ਰੇਲ ਮੰਤਰਾਲਾ

ਭਾਰਤ-ਬੰਗਲਾਦੇਸ਼ ਵਰਚੁਅਲ ਦੁਵੱਲੇ ਸੰਮੇਲਨ ਦੌਰਾਨ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਸਾਂਝੇ ਤੌਰ 'ਤੇ ਹਲਦੀਬਾੜੀ - ਚਿਲ੍ਹਾਟੀ ਰੇਲ ਲਿੰਕ ਦਾ ਉਦਘਾਟਨ ਕੀਤਾ।

ਖੇਤਰ ਵਿੱਚ ਲੋਕਾਂ ਦੇ ਸੰਪਰਕ ਅਤੇ ਆਰਥਿਕ ਗਤੀਵਿਧੀਆਂ ਵਿੱਚ ਨੂੰ ਉਤਸ਼ਾਹਤ ਕਰਨ ਵਿੱਚ ਸਹਾਈ ਹੋਵੇਗਾ

Posted On: 17 DEC 2020 6:41PM by PIB Chandigarh

ਭਾਰਤ ਅਤੇ ਬੰਗਲਾਦੇਸ਼ ਦੇ ਲੋਕਾਂ ਵਿਚਾਲੇ ਆਪਸੀ ਸੰਪਰਕ ਨੂੰ ਉਤਸ਼ਾਹਤ ਕਰਨ ਵੱਲ ਇੱਕ ਵੱਡੇ ਕਦਮ ਵਜੋਂ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਬੰਗਲਾਦੇਸ਼ ਦੀ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀਮਤੀ ਸ਼ੇਖ ਹਸੀਨਾ ਨੇ ਅੱਜ 17.12.2020 ਨੂੰ ਸਾਂਝੇ ਤੌਰ 'ਤੇ ਪ੍ਰਧਾਨ ਮੰਤਰੀ ਪੱਧਰ ਦੇ ਵਰਚੁਅਲ ਦੁਵੱਲੇ ਸੰਮੇਲਨ ਦੌਰਾਨ ਭਾਰਤ ਦੇ ਹਲਦੀਬਾੜੀ ਅਤੇ ਬੰਗਲਾਦੇਸ਼ ਦੇ ਚਿਲ੍ਹਾਟੀ ਦਰਮਿਆਨ ਇੱਕ ਰੇਲ ਲਿੰਕ ਦਾ ਉਦਘਾਟਨ ਕੀਤਾ।

ਇਸ ਤੋਂ ਬਾਅਦ, ਇੱਕ ਮਾਲ ਗੱਡੀ ਨੂੰ ਬੰਗਲਾਦੇਸ਼ ਦੇ ਚਿਲ੍ਹਾਟੀ ਸਟੇਸ਼ਨ ਤੋਂ ਰੇਲਵੇ ਮੰਤਰੀ ਮੁਹੰਮਦ ਨੂਰੂਲ ਇਸਲਾਮ ਸੁਜਾਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜੋ ਅੰਤਰਰਾਸ਼ਟਰੀ ਸਰਹੱਦ ਤੋਂ ਲੰਘਦਿਆਂ ਭਾਰਤ ਵਿੱਚ ਦਾਖਲ ਹੋਈ, ਇਸ ਤਰ੍ਹਾਂ ਦੋਵਾਂ ਦੇਸ਼ਾਂ ਵਿੱਚ ਵਸਦੇ ਲੋਕਾਂ ਲਈ ਇੱਕ ਨਵੇਂ ਯੁੱਗ ਦਾ ਸੰਕੇਤ ਮਿਲਿਆ।

ਭਾਰਤ ਅਤੇ ਬੰਗਲਾਦੇਸ਼ ਦਾ ਰੇਲਵੇ ਨੈਟਵਰਕ ਜ਼ਿਆਦਾਤਰ ਬ੍ਰਿਟਿਸ਼ ਕਾਰਜਕਾਲ ਦੇ ਭਾਰਤੀ ਰੇਲਵੇ ਦਾ ਵਿਰਾਸਤੀ ਰੂਪ ਹੈ। 1947 ਵਿੱਚ ਵੰਡ ਤੋਂ ਬਾਅਦ, ਭਾਰਤ ਅਤੇ ਉਸ ਸਮੇਂ ਦੇ ਪੂਰਬੀ ਪਾਕਿਸਤਾਨ (1965 ਤੱਕ) ਦੇ ਵਿਚਕਾਰ 7 ਰੇਲ ਲਿੰਕ ਚੱਲ ਰਹੇ ਸਨ। ਇਸ ਸਮੇਂ ਭਾਰਤ ਅਤੇ ਬੰਗਲਾਦੇਸ਼ ਵਿਚਾਲੇ 4 ਚਾਲੂ ਰੇਲ ਲਿੰਕ ਹਨ। ਇਹ ਰੇਲ ਲਿੰਕ ਪੈਟਰਪੋਲ (ਭਾਰਤ) - ਬੇਨਾਪੋਲ (ਬੰਗਲਾਦੇਸ਼), ਗੇਡੇ (ਭਾਰਤ) - ਦਰਸ਼ਨਾ (ਬੰਗਲਾਦੇਸ਼), ਸਿੰਘਾਬਾਦ (ਭਾਰਤ) -ਰੋਹਨਪੁਰ (ਬੰਗਲਾਦੇਸ਼), ਰਾਧਿਕਾਪੁਰ (ਭਾਰਤ) -ਬੀਰੋਲ (ਬੰਗਲਾਦੇਸ਼) ਹਨ। ਅੱਜ ਤੋਂ ਕਾਰਜਸ਼ੀਲ ਕੀਤਾ  ਜਾ ਰਿਹਾ ਹਲਦੀਬਾੜੀ - ਚਿਲ੍ਹਾਟੀ ਰੇਲ ਲਿੰਕ ਭਾਰਤ ਅਤੇ ਬੰਗਲਾਦੇਸ਼ ਵਿਚਕਾਰ 5ਵਾਂ ਰੇਲ ਲਿੰਕ ਹੈ।

ਹਲਦੀਬਾੜੀ - ਚਿਲ੍ਹਾਟੀ ਰੇਲ ਲਿੰਕ 1965 ਤੱਕ ਚਾਲੂ ਸੀ। ਇਹ ਵੰਡ ਸਮੇਂ ਕੋਲਾਕਾਤਾ ਤੋਂ ਸਿਲੀਗੁੜੀ ਤੱਕ ਦਾ ਬ੍ਰਾਡ ਗੇਜ ਮੁੱਖ ਮਾਰਗ ਦਾ ਹਿੱਸਾ ਸੀ। ਅਸਾਮ ਅਤੇ ਉੱਤਰੀ ਬੰਗਾਲ ਜਾਣ ਵਾਲੀਆਂ ਰੇਲ ਗੱਡੀਆਂ ਵੰਡ ਤੋਂ ਬਾਅਦ ਵੀ ਉਸ ਸਮੇਂ ਦੇ ਪੂਰਬੀ ਪਾਕਿਸਤਾਨ ਦੇ ਖੇਤਰ ਵਿਚੋਂ ਲੰਘਦੀਆਂ ਰਹੀਆਂ ਸਨ। ਉਦਾਹਰਣ ਦੇ ਲਈ, ਸੀਲਦਾਹ ਤੋਂ ਸਿਲੀਗੁੜੀ ਜਾਣ ਵਾਲੀ ਰੇਲ ਗੱਡੀ ਦਰਸ਼ਨਾ ਤੋਂ ਪੂਰਬੀ ਪਾਕਿਸਤਾਨ ਦੇ ਖੇਤਰ ਵਿੱਚ ਦਾਖਲ ਹੁੰਦੀ ਸੀ ਅਤੇ ਹਲਦੀਬਾੜੀ - ਚਿਲ੍ਹਾਟੀ ਲਿੰਕ ਦੀ ਵਰਤੋਂ ਕਰਦਿਆਂ ਬਾਹਰ ਨਿਕਲਦੀ ਸੀ। ਹਾਲਾਂਕਿ, 1965 ਦੀ ਜੰਗ ਨੇ ਭਾਰਤ ਅਤੇ ਉਸ ਸਮੇਂ ਦੇ ਪੂਰਬੀ ਪਾਕਿਸਤਾਨ ਦਰਮਿਆਨ ਸਾਰੇ ਰੇਲਵੇ ਸੰਪਰਕ ਪ੍ਰਭਾਵਸ਼ਾਲੀ ਢੰਗ ਨਾਲ ਕੱਟ ਦਿੱਤੇ ਸਨ। ਇਸ ਤਰ੍ਹਾਂ ਭਾਰਤ ਦੇ ਪੂਰਬੀ ਸੈਕਟਰ ਵਿੱਚ ਰੇਲਵੇ ਦੀ ਵੰਡ 1965 ਵਿੱਚ ਹੋਈ ਸੀ। ਇਸ ਲਈ ਇਸ ਰੇਲ ਲਿੰਕ ਦੇ ਮੁੜ ਖੁੱਲ੍ਹਣ ਦੀ ਮਹੱਤਤਾ ਬਾਰੇ ਚੰਗੀ ਤਰ੍ਹਾਂ ਕਲਪਨਾ ਕੀਤੀ ਜਾ ਸਕਦੀ ਹੈ।

ਮਈ, 2015 ਵਿੱਚ ਦਿੱਲੀ ਵਿਚ ਹੋਈ ਅੰਤਰ-ਸਰਕਾਰੀ ਰੇਲਵੇ ਮੀਟਿੰਗ (ਆਈਜੀਆਰਐਮ) ਵਿੱਚ ਸੰਯੁਕਤ ਐਲਾਨਨਾਮੇ ਦੀ ਪਾਲਣਾ ਕਰਦਿਆਂ; ਰੇਲਵੇ ਬੋਰਡ ਨੇ ਇਸ ਪਹਿਲੇ ਰੇਲ ਲਿੰਕ ਨੂੰ ਮੁੜ ਖੋਲ੍ਹਣ ਲਈ ਸਾਲ 2016-17 ਵਿੱਚ ਚਿਲ੍ਹਾਟੀ (ਲੰਬਾਈ - 3.50 ਕਿਲੋਮੀਟਰ) ਨਾਲ ਜੋੜਨ ਲਈ ਹਲਦੀਬਾੜੀ ਸਟੇਸ਼ਨ ਤੋਂ ਬੰਗਲਾਦੇਸ਼ ਸਰਹੱਦ ਤੱਕ ਨਵੀਂ ਲਾਈਨ ਦੀ ਉਸਾਰੀ ਲਈ ਮਨਜ਼ੂਰੀ ਦੇ ਦਿੱਤੀ। ਭਾਰਤੀ ਰੇਲਵੇ ਨੇ ਹਲਦੀਬਾੜੀ ਸਟੇਸ਼ਨ ਤੋਂ 82.72 ਕਰੋੜ ਰੁਪਏ ਦੀ ਲਾਗਤ ਨਾਲ ਅੰਤਰਰਾਸ਼ਟਰੀ ਸਰਹੱਦ ਤੱਕ ਦੇ ਟਰੈਕਾਂ ਨੂੰ ਬਹਾਲ ਕਰ ਦਿੱਤਾ ਹੈ।ਬੰਗਲਾਦੇਸ਼ ਰੇਲਵੇ ਨੇ ਉਸ ਅਨੁਸਾਰ ਚਿਲ੍ਹਾਟੀ ਸਟੇਸ਼ਨ ਤੋਂ ਅੰਤਰਰਾਸ਼ਟਰੀ ਸਰਹੱਦ ਤੱਕ ਆਪਣੇ ਪਾਸਿਓਂ ਬਾਕੀ ਦਾ ਟਰੈਕ ਵਿਛਾਉਣ ਦਾ ਕੰਮ ਵੀ ਕੀਤਾ ਹੈ। ਬੰਗਲਾਦੇਸ਼ ਵਾਲੇ ਪਾਸੇ ਚਿਲ੍ਹਾਟੀ - ਪਾਰਬਤੀਪੁਰ - ਸੰਤਹਾਰ - ਦਰਸ਼ਨਾ ਮੌਜੂਦਾ ਲਾਈਨ ਪਹਿਲਾਂ ਹੀ ਬ੍ਰੌਡ ਗੇਜ ਵਿੱਚ ਹੈ। 

17.12.2020 ਨੂੰ ਖੁੱਲਿਆ ਹਲਦੀਬਾੜੀ- ਚਿਲ੍ਹਾਟੀ ਰੂਟ ਅਸਾਮ ਅਤੇ ਪੱਛਮੀ ਬੰਗਾਲ ਤੋਂ ਬੰਗਲਾਦੇਸ਼ ਵਿੱਚ ਆਉਣ-ਜਾਣ ਲਈ ਲਾਭਕਾਰੀ ਹੋਵੇਗਾ। ਇਹ ਰੇਲ ਲਿੰਕ ਖੇਤਰੀ ਵਪਾਰ ਦੇ ਵਿਕਾਸ ਅਤੇ ਖੇਤਰ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਮੁੱਖ ਬੰਦਰਗਾਹਾਂ, ਸੁੱਕੀਆਂ ਬੰਦਰਗਾਹਾਂ ਅਤੇ ਜ਼ਮੀਨੀ ਸਰਹੱਦਾਂ ਤੱਕ ਰੇਲ ਨੈਟਵਰਕ ਦੀ ਪਹੁੰਚ ਨੂੰ ਵਧਾਏਗਾ। ਇੱਕ ਵਾਰ ਯਾਤਰੀ ਰੇਲ ਗੱਡੀਆਂ ਦੀ ਯੋਜਨਾ ਬਣਨ ਤੋਂ ਬਾਅਦ, ਦੋਵੇਂ ਦੇਸ਼ਾਂ ਦੇ ਆਮ ਲੋਕ ਅਤੇ ਕਾਰੋਬਾਰੀ ਆਵਾਜਾਈ ਦਾ ਲਾਭ ਉਠਾ ਸਕਣਗੇ। ਇਸ ਨਵੇਂ ਲਿੰਕ ਦੇ ਚਾਲੂ ਹੋਣ ਨਾਲ ਬੰਗਲਾਦੇਸ਼ ਤੋਂ ਆਏ ਸੈਲਾਨੀ ਨੇਪਾਲ, ਭੂਟਾਨ ਆਦਿ ਦੇਸ਼ਾਂ ਤੋਂ ਇਲਾਵਾ ਦਾਰਜੀਲਿੰਗ, ਸਿੱਕਮ, ਦੁਆਰਸ ਆਦਿ ਵਰਗੇ ਸਥਾਨਾਂ ਦੀ ਆਸਾਨੀ ਨਾਲ ਯਾਤਰਾ ਕਰ ਸਕਣਗੇ। ਇਸ ਨਵੇਂ ਰੇਲ ਲਿੰਕ ਨਾਲ ਦੱਖਣ ਏਸ਼ੀਆਈ ਦੇਸ਼ਾਂ ਦੀਆਂ ਆਰਥਿਕ ਗਤੀਵਿਧੀਆਂ ਨੂੰ ਵੀ ਲਾਭ ਹੋਵੇਗਾ। 

*****

ਡੀਜੇਐਨ / ਐਮਕੇਵੀ


(Release ID: 1681691)