ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਐੱਨਸੀਆਰਏ-ਟੀਆਈਐੱਫਆਰ (NCRA-TIFR), ਪੁਣੇ ਤੇ ਆਰਆਰਆਈ (RRI), ਬੰਗਲੌਰ ਦੇ ਖਗੋਲ ਸ਼ਾਸਤਰੀਆਂ ਨੇ 8–10 ਅਰਬ ਸਾਲ ਪਹਿਲਾਂ ਤਾਰਾ ਗਠਨ ਦੇ ਸਿਖ਼ਰ ਪਿੱਛੋਂ ਇਸ ਦੀ ਦਰ ਘਟਣ ਪਿਛਲੇ ਭੇਤ ਦੀ ਗੁੱਥੀ ਸੁਲਝਾਈ
ਪੱਤ੍ਰਿਕਾ ‘ਨੇਚਰ’ ਵਿੱਚ ਪ੍ਰਕਾਸ਼ਿਤ ਖੋਜ ਬ੍ਰਹਿਮੰਡ ਦੇ ਸਭ ਤੋਂ ਮੁਢਲੇ ਯੁਗ ਬਾਰੇ ਜਾਣਕਾਰੀ ਮਿਲਦੀ ਹੈ, ਜਿਸ ਲਈ ਆਕਾਸ਼–ਗੰਗਾਵਾਂ ਦੀ ਪ੍ਰਮਾਣੂ ਗੈਸ ਮਾਤਰਾ ਨੂੰ ਨਾਪਿਆ ਗਿਆ ਹੈ
प्रविष्टि तिथि:
23 OCT 2020 6:57PM by PIB Chandigarh
ਬਹੁਤ ਲੰਬੇ ਸਮੇਂ ਤੋਂ ਵਿਗਿਆਨੀਆਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਸੀ ਅਕਾਸ਼–ਗੰਗਾਵਾਂ ਵਿੱਚ ਤਾਰੇ 8–10 ਅਰਬ ਸਾਲ ਪਹਿਲਾਂ ਤਾਰਿਆਂ ਦੇ ਗਠਨ ਦੇ ਸਿਖ਼ਰ ਤੋਂ ਬਾਅਦ ਉਨ੍ਹਾਂ ਦੇ ਬਣਨ ਦੀ ਦਰ ਵਿੱਚ ਕਮੀ ਕਿਉਂ ਆ ਗਈ ਹੈ। ਹੁਣ ਉਨ੍ਹਾਂ ਨੇ ਤਾਰਾ ਗਠਨ ਗਤੀਵਿਧੀ ਵਿੱਚ ਕਮੀ ਪਿਛਲੇ ਭੇਤ ਦੀ ਗੁੱਥੀ ਆਕਾਸ਼–ਗੰਗਾਵਾਂ ਦੀ ਪ੍ਰਮਾਣੂ ਹਾਈਡ੍ਰੋਜਨ ਨੂੰ ਨਾਪ ਕੇ ਸੁਲਝਾ ਲਈ ਹੈ।
ਆਕਾਸ਼–ਗੰਗਾਵਾਂ ਜ਼ਿਆਦਾਤਰ ਗੈਸ ਤੇ ਤਾਰਿਆਂ ਨਾਲ ਬਣਦੀਆਂ ਹਨ। ਇਹ ਗੈਸ ਹੀ ਸਮੇਂ ਨਾਲ ਤਾਰਿਆਂ ਵਿੱਚ ਤਬਦੀਲ ਹੋ ਜਾਂਦੀ ਹੈ। ਇਸ ਤਬਾਦਲੇ ਨੂੰ ਸਮਝਣ ਲਈ ਮੁਢਲੇ ਸਮਿਆਂ ਵਿੱਚ ਆਕਾਸ਼–ਗੰਗਾਵਾਂ ਵਿੱਚ ਤਾਰਾ ਗਠਨ ਲਈ ਲੋੜੀਂਦੇ ਬੁਨਿਆਦੀ ਈਂਧਣ ਪ੍ਰਮਾਣੂ ਹਾਈਡ੍ਰੋਜਨ ਗੈਸ ਨੂੰ ਨਾਪਣ ਦੀ ਲੋੜ ਪੈਂਦੀ ਹੈ। ਖਗੋਲ ਸ਼ਾਸਤਰੀ ਪਿਛਲੇ ਲੰਬੇ ਸਮੇਂ ਤੋਂ ਜਾਣਦੇ ਹਨ ਕਿ ਆਕਾਸ਼–ਗੰਗਾਵਾਂ ਉੱਚ ਦਰ ਉੱਤੇ ਤਾਰਿਆਂ ਦਾ ਗਠਨ ਕਰਦੀਆਂ ਸਨ, ਜਦੋਂ ਬ੍ਰਹਿਮੰਡ ਅੱਜ ਦੇ ਮੁਕਾਬਲੇ ਹਾਲੇ ਜਵਾਨ ਸੀ। ਪਰ ਇਸ ਕਮੀ ਦਾ ਕਾਰਣ ਜ਼ਿਆਦਾਤਰ ਇਸ ਕਰਕੇ ਪਤਾ ਨਹੀਂ ਹੈ ਕਿਉਂਕਿ ਉਦੋਂ ਪ੍ਰਮਾਣੂ ਹਾਈਡ੍ਰੋਜਨ ਗੈਸ ਦੀ ਮਾਤਰਾ ਬਾਰੇ ਕੋਈ ਜਾਣਕਾਰੀ ਮੌਜੂਦ ਨਹੀਂ ਸੀ।
‘ਨੈਸ਼ਨਲ ਸੈਂਟਰ ਫ਼ਾਰ ਰੇਡੀਓ ਐਸਟ੍ਰੋਫ਼ਿਜ਼ਿਕਸ’ (NCRA-TIFR), ਪੁਣੇ ਅਤੇ ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ (DST) ਦੇ ਖ਼ੁਦਮੁਖਤਿਆਰ ਸੰਸਥਾਨ ਰਮਨ ਰਿਸਰਚ ਇੰਸਟੀਚਿਊਟ (RRI), ਬੰਗਲੌਰ ਦੇ ਖਗੋਲ–ਸ਼ਾਸਤਰੀਆਂ ਦੀ ਇੱਕ ਟੀਮ ਨੇ 8 ਅਰਬ ਸਾਲ ਪਹਿਲਾਂ ਪਾਈਆਂ ਜਾਣ ਵਾਲੀਆਂ ਆਕਾਸ਼–ਗੰਗਾਵਾਂ ਦੀ ਪ੍ਰਮਾਣੂ ਹਾਈਡ੍ਰੋਜਨ ਦੀ ਮਾਤਰਾ ਨੂੰ ਨਾਪਣ ਲਈ NCRA-TIFR ਵੱਲੋਂ ਸੰਚਾਲਤ ਅੱਪਗ੍ਰੇਡਡ ਜਾਇੰਟ ਮੀਟਰ ਵੇਵ ਰੇਡੀਓ ਟੈਲੀਸਕੋਪ (GMRT) ਦੀ ਵਰਤੋਂ ਕੀਤੀ ਹੈ। ਇਹ ਖੋਜ NCRA-TIFR ਦੇ ਆਦਿੱਤਿਆ ਚੌਧਰੀ, ਨਿਸਿਮ ਕਾਨੇਕਰ ਤੇ ਜਯਾਰਾਮ ਚੇਂਗਾਲੂਰ ਅਤੇ RRI ਦੇ ਸ਼ਿਵ ਸੇਠੀ ਤੇ ਕੇ.ਐੱਸ. ਦਵਾਰਕਾਨਾਥ ਵੱਲੋਂ ਕੀਤੀ ਗਈ ਹੈ, ਜੋ ਪੱਤ੍ਰਿਕਾ ‘ਨੇਚਰ’ ਵਿੱਚ ਪ੍ਰਕਾਸ਼ਿਤ ਹੈ ਤੇ ਇਸ ਵਿੱਚ ਬ੍ਰਹਿਮੰਡ ਦੇ ਸਭ ਤੋਂ ਮੁਢਲੇ ਯੁਗ ਦਾ ਵਰਨਣ ਹੈ, ਜਿਸ ਲਈ ਆਕਾਸ਼–ਗੰਗਾਵਾਂ ਦੀ ਪ੍ਰਮਾਣੂ ਗੈਸ ਮਾਤਰਾ ਨੂੰ ਨਾਪਿਆ ਗਿਆ ਹੈ।
ਇਸ ਖੋਜ ਨੂੰ ਭਾਰਤ ਦੇ ਪ੍ਰਮਾਣੂ ਊਰਜਾ ਵਿਭਾਗ ਅਤੇ ਭਾਰਤ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਵੱਲੋਂ ਵਿੱਤੀ ਸਹਾਇਤਾ ਦਿੱਤੀ ਗਈ ਸੀ।
NCRA-TIFT ਵਿੱਚ ਪੀ–ਐੱਚ.ਡੀ. ਦੇ ਵਿਦਿਆਰਥੀ ਅਤੇ ਇਸ ਅਧਿਐਨ ਦੇ ਮੁੱਖ ਲੇਖਕ ਆਦਿੱਤਿਆ ਚੌਧਰੀ ਨੇ ਦੱਸਿਆ,‘ਮੁਢਲੀਆਂ ਆਕਾਸ਼–ਗੰਗਾਵਾਂ ਵਿੱਚ ਤਾਰੇ ਦੇ ਤੀਖਣ ਗਠਨ ਤੋਂ ਬਾਅਦ ਉਨ੍ਹਾਂ ਦੀ ਪ੍ਰਮਾਣੂ ਗੈਸ ਤਾਂ ਇੱਕ ਜਾਂ ਦੋ ਅਰਬ ਸਾਲਾਂ ਅੰਦਰ ਹੀ ਖ਼ਤਮ ਹੋ ਜਾਂਦੀ ਹੈ। ਅਤੇ, ਜੇ ਆਕਾਸ਼–ਗੰਗਾਵਾਂ ਨੂੰ ਹੋਰ ਗੈਸ ਨਾ ਮਿਲੇ, ਤਾਂ ਉਨ੍ਹਾਂ ਦੀ ਤਾਰਾ ਗਠਨ ਦੀ ਗਤੀਵਿਧੀ ਵਿੱਚ ਕਮੀ ਆ ਜਾਂਦੀ ਹੈ ਅਤੇ ਅੰਤ ਵਿੱਚ ਉਹ ਸਮਰੱਥਾ ਖ਼ਤਮ ਹੋ ਜਾਂਦੀ ਹੈ।’ ਉਨ੍ਹਾਂ ਇਹ ਵੀ ਕਿਹਾ,‘ਤਾਰਾ ਗਠਨ ਗਤੀਵਿਧੀ ਵਿੱਚ ਦਰਜ ਕੀਤੀ ਗਈ ਕਮੀ ਨੂੰ ਇੰਝ ਪ੍ਰਮਾਣੂ ਹਾਈਡ੍ਰੋਜਨ ਦੇ ਖ਼ਤਮ ਹੋਣ ਦੁਆਰਾ ਵਿਸਥਾਰ ਨਾਲ ਸਮਝਾਇਆ ਜਾ ਸਕਦਾ ਹੈ।’
ਪ੍ਰਮਾਣੁ ਹਾਈਡ੍ਰੋਜਨ ਦੀ ਲੋੜੀਂਦੀ ਰੇਖਾ ਦੀ ਭਾਲ ਲਈ ਦੂਰ–ਦੁਰਾਡੇ ਸਥਿਤ ਅਕਾਸ਼–ਗੰਗਾਵਾਂ ਦੇ ਪ੍ਰਮਾਣੂ ਹਾਈਡ੍ਰੋਜਨ ਪੁੰਜ ਨੂੰ ਅੱਪਗ੍ਰੇਡਡ GMRT ਦੀ ਵਰਤੋਂ ਕਰਦਿਆਂ ਨਾਪਿਆ ਗਿਆ ਸੀ। ਇਸ ਅਧਿਐਨ ਦੇ ਸਹਿ–ਲੇਖਕ, RRI ਦੇ ਕੇ.ਐੱਸ. ਦਵਾਰਕਾਨਾਥ ਨੇ ਦੱਸਿਆ,‘ਅਸੀਂ 2016 ’ਚ GMRT ਦੇ ਅੱਪਗ੍ਰੇਡ ਤੋਂ ਪਹਿਲਾਂ ਇਸ ਦੀ ਵਰਤੋਂ ਅਜਿਹਾ ਹੀ ਇੱਕ ਅਧਿਐਨ ਕਰਨ ਲਈ ਕੀਤੀ ਸੀ। ਪਰ GMRT ਅੱਪਗ੍ਰੇਡ ਤੋਂ ਪਹਿਲਾਂ ਤੰਗ ਬੈਂਡਵਿਡਥ ਕਾਰਣ ਅਸੀਂ ਆਪਣੇ ਵਿਸ਼ਲੇਸ਼ਣ ਵਿੱਚ ਸਿਰਫ਼ 850 ਆਕਾਸ਼–ਗੰਗਾਵਾਂ ਹੀ ਕਵਰ ਕਰ ਸਕਦੇ ਸਾਂ ਤੇ ਇੰਝ ਸਿਗਨਲ ਦਾ ਪਤਾ ਲਾਉਣ ਲਈ ਸੂਖਮ ਨਹੀਂ ਸਾਂ।’
NCRA-TIFR ਦੇ ਜਯਾਰਾਮ ਚੇਂਗਾਲੂਰ ਨੇ ਦੱਸਿਆ,‘ਸਾਡੀ ਸੂਖਮਤਾ ਵਿੱਚ ਵੱਡਾ ਉਛਾਲ 2017 ’ਚ GMRT ਦੇ ਅੱਪਗ੍ਰੇਡ ਕਾਰਣ ਆਇਆ। ਨਵੇਂ ਵਾਈਡਬੈਂਡ ਰਿਸੀਵਰਾਂ ਤੇ ਇਲੈਕਟ੍ਰੌਨਿਕਸ ਨੇ ਕਮਜ਼ੋਰ ਔਸਤ 21 ਸੈਂਟੀਮੀਟਰ ਸਿਗਨਲ ਦਾ ਪਤਾ ਲਾਉਣ ਲਈ ਕਾਫ਼ੀ ਸੂਖਮਤਾ ਦਿੱਤੀ ਤੇ ਸਾਨੂੰ ਸਟੈਕਿੰਗ ਵਿਸ਼ਲੇਸ਼ਣ ਵਿੱਚ 10–ਗੁਣਾ ਵਧੇਰੇ ਆਕਾਸ਼–ਗੰਗਾਵਾਂ ਦਾ ਪਤਾ ਲਾਉਣ ਦੀ ਇਜਾਜ਼ਤ ਦਿੱਤੀ।’
1980ਵਿਆਂ ਤੇ 1990ਵਿਆਂ ਦੌਰਾਨ ਗੋਵਿੰਦ ਸਵਰੂਪ ਦੀ ਅਗਵਾਈ ਹੇਠਲੀ ਟੀਮ ਵੱਲੋਂ ਡਿਜ਼ਾਇਨ ਤੇ ਤਿਆਰ ਕੀਤੇ GMRT ਦਾ ਮੁੱਖ ਨਿਸ਼ਾਨਾ ਬ੍ਰਹਿਮੰਡ ਵਿੱਚ ਸਭ ਤੋਂ ਵੱਧ ਦੂਰ ਆਕਾਸ਼–ਗੰਗਾਵਾਂ ਦੇ 21 ਸੈਂਟੀਮੀਟਰ ਸਿਗਨਲ ਦਾ ਪਤਾ ਲਾਉਣਾ ਸੀ। ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਸਵਰਣ ਜਯੰਤੀ ਫ਼ੈਲੋ, ਇਸ ਅਧਿਐਨ ਦੇ ਸਹਿ–ਲੇਖਕ ਤੇ NCRA-TIfR ਦੇ ਨਿਸਿਮ ਕਾਣੇਕਰ ਨੇ ਕਿਹਾ,‘ਗੋਵਿੰਦ ਸਵਰੂਪ ਹੁਰਾਂ ਦੀ ਇਸ ਕੰਮ ਵਿੱਚ ਬਹੁਤ ਦਿਲਚਸਪੀ ਸੀ ਤੇ ਉਹ ਇਸ ਦਾ ਅਧਿਐਨ ਕਰ ਰਹੇ ਸਨ। ਦੁੱਖ ਦੀ ਗੱਲ ਹੈ ਕਿ ਇਸ ਦੇ ਪ੍ਰਕਾਸ਼ਿਤ ਹੋਣ ਤੋਂ ਥੋੜ੍ਹਾ ਹੀ ਸਮਾਂ ਪਹਿਲਾਂ ਉਹ ਚੱਲ ਵੱਸੇ। ਇਹ ਕੰਮ ਉਨ੍ਹਾਂ ਤੇ ਉਨ੍ਹਾਂ ਵੱਲੋਂ ਤਿਆਰ ਕੀਤੀ ਅਦਭੁੱਤ ਟੀਮ ਤੋਂ ਬਗ਼ੈਰ ਸੰਭਵ ਨਹੀਂ ਹੋਣਾ ਸੀ ਜਿਸ ਨੇ ਪਹਿਲਾਂ ਇਸ ਨੂੰ ਬਣਾਇਆ ਤੇ ਫਿਰ ਅੱਪਗ੍ਰੇਡ ਕੀਤਾ।’
GMRT ਅੱਪਗ੍ਰੇਡੇਸ਼ਨ ਦੀ ਤਕਨੀਕੀ ਵਿਆਖਿਆ
ਤਾਰੇ ਔਪਟੀਕਲ ਵੇਵਲੈਂਗਥ ਉੱਤੇ ਬਹੁਤ ਤੇਜ਼ ਰੌਸ਼ਨੀ ਬਾਹਰ ਕੱਢਦੇ ਹਨ ਪਰ ਇਸ ਦੇ ਉਲਟ ਪ੍ਰਮਾਣੂ ਹਾਈਡ੍ਰੋਜਨ ਸਿਗਨਲ ਰੇਡੀਓ ਵੈਵਲੈਂਗਥਸ ਵਿੱਚ 21 ਸੈਂਟੀਮੀਟਰ ਦੀ ਵੇਵਲੈਂਗਥ ਉੱਤੇ ਹੁੰਦਾ ਹੈ ਤੇ ਉਸ ਦਾ ਪਤਾ ਸਿਰਫ਼ ਰੇਡੀਓ ਟੈਲੀਸਕੋਪਸ ਨਾਲ ਹੀ ਲਾਇਆ ਜਾ ਸਕਦਾ ਹੈ। ਮੰਦੇਭਾਗੀਂ, ਇਹ 21 ਸੈਂਟੀਮੀਟਰ ਸਿਗਨਲ ਬਹੁਤ ਕਮਜ਼ੋਰ ਹੈ ਤੇ ਅੱਪਗ੍ਰੇਡਡ GMRT ਜਿਹੇ ਸ਼ਕਤੀਸ਼ਾਲੀ ਟੈਲੀਸਕੋਪ ਦੀ ਮਦਦ ਨਾਲ ਵੀ ਦੂਰ–ਦੁਰਾਡੇ ਸਥਿਤ ਵਿਅਕਤੀਗਤ ਆਕਾਸ਼–ਗੰਗਾਵਾਂ ਤੋਂ ਪਤਾ ਲਾਉਣਾ ਔਖਾ ਹੈ। ਇਸ ਸੀਮਾ ਉੱਤੇ ਕਾਬੂ ਪਾਉਣ ਲਈ, ਟੀਮ ਨੇ ਉਨ੍ਹਾਂ ਲਗਭਗ 8,000 ਆਕਾਸ਼–ਗੰਗਾਵਾਂ ਦੇ 21 ਸੈਂਟੀਮੀਟਰ ਸਿਗਨਲਾਂ ਨੂੰ ਜੋੜਣ ਹਿਤ ‘ਸਟੈਕਿੰਗ’ ਨਾਂਅ ਦੀ ਤਕਨੀਕ ਦੀ ਵਰਤੋਂ ਕੀਤੀ, ਜਿਨ੍ਹਾਂ ਦੀ ਸ਼ਨਾਖ਼ਤ ਔਪਟੀਕਲ ਟੈਲੀਸਕੋਪਸ ਨਾਲ ਪਹਿਲਾਂ ਕੀਤੀ ਗਈ ਸੀ।
ਕੈਪਸ਼ਨ: ਅੱਪਗ੍ਰੇਡਡ GMRT ਨਾਲ ਲੱਭੇ ਸਟੈਕਡ 21 ਸੈਂਟੀਮੀਟਰ ਸਿਗਨਲ ਦੀ ਤਸਵੀਰ, ਇਹ ਸਿਗਨਲ22 ਅਰਬ ਪ੍ਰਕਾਸ਼ ਵਰ੍ਹੇ ਦੂਰ ਸਥਿਤ ਆਕਾਸ਼–ਗੰਗਾਵਾਂ ਤੋਂ ਨਿੱਕਲਦਾ ਹੈ।


ਕੈਪਸ਼ਨ: ਅੱਪਗ੍ਰੇਡਡ GMRT ਨਾਲ ਲੱਭੇ ਸਟੈਕਡ 21 ਸੈਂਟੀਮੀਟਰ ਸਿਗਨਲ ਦਾ ਵਰਣ–ਕ੍ਰਮ, ਜੋ 22 ਅਰਬ ਪ੍ਰਕਾਸ਼ ਵਰ੍ਹੇ ਦੂਰ ਸਥਿਤ ਆਕਾਸ਼–ਗੰਗਾਵਾਂ ਦੀ ਪ੍ਰਮਾਣੂ ਹਾਈਡ੍ਰੋਜਨ ਗੈਸ ਤੋਂ ਨਿੱਕਲਦਾ ਹੈ। ਇਸ ਸਿਗਨਲ ਦੀ ਚੌੜਾਈ 8 ਅਰਬ ਸਾਲ ਪਹਿਲਾਂ ਦੀਆਂ ਆਕਾਸ਼–ਗੰਗਾਵਾਂ ਦੀ ਔਸਤ ਰੋਟੇਸ਼ਨ ਦਾ ਸੰਕੇਤ ਦਿੰਦੀ ਹੈ।

ਕੈਪਸ਼ਨ: ਰਾਤ ਨੂੰ ਇੱਕ GMRT ਐਨਟੀਨਾ। ਤਸਵੀਰ: ਰਾਕੇਸ਼ ਰਾਓ
[ਪ੍ਰਕਾਸ਼ਨ ਲਿੰਕ:
(https://www.nature.com/articles/s41586-020-2794-7)]
[ਹੋਰ ਵੇਰਵਿਆਂ ਲਈ ਸੰਪਰਕ ਕਰੋ: ਆਦਿੱਤਿਆ ਚੌਧਰੀ (chowdhury@ncra.tifr.res.in ; 97651 15719), ਨਿਸਿਮ ਕਾਣੇਕਰ (nkanekar@ncra.tifr.res.in; 99750 77018), ਜਯਾਰਾਮ ਚੇਂਗਾਲੂਰ (chengalu@ncra.tifr.res.in ; 94223 22923), ਕੇ.ਐੱਸ. ਦਵਾਰਕਾਨਾਥ (dwaraka@rri.res.in), ਸ਼ਿਵ ਸੇਠੀ (sethi@rri.res.in ; 94825 70297), Yashwant Gupta (ygupta@ncra.tifr.res.in) ; ਫ਼ੋਨ: 020-25719242, ਸੀ.ਐੱਚ. ਈਸ਼ਵਰ ਚੰਦਰ (ishwar@ncra.tifr.res.in ; 020 – 2571 9228), ਜੇ.ਕੇ. ਸੋਲੰਕੀ (solanki@ncra.tifr.res.in ; 020 2571 9223), ਅਨਿਲ ਰਾਉਤ: (anil@gmrt.ncra.tifr.res.in); ਮੋਬਾਇਲ: 8605525945.]
*****
ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)
(रिलीज़ आईडी: 1667184)
आगंतुक पटल : 215