ਰੇਲ ਮੰਤਰਾਲਾ

ਰੇਲਵੇ ਬੋਰਡ ਦੇ ਚੇਅਰਮੈਨ ਤੇ ਸੀ ਈ ਓ ਸ੍ਰੀ ਵਿਨੋਦ ਕੁਮਾਰ ਯਾਦਵ ਨੇ ‘ਬਨਾਰਸ ਲੋਕੋ ਵਰਕਸ’ (ਬੀਐੱਲਡਬਲਿਯੂ), ਵਾਰਾਨਸੀ ਤੋਂ 40ਵੇਂ 6,000 ਹਾਰਸ–ਪਾਵਰ ਦੇ ਬਿਜਲਈ ਇੰਜਦ ਨੂੰ ਝੰਡੀ ਦੇ ਕੇ ਰਵਾਨਾ ਕੀਤਾ

‘ਬਨਾਰਸ ਲੋਕੋਮੋਟਿਵ ਵਰਕਸ ’ (ਬੀਐੱਲਡਬਲਿਯੂ) ਨੇ ਜੁਲਾਈ 2020 ’ਚ 31 ਬਿਜਲਈ ਰੇਲ–ਇੰਜਣਾਂ ਦਾ ਨਿਰਮਾਣ ਕਰ ਕੇ ਆਪਣਾ ਹੀ ਰਿਕਾਰਡ ਤੋੜਿਆ

ਨਵੰਬਰ 2020 ’ਚ ਬੀਐੱਲਡਬਲਿਯੂ ਨੇ 40 ਰੇਲ–ਇੰਜਣਾਂ ਦੇ ਨਿਰਮਾਣ ਦੀ ਸੈਟਿੰਗ ਹਾਸਲ ਕਰ ਲਈ ਹੈ, ਜੋ ਇੱਕ ਮਹੀਨੇ ਵਿੱਚ 6,000 ਹਾਰਸ–ਪਾਵਰ ਦੇ ਬਿਜਲਈ ਇੰਜਣਾਂ ਦੇ ਨਿਰਮਾਣ ਲਈ ਹੁਣ ਤੱਕ ਦਾ ਸਭ ਤੋਂ ਉੱਚਾ ਰਿਕਾਰਡ ਹੈ

ਇਹ ਬੀਐੱਲਡਬਲਿਊ ਦੀ ਨਵੀਂ ‘ਆਤਮਨਿਰਭਰ ਭਾਰਤ’ ਦੀ ਪ੍ਰਾਪਤੀ ਹੈ

ਸ੍ਰੀ ਵਿਨੋਦ ਕੁਮਾਰ ਯਾਦਵ ਵੱਲੋਂ ਇਸ ਰਿਕਾਰਡ ਉਤਪਾਦਨ ਲਈ ਸਟਾਫ਼ ਨੂੰ ਉਤਸ਼ਾਹਿਤ ਕਰਨ ਵਾਸਤੇ 1.5 ਲੱਖ ਰੁਪਏ ਨਕਦ ਇਨਾਮ ਦੇਣ ਦਾ ਐਲਾਨ

Posted On: 01 DEC 2020 4:35PM by PIB Chandigarh

ਬਨਾਰਸ ਲੋਕੋਮੋਟਿਵ ਕਰਕਸ, ਵਾਰਾਨਸੀ ਨੇ ਜੁਲਾਈ 2020 ’ਚ ਇੱਕ ਮਹੀਨੇ ਦੌਰਾਨ 31 ਬਿਜਲਈ ਰੇਲ–ਇੰਜਣਾਂ ਦੇ ਨਿਰਮਾਣ ਦੇ ਹਾਸਲ ਕੀਤੇ ਆਪਣੇ ਹੀ ਰਿਕਾਰਡ ਨੂੰ ਪਛਾੜ ਕੇ ਨਵੰਬਰ 2020 ਦੇ ਮਹੀਨੇ ’ਚ 6,000 ਹਾਰਸ–ਪਾਵਰ ਸਮਰੱਥਾ ਵਾਲੇ 40 ਬਿਜਲਈ ਰੇਲ–ਇੰਜਣ ਤਿਆਰ ਕੀਤੇ ਹਨ। ਇਹ ਇਤਿਹਾਸਕ ਰਿਕਾਰਡ ਦੇਵ ਦੀਪਾਵਲੀ ਦੇ ਸ਼ੁੱਭ ਦਿਨ ਹਾਸਲ ਕੀਤਾ ਗਿਆ।

ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਸ੍ਰੀ ਵਿਨੋਦ ਕੁਮਾਰ ਯਾਦਵ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਵਾਰਾਨਸੀ ਸਥਿਤ ‘ਬਨਾਰਸ ਲੋਕੋ ਵਰਕਸ’ (ਬੀਐੱਲਡਬਲਿਯੂ – BLW) ਤੋਂ 6,00 ਹਾਰਸ–ਪਾਵਰ ਸਮਰੱਥਾ ਵਾਲਾ 40ਵਾਂ ਬਿਜਲਈ ਰੇਲ–ਇੰਜਣ ਝੰਡੀ ਵਿਖਾ ਕੇ ਰਵਾਨਾ ਕੀਤਾ। ਰੇਲਵੇ ਬੋਰਡ ਦੇ ਟ੍ਰੈਕਸ਼ਨ ਅਤੇ ਰੋਲਿੰਗ ਸਟੌਕ ਦੇ ਮੈਂਬਰ ਸ੍ਰੀ ਰਾਜੇਸ਼ ਤਿਵਾਰੀ ਅਤੇ ਸੀਨੀਅਰ ਰੇਲਵੇ ਅਧਿਕਾਰੀ ਵੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਜੁੜੇ ਹੋਏ ਸਨ।

ਇਸ ਮੌਕੇ ਬੋਲਦਿਆਂ ਸ੍ਰੀ ਵਿਨੋਦ ਕੁਮਾਰ ਯਾਦਵ ਨੇ ਕੋਵਿਡ ਦੀਆਂ ਚੁਣੌਤੀਆਂ ਦੇ ਬਾਵਜੂਦ ਇਹ ਮੀਲ–ਪੱਥਰ ਕਾਇਮ ਕਰਨ ਲਈ ਬੀਐੱਲਡਬਲਿਯੂ (BLW) ਦੇ ਸਟਾਫ਼ ਦੀਆਂ ਸੁਹਿਰਦ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਮਾੜੀ ਹਾਲਤ ਵਿੱਚ ਵੀ ਆਪਣੀ ਕਾਰਗੁਜ਼ਾਰੀ ਵਿਖਾਉਣ ਦੀ ਸਮਰੱਥਾ ਵਿਖਾਉਣਾ ਰੇਲਵੇ ਮੁਲਾਜ਼ਮਾਂ ਦੀ ਵਿਸ਼ੇਸ਼ਤਾ ਹੈ। ਇਹ ਸਭ ਕੁਝ ਉਦੋਂ ਹੋਇਆ, ਜਦੋਂ ਅਪ੍ਰੈਲ ਅਤੇ ਮਈ 2000 ’ਚ ਕੋਵਿਡ–19 ਕਾਰਣ ਲੌਕਡਾਊਨ ਲੱਗਾ ਹੋਇਆ ਸੀ ਤੇ ਅਪ੍ਰੈਲ ਮਹੀਨੇ ’ਚ ਕੋਈ ਉਤਪਾਦਨ ਨਹੀਂ ਹੋਇਆ ਸੀ ਅਤੇ ਮਈ 2020 ’ਚ ਸਿਰਫ਼ 8 ਰੇਲ–ਇੰਜਣ ਹੀ ਤਿਆਰ ਹੋ ਸਕੇ ਸਨ। ਬੀਐੱਲਡਬਲਿਯੂ ਨੇ ਪਿਛਲੇ ਵਰ੍ਹੇ ਨਵੰਬਰ ਤੱਕ ਜਿੰਨਾ ਹੀ ਬਿਜਲਈ ਰੇਲ–ਇੰਜਣਾਂ ਦਾ ਉਤਪਾਦਨ ਕਰ ਲਿਆ ਹੈ। ਨਵੰਬਰ 20 ਤੱਕ ਇਸ ਨੇ 169 ਬਿਜਲਈ ਰੇਲ–ਇੰਜਣ ਤਿਆਰ ਕਰ ਲਏ ਹਨ, ਜਦ ਕਿ ਪਿਛਲੇ ਸਾਲ ਨਵੰਬਰ ਦੇ ਅੰਤ ਤੱਕ ਇਸ ਨੇ 168 ਇੰਜਣਾਂ ਦਾ ਨਿਰਮਾਣ ਕੀਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਰੇਲਵੇਜ਼ ਪਰਿਵਰਤਨ ਦੇ ਗੇੜ ’ਚੋਂ ਲੰਘ ਰਿਹਾ ਹੈ। ਬੀਐੱਲਡਬਲਿਯੂ ਦੇ ਜਨਰਲ ਮੈਨੇਜਰ ਇਹ ਕਾਇਆ–ਕਲਪ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਰੇਲ–ਇੰਜਣਾਂ ਦੀ ਟੈਕਨੋਲੋਜੀ ਵਿੱਚ ਸੁਧਾਰ ਹੋਇਆ ਹੈ। ਸਾਨੂੰ ਅੱਗੇ ਵਧਣ ਦੀ ਲੋੜ ਹੈ ਤੇ ਸਾਡਾ ਉਦੇਸ਼ 9,000 ਹਾਰਸ–ਪਾਵਰ ਦਾ ਰੇਲ–ਇੰਜਣ ਤਿਆਰ ਕਰਨਾ ਹੈ।

ਉਨ੍ਹਾਂ ਨੇ ਇਸ ਪ੍ਰਾਪਤੀ ਲਈ ਅਧਿਕਾਰੀਆਂ ਤੇ ਸਟਾਫ਼ ਨੂੰ ਮੁਬਾਰਕਬਾਦ ਦਿੱਤੀ। ਸ੍ਰੀ ਯਾਦਵ ਨੇ ਇਸ ਰਿਕਾਰਡ ਉਤਪਾਦਨ ਲਈ ਬੀਐੱਲਡਬਲਿਯੂ ਦੇ ਸਟਾਫ਼ ਨੂੰ ਉਤਸ਼ਾਹਿਤ ਕਰਨ ਲਈ 1.5 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ।

ਨਿਰਮਾਣ ਵਿੱਚ ਇਹ ਵੱਡਾ ਵਾਧਾ ‘ਆਤਮਨਿਰਭਰ ਭਾਰਤ’ ਵਿੱਚ ਇੱਕ ਵੱਡਾ ਯੋਗਦਾਨ ਹੈ।

ਕੋਵਿਡ ਦੀਆਂ ਚੁਣੌਤੀਆਂ ਦੇ ਬਾਵਜੂਦ, ਬੀਐੱਲਡਬਲਿਯੂ ਨੇ ਆਪਣੇ ਬੁਨਿਆਦੀ ਢਾਂਚੇ ਨੂੰ ਪੂਰੀ ਤਰ੍ਹਾਂ ਨਵੀਂ ਲੀਹ ’ਤੇ ਲੈ ਆਂਦਾ ਹੈ ਤੇ ਡੀਜ਼ਲ ਰੇਲ–ਇੰਜਣਾਂ ਦੀ ਥਾਂ ਹੁਣ ਬਿਜਲਈ ਰੇਲ–ਇੰਜਣ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ। ਸਟਾਫ਼ ਅਤੇ ਅਧਿਕਾਰੀ ਨਵੇਂ ਹੁਨਰ ਸਿੱਖਣ ਅਤੇ ਸ਼ੌਪ ਫ਼ਲੋਰਜ਼, ਮਸ਼ੀਨਾਂ, ਜਿਗਸ ਤੇ ਫ਼ਿਕਸਚਰਜ਼ ਨੂੰ ਮੁੜ ਸੰਗਠਤ ਕਰਨ ਅਤੇ ਯੋਜਨਾ ਪ੍ਰਕਿਰਿਆ ਤਬਦੀਲ ਕਰ ਕੇ ਬਿਜਲਈ ਰੇਲ–ਇੰਜਣ ਤਿਆਰ ਕਰਨ ਜਿਹੀਆਂ ਤਬਦੀਲੀਆਂ ਦੀਆਂ ਚੁਣੌਤੀਆਂ ਵਿੱਚੋਂ ਸਫ਼ਲਤਾਪੂਰਬਕ ਲੰਘੇ ਹਨ।

ਬੀਐੱਲਡਬਲਿਯੂ ’ਚ ਡੀਜ਼ਲ ਇੰਜਣਾਂ ਦੀ ਥਾਂ ਹੁਣ ਬਿਜਲਈ ਰੇਲ–ਇੰਜਣਾਂ ਦਾ ਇਹ ਬਦਲਿਆ ਉਤਪਾਦਨ ਰੇਲ ਮੰਤਰਾਲੇ ਦੀ ਈਂਧਨ ਬਿੱਲ ਘਟਾਉਣ, ਕਾਰਬਨ–ਨਿਕਾਸੀ ਘਟਾਉਣ, ਈਂਧਨ ਦੀ ਦਰਾਮਦ ਉੱਤੇ ਨਿਰਭਰਤਾ ਘਟਾਉਣ ਅਤੇ ਗੱਡੀਆਂ ਦੀ ਔਸਤ ਰਫ਼ਤਾਰ ਤੇ ਰੇਲ–ਗੱਡੀਆਂ ਦੀ ਵਜ਼ਨ ਲਿਜਾਣ ਦੀ ਸਮਰੱਥਾ ਵਾਧਾਉਣ ਦੀ ਬਹੁ–ਪੱਖੀ ਰਣਨੀਤੀ ਦੇ ਅਨੁਸਾਰ ਹੈ। 

ਬਿਜਲਈ ਰੇਲ–ਇੰਜਣ ਦਾ ਉਤਪਾਦਨ 98% ਦੇਸੀ ਪੁਰਜ਼ਿਆਂ ਤੋਂ ਹੀ ਤਿਆਰ ਹੁੰਦਾ ਹੈ – ਇਨ੍ਹਾਂ ਦਾ ਵੱਡਾ ਹਿੱਸਾ ‘ਦਰਮਿਆਨੇ, ਲਘੂ ਤੇ ਸੂਖਮ ਉੱਦਮਾਂ’ (MSMEs) ਤੋਂ ਖ਼ਰੀਦਿਆ ਜਾਂਦਾ ਹੈ।

ਬੀਐੱਲਡਬਲਿਯੂ ਮੌਜ਼ੰਬੀਕ ਦਾ 3,000 ਹਾਰਸ–ਪਾਵਰ ਦੇ ਕੇਪ ਗੇਜ ਡੀਜ਼ਲ ਰੇਲ–ਇੰਜਣਾਂ ਦੇ ਵੱਕਾਰੀ ਬਰਾਮਦ ਆਰਡਰ ਉੱਤੇ ਵੀ ਕੰਮ ਕਰ ਰਿਹਾ ਹੈ। ਇਹ ਸਭ ਤੇਜ਼–ਰਫ਼ਤਾਰ ਨਾਲ ਕੀਤਾ ਜਾ ਰਿਹਾ ਹੈ। ਇਸ ਆਰਡਰ ਅਧੀਨ, ਪਹਿਲੀ ਵਾਰ ਬੀਐੱਲਡਬਲਿਯੂ ’ਚ ਪਹਿਲੀ ਵਾਰ 12 ਸਿਲੰਡਰ ਕ੍ਰੈਂਕਕੇਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

*****

ਡੀਜੇਐੱਨ



(Release ID: 1677480) Visitor Counter : 181


Read this release in: English , Urdu , Hindi , Tamil , Telugu