ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸਾਇੰਸ ਨੀਤੀ ਨਿਰਮਾਤਾਵਾਂ ਨੇ ਨੌਜਵਾਨਾਂ ਨੂੰ ਵਿਗਿਆਨ ਵੱਲ ਆਕਰਸ਼ਿਤ ਕਰਨ ਅਤੇ ਨਵੀਨਤਾਕਾਰੀ ਭਾਵਨਾ ਪੈਦਾ ਕਰਨ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ

Posted On: 24 DEC 2020 4:12PM by PIB Chandigarh

 ਆਈਆਈਐੱਸਐੱਫ -2020

 ਸਾਇੰਸ ਨੀਤੀ ਨਿਰਮਾਤਾਵਾਂ ਨੇ ਡੀਡੀ ਨਿਊਜ਼ 'ਤੇ ਵਿਚਾਰ ਵਟਾਂਦਰੇ ਦੌਰਾਨ ਵਿਗਿਆਨਕ ਟੈਂਪਰਾਮੈਂਟ ਪੈਦਾ ਕਰਨ ਲਈ ਬਹੁਤ ਛੋਟੀ ਉਮਰ ਤੋਂ ਹੀ ਨੌਜਵਾਨਾਂ ਨੂੰ ਵਿਗਿਆਨ ਵੱਲ ਆਕਰਸ਼ਿਤ ਕਰਨ ਅਤੇ ਨਵੀਨਤਾਕਾਰੀ ਭਾਵਨਾ ਪੈਦਾ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

ਡਾਇਰੈਕਟਰ ਜਨਰਲ, ਸੀਐੱਸਆਈਆਰ ਡਾ.  ਸ਼ੇਖਰ ਸੀ ਮੰਡੇ ਨੇ ਡੀਡੀ ਨਿਊਜ਼ ਪ੍ਰੋਗਰਾਮ ਵਿੱਚ ਵਿਗਿਆਨ, ਤਕਨਾਲੋਜੀ ਅਤੇ ਇਨੋਵੇਸ਼ਨ ਦੀ ਭੂਮਿਕਾ ਅਤੇ ਅੱਗੇ ਜਾਣ ਵਾਲੇ ਰਸਤੇ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਕਿਹਾ “ਦੇਸ਼ ਦੀ ਤਰੱਕੀ ਲਈ ਭਾਰਤ ਦੀ ਪ੍ਰਤਿਭਾ ਦੀ ਸਰਬੋਤਮ ਵਰਤੋਂ ਲਈ ਛੋਟੀ ਉਮਰ ਤੋਂ ਹੀ ਵਿਗਿਆਨ ਵਿੱਚ ਨੌਜਵਾਨਾਂ ਨੂੰ ਆਕਰਸ਼ਿਤ ਕਰਨਾ ਸਭ ਤੋਂ ਵੱਡੀ ਚੁਣੌਤੀ ਹੈ।” 

  ਭਾਰਤ ਅੰਤਰਰਾਸ਼ਟਰੀ ਵਿਗਿਆਨ ਉਤਸਵ (ਆਈਆਈਐੱਸਐੱਫ 2020) ਦੇ 6ਵੇਂ ਸੰਸਕਰਣ ਦੇ ਉਦਘਾਟਨ ਸਮੇਂ ਦੇਸ਼ ਦੀ ਤਰੱਕੀ ਅਤੇ ਵਿਕਾਸ ਲਈ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੀ ਵਰਤੋਂ ਬਾਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਭਾਸ਼ਣ ਤੋਂ ਬਾਅਦ ਵਿਚਾਰ ਵਟਾਂਦਰੇ ਦਾ ਆਯੋਜਨ ਕੀਤਾ ਗਿਆ ਸੀ।

ਡਾ. ਮੰਡੇ ਨੇ ਵਿਚਾਰ ਵਟਾਂਦਰੇ ਦੌਰਾਨ ਕਿਹਾ “ਸਾਡੇ ਕੋਲ ਦੇਸ਼ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੀ ਸਮ੍ਰਿਧ ਪਰੰਪਰਾ ਹੈ। ਇਸ ਖੇਤਰ ਵਿਚ ਸਾਡੀਆਂ ਪ੍ਰਾਪਤੀਆਂ ਬੇਮਿਸਾਲ ਹਨ ਅਤੇ ਅੱਜ ਅਸੀਂ ਜਿੱਥੇ ਹਾਂ, ਸਾਨੂੰ ਉਥੇ ਲਿਜਾਣ ਵਿੱਚ ਇਸਨੇ ਅਹਿਮ ਭੂਮਿਕਾ ਨਿਭਾਈ ਹੈ।”

 ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿੱਚ ਉਤਸ਼ਾਹਿਤ ਕੀਤੀ ਗਈ ਘਟਨਾ-ਅਧਾਰਿਤ ਅਧਿਆਪਨ ਅਤੇ ਪੜ੍ਹਾਈ ਨੌਜਵਾਨ ਮਨਾਂ ਨੂੰ ਵਿਗਿਆਨ ਅਤੇ ਟੈਕਨੋਲੋਜੀ ਵੱਲ ਆਕਰਸ਼ਿਤ ਕਰਨ ਅਤੇ ਵਿਗਿਆਨਕ ਰੁਚੀ ਪੈਦਾ ਕਰਨ ਵਿੱਚ ਸਹਾਇਤਾ ਕਰੇਗੀ। ਉਨ੍ਹਾਂ ਕਿਹਾ, “ਸਾਨੂੰ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਕਰਸ਼ਿਤ ਕਰਨ ਅਤੇ ਪਿੰਡਾਂ ਵਿੱਚ ਆਬਾਦੀ ਨੂੰ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਵਿੱਚ ਹਿੱਸਾ ਲੈਣ ਦੇ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਸਥਾਨਕ ਭਾਸ਼ਾਵਾਂ ਵਿੱਚ ਵਿਗਿਆਨ ਅਤੇ ਤਕਨਾਲੋਜੀ ਫੈਲਾਉਣ ਦੀ ਲੋੜ ਹੈ।”

  ਡਾ. ਮੰਡੇ ਨੇ ਜ਼ੋਰ ਦਿੱਤਾ “ਸਾਡੇ ਕੋਲ ਪ੍ਰਤਿਭਾ ਦੀ ਘਾਟ ਨਹੀਂ ਹੈ, ਅਤੇ ਕੋਵਿਡ -19 ਇਸ ਦੀ ਇੱਕ ਵੱਡੀ ਉਦਾਹਰਣ ਹੈ ਕਿ ਕਿਵੇਂ ਅਸੀਂ ਵੱਖੋ ਵੱਖਰੇ ਡਾਕਟਰੀ ਉਪਕਰਣਾਂ ਦਾ ਉਤਪਾਦਨ ਸ਼ੁਰੂ ਕਰਨ ਲਈ ਯਤਨ ਵਧਾਏ ਅਤੇ ਇਥੋਂ ਤੱਕ ਕਿ ਉਨ੍ਹਾਂ ਨੂੰ ਨਿਰਯਾਤ ਵੀ ਕੀਤਾ। ਦੇਸ਼ ਦੇ ਵਿਗਿਆਨੀਆਂ ਕੋਲ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਾਰੀ ਸਮਰੱਥਾ, ਪ੍ਰਤਿਭਾ ਅਤੇ ਹੁਨਰ ਮੌਜੂਦ ਹਨ।”

 ਸਲਾਹਕਾਰ, ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਅਤੇ ਪੀਸੀਪੀਐੱਮ ਦੇ ਮੁੱਖੀ ਡਾ. ਅਖਿਲੇਸ਼ ਗੁਪਤਾ ਨੇ ਦੱਸਿਆ ਕਿ ਇਨੋਵੇਸ਼ਨ ਨੂੰ ਛੇਤੀ ਸ਼ੁਰੂ ਕਰਨਾ ਵਿਗਿਆਨਕ ਟੈਂਪਰ ਅਤੇ ਗੁਣਵੱਤਾਪੂਰਣ ਖੋਜ ਦੇ ਵਿਕਾਸ ਵਿੱਚ ਸਹਾਇਤਾ ਕਰੇਗਾ। ਡਾ. ਗੁਪਤਾ ਨੇ ਕਿਹਾ “ਸਿੱਖਿਆ ਛੇਤੀ ਸ਼ੁਰੂ ਹੁੰਦੀ ਹੈ, ਪਰ ਇਨੋਵੇਸ਼ਨ ਬਹੁਤ ਦੇਰ ਨਾਲ ਸ਼ੁਰੂ ਹੁੰਦੀ ਹੈ। ਇਸ ਨੂੰ ਬਦਲਣ ਦੀ ਲੋੜ ਹੈ।”

 ਡਾ: ਗੁਪਤਾ ਨੇ ਉਮੀਦ ਜਤਾਈ ਕਿ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਪਾਲਿਸੀ (ਐੱਸਟੀਆਈਪੀ 2020) ਗੁਣਵੱਤਾ ਵਾਲੇ ਪੀਐੱਚ.ਡੀ. ਖੋਜਕਰਤਾਵਾਂ ਨੂੰ ਦੇਸ਼ ਦੀ ਤਰੱਕੀ ਅਤੇ ਵਿਕਾਸ ਲਈ ਕੰਮ ਕਰਨ ਲਈ ਦੇਸ਼ ਵਿੱਚ ਹੀ ਰੋਕ ਕੇ ਰੱਖਣ ਵਿੱਚ ਸਹਾਇਤਾ ਕਰੇਗੀ। ਉਨ੍ਹਾਂ ਡਾਇਸਪੋਰਾ ਦੀ ਮੁਹਾਰਤ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਉਨ੍ਹਾਂ ਦੀ ਉਤਸੁਕਤਾ ਦੀ ਵਰਤੋਂ ਕਰਦਿਆਂ ‘ਬ੍ਰੇਨ ਡ੍ਰੇਨ’ ਨੂੰ ‘ਬ੍ਰੇਨ ਗੇਨ’ ਵਿੱਚ ਬਦਲਣ ਦੀ ਜ਼ਰੂਰਤ ਬਾਰੇ ਵੀ ਦੱਸਿਆ।

ਡਾ. ਗੁਪਤਾ ਨੇ ਦੱਸਿਆ ਕਿ ਕਿਸ ਤਰ੍ਹਾਂ ਵਿਗਿਆਨ ਨੂੰ ਪਿੰਡਾਂ ਅਤੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਲੋਕਾਂ ਵਲੋਂ ਸਮਰੱਥ ਓਜ਼ਾਰ ਵਜੋਂ ਵਰਤਿਆ ਜਾ ਰਿਹਾ ਹੈ। ਇੱਕ ਨਵੀਂ ਪ੍ਰਸਤਾਵਿਤ ਯੋਜਨਾ, ਜਿਸ ਦੇ ਤਹਿਤ ਪਿੰਡਾਂ ਨੂੰ ਵਾਈਫਾਈ ਉਪਲਬਧ ਕਰਵਾਈ ਜਾਏਗੀ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ,“ਅੰਤਮ ਟੀਚਾ ਸਾਇੰਸ ਨੂੰ ਲੋਕ-ਕੇਂਦ੍ਰਿਤ ਬਣਾਉਣਾ ਅਤੇ ਇਸ ਨੂੰ ਆਰਥਿਕ ਅਤੇ ਮਨੁੱਖੀ ਵਿਕਾਸ ਲਈ ਇੱਕ ਮਹੱਤਵਪੂਰਨ ਚਾਲਕ ਦੇ ਰੂਪ ਵਿੱਚ ਇਸਤੇਮਾਲ ਕਰਨਾ ਹੈ।”

 ਉਨ੍ਹਾਂ ਕਿਹਾ “ਵਿਗਿਆਨਕ ਪ੍ਰਕਾਸ਼ਨਾਂ ਦੇ ਨਾਲ-ਨਾਲ ਸਟਾਰਟ-ਅੱਪਸ ਵਿੱਚ ਵੀ ਅਸੀਂ ਦੁਨੀਆ ਵਿੱਚ ਤੀਜੇ ਸਥਾਨ ‘ਤੇ ਹਾਂ। ਅਸੀਂ ਵਿਗਿਆਨ ਵਿੱਚ 25,000 ਪੀਐੱਚ.ਡੀਜ਼ ਪੈਦਾ ਕਰ ਰਹੇ ਹਾਂ ਅਤੇ ਅਮਰੀਕਾ ਅਤੇ ਚੀਨ ਤੋਂ ਬਹੁਤ ਪਿੱਛੇ ਨਹੀਂ ਹਾਂ। ਕਾਲਜ ਖੋਜ ਵਿੱਚ ਅਸੀਂ, 2013 ਵਿੱਚ 13ਵੇਂ ਸਥਾਨ ‘ਤੇ ਸੀ, ਪਰ ਅੱਜ ਅਸੀਂ 9ਵੇਂ ਸਥਾਨ ‘ਤੇ ਹਾਂ।”

 ਸ਼੍ਰੀ ਜੈਯੰਤ ਸਹਿਸ੍ਰਬੁੱਧੇ, ਰਾਸ਼ਟਰੀ ਪ੍ਰਬੰਧਕੀ ਸਕੱਤਰ, ਵਿਜਨਨਾ ਭਾਰਤੀ, ਨੇ ਵੀ ਵਿਚਾਰ ਵਟਾਂਦਰੇ ਵਿੱਚ ਹਿੱਸਾ ਲੈਂਦਿਆਂ ਸਵੈ-ਨਿਰਭਰ ਹੋਣ ਵਿੱਚ ਵਿਗਿਆਨ ਦੀ ਮਹੱਤਤਾ ਬਾਰੇ ਦੱਸਿਆ।

 

*********

 ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)



(Release ID: 1683436) Visitor Counter : 193


Read this release in: English , Urdu , Hindi