਿਆ ਪਲੈਟਫਾਰਮ ਅਤੇ ਮਿਜ਼ਾਈਲਾਂ ਬਣਾਉਣ ਦੀ ਆਪਣੀ ਸਮਰੱਥਾ ਵਿੱਚ ਵਾਧਾ ਕਰ ਰਿਹਾ ਹੈ। ਆਕਾਸ਼ 96 ਪ੍ਰਤੀਸ਼ਤ ਤੋਂ ਵੱਧ ਸਵਦੇਸ਼ੀਕਰਨ ਨਾਲ ਦੇਸ਼ ਦੀ ਇੱਕ ਮਹੱਤਵਪੂਰਨ ਮਿਜ਼ਾਈਲ ਹੈ।


 

ਆਕਾਸ਼ 25 ਕਿਲੋਮੀਟਰ ਦੀ ਰੇਂਜ ਦੇ ਨਾਲ ਸਤਹ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਇੱਕ ਮਿਜ਼ਾਈਲ ਹੈ। ਇਹ ਮਿਜ਼ਾਈਲ 2014 ਵਿੱਚ ਭਾਰਤੀ ਵਾਯੂ ਸੈਨਾ (ਆਈਏਐੱਫ) ਵਿੱਚ ਅਤੇ 2015 ਵਿੱਚ ਭਾਰਤੀ ਸੈਨਾ ਵਿੱਚ ਸ਼ਾਮਲ ਕੀਤੀ ਗਈ ਸੀ।


 

ਸਰਵਿਸਿਜ਼ ਵਿੱਚ ਸ਼ਾਮਲ ਕੀਤੇ ਜਾਣ ਤੋਂ ਬਾਅਦ, ਅੰਤਰਰਾਸ਼ਟਰੀ ਪ੍ਰਦਰਸ਼ਨੀਆਂ / ਡਿਫੈਂਸ ਐਕਸਪੋ / ਏਅਰੋ ਇੰਡੀਆ ਦੌਰਾਨ ਬਹੁਤ ਸਾਰੇ ਦੋਸਤਾਨਾ ਦੇਸ਼ਾਂ ਦੁਆਰਾ ਆਕਾਸ਼ ਮਿਜ਼ਾਈਲ ਵਿੱਚ ਦਿਲਚਸਪੀ ਦਿਖਾਈ ਗਈ। ਕੈਬਨਿਟ ਦੀ ਪ੍ਰਵਾਨਗੀ ਨਾਲ ਭਾਰਤੀ ਨਿਰਮਾਤਾਵਾਂ ਨੂੰ ਵੱਖ-ਵੱਖ ਦੇਸ਼ਾਂ ਦੁਆਰਾ ਜਾਰੀ ਆਰਐੱਫਆਈ / ਆਰਐੱਫਪੀ ਵਿੱਚ ਹਿੱਸਾ ਲਏ ਜਾਣ ਵਿੱਚ ਸੁਵਿਧਾ ਹੋਵੇਗੀ।


 

ਹੁਣ ਤੱਕ, ਭਾਰਤੀ ਰੱਖਿਆ ਬਰਾਮਦ ਵਿੱਚ ਕਲਪੁਰਜ਼ੇ / ਹਿੱਸੇ ਆਦਿ ਸ਼ਾਮਲ ਸਨ। ਵੱਡੇ ਪਲੈਟਫਾਰਮਾਂ ਦਾ ਨਿਰਯਾਤ ਬਹੁਤ ਘੱਟ ਸੀ। ਕੈਬਨਿਟ ਦੀ ਇਸ ਪਹਿਲ ਨਾਲ ਦੇਸ਼ ਨੂੰ ਆਪਣੇ ਰੱਖਿਆ ਉਤਪਾਦਾਂ ਵਿੱਚ ਸੁਧਾਰ ਲਿਆਉਣ ਅਤੇ ਉਨ੍ਹਾਂ ਨੂੰ ਆਲਮੀ ਪੱਧਰ ‘ਤੇ ਪ੍ਰਤੀਯੋਗੀ ਬਣਾਉਣ ਵਿੱਚ ਸਹਾਇਤਾ ਮਿਲੇਗੀ।


 

ਆਕਾਸ਼ ਦਾ ਨਿਰਯਾਤ ਸੰਸਕਰਣ ਇਸ ਸਮੇਂ ਭਾਰਤੀ ਹਥਿਆਰਬੰਦ ਬਲਾਂ ਅੰਦਰ ਤੈਨਾਤ ਸਿਸਟਮ ਨਾਲੋਂ ਵੱਖਰਾ ਹੋਵੇਗਾ।


 

ਅਕਾਸ਼ ਤੋਂ ਇਲਾਵਾ ਹੋਰ ਵੱਡੇ ਪਲੈਟਫਾਰਮਾਂ ਜਿਵੇਂ ਕਿ ਕੋਸਟਲ ਸਰਵੀਲੈਂਸ ਸਿਸਟਮ, ਰਾਡਾਰ ਅਤੇ ਏਅਰ ਪਲੈਟਫਾਰਮਾਂ ਵਿੱਚ ਵੀ ਦਿਲਚਸਪੀ ਦਿਖਾਈ ਜਾ ਰਹੀ ਹੈ। ਅਜਿਹੇ ਪਲੈਟਫਾਰਮਾਂ ਦੇ ਨਿਰਯਾਤ ਲਈ ਤੇਜ਼ੀ ਨਾਲ ਪ੍ਰਵਾਨਗੀ ਪ੍ਰਦਾਨ ਕਰਨ ਲਈ, ਰਕਸ਼ਾ ਮੰਤਰੀ, ਵਿਦੇਸ਼ ਮੰਤਰੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਸ਼ਮੂਲੀਅਤ ਵਾਲੀ ਇੱਕ ਕਮੇਟੀ ਬਣਾਈ ਗਈ ਹੈ।


 

ਇਹ ਕਮੇਟੀ ਵੱਖ-ਵੱਖ ਦੇਸ਼ਾਂ ਨੂੰ ਵੱਡੇ ਸਵਦੇਸ਼ੀ ਪਲੈਟਫਾਰਮਾਂ ਦੇ ਨਿਰਯਾਤ ਨੂੰ ਅਧਿਕਾਰਤ ਕਰੇਗੀ। ਕਮੇਟੀ ਸਰਕਾਰ ਤੋਂ ਸਰਕਾਰ ਤੱਕ ਰੂਟ ਸਮੇਤ ਵਿਭਿੰਨ ਉਪਲਬਧ ਵਿਕਲਪਾਂ ਦੀ ਵੀ ਪੜਤਾਲ ਕਰੇਗੀ।


 

ਭਾਰਤ ਸਰਕਾਰ 5 ਬਿਲੀਅਨ ਡਾਲਰ ਦੀ ਰੱਖਿਆ ਬਰਾਮਦ ਦਾ ਟੀਚਾ ਪ੍ਰਾਪਤ ਕਰਨ ਅਤੇ ਦੋਸਤਾਨਾ ਦੇਸ਼ਾਂ ਨਾਲ ਰਣਨੀਤਕ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਉੱਚ ਮੁੱਲ ਵਾਲੇ ਰੱਖਿਆ ਪਲੈਟਫਾਰਮਾਂ ਦੇ ਨਿਰਯਾਤ 'ਤੇ ਧਿਆਨ ਕੇਂਦ੍ਰਿਤ ਕਰਨਾ ਚਾਹੁੰਦੀ ਹੈ।



 

          *********


 

ਏਬੀਬੀ/ਨੈਂਪੀ/ਰਾਜੀਬ 



(Release ID: 1684852) Visitor Counter : 106