ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਜਲਵਾਯੂ ਪਰਿਵਰਤਨ ਪ੍ਰਤੀ ਸਾਡੇ ਹੁੰਗਾਰੇ ਵਿੱਚ ‘ਬਾਲ–ਕੇਂਦ੍ਰਿਤ’ ਪਹੁੰਚ ਸ਼ਾਮਲ ਕਰਨ ਦਾ ਸੱਦਾ ਦਿੱਤਾ

ਕਿਹਾ ਕਿ ਜਲਵਾਯੂ ਪਰਿਵਰਤਨ ਦੀਆਂ ਰਣਨੀਤੀਆਂ ਵਿੱਚ ਬਾਲ ਅਧਿਕਾਰਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ


ਵਾਤਾਵਰਣ ਪਰਿਵਰਤਨ ਦਾ ਸਾਹਮਣਾ ਕਰਨ ਵਾਲੇ ਬੱਚੇ ਸਭ ਤੋਂ ਅਸੁਰੱਖਿਅਤ ਸਮੂਹ ਹਨ – ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਦਿੱਤਾ ਵਿਕਾਸ ਤੇ ਜਲਵਾਯੂ ਵਿਚਾਲੇ ਲੋੜੀਂਦਾ ਸੰਤੁਲਨ ਬਣਾਉਣ ਦਾ ਸੱਦਾ


ਬੱਚਿਆਂ ਨੂੰ ਤਬਦੀਲੀ ਦੇ ਏਜੰਟ ਬਣਾਉਣ ਲਈ ਸਕੂਲਾਂ ਤੇ ਬੁਨਿਆਦੀ ਪੱਧਰ ਉੱਤੇ ਜਾਗਰੂਕਤਾ ਪੈਦਾ ਕਰੋ – ਉਪ ਰਾਸ਼ਟਰਪਤੀ


ਸੰਸਾਰਕ ਤਪਸ਼ ਤੋਂ ਮਾਨਵਤਾ ਦੀ ਹੋਂਦ ਨੂੰ ਹੀ ਖ਼ਤਰਾ – ਉਪ ਰਾਸ਼ਟਰਪਤੀ


ਵਿਸ਼ਵ ਬਾਲ ਦਿਵਸ ਮੌਕੇ ‘ਬੱਚਿਆਂ ਨਾਲ ਜਲਵਾਯੂ ਸੰਸਦ’ ਦਾ ਵਰਚੁਅਲੀ ਕੀਤਾ ਉਦਘਾਟਨ

Posted On: 20 NOV 2020 5:38PM by PIB Chandigarh

 

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਜਲਵਾਯੂ ਪਰਿਵਰਤਨ ਵਿੱਚ ਸਾਡੇ ਹੁੰਗਾਰੇ ’ਚ ਇੱਕ ‘ਬਾਲ–ਕੇਂਦ੍ਰਿਤ’ ਪਹੁੰਚ ਸ਼ਾਮਲ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਮੁੱਖ ਰਾਸ਼ਟਰੀ ਜਲਵਾਯੂ ਪਰਿਵਰਤਨ ਤੇ ਅਨੁਕੂਲਣ ਰਣਨੀਤੀਆਂ, ਨੀਤੀਆਂ ਤੇ ਯੋਜਨਾਬੰਦੀ ਦਸਤਾਵੇਜ਼ਾਂ ਵਿੱਚ ਬਾਲ ਅਧਿਕਾਰਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

 

ਉਪ ਰਾਸ਼ਟਰਪਤੀ ਇੱਕ ਔਨਲਾਈਨ ਵੈੱਬੀਨਾਰ – ‘ਬੱਚਿਆਂ ਨਾਲ ਜਲਵਾਯੂ ਸੰਸਦ’ ਨੂੰ ਸੰਬੋਧਨ ਕਰ ਰਹੇ ਸਨ, ਜਿਸ ਦਾ ਆਯੋਜਨ ‘ਬੱਚਿਆਂ ਲਈ ਸੰਸਦ ਮੈਂਬਰਾਂ ਦਾ ਸਮੂਹ’ ਦੁਆਰਾ ਅੱਜ ਵਿਸ਼ਵ ਬਾਲ ਦਿਵਸ ਮੌਕੇ ਕੀਤਾ ਗਿਆ ਸੀ। ਇਸ ਸਮਾਰੋਹ ਦਾ ਉਦੇਸ਼ ਜਲਵਾਯੂ ਪਰਿਵਰਤਨ ਦੇ ਅਹਿਮ ਵਿਸ਼ੇ ਉੱਤੇ ਸੰਸਦ ਮੈਂਬਰਾਂ ਤੇ ਬੱਚਿਆਂ ਵਿਚਾਲੇ ਗੱਲਬਾਤ ਦੀ ਸੁਵਿਧਾ ਦੇਣਾ ਹੈ।

 

ਉਨ੍ਹਾਂ ਇਹ ਮੰਨਿਆ ਕਿ ਅੱਜ–ਕੱਲ੍ਹ ਦੇ ਬੱਚੇ ਪਿਛਲੀਆਂ ਪੀੜ੍ਹੀਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਬਿਹਤਰ ਤਰੀਕੇ ਜਾਗਰੂਕ ਹਨ, ਉਨ੍ਹਾਂ ਜਲਵਾਯੂ ਪਰਿਵਰਤਨ ਨਾਲ ਸਬੰਧਤ ਗੱਲਬਾਤ ਵਿੱਚ ਬੱਚਿਆਂ ਨੂੰ ਸ਼ਾਮਲ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਜਲਵਾਯੂ ਪਰਿਵਰਤਨ, ਇਸ ਦੇ ਪੈਣ ਵਾਲੇ ਅਸਰ ਤੇ ਇਹ ਅਸਰ ਘਟਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਸਕੂਲਾਂ ਤੇ ਬੁਨਿਆਦੀ ਪੱਧਰ ਉੱਤੇ ਜਾਗਰੂਕਤਾ ਪੈਦਾ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ, ਤਾਂ ਬੱਚੇ ਤਬਦੀਲੀ ਦੇ ਏਜੰਟ ਅਤੇ ਭਵਿੱਖ ਦੇ ਪਰਿਵਰਤਨਸ਼ੀਲ ਆਗੂ ਬਣ ਸਕਣ।

 

ਸ਼੍ਰੀ ਨਾਇਡੂ ਨੇ ‘ਵਿਸ਼ਵ ਸਿਹਤ ਸੰਗਠਨ’ (ਡਬਲਿਊਐੱਚਓ) ਦੇ ਅੰਕੜਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਲਵਾਯੂ ਪਰਿਵਰਤਨ ਨਾਲ ਹਰ ਸਾਲ ਲੱਖਾਂ ਵਾਧੂ ਮੌਤਾਂ ਹੋਇਆ ਕਰਨਗੀਆਂ ਤੇ ਬਹੁਤੀਆਂ ਮੌਤਾਂ ਬੱਚਿਆਂ ਦੀਆਂ ਹੋਣਗੀਆਂ, ਜਿਨ੍ਹਾਂ ਨੂੰ ਬਿਮਾਰੀ, ਸੱਟ–ਫੇਟ ਛੇਤੀ ਲੱਗਦੀ ਹੈ ਤੇ ਉਹ ਕੁਪੋਸ਼ਣ ਦੇ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਚੇਤਾਵਨੀ ਦਿੱਤੀ,‘ਵਿਸ਼ਵ ਦੀ ਇੱਕ–ਚੌਥਾਈ ਆਬਾਦੀ 0 ਤੋਂ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਹੈ ਅਤੇ ਉਹ ਸਭ ਤੋਂ ਵਿਸ਼ਾਲ ਤੇ ਸਭ ਤੋਂ ਵੱਧ ਅਸੁਰੱਖਿਅਤ ਸਮੂਹਾਂ ਵਿੱਚੋਂ ਇੱਕ ਹਨ ਅਤੇ ਜਲਵਾਯੂ ਪਰਿਵਰਤਨ ਦਾ ਅਸਰ ਉਨ੍ਹਾਂ ਉੱਤੇ ਪਵੇਗਾ।’

 

ਉਪ ਰਾਸ਼ਟਰਪਤੀ ਨੇ ਸੋਕਾ, ਹੜ੍ਹ, ਚੱਕਰਵਾਤੀ ਤੂਫ਼ਾਨ, ਜੰਗਲ ਦੀ ਅੱਗ ਜਿਹੀਆਂ ਮੌਸਮ ਨਾਲ ਸਬੰਧਤ ਸਖ਼ਤ ਕਿਸਮ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਗ੍ਰੀਨਹਾਊਸ ਗੈਸਾਂ ਦੀ ਨਿਰੰਤਰ ਨਿਕਾਸੀ ਨੇ ਪ੍ਰਿਥਵੀ ਦੇ ਜਲਵਾਯੂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ ਅਤੇ ਉਸ ਦੇ ਨਤੀਜਿਆਂ ਤੋਂ ਮਾਨਵਤਾ ਦੀ ਹੋਂਦ ਤੱਕ ਨੂੰ ਖ਼ਤਰਾ ਹੈ।

 

ਵਧਦੀ ਜਾ ਰਹੀ ਤਪਸ਼ ਅਤੇ ਵੈਕਟਰ ਤੋਂ ਪੈਦਾ ਹੋਣ ਵਾਲੇ ਰੋਗਾਂ ਜਿਹੇ ਸੰਸਾਰਕ ਤਪਸ਼ ਦੇ ਨਤੀਜਿਆਂ ਦਾ ਵਰਨਣ ਕਰਦਿਆਂ ਉਪ ਰਾਸ਼ਟਰਪਤੀ ਨੇ ਚੇਤਾਵਨੀ ਦਿੱਤੀ ਕਿ ਬਦਲ ਰਹੇ ਜਲਵਾਯੂ ਨਾਲ ਵਿਸ਼ਵ ਦੀ ਅਨਾਜ ਸੁਰੱਖਿਆ ਨੂੰ ਵੀ ਖ਼ਤਰਾ ਹੈ, ਜਿਸ ਨਾਲ ਭੁੱਖ ਤੇ ਕੁਪੋਸ਼ਣ ਜਿਹੀਆਂ ਸਮੱਸਿਆਵਾਂ ਵਧਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀ ਸਥਿਤੀ ’ਚ ਬੱਚੇ ਹੀ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ।

 

ਬੱਚਿਆਂ ਉੱਤੇ ਜਲਵਾਯੂ ਪਰਿਵਰਤਨ ਤੇ ਤਬਾਹੀਆਂ ਦੇ ਪ੍ਰਭਾਵਾਂ ਦਾ ਖ਼ਾਸ ਤੌਰ ’ਤੇ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਅਜਿਹੇ ਸਾਰੇ ਸੰਭਾਵੀ ਨੁਕਸਾਨ ਗਿਣਵਾਏ, ਜਿਹੜੇ ਉਨ੍ਹਾਂ ਉੱਤੇ ਪੈ ਸਕਦੇ ਹਨ; ਜਿਵੇਂ ਕੁਪੋਸ਼ਣ, ਸਕੂਲਾਂ ਦਾ ਬੰਦ ਹੋਣਾ, ਬਾਲ ਮਜ਼ਦੂਰੀ ਵਿੱਚ ਵਾਧਾ ਤੇ ਮਨੋਵਿਗਿਆਨਕ ਝਟਕਾ। ਉਨ੍ਹਾਂ ਚੇਤਾਵਨੀ ਦਿੱਤੀ,‘ਇਹ ਸਥਿਤੀਆਂ ਮਾੜੇ ਤੇ ਸੁੱਖ–ਸਹੂਲਤਾਂ ਤੋਂ ਵਾਂਝੇ ਇਲਾਕਿਆਂ ਵਿੱਚ ਰਹਿਣ ਵਾਲੇ ਬੱਚਿਆਂ ਲਈ ਖ਼ਾਸ ਤੌਰ ’ਤੇ ਹੋਰ ਵੀ ਭੈੜੀਆਂ ਹੋਣਗੀਆਂ।’

 

ਸ਼੍ਰੀ ਨਾਇਡੂ ਨੇ ਆਪਣੇ ਬਚਪਨ ਦੇ ਦਿਨ ਚੇਤੇ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਵੱਛ ਹਵਾ ਤੇ ਤੰਦਰੁਸਤ ਵਾਤਾਵਰਣ ਵਿੱਚ ਵਧਣ–ਫੁੱਲਣ ਦਾ ਮੌਕਾ ਮਿਲਿਆ ਸੀ ਤੇ ਅਜਿਹਾ ਮੌਕਾ ਅੱਜ ਦੇ ਬੱਚਿਆਂ ਨੂੰ ਦੇਣ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ।

 

ਸ਼੍ਰੀ ਨਾਇਡੂ ਨੇ ਟਿਕਾਊਯੋਗਤਾ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਵਿਕਾਸ ਤੇ ਜਲਵਾਯੂ ਵਿਚਾਲੇ ਲੋੜੀਂਦਾ ਸੰਤੁਲਨ ਕਾਇਮ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਘੱਟ ਵਸੀਲਿਆਂ ਨੂੰ ਸੰਭਾਲਣਾ ਹੋਵੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਦੇਖਭਾਲ ਕਰਨੀ ਹੋਵੇਗੀ।

 

ਉਪ ਰਾਸ਼ਟਰਪਤੀ ਨੇ ਮਾਹਿਰਾਂ ਦੇ ਵਿਚਾਰ ਦੁਹਰਾਉਂਦਿਆਂ ਕਿਹਾ ਕਿ ਸਾਡੇ ਕੋਲ ਜਲਵਾਯੂ ਪਰਿਵਰਤਨ ਉੱਤੇ ਆਪਣਾ ਅਸਰ ਪਾਉਣ ਲਈ ਸਿਰਫ਼ ਇੱਕ ਦਹਾਕੇ ਦਾ ਸਮਾਂ ਹੀ ਬਚਿਆ ਹੈ ਤੇ ਉਸ ਤੋਂ ਬਾਅਦ ਇਸ ਤਬਦੀਲੀ ਦੇ ਪੈਣ ਵਾਲੇ ਭੈੜੇ ਅਸਰ ਸਦਾ ਲਈ ਹੋਣਗੇ; ਉਨ੍ਹਾਂ ਨੀਤੀ ਘਾੜਿਆਂ, ਆਗੂਆਂ, ਮਾਪਿਆਂ ਤੇ ਗ੍ਰੈਂਡਪੇਰੈਂਟਸ ਨੂੰ ਇਸ ਭੈੜੀ ਸਥਿਤੀ ਦਾ ਹੱਲ ਲੱਭਣ ਅਤੇ ਸਾਡੇ ਬੱਚਿਆਂ ਲਈ ਇੱਕ ਤੰਦਰੂਸਤ ਵਾਤਾਵਰਣ ਉਸਾਰਨ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ,‘ਅਸੀਂ ਆਪਣੇ ਭਵਿੰਖ ਨੂੰ ਖ਼ਤਰੇ ਪਾਉਣ ਵਿੱਚ ਉਦਾਸੀਨਤਾ ਜਾਂ ਸੁਸਤੀ ਵਰਤਦੇ ਰਹਿਣ ਦੀ ਇਜਾਜ਼ਤ ਨਹੀਂ ਦੇ ਸਕਦੇ।’

 

ਇਸ ਸਬੰਧੀ ਉਨ੍ਹਾਂ ਵਾਤਾਵਰਣਕ ਸੁਰੱਖਿਆ ਲਈ ਸਰਕਾਰ ਦੁਆਰਾ ਕੀਤੀਆਂ ਕਈ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ; ਜਿਵੇਂ ਪੈਰਿਸ ਜਲਵਾਯੂ ਸਮਝੌਤੇ ਉੱਤੇ ਦਸਤਖ਼ਤ ਕਰਨਾ, ਅਖੁੱਟ ਊਰਜਾ ਦੇ ਸਾਧਨਾਂ ਦੀ ਸਥਾਪਨਾ ਉੱਤੇ ਧਿਆਨ ਕੇਂਦ੍ਰਿਤ ਕਰਨਾ ਅਤੇ ਭਾਰਤ ਦੀ ਕਾਰਬਨ–ਗੈਸਾਂ ਦੀ ਨਿਕਾਸੀ ਦੀ ਤੀਬਰਤਾ ਨੂੰ ਘਟਾਉਣਾ ਆਦਿ।

 

ਸ਼੍ਰੀ ਨਾਇਡੂ ਨੇ ਖ਼ਾਸ ਤੌਰ ’ਤੇ ਮਹਾਸਾਗਰਾਂ ਵਿੱਚ ਪਲਾਸਟਿਕ ਦੇ ਪ੍ਰਦੂਸ਼ਣ ਉੱਤੇ ਚਿੰਤਾ ਪ੍ਰਗਟਾਈ, ਜਿੱਥੇ ਇੱਕੋ ਵਾਰੀ ਵਰਤ ਕੇ ਸੁੱਟੇ ਲਗਭਗ 50% ਪਲਾਸਟਿਕ ਪਦਾਰਥ ਅੰਤ ’ਚ ਜਾ ਕੇ ਪਏ ਰਹਿੰਦੇ ਹਨ, ਜਿਨ੍ਹਾਂ ਕਾਰਣ ਸਮੁੰਦਰੀ ਜੀਵ ਮਰ ਰਹੇ ਹਨ ਤੇ ਉਹ ਸਾਰੀ ਗੰਦਗੀ ਮਨੁੱਖੀ ਭੋਜਨ ਲੜੀ ਵਿੱਚ ਵੀ ਸ਼ਾਮਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹਰੇਕ ਨੂੰ ਸਾਲ 2022 ਤੱਕ ਦੇਸ਼ ਵਿੱਚੋਂ ਇੱਕ–ਵਾਰੀ ਵਰਤੇ ਜਾਣ ਵਾਲੇ ਪਲਾਸਟਿਕ ਦਾ ਖ਼ਾਤਮਾ ਕਰਨ ਦੇ ਪ੍ਰਧਾਨ ਮੰਤਰੀ ਦੇ ਸੱਦੇ ਦੀ ਹਮਾਇਤ ਕਰਨੀ ਚਾਹੀਦੀ ਹੈ।

 

ਉਪ ਰਾਸ਼ਟਰਪਤੀ ਨੇ ਬੱਚਿਆਂ ਲਈ ਸੁਰੱਖਿਅਤ ਵਿਸ਼ਵ ਦੀ ਉਸਾਰੀ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਜਲਵਾਯੂ ਪਰਿਵਰਤਨ ਇੱਕ ਬੱਚੇ ਦੇ ਜਿਊਣ, ਵਧਣ–ਫੁੱਲਣ ਤੇ ਪ੍ਰਫ਼ੁੱਲਤ ਹੋਣ ਦੀ ਯੋਗਤਾ ਨੂੰ ਸਿੱਧਾ ਖ਼ਤਰਾ ਹੈ। ਉਨ੍ਹਾਂ ਆਪਣਾ ਵਿਚਾਰ ਰੱਖਦਿਆਂ ਕਿਹਾ ਕਿ ਬੱਚੇ ਖ਼ੁਦ ਵੀ ਆਪਣੇ ਹਮਉਮਰਾਂ, ਮਾਪਿਆਂ ਤੇ ਸਮਾਜ ਦੀ ਮਦਦ ਨਾਲ ਤਬਦੀਲੀ ਲਿਆ ਸਕਦੇ ਹਨ। ਉਨ੍ਹਾਂ ਕਿਹਾ,‘ਜੇ ਤੁਸੀਂ ਬੱਚਿਆਂ ਨਾਲ ਘੁਲਦੇ–ਮਿਲਦੇ ਹੋ, ਤਾਂ ਤੁਸੀਂ ਸਮਾਜ ਵਿੱਚ ਰਚਦੇ–ਮਿਚਦੇ ਹੋ,’ ਅਤੇ ਉਨ੍ਹਾਂ ‘ਸਵੱਛ ਭਾਰਤ ਮਿਸ਼ਨ’ ਦਾ ਮਿਸਾਲ ਦਿੱਤੀ, ਜਿਸ ਵਿੱਚ ਬੱਚੇ ਤਬਦੀਲੀ ਲਿਆਉਣ ਦਾ ਜਤਨ ਕਰ ਰਹੇ ਹਨ।

 

ਸ਼੍ਰੀ ਨਾਇਡੂ ਨੇ ਹਰੇਕ ਵਿਅਕਤੀ ਦੇ ਜੀਵਨ ਵਿੱਚ ‘ਕੁਦਰਤ’ ਅਤੇ ‘ਸੱਭਿਆਚਾਰ’ ਦੇ ਮਹੱਤਵ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਪ੍ਰਕਿਰਤੀ ਨਾਲ ਜ਼ਰੂਰ ਹੀ ਦੋਸਤਾਨਾ ਹੋਣਾ ਹੋਵੇਗਾ ਤੇ ਆਪਣੇ ਸੱਭਿਆਚਾਰ ਉੱਤੇ ਮਾਣ ਮਹਿਸੂਸ ਕਰਨਾ ਹੋਵੇਗਾ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ,‘ਸਾਡੇ ਪੁਰਖਿਆਂ ਨੇ ਸਾਨੂੰ ‘ਵਸੁਧੈਵ ਕੁਟੁੰਬਕਮ’ ਜਿਹੀਆਂ ਮਹਾਨ ਸੱਭਿਅਕ ਕਦਰਾਂ–ਕੀਮਤਾਂ ਦਿੱਤੀਆਂ ਹਨ’ ਅਤੇ ਨਾਲ ਹੀ ਉਨ੍ਹਾਂ ਨੇ ਹਰੇਕ ਨੂੰ ਇਨ੍ਹਾਂ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ।

 

ਸ਼੍ਰੀ ਨਾਇਡੂ ਨੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਦੁਆਰਾ ਭਾਰਤੀ ਔਰਤਾਂ ਤੇ ਬੱਚਿਆਂ ਦੇ ਜੀਵਨਾਂ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਕੀਤੀ ਜਾ ਰਹੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਸੰਸਦ ਮੈਂਬਰ ਸ਼੍ਰੀਮਤੀ ਵੰਦਨਾ ਚਵਾਨ ਨੂੰ ਸ਼ੁੱਭ–ਕਾਮਨਾਵਾਂ ਦਿੱਤੀਆਂ, ਜੋ ਬੱਚਿਆਂ ਲਈ ਸੰਸਦੀ ਸਮੂਹ ਰਾਹੀਂ ਬਾਲ–ਅਧਿਕਾਰਾਂ ਦੇ ਮੁੱਦੇ ਚੁੱਕ ਰਹੇ ਹਨ।

 

ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ, ਬੱਚਿਆਂ ਲਈ ਸੰਸਦ ਮੈਂਬਰਾਂ ਦੇ ਸਮੂਹ ਦੇ ਕਨਵੀਨਰ ਸ਼੍ਰੀਮਤੀ ਵੰਦਨਾ ਚਵਾਨ, ਭਾਰਤ ਲਈ ਯੂਨੀਸੈਫ (UNICEF) ਦੇ ਪ੍ਰਤੀਨਿਧ ਡਾ. ਯਾਸਮੀਨ ਅਲੀ ਹੱਕ, ਕਈ ਸੰਸਦ ਮੈਂਬਰ, ਬਾਲ ਅਧਿਕਾਰ ਕਾਰਕੁੰਨ ਤੇ ਬੱਚੇ ਇਸ ਵਰਚੁਅਲ ਸਮਾਰੋਹ ਵਿੱਚ ਸ਼ਾਮਲ ਹੋਏ।

 

****

 

ਐੱਮਐੱਸ/ਡੀਪੀ



(Release ID: 1674554) Visitor Counter : 151