ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਜਨਤਕ ਜੀਵਨ ਵਿੱਚ ਸਮਾਜਿਕ ਕਦਰਾਂ-ਕੀਮਤਾਂ ਦੇ ਖੁਰਨ ’ਤੇ ਚਿੰਤਾ ਪ੍ਰਗਟਾਈ
ਉਪ ਰਾਸ਼ਟਰਪਤੀ ਨੇ ਸ਼ਾਸਨ ਵਿਵਸਥਾ ਨੂੰ ਸਾਫ਼-ਸੁਥਰਾ ਬਣਾਉਣ ਅਤੇ ਸਵੱਛ ਰਾਜਨੀਤੀ ਨੂੰ ਹੁਲਾਰਾ ਦੇਣ ਦੇ ਲਈ ਤਤਕਾਲ ਕਾਰਵਾਈ ਦਾ ਸੱਦਾ ਦਿੱਤਾ
ਰਾਜਨੀਤਕ ਦਲਾਂ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਮੈਂਬਰ ਹਰ ਸਮੇਂ ਨੈਤਿਕ ਆਚਰਣ ਨੂੰ ਬਣਾਈ ਰੱਖਣ - ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਦਲ ਬਦਲ ਵਿਰੋਧੀ ਕਾਨੂੰਨਾਂ ਨੂੰ ਹੋਰ ਸਖ਼ਤ ਅਤੇ ਪ੍ਰਭਾਵਸ਼ਾਲੀ ਬਣਾਉਣ ’ਤੇ ਜ਼ੋਰ ਦਿੱਤਾ
ਰਾਜਨੀਤਕ ਦਲਾਂ ਤੋਂ ਲੋਕਪ੍ਰਿਅਤਾ ਨੂੰ ਦੂਰ ਕਰਨ ਅਤੇ ਲੰਬੇ ਸਮੇਂ ਦੇ ਵਿਕਾਸ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਅਪੀਲ ਕੀਤੀ
ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੂੰ ਭਾਵਨਾਤਮਕ ਸ਼ਰਧਾਂਜਲੀ ਅਰਪਿਤ ਕੀਤੀ
ਅਟਲ ਜੀ ਸ਼ਾਲੀਨਤਾ, ਮਰਿਯਾਦਾ ਅਤੇ ਸ਼ਿਸ਼ਟਾਚਾਰ ਦੇ ਪ੍ਰਤੀਕ ਸਨ - ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਸ਼੍ਰੀ ਵਾਜਪੇਈ ਨੂੰ ਭਾਰਤ ਦਾ ‘ਵਿਕਾਸ ਪੁਰਸ਼’ ਅਤੇ ‘ਗੱਠਜੋੜ ਰਾਜਨੀਤੀ ਦੇ ਪਿਤਾ’ ਵਜੋਂ ਕਹਿ ਕੇ ਪ੍ਰਸੰਸਾ ਕੀਤੀ
ਹਰ ਵਿਵਾਦਪੂਰਨ ਮੁੱਦੇ ਨੂੰ ਗੱਲਬਾਤ ਅਤੇ ਵਿਚਾਰ ਵਟਾਂਦਰੇ ਦੇ ਮਾਧਿਅਮ ਨਾਲ ਹੱਲ ਕੀਤਾ ਜਾ ਸਕਦਾ ਹੈ - ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਹੈਦਰਾਬਾਦ ਵਿੱਚ 26 ਦਸੰਬਰ 2020 ਨੂੰ ਤੀਜਾ ਅਟਲ ਬਿਹਾਰੀ ਵਾਜਪੇਈ ਯਾਦਗਾਰੀ ਭਾਸ਼ਣ ਦਿੱਤਾ
Posted On:
26 DEC 2020 7:10PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਜਨਤਕ ਜੀਵਨ ਵਿੱਚ ਸਮਾਜਿਕ ਕਦਰਾਂ-ਕੀਮਤਾਂ ਦੇ ਖੁਰਨ ’ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਲੋਕ ਰਾਜਨੀਤਕ ਵਰਗ ਦੇ ਲਈ ਆਪਣਾ ਵਿਸ਼ਵਾਸ ਗੁਆ ਬੈਠਣਗੇ ਜੇਕਰ ਇਸ ਵਿਵਸਥਾ ਨੂੰ ਸਾਫ਼ ਸੁਥਰਾ ਬਣਾਉਣ ਅਤੇ ਸਵੱਛ ਰਾਜਨੀਤੀ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਤਤਕਾਲ ਅਤੇ ਸਮੂਹਿਕ ਕਾਰਵਾਈ ਨਹੀਂ ਕੀਤੀ ਜਾਂਦੀ ਹੈ।
ਇੰਡੀਆ ਫਾਊਂਡੇਸ਼ਨ ਦੁਆਰਾ ਅੱਜ ਹੈਦਰਾਬਾਦ ਵਿੱਚ ਆਯੋਜਿਤ ਤੀਸਰੇ ਅਟਲ ਬਿਹਾਰੀ ਵਾਜਪੇਈ ਯਾਦਗਾਰੀ ਭਾਸ਼ਣ ਵਿੱਚ ਸ਼੍ਰੀ ਨਾਇਡੂ ਨੇ ਜ਼ੋਰ ਦੇ ਕੇ ਕਿਹਾ ਕਿ, ਇਹ ਸੁਨਿਸ਼ਚਿਤ ਕਰਨਾ ਸਾਰੇ ਰਾਜਨੀਤਕ ਦਲਾਂ ਦਾ ਪਹਿਲਾ ਫਰਜ਼ ਬਣਦਾ ਹੈ ਕਿ, ਵਿਧਾਇਕਾਂ ਅਤੇ ਸਾਂਸਦਾਂ ਸਮੇਤ ਉਨ੍ਹਾਂ ਦੇ ਸਾਰੇ ਮੈਂਬਰ ਹਰ ਸਮੇਂ ਅਤੇ ਸਾਰੀਆਂ ਥਾਵਾਂ ’ਤੇ ਆਪਣਾ ਨੈਤਿਕ ਚਾਲ-ਚਲਣ ਬਣਾਈ ਰੱਖਣ। ਉਨ੍ਹਾਂ ਨੇ ਵਿਧਾਇਕਾਂ ਅਤੇ ਸਾਂਸਦਾਂ ਨੂੰ ਚਰਚਾ ਦੇ ਪੱਧਰ ਨੂੰ ਉੱਚਾ ਚੁੱਕਣ, ਨਿਰਧਾਰਿਤ ਮਾਪਦੰਡਾਂ ਦੀ ਪਾਲਣਾ ਕਰਨ, ਗ਼ੈਰ ਨਿਯੰਤਰਣ ਵਿਵਹਾਰ ਤੋਂ ਬਚਣ ਅਤੇ ਹਮੇਸ਼ਾ 3 ਡੀ – ਚਰਚਾ, ਬਹਿਸ ਅਤੇ ਫੈਸਲੇ ਦੀ ਪਾਲਣਾ ਕਰਨ ਅਤੇ 4 ਡੀ-ਵਿਘਟਨ ਤੋਂ ਬਚਣ ਦੀ ਅਪੀਲ ਕੀਤੀ।
ਉਪ-ਰਾਸ਼ਟਰਪਤੀ ਨੇ ਅਫ਼ਸੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਮੁੱਲ-ਅਧਾਰਿਤ ਰਾਜਨੀਤੀ ਦੀ ਅਣਹੋਂਦ, ਵਿਚਾਰਧਾਰਾ ਦੀ ਘਾਟ, ਸੱਤਾ, ਬਾਹੁਬਲ ਅਤੇ ਪੈਸੇ ਦੀ ਭੁੱਖ ਅਤੇ ਰਾਜਨੀਤੀ ਵਿੱਚ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਦਾ ਦਾਖਲਾ ਹੋਣਾ ਹੀ ਰਾਜਨੀਤਕ ਦੇ ਖੇਤਰ ਵਿੱਚ ਹਿੰਸਾ ਦਾ ਪ੍ਰਮੁੱਖ ਕਾਰਨ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ, “ਜਦੋਂ ਤੱਕ ਇਨ੍ਹਾਂ ਅਣਚਾਹੇ ਰੁਝਾਨਾਂ ਦੀ ਜਾਂਚ ਨਹੀਂ ਕੀਤੀ ਜਾਂਦੀ, ਉਦੋਂ ਤੱਕ ਸਥਿਤੀ ਹੋਰ ਵਿਗੜ ਜਾਵੇਗੀ ਅਤੇ ਦੇਸ਼ ਦੀ ਰਾਜਨੀਤੀ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੋ ਸਕਦਾ ਹੈ।”
ਜਿਸ ਤਰੀਕੇ ਨਾਲ ਦਲਬਦਲ – ਵਿਰੋਧੀ ਕਾਨੂੰਨਾਂ ਨੂੰ ਗ਼ੈਰ-ਪ੍ਰਭਾਵਸ਼ਾਲੀ ਬਣਾ ਦਿੱਤਾ ਗਿਆ ਹੈ, ਉਸ ਵੱਲ ਧਿਆਨ ਖਿੱਚਦੇ ਹੋਏ, ਸ਼੍ਰੀ ਨਾਇਡੂ ਨੇ ਦਲਬਦਲ – ਵਿਰੋਧੀ ਕਾਨੂੰਨਾਂ ਨੂੰ ਹੋਰ ਜ਼ਿਆਦਾ ਸਖ਼ਤ ਅਤੇ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਗੱਲ ਦਾ ਜ਼ਿਕਰ ਕਰਦਿਆਂ ਕਿ ਦਲਬਦਲ ਦੇ ਮਾਮਲਿਆਂ ਅਤੇ ਇਸ ਸਮੱਸਿਆ ਨੂੰ ਲੰਬੇ ਅਰਸੇ ਤੱਕ ਅਣਦੇਖਾ ਨਹੀਂ ਕੀਤਾ ਜਾ ਸਕਦਾ ਹੈ, ਉਪ ਰਾਸ਼ਟਰਪਤੀ ਨੇ ਸੁਝਾਅ ਦਿੱਤਾ ਕਿ ਪ੍ਰੀਜ਼ਾਈਡਿੰਗ ਅਫ਼ਸਰਾਂ ਦੁਆਰਾ ਤਿੰਨ ਮਹੀਨਿਆਂ ਦੇ ਅੰਦਰ ਹੀ ਦਲਬਦਲ ਦੇ ਮਾਮਲਿਆਂ ਦਾ ਨਿਪਟਾਰਾ ਕਰਨਾ ਲਾਜ਼ਮੀ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਦਲ ਵਿਰੋਧੀ ਕਾਨੂੰਨਾਂ ਵਿੱਚ ਖ਼ਾਮੀਆਂ ਨੂੰ ਦੂਰ ਕਰਨ ਵਿੱਚ ਨਾਕਾਮ ਰਹੇ ਤਾਂ ਅਸੀਂ ਲੋਕਤੰਤਰ ਦਾ ਮਖੌਲ ਉਡਾਵਾਂਗੇ।
ਉਪ ਰਾਸ਼ਟਰਪਤੀ ਨੇ ਕਿਹਾ ਕਿ, ਸਾਰੇ ਰਾਜਨੀਤਕ ਦਲ ‘ਸੁਵਿਧਾ ਦੀ ਰਾਜਨੀਤੀ’ ਨੂੰ ਸਮਾਪਤ ਕਰਨ ਅਤੇ ‘ਆਸਥਾ ਦੀ ਰਾਜਨੀਤੀ’ ਅਤੇ ‘ਸਰਬ ਸੰਮਤੀ ਦੀ ਰਾਜਨੀਤੀ’ ਕਰਨ ਜਿਸਦਾ ਮਾਰਗ ਦਰਸ਼ਨ ਮਰਹੂਮ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੇ ਕੀਤਾ ਸੀ।
ਸ਼੍ਰੀ ਨਾਇਡੂ ਨੇ ਰਾਜਨੀਤਕ ਦਲਾਂ ਨੂੰ ਲੋਕਪ੍ਰਿਅਤਾ ਨੂੰ ਦੂਰ ਕਰਨ ਅਤੇ ਲੰਬੇ ਸਮੇਂ ਦੇ ਵਿਕਾਸ ਨੂੰ ਪਹਿਲ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ, “ਰਾਜਨੀਤਕ ਦਲਾਂ ਨੂੰ ਮੁਕਾਬਲੇ ਵਾਲੀ ਲੋਕਪ੍ਰਿਅਤਾ ਦਾ ਸਹਾਰਾ ਨਹੀਂ ਲੈਣਾ ਚਾਹੀਦਾ ਅਤੇ ਇਸ ਤਰ੍ਹਾਂ ਦੀਆਂ ਨੀਤੀਆਂ ਲੰਬੇ ਸਮੇਂ ਵਿੱਚ ਅਨਉਤਪਾਦਕ ਸਾਬਤ ਹੋਣਗੀਆਂ। ਭਾਰਤੀ ਰਾਜਨੀਤੀ ਵਿੱਚ 4 ਸੀ - ਨਕਦੀ, ਜਾਤੀ, ਅਪਰਾਧ ਅਤੇ ਕਮਿਊਨਿਟੀ - ਦੇ ਪ੍ਰਭਾਵ ’ਤੇ ਨਿਰਾਸ਼ਾ ਜ਼ਾਹਰ ਕਰਦਿਆਂ, ਉਨ੍ਹਾਂ ਨੇ ਜਨਤਾ ਨਾਲ 4 ਸੀ - ਚਰਿੱਤਰ, ਆਚਰਣ, ਕੈਲੀਬਰ ਅਤੇ ਸਮਰੱਥਾ ਦੇ ਅਧਾਰ ’ਤੇ ਆਪਣੇ ਨੁਮਾਇੰਦਿਆਂ ਦੀ ਚੋਣ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ, ਅਜਿਹੇ ਸਵਸਥ ਰਾਜਨੀਤਕ ਵਾਤਾਵਰਣ ਵਿੱਚ ਹੀ ਭਾਰਤ ਦਾ ਲੋਕਤੰਤਰ ਪ੍ਰਫੁੱਲਤ ਹੋ ਸਕਦਾ ਹੈ ਅਤੇ ਹੋਰ ਦੇਸ਼ਾਂ ਦੇ ਲਈ ਇੱਕ ਰੋਲ ਮਾਡਲ ਬਣ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਹਾਂ ਅਤੇ ਸਾਨੂੰ ਪੂਰੀ ਦੁਨੀਆ ਦੇ ਸਾਹਮਣੇ ਇੱਕ ਮਿਸਾਲ ਕਾਇਮ ਕਰਨੀ ਚਾਹੀਦੀ ਹੈ।
ਸ਼੍ਰੀ ਅਟਲ ਬਿਹਾਰੀ ਵਾਜਪੇਈ ਨੇ ਰੇਲ ਸੰਪਰਕ, ਹਵਾਈ ਸੰਪਰਕ ਅਤੇ ਟੈਲੀ ਸੰਪਰਕ ਨਾਲ ਵੱਖ-ਵੱਖ ਖੇਤਰਾਂ ਵਿੱਚ ਤੇਜ਼ੀ ਨਾਲ ਵਿਕਾਸ ਕੀਤਾ ਅਤੇ ਉਨ੍ਹਾਂ ਨੇ ਖ਼ੁਦ ਵੀ ਰਾਜਨੀਤਕ ਸਥਿਰਤਾ ਅਤੇ ਉਪਲਬਧੀ ਹਾਸਲ ਕੀਤੀ! ਉਹ ਆਪਣੀ ਰਾਜਨੀਤਕ ਸ਼ੈਲੀ ਦੇ ਮਾਧਿਅਮ ਨਾਲ ਕਈ ਦਲਾਂ ਨੂੰ ਇੱਕ ਹੀ ਮੰਚ ’ਤੇ ਲਿਆਉਣ ਵਿੱਚ ਸਫ਼ਲ ਰਹੇ। ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਸ਼੍ਰੀ ਅਟਲ ਜੀ ਵਰਗੇ ਦੂਰਦਰਸ਼ੀ ਰਾਜਨੇਤਾਵਾਂ ਦੇ ਜੀਵਨ ਤੋਂ ਸਬਕ ਸਿੱਖਣ ਅਤੇ ਭ੍ਰਿਸ਼ਟਾਚਾਰ, ਕਿਸੇ ਵੀ ਤਰ੍ਹਾਂ ਦੇ ਵਿਤਕਰੇ, ਔਰਤਾਂ ਦੇ ਖ਼ਿਲਾਫ਼ ਹਿੰਸਾ ਅਤੇ ਗ਼ਰੀਬੀ ਦੀ ਸਮੱਸਿਆ ਜਿਹੀਆਂ ਬੁਰਾਈਆਂ ਨੂੰ ਖ਼ਤਮ ਕਰਨ ਵਿੱਚ ਮੋਹਰੀ ਰਹਿਣ ਦੀ ਅਪੀਲ ਕੀਤੀ।
ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੂੰ ਭਾਵਨਾਤਮਕ ਸ਼ਰਧਾਂਜਲੀ ਭੇਟ ਕਰਦਿਆਂ ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਭਾਰਤ ਦੇ ਨਾਲ- ਨਾਲ ਵਿਦੇਸ਼ਾਂ ਵਿੱਚ ਵੀ ਸਭ ਤੋਂ ਸਤਿਕਾਰਤ ਅਤੇ ਪ੍ਰਸ਼ੰਸਾ ਵਾਲੇ ਪ੍ਰਧਾਨ ਮੰਤਰੀ ਵਿੱਚੋਂ ਇੱਕ ਦੱਸਿਆ। ਸ਼੍ਰੀ ਨਾਇਡੂ ਨੇ ਅਟਲ ਜੀ ਨੂੰ ਸ਼ਾਲੀਨਤਾ, ਮਰਿਯਾਦਾ ਅਤੇ ਸ਼ਿਸ਼ਟਾਚਾਰ ਦਾ ਪ੍ਰਤੀਕ ਦੱਸਦਿਆਂ ਕਿਹਾ ਕਿ ਅਟਲ ਜੀ ਨੇ ਦੇਸ਼ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੀ ਸਦਭਾਵਨਾ ਅਤੇ ਆਤਮ ਵਿਸ਼ਵਾਸ ਨੂੰ ਸਰਾਹਿਆ।
ਸਵਰਗੀ ਸ਼੍ਰੀ ਅਟਲ ਜੀ ਨਾਲ ਆਪਣੇ ਲੰਬੇ ਸਬੰਧਾਂ ਨੂੰ ਯਾਦ ਕਰਦਿਆਂ ਉਪ ਰਾਸ਼ਟਰਪਤੀ ਨੇ ਅਟਲ ਜੀ ਅਤੇ ਅਡਵਾਨੀ ਜੀ ਨੂੰ ਆਪਣਾ ਗੁਰੂ ਦੱਸਿਆ। ਨਾਲ ਹੀ ਉਨ੍ਹਾਂ ਨੇ ਮਾਰਗਦਰਸ਼ਕ, ਦਾਰਸ਼ਨਿਕ ਅਤੇ ਆਪਣੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ ਦੇ ਲਈ ਸਲਾਹਕਾਰ ਦੇ ਰੂਪ ਵਿੱਚ ਯਾਦ ਕੀਤਾ। ਸ਼੍ਰੀ ਨਾਇਡੂ ਨੇ ਵਾਜਪੇਈ ਜੀ ਨੂੰ ਇਮਾਨਦਾਰ, ਅਖੰਡਤਾ ਅਤੇ ਉੱਚ ਨੈਤਿਕ ਕਦਰਾਂ-ਕੀਮਤਾਂ ਵਾਲੇ ਵਿਅਕਤੀ ਦੇ ਰੂਪ ਵਿੱਚ ਸੰਬੋਧਨ ਕੀਤਾ, ਜਿਨ੍ਹਾਂ ਨੇ ਅਜਿਹੀਆਂ ਕਦਰਾਂ-ਕੀਮਤਾਂ ’ਤੇ ਕਦੇ ਸਮਝੌਤਾ ਨਹੀਂ ਕੀਤਾ, ਜਿਨ੍ਹਾਂ ਵਿੱਚ ਉਨ੍ਹਾਂ ਦਾ ਦ੍ਰਿੜ੍ਹ ਵਿਸ਼ਵਾਸ ਸੀ।
ਉਪ ਰਾਸ਼ਟਰਪਤੀ ਨੇ ਅਟਲ ਜੀ ਦੇ ਸੁਖਾਵੇਂ ਸੁਭਾਅ ਨੂੰ ਯਾਦ ਕਰਦਿਆਂ ਕਿਹਾ ਕਿ, ਸ਼੍ਰੀ ਵਾਜਪੇਈ ਦੇ ਸਿਰਫ ਦੋਸਤ ਹੀ ਸਨ ਅਤੇ ਰਾਜਨੀਤਕ ਵਿਚਾਰਧਾਰਾ ਵਿੱਚ ਉਨ੍ਹਾਂ ਦਾ ਕੋਈ ਦੁਸ਼ਮਣ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ, ਸਾਡੇ ਜਨਤਕ ਜੀਵਨ ਵਿੱਚ ਅਜਿਹੇ ਗੁਣਾਂ ਵਾਲੇ ਵਿਅਕਤੀ ਦਾ ਮਿਲਣਾ ਦੁਰਲੱਭ ਹੈ। ਸ਼੍ਰੀ ਅਟਲ ਜੀ ਦੇ ਲੰਬੇ ਸੰਸਦੀ ਅਨੁਭਵ ਨੂੰ ਯਾਦ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਵਿਚਾਰਾਂ, ਭਾਸ਼ਾ ਦੇ ਪ੍ਰਵਾਹ, ਪੰਚ ਅਤੇ ਵਿਵੇਕ ਕਾਵਿਕ ਪ੍ਰਗਟਾਅ ਅਤੇ ਬੁੱਧੀਮਤਾ ਦੇ ਨਾਲ ਚਰਚਾਵਾਂ ਨੂੰ ਅਮੀਰ ਬਣਾਇਆ। ਉਪ-ਰਾਸ਼ਟਰਪਤੀ ਨੇ ਸ਼੍ਰੀ ਅਟਲ ਜੀ ਨੂੰ ਇੱਕ ਤੇਜ਼ ਬੁੱਧੀਜੀਵੀ ਅਤੇ ਇੱਕ ਉਤੇਜਿਕ ਵਕਤਾ ਦੱਸਿਆ, ਜਿਨ੍ਹਾਂ ਦੀ ਸਾਦਗੀ ਅਤੇ ਸ਼ਾਂਤ ਵਿਵਹਾਰ ਨੇ ਜਨਤਾ ਨੂੰ ਹਮੇਸ਼ਾ ਉਨ੍ਹਾਂ ਦੇ ਵਿਅਕਤੀਤਵ ਨਾਲ ਬੰਨ੍ਹੀ ਰੱਖਿਆ। ਹਾਲਾਂਕਿ ਉਨ੍ਹਾਂ ਦੀ ਕਮੀ ਬੇਹੱਦ ਖਲਦੀ ਹੈ ਪਰ ਉਨ੍ਹਾਂ ਦੇ ਵਿਚਾਰ ਹਮੇਸ਼ਾ ਸਾਨੂੰ ਉਨ੍ਹਾਂ ਦੇ ਵਿਅਕਤੀਤਵ ਦੀ ਯਾਦ ਦਿਲਾਉਂਦੇ ਹਨ।
ਇਹ ਦਸਦੇ ਹੋਏ ਕਿ ਸ਼੍ਰੀ ਵਾਜਪੇਈ ਅਹੁਦੇ ’ਤੇ ਰਹਿੰਦੇ ਹੋਏ ਆਪਣੇ ਕਾਰਜਕਾਲ ਨੂੰ ਪੂਰਾ ਕਰਨ ਵਾਲੇ ਪਹਿਲੇ ਗ਼ੈਰ-ਕਾਂਗਰਸੀ ਪ੍ਰਧਾਨ ਮੰਤਰੀ ਸਨ। ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਵਿੱਚ ਦੇਸ਼ ਵਿੱਚ ਰਾਸ਼ਟਰਵਾਦ ਦੀ ਇੱਕ ਨਵੀਂ ਭਾਵਨਾ ਦਾ ਜਨਮ ਅਤੇ ਏਕੀਕਰਣ ਹੋਇਆ, ਜੋ ਲੋਕਾਂ ਦੀ ਮਾਨਸਿਕਤਾ ਵਿੱਚ ਤਬਦੀਲੀ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਇਸ ਭਾਵਨਾ ਨੂੰ ਹੋਰ ਮਜ਼ਬੂਤ ਹੁੰਦੀ ਦੇਖ ਰਹੇ ਹਾਂ।
ਇਸ ਸਾਲ ਦੇ ਭਾਸ਼ਣ ਦੇ ਵਿਸ਼ੇ “ਲੋਕਤੰਤਰਿਕ ਆਮ ਸਹਿਮਤੀ ਦਾ ਨਿਰਮਾਣ-ਵਾਜਪੇਈ ਮਾਰਗਦਰਸ਼ਨ” ’ਤੇ ਬੋਲਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਅਟਲ ਜੀ ਦੇ ਲਈ, ‘ਸਹਿਮਤੀ’ ਇੱਕ ਤਿਕਡਮੀ ਰਾਜਨੀਤਕ ਸਾਧਨ ਨਹੀਂ ਸੀ, ਬਲਕਿ ਇਹ ਉਨ੍ਹਾਂ ਦੇ ਦ੍ਰਿੜ੍ਹ ਵਿਸ਼ਵਾਸ ਦਾ ਇੱਕ ਮੁੱਖ ਤੱਤ ਸੀ। ਉਪ ਰਾਸ਼ਟਰਪਤੀ ਨੇ ਕਿਹਾ ਕਿ, ਉਨ੍ਹਾਂ ਦੀ ਸਹਿਮਤੀ ਦੇ ਨਜ਼ਰੀਏ ਨੇ ਅਟਲ ਜੀ ਨੂੰ ਸਮਾਜਿਕ ਅਤੇ ਰਾਜਨੀਤਕ ਸਪੈਕਟ੍ਰਮ ਵਿੱਚ ਵਿਆਪਕ ਰੂਪ ਨਾਲ ਸਵੀਕਾਰ ਬਣਾ ਦਿੱਤਾ ਸੀ।
ਉਨ੍ਹਾਂ ਦੇ ਨਵੇਂ ਨਜ਼ਰੀਏ ਨੇ ਉਨ੍ਹਾਂ ਨੂੰ ਅਸਥਿਰ ਗੱਠਜੋੜ ਸਰਕਾਰਾਂ ਦੇ ਯੁਗ ਵਿੱਚ ਆਪਣੇ ਪੂਰੇ ਕਾਰਜਕਾਲ ਵਿੱਚ ਸਫ਼ਲਤਾਪੂਰਵਕ ਇੱਕ ਵੱਡੇ ਗੱਠਜੋੜ ਦੀ ਅਗਵਾਈ ਕਰਨ ਦੇ ਯੋਗ ਬਣਾਇਆ। ਸ਼੍ਰੀ ਅਟਲ ਬਿਹਾਰੀ ਵਾਜਪੇਈ ਦੁਆਰਾ ਗੱਠਜੋੜ ਦੀ ਰਾਜਨੀਤੀ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਦੇ ਲਈ ਸ਼੍ਰੀ ਨਾਇਡੂ ਨੇ ਉਨ੍ਹਾਂ ਨੂੰ ਭਾਰਤ ਵਿੱਚ ‘ਗੱਠਜੋੜ ਰਾਜਨੀਤੀ ਦੇ ਅਭਿਆਸਾਂ ਦੇ ਪਿਤਾ’ ਦੇ ਰੂਪ ਵਿੱਚ ਸੰਬੋਧਨ ਕੀਤਾ।
ਉਪ ਰਾਸ਼ਟਰਪਤੀ ਨੇ ਕਿਹਾ ਹਾਲਾਂਕਿ, ਅਟਲ ਜੀ ਦੀ ਸਰਬ ਸੰਮਤੀ ਬਣਾਉਣ ਦੀ ਯੋਗਤਾ ਦਾ ਮਤਲਬ ਹਰ ਸਮੇਂ ਸਮਝੌਤਾ ਕਰਨਾ ਨਹੀਂ ਹੁੰਦਾ ਸੀ। ਉਨ੍ਹਾਂ ਨੇ 1999 ਵਿੱਚ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸ਼੍ਰੀ ਵਾਜਪੇਈ ਦੇ ਦੂਜੇ ਕਾਰਜਕਾਲ ਦੀ ਉਦਾਹਰਣ ਦਾ ਹਵਾਲਾ ਦਿੱਤਾ ਜਦੋਂ ਉਨ੍ਹਾਂ ਨੇ ਇੱਕ ਗੱਠਜੋੜ ਸਹਿਯੋਗੀ ਦੇ ਦਬਾਅ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਆਪਣੀ ਸਰਕਾਰ ਦਾ ਤਿਆਗ ਕਰ ਦਿੱਤਾ।
ਸ਼੍ਰੀ ਵਾਜਪੇਈ ਨੂੰ ‘ਵਿਕਾਸ ਪੁਰਸ਼’ ਕਹਿੰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਇੱਕ ਗੱਠਜੋੜ ਦੀ ਸਰਕਾਰ ਦੇ ਮੁਖੀ ਹੋਣ ਦੇ ਬਾਵਜੂਦ, ਉਨ੍ਹਾਂ ਨੇ ਸਫ਼ਲਤਾਪੂਰਵਕ ਸਾਰੀਆਂ ਰੁਕਾਵਟਾਂ ਨੂੰ ਪਾਰ ਕੀਤਾ ਅਤੇ ਰਾਸ਼ਟਰ ਦੇ ਸਮਾਜਿਕ -ਆਰਥਿਕ ਪਰਿਵਰਤਨ ਦਾ ਰਾਹ ਪੱਧਰਾ ਕੀਤਾ। ਆਰਥਿਕ ਸੁਧਾਰਾਂ ਦੇ ਲਈ ਸ਼੍ਰੀ ਵਾਜਪੇਈ ਦੀ ਮਹੱਤਤਾ ਉੱਤੇ ਚਾਨਣਾ ਪਾਉਂਦਿਆਂ, ਉਪ ਰਾਸ਼ਟਰਪਤੀ ਨੇ ਉਨ੍ਹਾਂ ਦੇ ਦੁਆਰਾ ਕੀਤੇ ਗਏ ਕਈ ਯਤਨਾ ਨੂੰ ਬਿਆਨ ਕੀਤਾ। ਜਿਨ੍ਹਾਂ ਵਿੱਚ ਵਿਨਿਵੇਸ਼ ਦੇ ਇੱਕ ਵੱਖਰੇ ਮੰਤਰਾਲੇ ਦੀ ਸਥਾਪਨਾ, ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ (ਐੱਫ਼ਆਰਬੀਐੱਮ) ਐਕਟ, ਸੁਨਹਿਰਾ ਚਤੁਰਭੁਜ ਪ੍ਰੋਜੈਕਟ, ਬਿਜਲੀ ਵਿਵਸਥਾ ਵਿੱਚ ਸੁਧਾਰ ਕਰਨਾ, ਸੰਪਰਕ ਸੁਵਿਧਾ ਅਤੇ ਮੁਫਤ ਐਲੀਮੈਂਟਰੀ ਸਿੱਖਿਆ ਪ੍ਰਦਾਨ ਕਰਨਾ ਸ਼ਾਮਲ ਹੈ। ਸ਼੍ਰੀ ਨਾਇਡੂ ਨੇ ਪਥ-ਪ੍ਰਦਰਸ਼ਕ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ) ਦਾ ਜ਼ਿਕਰ ਕਰਦਿਆਂ ਕਿਹਾ ਕਿ ਅਟਲ ਜੀ ਨੇ ਰਾਸ਼ਟਰੀ ਰਾਜਮਾਰਗਾਂ ਦੇ ਨਿਰਮਾਣ ਨੂੰ ਅਕਰਾਮਕ ਤਰੀਕੇ ਨਾਲ ਵਧਾ ਕੇ ਅਤੇ ਸੰਚਾਰ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇ ਕੇ ਸੰਚਾਰ ਕ੍ਰਾਂਤੀ ਦੀ ਸ਼ੁਰੂਆਤ ਕੀਤੀ।
ਉਪ ਰਾਸ਼ਟਰਪਤੀ ਨੇ ਵਾਜਪੇਈ ਜੀ ਦੇ ਕਾਰਜਕਾਲ ਨੂੰ ਅਰਥ ਵਿਵਸਥਾ ਦੇ ਲਈ ਸਵਰਣ ਯੁਗ ਕਰਾਰ ਦਿੱਤਾ ਕਿਉਂਕਿ ਉਸ ਦੌਰਾਨ 8% ਪ੍ਰਤੀ ਸਾਲ ਦੀ ਦਰ ਨਾਲ ਵਾਧਾ ਹੋਇਆ। ਉਪ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨੂੰ ਯਾਦ ਕਰਦੇ ਹੋਏ ਕਿਹਾ ਕਿ, “ਵਿਅਕਤੀ ਨੂੰ ਸਸ਼ਕਤ ਬਣਾਉਣਾ ਹੀ ਦੇਸ਼ ਨੂੰ ਸਸ਼ਕਤ ਬਣਾਉਣਾ ਹੈ।ਤੇਜ਼ ਸਮਾਜਿਕ ਪਰਿਵਰਤਨ ਦੇ ਨਾਲ ਤੇਜ਼ ਆਰਥਿਕ ਵਿਕਾਸ ਦੇ ਮਾਧਿਅਮ ਨਾਲ ਸਸ਼ਕਤੀਕਰਣ ਸਭ ਤੋਂ ਚੰਗਾ ਹੈ।”
ਸ਼੍ਰੀ ਵਾਜਪੇਈ ਨੂੰ ਸ਼ਾਂਤੀ ਅਤੇ ਸਦਭਾਵਨਾ ਦਾ ਪ੍ਰੇਮੀ ਦੱਸਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਸਾਡੀ ਦੇਸ਼ ਦੀ ਵਿਦੇਸ਼ ਨੀਤੀ ਨੂੰ ਸਾਡੀ ਸ਼ਾਂਤਮਈ ਸਹਿ-ਮੌਜੂਦਗੀ ਵਾਲੀ ਧਰਤੀ ਦੇ ਪ੍ਰਾਚੀਨ ਕਦਰਾਂ-ਕੀਮਤਾਂ ਦੀ ਨੀਂਹ ’ਤੇ ਨਿਰਦੇਸ਼ਿਤ ਕੀਤਾ।
ਸ਼੍ਰੀ ਅਟਲ ਬਿਹਾਰੀ ਵਾਜਪੇਈ ਦੇ ਦ੍ਰਿੜ੍ਹ ਸੰਕਲਪ ਦੇ ਬਾਰੇ ਚਰਚਾ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ, 1998 ਵਿੱਚ ਪਰਮਾਣੂ ਪਰੀਖਣ ਕਰਨ ਦੇ ਉਨ੍ਹਾਂ ਦੇ ਫੈਸਲੇ ਅਤੇ ਇਸ ਤੋਂ ਬਾਅਦ ਦੀਆਂ ਆਰਥਿਕ ਪਾਬੰਦੀਆਂ ਨਾਲ ਚਤੁਰਾਈ ਨਾਲ ਨਜਿੱਠਣ ਨੇ ਇਸ ਗੱਲ ਨੂੰ ਸਹੀ ਸਿੱਧ ਕੀਤਾ। ਇਹੀ ਉਨ੍ਹਾਂ ਦੀ ਦ੍ਰਿੜ੍ਹਤਾ ਅਤੇ ਵਿਚਾਰਾਂ ਦੀ ਸਪਸ਼ਟਤਾ ਸੀ ਕਿ, ਵਿਸ਼ਵ ਦੀਆਂ ਪ੍ਰਮੁੱਖ ਸ਼ਕਤੀਆਂ ਨੇ ਕਾਰਗਿਲ ਸੰਘਰਸ਼ ਦੇ ਦੌਰਾਨ ਹਮਲਾਵਰ ਦੀ ਨਿੰਦਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਕਹਿੰਦੇ ਹੋਏ ਕਿ ਸਾਡਾ ਸੰਵਿਧਾਨ ਅਤੇ ਸੰਸਦੀ ਸੰਸਥਾਨ ਵੱਖ-ਵੱਖ ਮੁੱਦਿਆਂ ਦੀ ਗੱਲਬਾਤ ਦੇ ਹੱਲ ਦੇ ਲਈ ਸਪਸ਼ਟ ਮਾਰਗਦਰਸ਼ਨ ਅਤੇ ਅਵਸਰ ਪ੍ਰਦਾਨ ਕਰਦੇ ਹਨ, ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਹਰ ਵਿਵਾਦਪੂਰਨ ਮੁੱਦੇ ਨੂੰ ਗੱਲਬਾਤ ਅਤੇ ਚਰਚਾ ਦੇ ਮਾਧਿਅਮ ਨਾਲ ਹੱਲ ਕੀਤਾ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਦਿੱਤੇ ਗਏ ‘ਸਬਕਾ ਸਾਥ-ਸਬਕਾ ਵਿਕਾਸ-ਸਬਕਾ ਵਿਸ਼ਵਾਸ’ ਦੇ ਵਿਚਾਰ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਇਸ ਨੂੰ ਸਮਾਵੇਸ਼ੀ ਅਤੇ ਲੋਕਤੰਤਰਿਕ ਸ਼ਾਸਨ ਦੀ ਭਾਵਨਾ ਦੇ ਪ੍ਰਤੀ ਪ੍ਰਤੀਬੱਧਤਾ ਅਤੇ ਅਟਲ ਜੀ ਦੀ ਵਿਰਾਸਤ ਨੂੰ ਜਾਰੀ ਰੱਖਣ ਦੇ ਬਾਰੇ ਵਿੱਚ ਵਿਸਤਾਰ ਨਾਲ ਦੱਸਿਆ।
ਗ੍ਰਹਿ ਮੰਤਰਾਲੇ ਵਿੱਚ ਕੇਂਦਰੀ ਰਾਜ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ, ਇੰਡੀਆ ਫਾਊਂਡੇਸ਼ਨ ਦੇ ਬੋਰਡ ਆਵ੍ ਟਰੱਸਟੀ ਦੇ ਮੈਂਬਰ ਵਾਈਸ ਐਡਮਿਰਲ ਸ਼ੇਖਰ ਸਿਨਹਾ, ਇੰਡੀਆ ਫਾਊਂਡੇਸ਼ਨ ਦੇ ਬੋਰਡ ਆਵ੍ ਗਵਰਨਰਜ਼ ਦੇ ਮੈਂਬਰ ਸ਼੍ਰੀ ਰਾਮ ਮਾਧਵ ਅਤੇ ਸ਼੍ਰੀ ਸ਼ੌਰਿਆ ਡੋਭਾਲ ਵੀ ਇਸ ਕਾਰਜ ਵਿੱਚ ਸ਼ਾਮਲ ਹੋਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚੋਂ ਇੱਕ ਸਨ।
ਉਪ ਰਾਸ਼ਟਰਪਤੀ ਦਾ ਭਾਸ਼ਣ ਪੜ੍ਹਨ ਦੇ ਲਈ ਇੱਥੇ ਕਲਿੱਕ ਕਰੋ
****
ਐੱਮਐੱਸ/ ਆਰਕੇ/ ਡੀਪੀ
(Release ID: 1683952)
Visitor Counter : 225