ਜਹਾਜ਼ਰਾਨੀ ਮੰਤਰਾਲਾ

ਅਯੁੱਧਿਆ, ਉੱਤਰ ਪ੍ਰਦੇਸ਼ ਵਿਖੇ ਸਰਯੂ ਨਦੀ ’ਚ ਛੇਤੀ ਹੀ ‘ਰਾਮਾਇਣ ਕਰੂਜ਼ ਸੇਵਾ’ ਸ਼ੁਰੂ ਕੀਤੀ ਜਾਵੇਗੀ

ਪਵਿੱਤਰ ਸਰਯੂ ਨਦੀ ਉੱਤੇ ਪਹਿਲੀ ਸ਼ਾਹੀ ਕਰੂਜ਼ ਸੇਵਾ

ਇਸ ਪ੍ਰੋਜੈਕਟ ਦਾ ਉਦੇਸ਼ ਪਵਿੱਤਰ ਨਗਰੀ ਅਯੁੱਧਿਆ ਆਉਣ ਵਾਲੇ ਸ਼ਰਧਾਲੂਆਂ ਨੂੰ ਦੈਵੀ ਯਾਤਰਾ ਦਾ ਮੰਤਰ–ਮੁਗਧ ਕਰਨ ਵਾਲਾ ਅਨੁਭਵ ਦੇਣਾ ਹੈ

Posted On: 01 DEC 2020 3:51PM by PIB Chandigarh

ਅਯੁੱਧਿਆ ’ਚ ਸਰਯੂਨਦੀ ਉੱਤੇ ਛੇਤੀ ਹੀ ‘ਰਾਮਾਇਣ ਕਰੂਜ਼ ਟੂਰ’ ਦੀ ਸ਼ੁਰੂਆਤ ਕੀਤੀ ਜਾਵੇਗੀ। ਅੱਜ ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ–ਮਾਰਗਾ ਬਾਰੇ ਮੰਤਰੀ ਸ੍ਰੀ ਮਨਸੁਖ ਮਾਂਡਵੀਯਾ ਨੇ ਕਰੂਜ਼ ਸੇਵਾ ਲਾਗੂ ਕਰਨ ਲਈ ਇੱਕ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ।

ਇਹ ਅਯੁੱਧਿਆ, ਉੱਤਰ ਪ੍ਰਦੇਸ਼ ਵਿੱਚ ਸਰਯੂ ਨਦੀ (ਘਾਗਰਾ–ਰਾਸ਼ਟਰੀ ਜਲ–ਮਾਰਗ–40) ਉੱਤੇ ਪਹਿਲੀ ਸ਼ਾਹੀ ਕਰੂਜ਼ ਸੇਵਾ ਹੋਵੇਗੀ। ਇਸ ਦਾ ਉਦੇਸ਼ ਪਵਿੱਤਰ ਸਰਯੂ ਨਦੀ ਦੇ ਪ੍ਰਸਿੱਧ ਘਾਟਾਂ ਤੋਂ ਦੀ ਲੰਘਦਿਆਂ ਸ਼ਰਧਾਲੂਆਂ ਨੂੰ ਆਪਣੀ ਵੱਖਰੀ ਕਿਸਮ ਦੀਆਂ ਅਧਿਆਤਮਕ ਯਾਤਰਾਵਾਂ ਵਿੱਚੋਂ ਇੱਕ ਨਾਲ ਮੰਤਰ–ਮੁਗਧ ਕਰਨ ਵਾਲਾ ਅਨੁਭਵ ਦੇਣਾ ਹੈ। 

ਪ੍ਰਸਤਾਵਿਤ ਕਰੂਜ਼ ਕਿਸ਼ਤੀ ਦਾ 3ਡੀ ਡਿਜ਼ਾਇਨ (ਕਲਾਮਈ ਪ੍ਰਗਟਾਵਾ)

 

ਵਿਸ਼ਵ ਮਾਪਦੰਡਾਂ ਦੇ ਬਿਲਕੁਲ ਅਨੁਕੂਲ ਇਹ ਕਰੂਜ਼ ਸਾਰੇ ਜ਼ਰੂਰੀ ਸੁਰੱਖਿਆ ਤੇ ਸਲਾਮਤੀ ਦੀਆਂ ਵਿਸ਼ੇਸ਼ਤਾਵਾਂ ਨਾਲ ਹਰ ਕਿਸਮ ਦੀਆਂ ਸ਼ਾਹੀ ਸੁੱਖ–ਸਹੂਲਤਾਂ ਨਾਲ ਲੈਸ ਹੋਵੇਗੀ। ਇਸ ਕਰੂਜ਼ ਦੇ ਅੰਦਰ ਅਤੇ ਬੋਰਡਿੰਗ ਵਾਲੀਆਂ ਥਾਵਾਂ ਉੱਤੇ ਸਾਰਾ ਥੀਮ ‘ਰਾਮਚਰਿਤਮਾਨਸ’ ਉੱਤੇ ਆਧਾਰਤ ਹੋਵੇਗਾ।  80–ਸੀਟਾਂ ਵਾਲੀ ਪੂਰੀ ਤਰ੍ਹਾਂ ਏਅਰ–ਕੰਡੀਸ਼ਨਡ ਇਸ ਕਰੂਜ਼ ਦੇ ਵੱਡੀਆਂ ਕੱਚ ਦੀਆਂ ਖਿੜਕੀਆਂ ਲੱਗੀਆਂ ਹੋਣਗੀਆਂ, ਜਿਨ੍ਹਾਂ ਵਿੱਚੋਂ ਦੀ ਘਾਟਾਂ ਦੇ ਸੁੰਦਰ ਦ੍ਰਿਸ਼ਾਂ ਦਾ ਆਨੰਦ ਮਾਣਿਆ ਜਾ ਸਕੇਗਾ। ਇਸ ਕਰੂਜ਼ ਵਿੱਚ ਸੈਲਾਨੀਆਂ ਦੀ ਸੁਵਿਧਾ ਲਈ ਰਸੋਈਘਰ ਤੇ ਪੈਨਟ੍ਰਾਈ ਦੀਆਂ ਸਹੂਲਤਾਂ ਹੋਣਗੀਆਂ। ਇਸ ਕਰੂਜ਼ ਦੇ ਪਖਾਨੇ ਜੈਵਿਕ ਹੋਣਗੇ ਅਤੇ ਇਸ ਦੇ ਇੰਜਣਾਂ ਦਾ ਸਿਸਟਮ ਹਾਈਬ੍ਰਿੱਡ ਹੋਵੇਗਾ, ਜਿਸ ਦਾ ਵਾਤਾਵਰਣ ਉੱਤੇ ‘ਕੋਈ ਮਾੜਾ ਪ੍ਰਭਾਵ ਨਹੀਂ’ ਪਵੇਗਾ।

ਸੈਲਾਨੀਆਂ ਨੂੰ 1–1.5 ਘੰਟੇ ਲਈ ‘ਰਾਮਚਰਿਤਮਾਨਸ ਟੂਰ’ ਉੱਤੇ ਲਿਜਾਂਦਾ ਜਾਵੇਗਾ, ਜਿਸ ਦੌਰਾਨ ਖ਼ਾਸ ਤੌਰ ਉੱਤੇ ਤਿਆਰ ਕੀਤੀ ਗਈ 45 ਤੋਂ 60 ਮਿੰਟਾਂ ਦੀ ਇੱਕ ਵੀਡੀਓ ਫ਼ਿਲਮ ਵਿਖਾਈ ਜਾਵੇਗੀ, ਜੋ ਗੋਸਵਾਮੀ ਤੁਲਸੀਦਾਸ ਦੁਆਰਾ ਰਚਿਤ ਰਾਮਚਰਿਤਮਾਨਸ ਉੱਤੇ ਆਧਾਰਤ ਹੋਵੇਗੀ; ਜਿਸ ਵਿੱਚ ਭਗਵਾਨ ਰਾਮ ਦੇ ਜਨਮ ਤੋਂ ਲੈ ਕੇ ਉਨ੍ਹਾਂ ਦੇ ਰਾਜਯਾਅਭਿਸ਼ੇਕ ਤੱਕ ਦੀਆਂ ਸਾਰੀਆਂ ਘਟਨਾਵਾਂ ਵਿਖਾਈਆਂ ਜਾਣਗੀਆਂ। ਇਹ ਸਾਰਾ ਟੂਰ ਲਗਭਗ 15–16 ਕਿਲੋਮੀਟਰ ਦੀ ਦੂਰੀ ਤੱਕ ਲਈ ਹੋਵੇਗਾ। ਇਸ ਦੌਰਾਨ ਕਈ ਸਾਰੀਆਂ ਗਤੀਵਿਧੀਆਂ ਹਣਗੀਆਂ ਤੇ ਰਾਮਾਇਣ ਦੇ ਵਿਭਿੰਨ ਭਾਗਾਂ ਤੋਂ ਪ੍ਰੇਰਿਤ ਸੈਲਫ਼ੀ–ਪੁਆਇੰਟਸ ਹੋਣਗੇ। ਇਸ ਟੂਰ ਤੋਂ ਬਾਅਦ ਸਰਯੂ ਆਰਤੀ ਹੋਵੇਗੀ, ਜਿਸ ਵਿੱਚ ਹਰੇਕ ਮੈਂਬਰ ਸਰਗਰਮੀ ਨਾਲ ਭਾਗ ਲੈ ਸਕੇਗਾ।

ਅਯੁੱਧਿਆ ਭਗਵਾਨ ਰਾਮ ਦਾ ਜਨਮ–ਅਸਥਾਨ ਹੈ, ਜਿਵੇਂ ਕਿ ਮਹਾਨ ਮਹਾਂਕਾਵਿ ਰਾਮਾਇਣ ਵਿੱਚ ਵਰਣਿਤ ਹੈ। ਇਹ ਹਿੰਦੂਆਂ ਲਈ ਸੱਤ ਸਭ ਤੋਂ ਵੱਧ ਅਹਿਮ ਤੀਰਥ–ਅਸਥਾਨਾਂ (ਮੋਕਸ਼ਦਾਇਨੀ ਸਪਤ ਪੁਰੀਆਂ) ਵਿੱਚੋਂ ਸਭ ਤੋਂ ਪਹਿਲਾ ਹੈ। ਉੱਤਰ ਪ੍ਰਦੇਸ਼ ਦੇ ਸੈਰ–ਸਪਾਟਾ ਵਿਭਾਗ ਵੱਲੋਂ ਸਾਲ 2019 ਦੇ ਅੰਕੜਿਆਂ ਅਨੁਸਾਰ ਲਗਭਗ 2 ਕਰੋੜ ਸੈਲਾਨੀ ਹਰ ਸਾਲ ਅਯੁੱਧਿਆ ਆਉਂਦੇ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਰਾਮ ਮੰਦਿਰ ਦਾ ਨਿਰਮਾਣ ਮੁਕੰਮਲ ਹੋਣ ਤੋਂ ਬਾਅਦ ਸੈਲਾਨੀਆਂ ਦੀ ਆਮਦ ਵਧ ਜਾਵੇਗੀ।

‘ਰਾਮਾਇਣ ਕਰੂਜ਼ ਟੂਰ’ ਨਾ ਸਿਰਫ਼ ਵੱਡੀ ਗਿਣਤੀ ’ਚ ਸੈਲਾਨੀਆਂ ਨੂੰ ਆਪਣੇ ਵੱਲ ਖਿੱਚੇਗਾ, ਸਗੋਂ ਇਸ ਨਾਲ ਇਸ ਖੇਤਰ ਵਿੱਚ ਸਿੱਧੇ ਅਤੇ ਅਸਿੱਧੇ ਤੌਰ ਉੱਤੇ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ–ਮਾਰਗਾਂ ਬਾਰੇ ਮੰਤਰਾਲਾ ਇਸ ਕਰੂਜ਼ ਸੇਵਾ ਨੂੰ ਸਹਿਜ ਤਰੀਕੇ ਨਾਲ ਚਲਾਉਣ ਲਈ ਬੁਨਿਆਦੀ ਢਾਂਚੇ ਨਾਲ ਸਬੰਧਤ ਹਰ ਤਰ੍ਹਾਂ ਦੀ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗਾ।

****

ਵਾਈਬੀ/ਏਪੀ/ਜੇਕੇ



(Release ID: 1677475) Visitor Counter : 158