ਸਿੱਖਿਆ ਮੰਤਰਾਲਾ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਕੈਂਪਸ ’ਚ ਸੁਆਮੀ ਵਿਵੇਕਾਨੰਦ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ
ਰਾਸ਼ਟਰੀ ਹਿਤ ਦੇ ਸਾਹਮਣੇ ਕਦੇ ਵੀ ਵਿਚਾਰਧਾਰਾ ਨੂੰ ਨਹੀਂ ਲਿਆਉਣਾ ਚਾਹੀਦਾ: ਪ੍ਰਧਾਨ ਮੰਤਰੀ
Posted On:
12 NOV 2020 8:40PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਕੈਂਪਸ ਵਿੱਚ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸੁਆਮੀ ਵਿਵੇਕਾਨੰਦ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ। ਇਸ ਸਮਾਰੋਹ ’ਚ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਾਈਸ–ਚਾਂਸਲਰ ਪ੍ਰੋਫ਼ੈਸਰ ਐੱਮ. ਜਗਦੇਸ਼ ਕੁਮਾਰ ਨੇ ਵੀ ਹਿੱਸਾ ਲਿਆ।
ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਦੇਸ਼ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਹਿਤਾਂ ਨਾਲੋਂ ਵਿਚਾਰਧਾਰਾ ਨੂੰ ਤਰਜੀਹ ਦੇਣ ਦੇ ਨੁਕਸਾਨਾਂ ਬਾਰੇ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਕਿਹਾ ਕਿ ਇਹ ਇੱਕ ਚੀਜ਼ ਹੈ, ਜਿਸ ਨਾਲ ਸਾਡੇ ਦੇਸ਼ ਦੀ ਜਮਹੂਰੀ ਪ੍ਰਣਾਲੀ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਸ਼੍ਰੀ ਮੋਦੀ ਨੇ ਕਿਹਾ,‘ਕਿਉਂਕਿ ਮੇਰੀ ਵਿਚਾਰਧਾਰਾ ਇਹ ਆਖਦੀ ਹੈ, ਇਸ ਲਈ ਰਾਸ਼ਟਰੀ ਹਿਤ ਵੀ ਉਵੇਂ ਹੀ ਹੋਣਗੇ। ਮੈਂ ਉਸੇ ਢਾਂਚੇ ਵਿੱਚ ਸੋਚਾਂਗਾ। ਮੈਂ ਉਸੇ ਮਾਪਦੰਡ ਉੱਤੇ ਕੰਮ ਕਰਾਂਗਾ, ਇਹ ਗ਼ਲਤ ਹੈ।’ ਉਨ੍ਹਾਂ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਸੇ ਨੂੰ ਆਪਣੀ ਵਿਚਾਰਧਾਰਾ ਉੱਤੇ ਮਾਣ ਹੋਣਾ ਸੁਭਾਵਕ ਹੈ, ਫਿਰ ਵੀ ਰਾਸ਼ਟਰੀ ਹਿਤਾਂ ਦੇ ਵਿਸ਼ੇ ’ਤੇ ਆ ਕੇ ਸਾਡੀ ਵਿਚਾਰਧਾਰਾ ਰਾਸ਼ਟਰ ਦੇ ਨਾਲ ਖਲੋਂਦੀ ਦਿਸਣੀ ਚਾਹੀਦੀ ਹੈ, ਉਸ ਦੇ ਉਲਟ ਨਹੀਂ।
ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਜਦੋਂ ਵੀ ਕਦੇ ਦੇਸ਼ ਸਾਹਵੇਂ ਕੋਈ ਔਖਾ ਵੇਲਾ ਆਇਆ, ਹਰੇਕ ਵਿਚਾਰਧਾਰਾ ਦੇ ਲੋਕ ਰਾਸ਼ਟਰੀ ਹਿਤ ਵਿੱਚ ਇਕਜੁੱਟ ਹੋਏ। ਹਰੇਕ ਵਿਚਾਰਧਾਰਾ ਦੇ ਲੋਕ ਆਜ਼ਾਦੀ ਸੰਗ੍ਰਾਮ ਵਿੱਚ ਮਹਾਤਮਾ ਗਾਂਧੀ ਦੀ ਲੀਡਰਸ਼ਿਪ ਹੇਠ ਇਕਜੁੱਟ ਹੋ ਕੇ ਡਟੇ। ਉਹ ਦੇਸ਼ ਲਈ ਇਕਜੁੱਟ ਹੋ ਕੇ ਲੜੇ। ਦੇਸ਼ ਨੇ ਐਮਰਜੈਂਸੀ ਦੌਰਾਨ ਬਿਲਕੁਲ ਇਹੋ ਜਿਹੀ ਇਕਜੁੱਟਤਾ ਵੇਖੀ ਸੀ। ਕਾਂਗਰਸ ਦੇ ਸਾਬਕਾ ਆਗੂ ਅਤੇ ਕਾਰਕੁੰਨ ਵੀ ਐਮਰਜੈਂਸੀ ਵਿਰੁੱਧ ਉਸ ਮੁਹਿੰਮ ਵਿੱਚ ਮੌਜੂਦ ਸਨ। ਉੱਥੇ ਆਰਐੱਸਐੱਸ ਦੇ ਵਲੰਟੀਅਰ ਤੇ ਜਨ ਸੰਘ ਦੇ ਲੋਕ ਸਨ। ਸੋਸ਼ਲਿਸਟਸ ਤੇ ਕਮਿਊਨਿਸਟ ਵੀ ਇਕੱਠੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਇਕਜੁੱਟਤਾ ਵਿੱਚ, ਕਿਸੇ ਨੂੰ ਵਿਚਾਰਧਾਰਾ ਦੇ ਮਾਮਲੇ ਉੱਤੇ ਸਮਝੌਤਾ ਨਹੀਂ ਕਰਨਾ ਚਾਹੀਦਾ ਸੀ। ਉੱਥੇ ਸਿਰਫ਼ ਇੱਕੋ ਉਦੇਸ਼ ਸੀ – ਰਾਸ਼ਟਰੀ ਹਿਤ। ਇਸੇ ਲਈ ਜਦੋਂ ਵੀ ਕਦੇ ਰਾਸ਼ਟਰੀ ਏਕਤਾ, ਅਖੰਡਤਾ ਤੇ ਰਾਸ਼ਟਰੀ ਹਿਤਾਂ ਦਾ ਸੁਆਲ ਪੈਦਾ ਹੁੰਦਾ ਹੈ, ਤਾਂ ਕਿਸੇ ਵਿਚਾਰਧਾਰਾ ਦੇ ਬੋਝ ਹੇਠਾਂ ਲੈ ਕੇ ਫ਼ੈਸਲੇ ਲੈਣ ਨਾਲ ਦੇਸ਼ ਦਾ ਨੁਕਸਾਨ ਹੋਵੇਗਾ।
ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਕਿ ਵਿਚਾਰ ਸਾਂਝੇ ਕਰਨਾ ਤੇ ਨਵੇਂ ਵਿਚਾਰਾਂ ਦਾ ਪ੍ਰਵਾਹ ਬੇਰੋਕ ਜਾਰੀ ਰੱਖਣ ਦੀ ਜ਼ਰੂਰਤ ਹੈ। ਸਾਡਾ ਦੇਸ਼ ਉਹ ਜ਼ਮੀਨ ਹੈ, ਜਿੱਥੇ ਵਿਭਿੰਨ ਬੌਧਿਕ ਵਿਚਾਰਾਂ ਦੇ ਬੀਜ ਪੁੰਗਰੇ ਤੇ ਪ੍ਰਫ਼ੁੱਲਤ ਹੋਏ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਲਈ ਨੌਜਵਾਨਾਂ ਵਾਸਤੇ ਇਹ ਜ਼ਰੂਰੀ ਹੈ ਕਿ ਇਹ ਰਵਾਇਤ ਮਜ਼ਬੂਤ ਹੋਵੇ। ਇਸ ਰਵਾਇਤ ਕਾਰਨ, ਭਾਰਤ ਵਿਸ਼ਵ ਦਾ ਸਭ ਤੋਂ ਵੱਧ ਜੀਵੰਤ ਲੋਕਤੰਤਰ ਹੈ।
ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਸਾਹਮਣੇ ਆਪਣੀ ਸਰਕਾਰ ਦੇ ਸੁਧਾਰ ਏਜੰਡੇ ਦਾ ਢਾਂਚਾ ਰੱਖਿਆ। ਉਨ੍ਹਾਂ ਇਹ ਵੀ ਕਿਹਾ ਕਿ ‘ਆਤਮਨਿਰਭਰ ਭਾਰਤ’ ਦਾ ਵਿਚਾਰ 130 ਕਰੋੜ ਤੋਂ ਵੱਧ ਭਾਰਤੀਆਂ ਲਈ ਸਮੂਹਿਕ ਚੇਤੰਨਤਾ ਬਣ ਚੁੱਕਾ ਹੈ। ਭਾਰਤ ਵਿੱਚ ਸੁਧਾਰਾਂ ਬਾਰੇ ਬੋਲਣਾ ਜਾਰੀ ਰੱਖਦਿਆਂ ਪ੍ਰਧਾਨ ਮੰਤਰੀ ਨੇ ਜਵਾਹਰਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਕਿ ਇਸ ਬਾਰੇ ਆਪਣੇ ਵਿਚਾਰ ਪ੍ਰਗਟਾਉਣ ਕਿ ‘ਮਾੜੀ ਸਿਆਸਤ ਨਾਲ ਚੰਗੇ ਸੁਧਾਰ’ ਕਿਵੇਂ ‘ਚੰਗੀ ਸਿਆਸਤ ਨਾਲ ਚੰਗੇ ਸੁਧਾਰ’ ਵਿੱਚ ਤਬਦੀਲ ਹੋਏ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਕੀਤੇ ਜਾ ਰਹੇ ਸੁਧਾਰਾਂ ਪਿਛਲੀ ਮਨਸ਼ਾ ਤੇ ਦ੍ਰਿੜ੍ਹ ਇਰਾਦਾ ਸੁਹਿਰਦ ਹੈ। ਉਨ੍ਹਾਂ ਕਿਹਾ ਕਿ ਚਲ ਰਹੇ ਸੁਧਾਰਾਂ ਤੋਂ ਪਹਿਲਾਂ ਇੱਕ ਸੁਰੱਖਿਆ–ਜਾਲ ਤਿਆਰ ਕੀਤਾ ਗਿਆ ਹੈ ਤੇ ਇਸ ਸੁਰੱਖਿਆ ਦਾ ਅਧਾਰ ਭਰੋਸਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਲੰਮੇ ਸਮੇਂ ਤੱਕ ਗ਼ਰੀਬਾਂ ਨੂੰ ਸਿਰਫ਼ ਨਾਅਰੇਬਾਜ਼ੀ ਤੱਕ ਹੀ ਰੱਖਿਆ ਗਿਆ ਸੀ ਤੇ ਦੇਸ਼ ਦੇ ਗ਼ਰੀਬਾਂ ਨੂੰ ਪ੍ਰਣਾਲੀ ਨਾਲ ਜੋੜਨ ਦੀ ਕੋਈ ਕੋਸ਼ਿਸ਼ ਨਹੀਂ ਹੋਈ ਸੀ। ਉਨ੍ਹਾਂ ਕਿਹਾ ਕਿ ਗ਼ਰੀਬਾਂ ਨੂੰ ਸਭ ਤੋਂ ਵੱਧ ਅੱਖੋਂ–ਪ੍ਰੋਖੇ ਕੀਤਾ ਗਿਆ ਸੀ, ਉਹੀ ਸਨ ਜਿਨ੍ਹਾਂ ਨਾਲ ਕਦੇ ਕੋਈ ਰਾਬਤਾ ਹੀ ਕਾਇਮ ਨਹੀਂ ਕੀਤਾ ਗਿਆ ਅਤੇ ਪਹਿਲਾਂ ਉਨ੍ਹਾਂ ਨੂੰ ਕਦੇ ਵੀ ਵਿੱਤੀ ਤੌਰ ਉੱਤੇ ਸ਼ਾਮਲ ਨਹੀਂ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਹੁਣ ਗ਼ਰੀਬਾਂ ਨੂੰ ਆਪਣੇ ਖ਼ੁਦ ਦੇ ਪੱਕੇ ਮਕਾਨ, ਪਖਾਨੇ, ਬਿਜਲੀ, ਗੈਸ, ਪੀਣ ਵਾਲਾ ਸਾਫ਼ ਪਾਣੀ, ਡਿਜੀਟਲ ਬੈਂਕਿੰਗ, ਕਿਫ਼ਾਇਤੀ ਮੋਬਾਈਲ ਕਨੈਕਟੀਵਿਟੀ ਤੇ ਤੇਜ਼–ਰਫ਼ਤਾਰ ਇੰਟਰਨੈੱਟ ਕਨੈਕਸ਼ਨ ਮਿਲ ਰਹੇ ਹਨ। ਇਹ ਸੁਰੱਖਿਆ–ਜਾਲ ਗ਼ਰੀਬਾਂ ਦੁਆਲੇ ਉਣਿਆ ਗਿਆ ਹੈ, ਜੋ ਉਨ੍ਹਾਂ ਦੀਆਂ ਖ਼ਾਹਿਸ਼ਾਂ ਦੀ ਉਡਾਣ ਲਈ ਜ਼ਰੂਰੀ ਹੈ। ਇਸੇ ਤਰ੍ਹਾਂ ਸਿੰਜਾਈ ਦੇ ਬਿਹਤਰ ਬੁਨਿਆਦੀ ਢਾਂਚੇ, ਮੰਡੀਆਂ ਦੇ ਆਧੁਨਿਕੀਕਰਣ, ਈ–ਨਾਮ, ਭੋਂ ਸਿਹਤ ਕਾਰਡ, ਯੂਰੀਆ ਦੀ ਉਪਲਬਧਤਾ, ਬਿਹਤਰ ਘੱਟੋ–ਘੱਟ ਸਮਰਥਨ ਮੁੱਲ (ਐੱਮਐੱਸਪੀ) ਇੱਕ ਅਜਿਹਾ ਸੁਰੱਖਿਆ ਤਾਣਾ–ਬਾਣਾ ਹੈ, ਜੋ ਕਿਸਾਨਾਂ ਦੁਆਲੇ ਬੁਣਿਆ ਗਿਆ ਹੈ। ਸਰਕਾਰ ਨੇ ਪਹਿਲਾਂ ਉਨ੍ਹਾਂ ਦੀਆਂ ਜ਼ਰੂਰਤਾਂ ਲਈ ਕੰਮ ਕੀਤਾ, ਹੁਣ ਇਹ ਉਨ੍ਹਾਂ ਦੀਆਂ ਇੱਛਾਵਾਂ ਦੀ ਪੂਰਤੀ ਲਈ ਕੰਮ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਇੱਛਾ ਪ੍ਰਗਟਾਈ ਕਿ ਜਵਾਹਰਲਾਲ ਨਹਿਰੂ ਯੂਨੀਵਰਸਿਟੀ ’ਚ ਸੁਆਮੀ ਜੀ ਦੀ ਪ੍ਰਤਿਮਾ ਹਰੇਕ ਨੂੰ ਪ੍ਰੇਰਿਤ ਕਰੇਗਾ ਤੇ ਹੌਸਲਾ ਦੇਵੇਗਾ, ਜੋ ਸੁਆਮੀ ਵਿਵੇਕਾਨੰਦ ਹਰੇਕ ਵਿਅਕਤੀ ਵਿੱਚ ਦੇਖਣਾ ਚਾਹੁੰਦੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪ੍ਰਤਿਮਾ ਦਯਾ–ਭਾਵ ਸਿਖਾਏਗੀ, ਜੋ ਕਿ ਸੁਆਮੀ ਜੀ ਦੇ ਦਰਸ਼ਨ–ਸ਼ਾਸਤਰ ਦਾ ਮੁੱਖ ਅਧਾਰ ਹੈ। ਉਨ੍ਹਾਂ ਇੱਛਾ ਪ੍ਰਗਟਾਈ ਕਿ ਇਹ ਪ੍ਰਤਿਮਾ ਸਾਨੂੰ ਰਾਸ਼ਟਰ ਪ੍ਰਤੀ ਅਥਾਹ ਸਮਰਪਣ ਸਿਖਾਏਗਾ, ਸਾਡੇ ਦੇਸ਼ ਲਈ ਤੀਖਣ ਪਿਆਰ ਕਰਨਾ ਸਿਖਾਏਗਾ, ਜੋ ਸੁਆਮੀ ਜੀ ਦੇ ਜੀਵਨ ਦਾ ਮੁੱਖ ਸੰਦੇਸ਼ ਹੈ। ਉਨ੍ਹਾਂ ਇੱਛਾ ਪ੍ਰਗਟਾਈ ਕਿ ਇਹ ਪ੍ਰਤਿਮਾ ਏਕਤਾ ਦੀ ਦੂਰ–ਦ੍ਰਿਸ਼ਟੀ ਲਈ ਰਾਸ਼ਟਰ ਨੂੰ ਪ੍ਰੇਰਿਤ ਕਰੇਗੀ ਅਤੇ ਨੌਜਵਾਨਾਂ ਦੀ ਅਗਵਾਈ ਹੇਠ ਵਿਕਾਸ ਦੀ ਦੂਰ–ਦ੍ਰਿਸ਼ਟੀ ਨਾਲ ਅੱਗੇ ਵਧੇਗਾ, ਸੁਆਮੀ ਜੀ ਇਹੋ ਆਸ ਰੱਖਦੇ ਸਨ। ਉਨ੍ਹਾਂ ਇੱਛਾ ਪ੍ਰਗਟਾਈ ਕਿ ਇਹ ਪ੍ਰਤਿਮਾ ਇੱਕ ਮਜ਼ਬੂਤ ਤੇ ਖ਼ੁਸ਼ਹਾਲ ਭਾਰਤ ਬਾਰੇ ਸੁਆਮੀ ਜੀ ਦਾ ਸੁਪਨਾ ਸਾਕਾਰ ਕਰਨ ਲਈ ਸਾਨੂੰ ਪ੍ਰੇਰਿਤ ਕਰਨਾ ਜਾਰੀ ਰੱਖੇਗੀ।
ਇਸ ਮੌਕੇ ਬੋਲਦਿਆਂ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਭਾਰਤੀ ਗਿਆਨ ਪ੍ਰਣਾਲੀ ਦੇ ਮਹਾਨ ਵਿਦਵਾਨ ਤੇ ਬ੍ਰਾਂਡ ਅੰਬੈਸਡਰ ਸੁਆਮੀ ਵਿਵੇਕਾਨੰਦ ਦੀ ਪ੍ਰਤਿਮਾ ਤੋਂ ਪਰਦਾ ਹਟਾਉਣਾ ਸਾਡੇ ਸਭਨਾਂ ਲਈ ਬਹੁਤ ਮਾਣ ਤੇ ਖ਼ੁਸ਼ੀ ਵਾਲੀ ਗੱਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪ੍ਰਤਿਮਾ ਸਾਡੀਆਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਸੁਆਮੀ ਜੀ ਦੀਆਂ ਕਦਰਾਂ–ਕੀਮਤਾਂ, ਦਰਸ਼ਨ ਤੇ ਦੇਸ਼ ਬਾਰੇ ਉਨ੍ਹਾਂ ਦੇ ਵਿਚਾਰ ਚੇਤੇ ਕਰਵਾਉਂਦੀ ਰਹੇਗੀ। ਮੰਤਰੀ ਨੇ ਅੱਗੇ ਕਿਹਾ ਕਿ ਸੁਆਮੀ ਵਿਵੇਕਾਨੰਦ ਨੇ ਨਾ ਸਿਰਫ਼ ਭਾਰਤੀ ਵੈਦਿਕ ਦਰਸ਼ਨ ਨੂੰ ਸਮੁੱਚੇ ਵਿਸ਼ਵ ਵਿੱਚ ਇੱਕ ਪਛਾਣ ਦਿਵਾਈ, ਬਲਕਿ ਸ਼ਿਕਾਗੋ ’ਚ ਉਨ੍ਹਾਂ ਦਾ ਪ੍ਰਸਿੱਧ ਭਾਸ਼ਣ ਅੱਜ ਵੀ ਵਿਸ਼ਵ–ਮੰਚ ਉੱਤੇ ਭਾਰਤ ਦੀ ਵਿਦਿਅਕ ਤੇ ਅਧਿਆਤਮਕ ਵਿਰਾਸਤ ਦੀ ਇੱਕ ਵਿਲੱਖਣ ਮਿਸਾਲ ਹੈ।
ਮੰਤਰੀ ਨੇ ਇਹ ਤੱਥ ਉਜਾਗਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਨੂੰ ਭਾਰਤ ਨੂੰ ‘ਗਿਆਨ ਦੀ ਵਿਸ਼ਵ ਸੁਪਰ–ਪਾਵਰ’ ਬਣਾਉਣ ਦੀ ਦੂਰ–ਦ੍ਰਿਸ਼ਟੀ ਅਤੇ ‘ਵਿਸ਼ਵ–ਪੱਧਰੀ ਨਾਗਰਿਕ’ ਸਿਰਜਣ ਲਈ ਇੱਕ ‘ਮਿਸ਼ਨ’ ਦਿੱਤੀ ਹੈ। ਸੁਆਮੀ ਵਿਵੇਕਾਨੰਦ ਤੋਂ ਪ੍ਰੇਰਣਾ ਲੈਂਦਿਆਂ ਅਤੇ ਪ੍ਰਧਾਨ ਮੰਤਰੀ ਦੀ ਦੂਰ–ਦ੍ਰਿਸ਼ਟੀ ਤੇ ਮਿਸ਼ਨ ਦੀ ਤਰਜ਼ ’ਤੇ ਸਾਡੀ ਨਵੀਂ ਸਿੱਖਿਆ ਨੀਤੀ ਵਿਸ਼ਵ–ਪੱਧਰੀ ਨਾਗਰਿਕ ਸਿਰਜਣ ਲਈ ਸਿਰਜਣਾਤਮਕਤਾ, ਖੋਜ, ਨਵਾਚਾਰ ਤੇ ਵਿਗਿਆਨਕ ਰੁਝਾਨ ਵਿਕਸਤ ਕਰੇਗੀ।
ਜਵਾਹਰਲਾਲ ਨਹਿਰੂ ਯੂਨੀਵਰਸਿਟੀ ਬਾਰੇ ਗੱਲ ਕਰਦਿਆਂ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਇਹ ਯੂਨੀਵਰਸਿਟੀ ਸਦਾ ਯੁਵਾ ਸ਼ਕਤੀ ਦਾ ਕੇਂਦਰ ਰਹੀ ਹੈ। ਮੰਤਰੀ ਨੇ ਇਸ ਗੱਲ ਉੱਤੇ ਖ਼ੁਸ਼ੀ ਜ਼ਾਹਿਰ ਕੀਤੀ ਕਿ ਪਿਛਲੇ ਪੰਜ ਸਾਲਾਂ ਦੌਰਾਨ ਯੂਨੀਵਰਸਿਟੀ ਨੇ ਖੋਜ ਸੱਭਿਆਚਾਰ ਨੂੰ ਉਤਸ਼ਾਹਿਤ ਕਰ ਕੇ ਐੱਨਆਈਆਰਐੱਫ ਰੈਂਕਿੰਗਸ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਸ਼੍ਰੀ ਪੋਖਰਿਯਾਲ ਨੇ ਸਮੁੱਚੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਪਰਿਵਾਰ ਨੂੰ ਇਨ੍ਹਾਂ ਸਾਰੇ ਸ਼ਲਾਘਾਯੋਗ ਤੇ ਨਵੀਨ ਕਦਮਾਂ ਲਈ ਮੁਬਾਰਕਬਾਦ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਹ ਦਿਨ ਦੂਰ ਨਹੀਂ, ਜਦੋਂ ਅਸੀਂ ਆਪਣੇ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਨੂੰ ‘ਵਿਸ਼ਵ ਗੁਰੂ’ ਵਜੋਂ ਮੁੜ–ਸਥਾਪਿਤ ਕਰਾਂਗੇ।
*****
ਐੱਮਸੀ/ਕੇਪੀ/ਏਕੇ
(Release ID: 1672471)
Visitor Counter : 117