ਰਾਸ਼ਟਰਪਤੀ ਸਕੱਤਰੇਤ
ਦੀਊ ਵਿੱਚ ਭਾਰਤ ਦੇ ਰਾਸ਼ਟਰਪਤੀ; ਦੀਊ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
Posted On:
26 DEC 2020 3:34PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (26 ਦਸੰਬਰ, 2020) ਨੂੰ ਦੀਊ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ / ਨੀਂਹ ਪੱਥਰ ਰੱਖਿਆ। ਇਸ ਵਿੱਚ – ਆਈਆਈਟੀ ਵੜੋਦਰਾ-ਇੰਟਰਨੈਸ਼ਨਲ ਕੈਂਪਸ ਦੀਊ ਦੇ ਪਹਿਲੇ ਅਕਾਦਮਿਕ ਸੈਸ਼ਨ; ਅਤੇ ਕਮਲੇਸ਼ਵਰ ਸਕੂਲ, ਘੋਘਲਾ ਦਾ ਉਦਘਾਟਨ; ਸੌਦਵਾੜੀ ਵਿਖੇ ਸਕੂਲ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ; ਦੀਊ ਸਿਟੀ ਵਾਲ ’ਤੇ 1.3 ਕਿਲੋਮੀਟਰ ਦੀ ਵਿਰਾਸਤ ਵਾਕ-ਵੇਅ ਵਿੱਚ ਸੁਧਾਰ; ਵਿਰਾਸਤੀ ਹਿੱਸੇ ਦੀ ਸੰਭਾਲ਼ ਅਤੇ ਮੁਰੰਮਤ (ਜ਼ੈਂਪਾ ਅਤੇ ਬਜ਼ਾਰ ਦਾ ਚੁਗਿਰਦਾ); ਫੋਰਟ ਰੋਡ ਵਿਖੇ ਫ਼ਲ ਅਤੇ ਸਬਜ਼ੀਆਂ ਦੀ ਮੰਡੀ ਦਾ ਨਵੀਨੀਕਰਨ; ਅਤੇ ਦੀਊ ਜ਼ਿਲ੍ਹੇ ਦੇ ਸਮੁੱਚੇ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਲਈ ਏਕੀਕ੍ਰਿਤ ਮਿਉਂਸਿਪਲ ਸੋਲਿਡ ਵੇਸਟ ਮੈਨੇਜਮੈਂਟ ਸਿਸਟਮ ਦਾ ਵਿਕਾਸ ਵੀ ਸ਼ਾਮਲ ਹੈ।
ਇਸ ਮੌਕੇ ਸੰਬੋਧਨ ਕਰਦਿਆਂ, ਰਾਸ਼ਟਰਪਤੀ ਨੇ ਦਾਦਰ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਊ ਦੇ ਲੋਕਾਂ ਅਤੇ ਪ੍ਰਸ਼ਾਸਨ ਦੀ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਨਾਗਰਿਕ ਸੁਵਿਧਾਵਾਂ ਨੂੰ ਬਣਾਉਣ ਅਤੇ ਇਸ ਦੀ ਸਾਂਭ-ਸੰਭਾਲ਼ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਨੋਟ ਕੀਤਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਪਿਛਲੇ 4 ਸਾਲਾਂ ਵਿੱਚ ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਦੁਆਰਾ ਸਮਾਜਿਕ ਵਿਕਾਸ ਦੇ ਖੇਤਰ ਵਿੱਚ ਤਕਰੀਬਨ 40 ਪੁਰਸਕਾਰ ਅਤੇ ਸਨਮਾਨ ਮਿਲੇ ਹਨ।
ਰਾਸ਼ਟਰਪਤੀ ਨੇ ਕੁਦਰਤੀ ਵਿਰਾਸਤ ਅਤੇ ਵਾਤਾਵਰਣ ਦੀ ਸੰਭਾਲ਼ ਲਈ ਸਥਾਨਕ ਪ੍ਰਸ਼ਾਸਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਨੋਟ ਕੀਤਾ ਕਿ ਯੂਟੀ ਦੇ ਯਤਨਾਂ ਸਦਕਾ, ਦੀਊ ਸ਼ਹਿਰ ਹੁਣ ਭਾਰਤ ਦਾ ਪਹਿਲਾ ਸ਼ਹਿਰ ਬਣ ਗਿਆ ਹੈ, ਜੋ ਸੌਰ ਊਰਜਾ ਰਾਹੀਂ ਦਿਨ ਦੌਰਾਨ ਆਪਣੀ ਊਰਜਾ ਲੋੜ ਦਾ 100 ਫ਼ੀਸਦੀ ਪੂਰਾ ਕਰ ਰਿਹਾ ਹੈ।
ਰਾਸ਼ਟਰਪਤੀ ਨੇ ਇਹ ਨੋਟ ਕਰਦਿਆਂ ਖੁਸ਼ੀ ਮਹਿਸੂਸ ਕੀਤੀ ਕਿ ‘ਆਤਮ ਨਿਰਭਰ ਭਾਰਤ’ ਅਤੇ ‘ਵੋਕਲ ਫਾਰ ਲੋਕਲ’ ਦੀ ਮੁਹਿੰਮ ਇਸ ਯੂਟੀ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਥਾਨਕ ਉਤਪਾਦਾਂ ਦੀ ਵਿਕਰੀ ਲਈ ਇਨ੍ਹਾਂ ਪਹਿਲਾਂ ਤਹਿਤ ਸਥਾਪਿਤ ਵਾਤਾਵਰਣ ਅਨੁਕੂਲ ਖਾਣ ਪੀਣ ਦੀਆਂ ਸਟਾਲਾਂ ਨਾ ਸਿਰਫ ਸਥਾਨਕ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰਨਗੀਆਂ ਬਲਕਿ ਸੈਲਾਨੀਆਂ ਨੂੰ ਦੇਸੀ ਸਵਾਦ ਵੀ ਪ੍ਰਦਾਨ ਕਰਨਗੀਆਂ।
ਰਾਸ਼ਟਰਪਤੀ ਨੇ ਕਿਹਾ ਕਿ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਸਵੱਛ ਭਾਰਤ ਅਭਿਯਾਨ ਨੂੰ ਲਾਗੂ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਇਹ ਮਾਣ ਵਾਲੀ ਗੱਲ ਹੈ ਕਿ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਤਿੰਨੋਂ ਜ਼ਿਲ੍ਹਿਆਂ ਨੂੰ ‘ਓਪਨ ਡੇਫਾਕੇਸ਼ਨ ਫ੍ਰੀ’ ਐਲਾਨਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਨੇ ਹਰੇਕ ਘਰ ਵਿੱਚੋਂ ਕੂੜਾ ਚੁੱਕਣ ਦੀ ਜ਼ਿੰਮੇਵਾਰੀ ਲੈਂਦਿਆਂ ਪੂਰੇ ਦੇਸ਼ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਲੋਕਾਂ ਦੀ ਜ਼ੋਰਦਾਰ ਭਾਗੀਦਾਰੀ ਅਤੇ ਪ੍ਰਸ਼ਾਸਨ ਦੇ ਅਣਥੱਕ ਯਤਨਾਂ ਸਦਕਾ, ਦਮਨ ਅਤੇ ਦੀਊ ਨੂੰ ਸਾਲ 2019 ਦੇ ‘ਸਵੱਛ ਸਰਵੇਕਸ਼ਨ’ ਵਿੱਚ ਪਹਿਲਾ ਸਥਾਨ ਮਿਲਿਆ ਹੈ।
ਰਾਸ਼ਟਰਪਤੀ ਨੇ ਸਾਰੇ ਘਰਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ, ਸਾਰੀਆਂ ਮਹਿਲਾਵਾਂ ਨੂੰ ਉੱਜਵਲਾ ਯੋਜਨਾ ਦਾ ਲਾਭ ਦੇਣ ਅਤੇ ਸਕੂਲ ਜਾਣ ਵਾਲੇ ਸਾਰੇ ਬੱਚਿਆਂ ਦੇ ਦਾਖਲੇ ਸੁਨਿਸ਼ਚਿਤ ਕਰਨ ਆਦਿ ਜਿਹੀਆਂ ਪਹਿਲਾਂ ਲਈ ਦਾਦਰ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਊ ਦੇ ਲੋਕਾਂ ਦੇ ਨਾਲ-ਨਾਲ ਪ੍ਰਸ਼ਾਸਕ, ਸਾਂਸਦਾਂ ਅਤੇ ਹੋਰ ਲੋਕ ਨੁਮਾਇੰਦਿਆਂ, ਅਧਿਕਾਰੀਆਂ, ਉੱਦਮੀਆਂ ਦੀਆਂ ਕੋਸ਼ਿਸ਼ਾਂ ਲਈ ਸ਼ਲਾਘਾ ਕੀਤੀ।
ਸ਼ਾਮ ਨੂੰ, ਰਾਸ਼ਟਰਪਤੀ ਆਈਐੱਨਐੱਸ ਖੁਖਰੀ ਯਾਦਗਾਰ ਦਾ ਉਦਘਾਟਨ ਕਰਨਗੇ।
ਰਾਸ਼ਟਰਪਤੀ ਦੇ ਭਾਸ਼ਣ ਨੂੰ ਪੜ੍ਹਨ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
***
ਡੀਐੱਸ/ ਏਕੇਜੇ/ ਏਕੇ
(Release ID: 1683825)
Visitor Counter : 221