ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ. ਹਰਸ਼ ਵਰਧਨ ਨੇ ‘ਵਿਸ਼ਵ ਸਿਹਤ ਸੰਗਠਨ’ ਦੇ 147ਵੇਂ ਸੈਸ਼ਨ ਦੀ ਪ੍ਰਧਾਨਗੀ ਕੀਤੀ
ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਵਿਸ਼ਵ ਜਨ–ਸਿਹਤ ਵਿੱਚ ਵਿਸ਼ਵ–ਪੱਧਰੀ ਭਾਈਵਾਲੀਆਂ ਤੇ ਨਿਵੇਸ਼ ਨੂੰ ਉਜਾਗਰ ਕੀਤਾ
‘ਸਭ ਲਈ ਸਿਹਤ ’ ਤੋਂ ਬਗ਼ੈਰ ਕੋਈ ਬਿਹਤਰ ਭਵਿੱਖ ਨਹੀਂ: ਡਾ. ਹਰਸ਼ ਵਰਧਨ
Posted On:
16 NOV 2020 3:23PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਵੀਡੀਓ ਕਾਨਫ਼ਰੰਸ ਜ਼ਰੀਏ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੀ ਬੈਠਕ ਦੌਰਾਨ ਡਿਜੀਟਲ ਤਰੀਕੇ ਨਾਲ ਪ੍ਰਧਾਨਗੀ ਕੀਤੀ।
ਉਨ੍ਹਾਂ ਦਾ ਸ਼ੁਰੂਆਤੀ ਭਾਸ਼ਣ ਨਿਮਨਲਿਖਤ ਅਨੁਸਾਰ ਹੈ:
ਵਿਸ਼ਵ ਸਿਹਤ ਸੰਗਠਨ ਕਾਰਜਕਾਰੀ ਬੋਰਡ ਦੇ ਵਿਲੱਖਣ ਮੈਂਬਰ ਸਾਹਿਬਾਨ,
ਮਾਣਯੋਗ ਮੰਤਰੀ, ਮਹਾਮਹਿਮ ਸਾਹਿਬਾਨ ਤੇ ਮੈਂਬਰ ਦੇਸ਼ਾਂ ਦੇ ਹੋਰ ਪ੍ਰਤੀਨਿਧ–ਜਨ,
ਡਾਇਰੈਕਟਰ ਜਨਰਲ–ਵਿਸ਼ਵ ਸਿਹਤ ਸੰਗਠਨ, ਵਿਸ਼ਵ ਸਿਹਤ ਸੰਗਠਨ ਦੱਖਣ–ਪੂਰਬੀ ਏਸ਼ੀਆ ਅਤੇ ਹੋਰ ਇਲਾਕਿਆਂ ਦੇ ਖੇਤਰੀ ਡਾਇਰੈਕਟਰ।
ਸੰਯੁਕਤ ਰਾਸ਼ਟਰੀ ਦੀਆਂ ਏਜੰਸੀਆਂ, ਭਾਈਵਾਲ ਸੰਗਠਨਾਂ ਦੇ ਮੁਖੀ ਤੇ ਪ੍ਰਤੀਨਿਧ,
ਸਮੁੱਚੇ ਵਿਸ਼ਵ ਦੇ ਭਰਾਵੋ, ਭੈਣੋ ਅਤੇ ਸਿਹਤ–ਸੰਭਾਲ਼ ਕਰਮਚਾਰੀ–ਜਨ!
ਅੱਜ, ਅਸੀਂ ਵਿਸ਼ਵ ਸਿਹਤ ਸੰਗਠਨ ਕਾਰਜਕਾਰੀ ਬੋਰਡ ਦੇ ਮੁੜ–ਸ਼ੁਰੂ ਹੋਏ 147ਵੇਂ ਸੈਸ਼ਨ ਲਈ ਇੱਕ ਵਾਰ ਫਿਰ ਵਰਚੁਅਲੀ ਜੁੜੇ ਹਾਂ। ਮੈਂ ਅੱਜ ਤੁਹਾਡਾ ਸਭਨਾਂ ਦਾ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਇਸ ਵੇਲੇ ਚੱਲ ਰਹੇ ਕੁਝ ਅਣਕਿਆਸੇ ਸਮੇਂ ਦੌਰਾਨ ਤੁਹਾਡਾ ਸਭ ਦਾ ਸੁਆਗਤ ਕਰਦਾ ਹਾਂ।
ਅਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਸਾਲ 2020 ਆਪਸੀ ਤਾਲਮੇਲ ਨਾਲ ਕਾਰਵਾਈ ਕਰਨ ਦਾ ਵਰ੍ਹਾ ਰਿਹਾ ਹੈ।
ਮਾਨਵਤਾ ਤਾਂ ਪਹਿਲਾਂ ਹੀ – ਗ਼ਰੀਬੀ, ਭੁੱਖ, ਅਸਮਾਨਤਾ, ਜਲਵਾਯੂ ਤਬਦੀਲੀ, ਪ੍ਰਦੂਸ਼ਣ, ਹਿੰਸਾ, ਜੰਗ, ਬੀਮਾਰੀ – ਜਿਹੀਆਂ ਬਹੁਤ ਜ਼ਿਆਦਾ ਚੁਣੌਤੀਆਂ ਨਾਲ ਜੂਝ ਰਹੀ ਸੀ ਅਤੇ ਹੁਣ ਮਹਾਮਾਰੀ ਨੇ ਸਾਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ। ਪਰ ਅਸੀਂ ਵਿਸ਼ਵ ਦੇ ਸਾਰੇ ਦੇਸ਼ ਇੱਕਜੁਟ ਬਣੇ ਰਹੇ ਅਤੇ ਅਸੀਂ ਹਾਰ ਨਾ ਮੰਨਣ ਦਾ ਰਾਹ ਚੁਣਿਆ।
ਅਸੀਂ ਕੁਝ ਹਾਸਲ ਕਰਨ ਲਈ ਆਸ਼ਾਵਾਦ ਤੇ ਸੰਘਰਸ਼ ਦਾ ਰਾਹ ਚੁਣਿਆ। ਅਸੀਂ ਇੱਕ ਬਿਹਤਰ ਭਵਿੱਖ ਨੂੰ ਚੁਣਿਆ।
ਸਭਨਾਂ ਲਈ ਸਿਹਤ ਤੋਂ ਬਗ਼ੈਰ ਕੋਈ ਬਿਹਤਰ ਭਵਿੱਖ ਨਹੀਂ ਹੈ। ਇੱਕ ਅਜਿਹਾ ਸਬਕ ਜੋ ਅਸੀਂ ਜਾਣਦੇ ਸਾਂ; ਅਤੇ ਹੁਣ ਅਸੀਂ ਉਹ ਸਬਕ ਦੋਬਾਰਾ ਸਿੱਖਿਆ।
ਭਾਰਤ ਵਿੱਚ, ਅਸੀਂ ਸਭ ਨੂੰ ‘ਆਯੁਸ਼ਮਾਨ ਭਵ:’ ਆਖ ਕੇ ਇੱਕ–ਦੂਜੇ ਨੂੰ ਅਸੀਸ ਦਿੰਦੇ ਹਾਂ, ਜਿਸ ਦਾ ਮਤਲਬ ਹੁੰਦਾ ਹੈ ਕਿ ਤੁਹਾਡੀ ਉਮਰ ਲੰਮੀ ਤੇ ਜੀਵਨ ਤੰਦਰੁਸਤ ਹੋਵੇ, ਜੋ ਆਪਣੇ–ਆਪ ਵਿੱਚ ਹੀ ਜੀਵਨ ਤੇ ਹੋਂਦ ਦਾ ਤੱਤ–ਸਾਰ ਹੈ, ਜੋ ਖ਼ੁਦ ਹੀ ਸਾਡੇ ਸੰਗਠਨ – ਵਿਸ਼ਵ ਸਿਹਤ ਸੰਗਠਨ – ਦਾ ਤੱਤ–ਸਾਰ ਹੈ, ਜੋ ਸਾਨੂੰ ਇੱਕ ਬੰਧਨ ’ਚ ਬੱਝਦਾ ਹੈ ਅਤੇ ਉਸੇ ਕਰਕੇ ਅੱਜ ਅਸੀਂ ਸਾਰੇ ਇਕੱਠੇ ਇੱਥੇ ਹੋਏ ਹਾਂ।
ਵਿਸ਼ਵ ਸਿਹਤ ਸੰਗਠਨ ਦੇ ਸਾਰੇ ਮੈਂਬਰ ਦੇਸ਼ਾਂ ਦਾ ਇੱਕੋ ਸਿਧਾਂਤ ਹੈ: ਸਿਹਤ ਸਭ ਤੋਂ ਉੱਤੇ।
ਇੱਥੇ ਮੌਜੂਦ ਹਰੇਕ ਮੈਂਬਰ ਦੇਸ਼ ਮੇਰੇ ਨਾਲ ਇਸ ਗੱਲ ’ਤੇ ਸਹਿਮਤ ਹੋਵੇਗਾ ਕਿ ਭਾਵੇਂ ਕਦੇ ਕਿੰਨੀਆਂ ਵੀ ਖ਼ਤਰਨਾਕ ਸਥਿਤੀਆਂ ਕਿਉਂ ਨਾ ਪੈਦਾ ਹੋ ਗਈਆਂ ਹੋਣ, ਮਨੁੱਖਤਾ ਨੇ ਇੱਕ–ਦੂਜੇ ਦੇ ਜਤਨਾਂ ਸਦਕਾ ਵਸੀਲਿਆਂ ਨੂੰ ਇਕੱਠੇ ਕਰ ਕੇ ਆਪਸੀ ਤਾਲਮੇਲ ਨਾਲ ਹੀ ਹਰੇਕ ਮੁਸੀਬਤ ’ਤੇ ਜਿੱਤ ਹਾਸਲ ਕੀਤੀ ਹੈ।
ਅਸੀਂ ਵਿਸ਼ਵ ਸਿਹਤ ਸੰਗਠਨ ’ਚ ਇਸ ਸਿਧਾਂਤ ਉੱਤੇ ਵਿਸ਼ਵਾਸ ਰੱਖਦੇ ਹਾਂ ਕਿ ਸਿਹਤ ਦੇ ਹਾਸਲ ਕੀਤੇ ਜਾ ਸਕਣ ਵਾਲੇ ਉੱਚਤਮ ਮਿਆਰ ਦਾ ਆਨੰਦ ਮਾਣਨਾ ਹਰੇਕ ਮਨੁੱਖ ਦੇ ਬੁਨਿਆਦੀ ਅਧਿਕਾਰਾਂ ਵਿੱਚੋਂ ਇੱਕ ਹੈ; ਭਾਵੇਂ ਉਹ ਮਨੁੱਖ ਕਿਸੇ ਵੀ ਨਸਲ, ਧਰਮ, ਸਿਆਸੀ ਵਿਸ਼ਵਾਸ ਨਾਲ ਸਬੰਧਿਤ ਹੋਵੇ ਅਤੇ ਆਰਥਿਕ ਜਾਂ ਸਮਾਜਿਕ ਪੱਖੋਂ ਉਸ ਦੀ ਸਥਿਤੀ ਕਿਹੋ ਜਿਹੀ ਵੀ ਹੋਵੇ। ਇਸੇ ਲਈ ਅਸੀਂ, ਜਨ–ਸਿਹਤ ਨਾਲ ਸਬੰਧਿਤ ਜ਼ਿੰਮੇਵਾਰੀਆਂ ਕਾਰਜਕੁਸ਼ਲ, ਪ੍ਰਭਾਵਸ਼ਾਲੀ ਢੰਗ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਮੈਂਬਰ ਦੇਸ਼ਾਂ, ਇਸ ਸੰਗਠਨ ਅਤੇ ਕੌਮਾਂਤਰੀ ਭਾਈਵਾਲਾਂ ਨਾਲ ਕੰਮ ਕਰਨ ਲਈ ਪ੍ਰਤੀਬੱਧ ਹਾਂ।
ਮਹਾਮਾਰੀ ਨੇ ਮਾਨਵਤਾ ਨੂੰ ਇਸ ਪੱਖੋਂ ਬਹੁਤ ਜ਼ਿਆਦਾ ਜਾਗਰੂਕ ਕਰ ਦਿੱਤਾ ਹੈ ਕਿ ਜੇ ਕਿਤੇ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਤੇ ਤਿਆਰੀਆਂ ਰੱਖਣ ਨੂੰ ਅੱਖੋਂ ਪ੍ਰੋਖੇ ਕੀਤਾ, ਤਾਂ ਉਸ ਦੇ ਨਤੀਜੇ ਕੀ ਹੋ ਸਕਦੇ ਹਨ। ਵਿਸ਼ਵ ਸੰਕਟ ਦੇ ਅਜਿਹੇ ਸਮਿਆਂ ਦੌਰਾਨ; ਜੋਖਮ ਪ੍ਰਬੰਧਨ ਅਤੇ ਖ਼ਤਰੇ ਨੂੰ ਘਟਾਉਣ ਲਈ ਵਿਸ਼ਵ–ਪੱਧਰੀ ਜਨ–ਸਿਹਤ ਵਿੱਚ ਦਿਲਚਸਪੀ ਅਤੇ ਨਿਵੇਸ਼ ਨੂੰ ਦੋਬਾਰਾ ਵਧਾਉਣ ਲਈ ਵਿਸ਼ਵ–ਪੱਧਰੀ ਭਾਈਵਾਲੀਆਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਪਵੇਗੀ।
ਮੈਨੂੰ ਯਕੀਨ ਹੈ ਕਿ ਹਰੇਕ ਮੈਂਬਰ ਦੇਸ਼ ਨਾਲ ਨਿਰੰਤਰ ਕੰਮ ਕਰਦੇ ਰਹਿਣ, ਆਪਸ ਵਿੱਚ ਗੱਲਬਾਤ ਕਰਨ ਨਾਲ ਸਾਰੀਆਂ ਸਬੰਧਿਤ ਧਿਰਾਂ ਸੁਧਾਰ ਲਾਗੂ ਕਰਨਗੀਆਂ ਤੇ ਵਸੀਲਿਆਂ ਦੀ ਬੇਹੱਦ ਉਤਪਾਦਕ, ਕਾਰਜਕੁਸ਼ਲ ਤੇ ਟੀਚਾਗਤ ਉਪਯੋਗਤਾ ਨਾਲ ਚਿਰ–ਸਥਾਈ ਵਿਕਾਸ ਟੀਚਿਆਂ ਤੇ ਵਿਆਪਕ ਸਿਹਤ ਕਵਰੇਜ ਵੱਲ ਤੇਜ਼ੀ ਨਾਲ ਅੱਗੇ ਵਧਣ ਵਿੱਚ ਮਦਦ ਮਿਲੇਗੀ।
ਜਿਵੇਂ ਕਿ ਮੈਂ ਭਾਰਤ ਦਾ ਸਿਹਤ ਮੰਤਰੀ ਹਾਂ, ਮੈਂ ਇੱਥੇ ਇਹ ਆਖਣਾ ਚਾਹਾਂਗਾ ਕਿ ਦੱਖਣ–ਪੂਰਬੀ ਏਸ਼ੀਆ ਖੇਤਰ ਤੇ ਭਾਰਤ ਸਿਹਤ ਸੇਵਾਵਾਂ, ਆਪਣੀ ਪਹੁੰਚ, ਡਿਲੀਵਰੀ ਤੇ ਮਿਆਰ ਵਿੱਚ ਸੁਧਾਰ ਲਿਆਉਣ ਲਈ ਨਿਰੰਤਰ ਕੋਸ਼ਿਸ਼ਾਂ ਕਰ ਰਹੇ ਹਨ। ਅਸੀਂ ਆਪਸੀ ਤਾਲਮੇਲ ਨਾਲ ਕੰਮ ਕਰਦਿਆਂ ਸਾਰੇ ਪ੍ਰਮੁੱਖ ਤਰਜੀਹੀ ਖੇਤਰੀ ਖੇਤਰਾਂ ਵਿੱਚ ਕਾਮਯਾਬੀਆਂ ਤੱਕੀਆਂ ਹਨ। ਅਸੀਂ ਸਿਹਤ ਸੇਵਾਵਾਂ ਦੀ ਪਹੁੰਚਯੋਗਤਾ ਤੇ ਕਿਫ਼ਾਇਤੀਯੋਗਤਾ ਤੇ ਉੱਚ–ਮਿਆਰੀ ਜ਼ਰੂਰੀ ਦਵਾਈਆਂ ਤੇ ਉਤਪਾਦਾਂ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਸਲਾਹਕਾਰੀ, ਤਕਨੀਕੀ ਸਹਿਯੋਗ, ਖੋਜ, ਨਵਾਚਾਰਾਂ, ਡਿਜੀਟਲ ਸਿਹਤ ਤੇ ਭਾਈਵਾਲੀਆਂ ਰਾਹੀਂ ਖੇਤਰੀ ਅਤੇ ਵਿਸ਼ਵ–ਪੱਧਰੀ ਜਨ–ਸਿਹਤ ਮੁੱਦਿਆਂ ਵਿੱਚ ਯੋਗਦਾਨ ਪਾਉਣਾ ਜਾਰੀ ਰੱਖਾਂਗੇ।
ਮਹਾਮਹਿਮ ਸਾਹਿਬਾਨ,
ਇਸ ਮਹਾਮਾਰੀ ਨੇ 13 ਲੱਖ ਤੋਂ ਵੱਧ ਕੀਮਤੀ ਜਾਨਾਂ ਲੈ ਲਈਆਂ ਹਨ, ਕਰੋੜਾਂ ਨੂੰ ਛੂਤਗ੍ਰਸਤ ਕੀਤਾ ਅਤੇ ਅਰਬਾਂ ਲੋਕਾਂ ਦੀਆਂ ਉਪਜੀਵਕਾਵਾਂ ਖੋਹ ਲਈਆਂ ਹਨ। ਸਮੁੱਚੇ ਵਿਸ਼ਵ ’ਚ ਵੱਸਦੇ ਉਨ੍ਹਾਂ ਪਰਿਵਾਰਾਂ ਪ੍ਰਤੀ ਮੇਰੀਆਂ ਦਿਲੀ ਸੰਵੇਦਨਾਵਾਂ ਹਨ, ਜਿਨ੍ਹਾਂ ਨੇ ਇਸ ਖ਼ਤਰਨਾਕ ਬੀਮਾਰੀ ਕਾਰਣ ਆਪਣੇ ਮਿੱਤਰ–ਪਿਆਰਿਆਂ ਨੂੰ ਗੁਆ ਦਿੱਤਾ ਹੈ।
ਮੈਂ ਇਸ ਮੌਕੇ ਸਾਡੇ ਡਾਕਟਰਾਂ ਤੇ ਸਿਹਤ–ਕਰਮਚਾਰੀਆਂ ਨੂੰ ਵੀ ਸਲਾਮ ਕਰਦਾ ਹਾਂ, ਜਿਨ੍ਹਾਂ ਨੇ ਇਸ ਖ਼ਤਰਨਾਕ ਰੋਗ ਨਾਲ ਲੜਨ ਲਈ ਨਿਸ਼ਕਾਮ ਸੇਵਾਵਾਂ ਦੇਣ ਲਈ ਅਣਥੱਕ ਤਰੀਕੇ ਕੰਮ ਕੀਤਾ ਸੀ ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਰੇ ਮੇਰੇ ਨਾਲ ਮਿਲ ਕੇ ਉਨ੍ਹਾਂ ਲਈ ਤਾੜੀਆਂ ਵਜਾਓ।
ਮਹਾਮਹਿਮ ਸਾਹਿਬਾਨ ਤੇ ਵਿਲੱਖਣ ਡੈਲੀਗੇਟਸ,
ਇਸ ਮਹਾਮਾਰੀ ਦੇ ਪਿਛਲੇ 10 ਮਹੀਨਿਆਂ ਦੌਰਾਨ, ਮੈਂ ਇਹ ਨੋਟ ਕੀਤਾ ਹੈ ਕਿ ‘ਵਿਸ਼ਵ ਸਿਹਤ ਸੰਗਠਨ’ ਹੀ ਸਿਹਤ ਦੇ ਮਾਮਲੇ ਵਿੱਚ ਮੋਹਰੀ ਏਜੰਸੀ ਰਹੀ ਹੈ ਤੇ ਇਸ ਨੇ ਜ਼ਰੂਰੀ ਸਿਹਤ–ਸੰਭਾਲ਼ ਸੇਵਾ ਨਿਰੰਤਰ ਮੁਹੱਈਆ ਕਰਵਾਉਣ ਲਈ ਅਰੰਭ ਤੋਂ ਹੀ ਮੈਂਬਰ ਦੇਸ਼ਾਂ ਨਾਲ ਮਿਲ ਕੇ ਸ਼ਲਾਘਾਯੋਗ ਕਾਰਜ ਕੀਤੇ ਹਨ।
ਵਿਸ਼ਵ ਸਿਹਤ ਸੰਗਠਨ ਅਤੇ ਸਮੁੱਚੇ ਵਿਸ਼ਵ ਦੇ ਮੈਂਬਰ ਦੇਸ਼ ਇਸ ਮੌਕੇ ਅਜਿਹੀਆਂ ਸਿਹਤ ਪ੍ਰਣਾਲੀਆਂ ਦੀ ਮੁੜ ਉਸਾਰੀ ਕਰਨ ਲਈ ਪ੍ਰਤੀਬੱਧ ਹਨ, ਜੋ ਹਰ ਤਰ੍ਹਾਂ ਦੀ ਚੁਣੌਤੀ ਨੂੰ ਝੱਲ ਸਕਣ ਤੇ ਹਰੇਕ ਦੀਆਂ ਸਿਹਤ ਜ਼ਰੂਰਤਾਂ ਪੂਰੀਆਂ ਕਰ ਸਕਣ।
ਅਸੀਂ ਮੌਜੂਦਾ ਸੰਕਟ ਤੋਂ ਸਿੱਖੇ ਸਬਕਾਂ ਦੀ ਪਹਿਲਾਂ ਹੀ ਸ਼ਨਾਖ਼ਤ ਕਰ ਰਹੇ ਹਾਂ ਤੇ ਉਨ੍ਹਾਂ ਉੱਤੇ ਚੱਲ ਰਹੇ ਹਾਂ, ਤਾਂ ਜੋ ਅਸੀਂ ਸਾਰੇ ਮਿਲ–ਜੁਲ ਕੇ ਵਧੇਰੇ ਮਜ਼ਬੂਤ ਤੇ ਅਜਿਹੀਆਂ ਲਚਕਦਾਰ ਸਿਹਤ ਪ੍ਰਣਾਲੀਆਂ ਹਾਸਲ ਕਰ ਸਕੀਏ, ਜੋ ਚਿਰ–ਸਥਾਈ ਆਰਥਿਕ ਸੁਧਾਰ ਤੇ ਸਮੁੱਚੇ ਵਿਸ਼ਵ ਲਲਈ ਤੰਦਰੁਸਤ ਭਵਿੱਖ ਨੂੰ ਉਤਸ਼ਾਹਿਤ ਕਰ ਸਕਣ।
ਇੱਥੇ ਮੈਂ ਇਹ ਜ਼ਿਕਰ ਕਰਨਾ ਚਾਹਾਂਗਾ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਸਾਰੇ ਮੈਂਬਰ ਦੇਸ਼ਾਂ ਨੇ ਕੋਵਿਡ–19 ਦੇ ਫੈਲਣ ਉੱਤੇ ਕਾਬੂ ਪਾਉਣ ਤੇ ਰੋਕਣ ਲਈ ਬਹੁਤ ਤੇਜ਼ ਰਫ਼ਤਾਰ ਨਾਲ, ਵੱਡੇ ਪੱਧਰ ਉੱਤੇ ਇੱਕਜੁਟਤਾ ਨਾਲ ਕੰਮ ਕੀਤਾ ਅਤੇ ਵਿਅਕਤੀਆਂ ਤੇ ਭਾਈਚਾਰਿਆਂ ਨੂੰ ਸੁਰੱਖਿਅਤ, ਤੰਦਰੁਸਤ ਤੇ ਸਲਾਮਤ ਰਹਿਣ ਲਈ ਸਸ਼ਕਤ ਕੀਤਾ।
ਵਿਲੱਖਣ ਡੈਲੀਗੇਟਸ, ਦੇਵੀਓ ਅਤੇ ਸੱਜਣੋ,
ਇਹ ਅਜਿਹਾ ਵੇਲਾ ਹੈ ਕਿ ਸਾਨੂੰ ਜ਼ਰੂਰ ਹੀ ਆਪਸੀ ਸਹਿਯੋਗ ਤੇ ਤਾਲਮੇਲ ਵਧਾੳਣਾ ਹੋਵੇਗਾ। ਸਾਨੂੰ ਜਨ–ਸਿਹਤ ਜ਼ਿੰਮੇਵਾਰੀਆਂ ਕਾਰਜਕੁਸ਼ਲ, ਪ੍ਰਭਾਵਸ਼ਾਲੀ ਤੇ ਤਨਦਹੀ ਨਾਲ ਮੁਹੱਈਆ ਕਰਵਾਉਣ ਲਈ ਜ਼ਰੂਰ ਹੀ ਮੈਂਬਰ ਦੇਸ਼ਾਂ ਵਜੋਂ ਸੰਯੁਕਤ ਰਾਸ਼ਟਰ ਦੀਆਂ ਸਾਰੀਆਂ ਜੱਥੇਬੰਦੀਆਂ ਅਤੇ ਕੌਮਾਂਤਰੀ ਭਾਈਵਾਲਾਂ ਦੇ ਭਾਈਚਾਰੇ ਨਾਲ ਮਿਲ–ਜੁਲ ਕੇ ਕੰਮ ਕਰਨਾ ਹੋਵੇਗਾ।
ਮਹਾਮਹਿਮ ਸਾਹਿਬਾਨ,
ਅੱਜ, ਚਾਲੂ ਸੈਸ਼ਨ ਲਈ ਸਾਡੇ ਕਰਨ ਲਈ ਇੱਕ ਵਿਆਪਕ ਏਜੰਡਾ ਹੈ, ਜਿਸ ਵਿੱਚ ਇਹ ਕੁਝ ਸ਼ਾਮਲ ਹੈ – 73ਵੀਂ ਵਿਸ਼ਵ ਸਿਹਤ ਅਸੈਂਬਲੀ ਦੇ ਮੁੜ–ਸ਼ੁਰੂ ਹੋਏ ਸੈਸ਼ਨ ਦੇ ਹਾਲ ਹੀ ਵਿੱਚ ਖ਼ਤਮ ਹੋਏ ਨਤੀਜੇ ਅਤੇ ਕਾਰਜਕਾਰੀ ਬੋਰਡ ਦੇ ਪ੍ਰੋਗਰਾਮ, ਬਜਟ ਤੇ ਪ੍ਰਸ਼ਾਸਕੀ ਕਮੇਟੀ ਦੀ ਰਿਪੋਰਟ; ਸੰਗਠਨ ਦੇ ਕੁਝ ਪ੍ਰਬੰਧਕੀ, ਪ੍ਰਸ਼ਾਸਕੀ, ਵਿੱਤੀ ਤੇ ਸਟਾਫ਼ ਦੇ ਕੁਝ ਮਾਮਲੇ।
ਮੈਂ ਏਜੰਡੇ ਦੀਆਂ ਇਨ੍ਹਾਂ ਮੱਦਾਂ ਉੱਤੇ ਤੁਹਾਡੀ ਸਰਗਰਮ ਸ਼ਮੂਲੀਅਤ ਤੇ ਫਲਦਾਇਕ ਵਿਚਾਰ–ਵਟਾਂਦਰੇ ਵੇਖਣ ਦਾ ਚਾਹਵਾਨ ਹਾਂ।
ਅੰਤ ’ਚ, ਮੈਂ ਇਸ ਮੌਕੇ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੇਰੇ ਵਿੱਚ ਆਪਣਾ ਵਿਸ਼ਵਾਸ ਤੇ ਭਰੋਸਾ ਪ੍ਰਗਟਾਇਆ ਤੇ ਆਪਣੀ ਨੇੜਤਾ ਤੇ ਨਿਰੰਤਰ ਸਹਿਯੋਗ ਵੇਖਣਾ ਚਾਹੁੰਦਾ ਹਾਂ।
ਪਿਛਲੇ ਸੱਤ ਦਹਾਕਿਆਂ ਦੌਰਾਨ ਗੰਭੀਰ ਸਿਹਤ ਚੁਣੌਤੀਆਂ ਨਾਲ ਨਿਪਟਣ ਲਈ ਸਾਡੇ ਮੈਂਬਰਾਂ ਦੇਸ਼ਾਂ, ਸਾਡੇ ਸੰਗਠਨ, ਸਾਰੇ ਭਾਈਵਾਲਾਂ ਤੇ ਸਾਰੀਆਂ ਸਬੰਧਿਤ ਧਿਰਾਂ ਦੇ ਯੋਗਦਾਨਾਂ ਨੂੰ ਪ੍ਰਵਾਨ ਕਰਦਿਆਂ, ਮੈਂ ਇਹ ਇਹੋ ਆਖਣਾ ਚਾਹਾਂਗਾ ਕਿ ਵਿਸ਼ਵ–ਪਰਿਵਾਰ ਵਿੱਚ ਦੋਬਾਰਾ ਸਭ ਕੁਝ ਠੀਕ-ਠਾਕ ਹੋ ਜਾਵੇਗਾ!
****
ਐੱਮਵੀ
(Release ID: 1673310)
Visitor Counter : 223