ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਗਡਕਰੀ ਨੇ ਬਿਹਾਰ ਵਿੱਚ ਸੋਨ ਨਦੀ ਉਪਰ 266 ਕਰੋੜ ਰੁਪਏ ਦੀ ਲਾਗਤ ਵਾਲੇ ਕੋਇਲਵਰ ਪੁਲ ਦਾ ਉਦਘਾਟਨ ਕੀਤਾ

ਮੰਤਰੀ ਨੇ ਰਾਜ ਦੇ ਕਈ ਨਵੇਂ ਪ੍ਰੋਜੈਕਟਾਂ ਦਾ ਐਲਾਨ ਕੀਤਾ

Posted On: 10 DEC 2020 1:17PM by PIB Chandigarh

 ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਬਿਹਾਰ ਵਿੱਚ ਸੋਨ ਨਦੀ (sone river) ਉੱਤੇ ਬਣੇ ਤਿੰਨ ਮਾਰਗੀ 1.5 ਕਿਲੋਮੀਟਰ ਲੰਬੇ ਕੋਇਲਵਰ ਪੁਲ ਦਾ ਉਦਘਾਟਨ ਕੀਤਾ। ਇਸ ਪੁਲ 'ਤੇ 266 ਕਰੋੜ ਰੁਪਏ ਖਰਚ ਕੀਤੇ ਗਏ ਹਨ। ਰੇਲ ਅਤੇ ਸੜਕੀ ਆਵਾਜਾਈ ਦੋਵਾਂ ਲਈ ਮੌਜੂਦਾ ਦੋ ਮਾਰਗੀ ਪੁਲ 138 ਸਾਲ ਪੁਰਾਣਾ ਹੈ। ਇਸ ਦੀ ਜਗ੍ਹਾ 'ਤੇ ਇੱਕ ਛੇ-ਲੇਨ ਵਾਲਾ ਪੁਲ ਬਣਾਇਆ ਜਾ ਰਿਹਾ ਹੈ, ਜਿਸ ਵਿਚੋਂ ਤਿੰਨ-ਮਾਰਗੀ ਕੈਰੇਜ-ਵੇਅ ਨੂੰ ਜਨਤਾ ਲਈ ਖੋਲ੍ਹਿਆ ਗਿਆ ਹੈ। ਦੂਸਰੇ ਕੈਰੇਜ-ਵੇਅ ਦੇ ਮੁਕੰਮਲ ਹੋਣ ਤੋਂ ਬਾਅਦ, ਐੱਨਐੱਚ-922 ਅਤੇ ਐੱਨਐੱਚ-30 'ਤੇ ਟ੍ਰੈਫਿਕ ਕਾਫ਼ੀ ਹੱਦ ਤੱਕ ਆਸਾਨ ਹੋ ਜਾਵੇਗਾ। ਇਹ ਪੁਲ ਬਿਹਾਰ ਅਤੇ ਉਤਰ ਪ੍ਰਦੇਸ਼ (ਯੂਪੀ) ਦੇ ਵਿਚਾਲੇ ਆਵਾਜਾਈ ਲਈ ਇੱਕ ਪ੍ਰਮੁੱਖ ਸੜਕ ਹੈ।

 ਇਸ ਮੌਕੇ ਬੋਲਦਿਆਂ ਸ਼੍ਰੀ ਗਡਕਰੀ ਨੇ ਐਲਾਨ ਕੀਤਾ ਕਿ ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤਿਸ਼ ਕੁਮਾਰ ਅਤੇ ਸਥਾਨਕ ਸੰਸਦ ਮੈਂਬਰ ਸ਼੍ਰੀ ਰਾਜੀਵ ਪ੍ਰਤਾਪ ਰੂਡੀ ਦੇ ਪ੍ਰਸਤਾਵ ਅਨੁਸਾਰ ਮੰਤਰਾਲੇ ਨੇ ਭਰੌਲੀ (ਬਕਸਰ) ਤੋਂ ਹੈਦਰੀਆ ਤੱਕ ਚਾਰਮਾਰਗੀ ਐਲੀਵੇਟਿਡ ਸੜਕ ਨੂੰ ਪੂਰਵ-ਆਂਚਲ ਐਕਸਪ੍ਰੈਸਵੇਅ ਨਾਲ ਜੋੜਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ 17 ਕਿਲੋਮੀਟਰ ਲੰਬੀ ਲਿੰਕ ਸੜਕ ਲਈ ਡੀਪੀਆਰ ਅਗਲੇ ਸਾਲ ਜੂਨ ਤੱਕ ਤਿਆਰ ਹੋ ਜਾਵੇਗਾ। ਮੰਤਰਾਲੇ ਨੇ 70 ਕਿਲੋਮੀਟਰ ਮੋਕਾਮਾ-ਮੁੰਗੇਰ ਸੜਕ ਨੂੰ ਚੌੜਾ ਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਲਈ ਅਗਲੇ ਅਪ੍ਰੈਲ ਤੱਕ ਡੀਪੀਆਰ ਮੁਕੰਮਲ ਹੋ ਜਾਵੇਗੀ। ਇਸੇ ਤਰ੍ਹਾਂ ਮੁਜ਼ੱਫਰਪੁਰ-ਬਰੌਨੀ ਸੜਕ ਨੂੰ ਚੌੜਾ ਕਰਨ ਦਾ ਕੰਮ ਵੀ ਜਲਦੀ ਹੀ ਸ਼ੁਰੂ ਹੋ ਜਾਵੇਗਾ। ਖਗੜੀਆ-ਪੂਰਨੀਆ ਸੜਕ ਦੇ ਚਾਰ ਮਾਰਗੀਕਰਨ (ਐੱਨਐੱਚ -31) ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਇਸ ਦਾ ਡੀਪੀਆਰ ਆਉਂਦੇ ਅਪ੍ਰੈਲ ਤੱਕ ਤਿਆਰ ਹੋ ਜਾਵੇਗਾ। ਮੁਜ਼ੱਫਰਪੁਰ-ਸੀਤਾਮੜ੍ਹੀ-ਸੋਨਵਰਸ਼ਾ ਸੜਕ (ਐੱਨਐੱਚ-77) ਦਾ ਚਹੁੰ ਮਾਰਗੀਕਰਨ, ਜੋ ਕਿ ਰਾਮਜਾਨਕੀ ਮਾਰਗ ਦਾ ਹਿੱਸਾ ਹੈ, ਜਨਕਪੁਰ ਧਾਮ (ਨੇਪਾਲ) ਦੀ ਯਾਤਰਾ ਨੂੰ ਆਸਾਨ ਬਣਾਏਗਾ ਅਤੇ ਅਗਲੇ ਸਾਲ ਮਈ ਵਿੱਚ ਇਸ ਦਾ ਡੀਪੀਆਰ ਤਿਆਰ ਹੋ ਜਾਵੇਗਾ।

 ਕੇਂਦਰੀ ਮੰਤਰੀ ਨੇ ਬਿਹਾਰ ਵਿੱਚ ਸੜਕ ਨੈੱਟਵਰਕ ਦੇ ਵਿਕਾਸ ਲਈ ਕੇਂਦਰੀ ਮੰਤਰੀ ਸ਼੍ਰੀ ਆਰ ਕੇ ਸਿੰਘ ਵੱਲੋਂ ਭੇਜੇ ਪ੍ਰਸਤਾਵਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, ਉਨ੍ਹਾਂ ਦੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦਿਆਂ, ਸਾਸਾਰਾਮ-ਆਰਾਹ-ਪਟਨਾ ਗ੍ਰੀਨਫੀਲਡ ਪ੍ਰਾਜੈਕਟ ਲਈ ਨਵਾਂ ਅਲਾਈਨਮੈਂਟ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਰਾਹ ਰਿੰਗਰੋਡ 'ਤੇ 90 ਪ੍ਰਤੀਸ਼ਤ ਕੰਮ ਮੌਜੂਦਾ ਤਿੰਨ ਪ੍ਰੋਜੈਕਟਾਂ ਦੇ ਅਧੀਨ ਕਵਰ ਹੋ ਜਾਏਗਾ। ਕੇਂਦਰੀ ਰਾਜ (ਸੁਤੰਤਰ ਚਾਰਜ) ਮੰਤਰੀ ਬਿਜਲੀ ਅਤੇ ਨਵੀਂ ਅਤੇ ਅਖੁੱਟ ਊਰਜਾ ਸ਼੍ਰੀ ਆਰ ਕੇ ਸਿੰਘ ਨੇ ਇਸ ਪੁਲ ਦੇ ਉਦਘਾਟਨ 'ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਬਿਹਾਰ ਦੇ ਆਰਾਹ ਖੇਤਰ ਦੇ ਸੜਕ ਅਤੇ ਰਾਜਮਾਰਗ ਦੇ ਨਜ਼ਰੀਏ ਨੂੰ ਬਦਲਣ ਲਈ ਪ੍ਰਧਾਨ ਮੰਤਰੀ ਅਤੇ ਰੋਡਵੇਜ ਮੰਤਰੀ ਸ਼੍ਰੀ ਨਿਤਿਨ ਗਡਕਰੀ ਦਾ ਧੰਨਵਾਦ ਕੀਤਾ। ਉਨ੍ਹਾਂ ਰੋਡਵੇਜ਼ ਮੰਤਰੀ ਨੂੰ ਪਟਨਾ-ਆਰਾਹ-ਸਾਸਾਰਾਮ ਗ੍ਰੀਨਫੀਲਡ ਪ੍ਰੋਜੈਕਟ ਨੂੰ ਪਟਨਾ ਆਰਾ-ਬਕਸਰ ਰੋਡ ਨਾਲ ਜੋੜਦਿਆਂ ਆਰਾਹ ਲਈ ਰਿੰਗ ਰੋਡ ਮਨਜ਼ੂਰ ਕਰਨ ਲਈ ਕਿਹਾ। ਸ੍ਰੀ ਗਡਕਰੀ ਨੇ ਦੱਸਿਆ ਕਿ ਬਿਹਾਰ ਵਿੱਚ 30000 ਕਰੋੜ ਰੁਪਏ ਦੇ ਸੜਕ ਕੰਮ ਚੱਲ ਰਹੇ ਹਨ। ਜ਼ਮੀਨ ਐਕਵਾਇਰ ਕਰਨ ਦੇ ਮੁਆਵਜ਼ੇ ਲਈ 4600 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਦੇ ਪੈਕੇਜ ਦੇ ਅਧੀਨ, ਜਿਸ ਵਿੱਚ 1459 ਕਿਲੋਮੀਟਰ ਦੇ 24 ਪ੍ਰੋਜੈਕਟ ਸ਼ਾਮਲ ਹਨ, ਉਸ ਵਿੱਚੋਂ 875 ਕਿਲੋਮੀਟਰ ਤੋਂ ਵੱਧ ‘ਤੇ ਕੰਮ ਚੱਲ ਰਿਹਾ ਹੈ। ਇਸ ਦੇ ਤਹਿਤ 125 ਕਿਲੋਮੀਟਰ ਲਈ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਅਗਲੇ ਮਾਰਚ ਤੱਕ ਹੋਰ 459 ਕਿਲੋਮੀਟਰ ਲਈ ਟੈਂਡਰ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੀਆਰਐੱਫ ਦੇ ਤਹਿਤ ਬਿਹਾਰ ਵਿੱਚ ਪਿਛਲੇ ਛੇ ਸਾਲਾਂ ਵਿੱਚ 2097 ਕਰੋੜ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਦੇ ਵਿਰੁੱਧ ਹੁਣ ਤੱਕ 1281 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

 ਮੰਤਰੀ ਨੇ ਦੱਸਿਆ ਕਿ 1423 ਕਰੋੜ ਰੁਪਏ ਦੀ ਲਾਗਤ ਵਾਲਾ 7 ਕਿਲੋਮੀਟਰ ਲੰਬਾ ਚਾਰ ਮਾਰਗੀ ਕੋਸ਼ੀ ਪੁਲ ਸਾਲ 2023 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। 1110 ਕਰੋੜ ਰੁਪਏ ਦੀ ਲਾਗਤ ਵਾਲੇ 4 ਕਿਲੋਮੀਟਰ ਲੰਬੇ ਵਿਕਰਮਸ਼ੀਲਾ ਪੁਲ ਦਾ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ ਅਤੇ 2024 ਵਿੱਚ ਇਸ ਦੇ ਨਿਰਮਾਣ ਦਾ ਕੰਮ ਪੂਰਾ ਹੋਣ ਦੀ ਸੰਭਾਵਨਾ ਹੈ। 48 ਕਿਲੋਮੀਟਰ ਸੜਕ ਪ੍ਰੋਜੈਕਟ ਦੇ ਅੰਦਰ ਪੈਂਦੇ ਬਕਸਰ ਪੁਲ 'ਤੇ ਅਗਲੇ ਸਾਲ ਤੱਕ ਕੰਮ ਪੂਰਾ ਹੋ ਜਾਵੇਗਾ। ਇਹ ਪੁਲ 250 ਕਿਲੋਮੀਟਰ ਦਾ ਬਦਲਵਾਂ ਰਸਤਾ ਪ੍ਰਦਾਨ ਕਰੇਗਾ ਜੋ ਯਾਤਰਾ ਕਰਨ ਲਈ 6 ਤੋਂ 8 ਘੰਟੇ ਲੈਂਦਾ ਹੈ। ਬਿਹਾਰ ਅਤੇ ਝਾਰਖੰਡ ਨੂੰ ਜੋੜਨ ਵਾਲੇ 6 ਕਿਲੋਮੀਟਰ ਲੰਬੇ ਸਾਹਿਬਗੰਜ ਪੁਲ ਲਈ 1900 ਕਰੋੜ ਰੁਪਏ ਦਾ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ, ਅਤੇ ਉਸਾਰੀ ਦਾ ਕੰਮ ਸਤੰਬਰ 2024 ਤੱਕ ਪੂਰਾ ਹੋਣਾ ਨਿਰਧਾਰਿਤ ਹੈ। ਪਟਨਾ ਵਿੱਚ ਗੰਗਾ ਨਦੀ 'ਤੇ ਦੋ-ਮਾਰਗੀ ਪੁਲ ਦਾ ਬਾਕੀ ਕੰਮ ਅਗਲੇ ਸਾਲ ਤੱਕ ਪੂਰਾ ਹੋ ਜਾਵੇਗਾ। ਇਸ 5.5 ਕਿਲੋਮੀਟਰ ਲੰਬੇ ਪੁਲ ਦੇ ਪੁਨਰ ਨਿਰਮਾਣ 'ਤੇ 1742 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਪਟਨਾ ਵਿੱਚ ਗੰਗਾ ਉੱਤੇ ਮੌਜੂਦਾ ਪੁਲ ਨੇੜੇ ਇੱਕ ਨਵਾਂ ਚਾਰਮਾਰਗੀ, ਪੰਜ ਕਿਲੋਮੀਟਰ ਲੰਬਾ ਪੁਲ ਬਣਾਉਣ ਦਾ ਵੀ ਐਲਾਨ ਕੀਤਾ, ਜਿਸ ਲਈ ਇਸ ਅਕਤੂਬਰ ਵਿੱਚ ਇੱਕ ਸਮਝੌਤਾ ਹੋਇਆ ਹੈ। ਇਸ ਵਿੱਚ ਇੱਕ 242 ਮੀਟਰ ਦੀ ਲੰਬਾਈ ਵਾਲਾ ਅਨੌਖਾ ਪੁਲ ਵੀ ਹੋਵੇਗਾ ਜਿਸ ਦੇ ਹੇਠੋਂ ਵੱਡੇ ਜਹਾਜ਼ਾਂ ਦੀ ਆਵਾਜਾਈ ਦੀ ਸੁਵਿਧਾ ਪ੍ਰਦਾਨ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਅਯੁੱਧਿਆ ਅਤੇ ਜਨਕਪੁਰੀ (ਨੇਪਾਲ) ਦਰਮਿਆਨ ਰਾਮਜਾਨਕੀ ਮਾਰਗ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਵਿਚੋਂ 2700 ਕਰੋੜ ਰੁਪਏ ਦੀ ਲਾਗਤ ਦਾ 240 ਕਿਲੋਮੀਟਰ ਮਾਰਗ ਬਿਹਾਰ ਵਿੱਚ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਗਲੇ ਸਾਲ ਜੂਨ ਤੱਕ 177 ਕਿਲੋਮੀਟਰ ਦਾ ਕੰਮ ਪੂਰਾ ਹੋ ਜਾਵੇਗਾ। ਬਕਾਇਆ 63 ਕਿਲੋਮੀਟਰ ਦਾ ਕੰਮ ਮਾਰਚ 2021 ਵਿਚ ਸ਼ੁਰੂ ਹੋਵੇਗਾ।

 ਇਸ ਸਮਾਰੋਹ ਵਿੱਚ ਮੁੱਖ ਮੰਤਰੀ ਸ਼੍ਰੀ ਨਿਤਿਨ ਕੁਮਾਰ, ਡਿਪਟੀ ਸੀਐੱਮ ਸ਼੍ਰੀ ਤਾਰਕਿਸ਼ੋਰ ਪ੍ਰਸਾਦ ਅਤੇ ਸ਼੍ਰੀਮਤੀ ਰੇਨੂੰ ਦੇਵੀ, ਕੇਂਦਰੀ ਮੰਤਰੀ ਸ਼੍ਰੀ ਆਰ ਕੇ ਸਿੰਘ ਅਤੇ ਜਨਰਲ (ਡਾ) ਵੀ ਕੇ ਸਿੰਘ, ਰਾਜ ਦੇ ਕਈ ਮੰਤਰੀ, ਕੇਂਦਰ ਅਤੇ ਰਾਜ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

********

 ਆਰਸੀਜੇ / ਐੱਮਐੱਸ / ਜੇਕੇ



(Release ID: 1679707) Visitor Counter : 235