ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਅਗ਼ਰਕਰ ਖੋਜ ਸੰਸਥਾਨ, ਪੁਣੇ ਦੇ ਵਿਗਿਆਨੀਆਂ ਨੇ ਮਹਾਰਾਸ਼ਟਰ ਤੇ ਕਰਨਾਟਕ ਦੇ ਪੱਛਮੀ ਘਾਟਾਂ ਤੋਂ ਪਾਈਪਵਰਟਸ ਪੌਦੇ ਦੀਆਂ ਦੋ ਨਵੀਂਆਂ ਪ੍ਰਜਾਤੀਆਂ ਦੀ ਕੀਤੀ ਖੋਜ

ਨਵੀਂਆਂ ਪ੍ਰਜਾਤੀਆਂ ਇੱਕ ਅਜਿਹੇ ਪੌਦਾ–ਸਮੂਹ ਨਾਲ ਸਬੰਧਤ ਹਨ ਜਿਨ੍ਹਾਂ ਦੀਆਂ ਕਈ ਔਸ਼ਧਾਤਮਕ ਵਿਸ਼ੇਸ਼ਤਾਵਾਂ ਹਨ

Posted On: 04 OCT 2020 6:15PM by PIB Chandigarh

ਵਿਸ਼ਵ ਦੇ 35 ਜੀਵ–ਵਿਗਿਆਨਕ ਹੌਟ–ਸਪੌਟਸ ਵਿੱਚੋਂ ਇੱਕ ਪੱਛਮੀ ਘਾਟਾਂ ਤੋਂ ਇੱਕ ਅਜਿਹੇ ਪੌਦਾ–ਸਮੂਹ ਦੀਆਂ ਦੋ ਨਵੀਂਆਂ ਪ੍ਰਜਾਤੀਆਂ ਦੀ ਖੋਜ ਕੀਤੀ ਗਈ ਹੈ, ਜਿਨ੍ਹਾਂ ਦੀਆਂ ਕਈ ਔਸ਼ਧਾਤਮਕ ਵਿਸ਼ੇਸ਼ਤਾਵਾਂ ਹਨ।

ਮੌਨਸੂਨ ਦੌਰਾਨ ਪਾਏ ਜਾਣ ਵਾਲੇ ‘ਪਾਈਪਵਰਟਸ’ (ਏਰੀਓਕੌਲੌਨ – Eriocaulon) ਨਾਂਅ ਦੇ ਇਸ ਪੌਦਾ–ਸਮੂਹ ਦਾ ਜੀਵਨ–ਕਾਲ ਬਹੁਤ ਛੋਟਾ ਜਿਹਾ ਹੁੰਦਾ ਹੈ ਅਤੇ ਇਹ ਪੱਛਮੀ ਘਾਟਾਂ ’ਚ ਵਿਭਿੰਨ ਕਿਸਮਾਂ ਵਿੱਚ ਪਾਇਆ ਜਾਂਦਾ ਹੈ, ਭਾਰਤ ਵਿੱਚ ਇਸ ਦੀਆਂ ਲਗਭਗ 111 ਪ੍ਰਜਾਤੀਆਂ ਹਨ।

ਇਨ੍ਹਾਂ ਵਿੱਚੋਂ ਬਹੁਤੀਆਂ ਪ੍ਰਜਾਤੀਆਂ ਪੱਛਮੀ ਘਾਟਾਂ ਤੇ ਪੂਰਬੀ ਹਿਮਾਲਾ ਪਰਬਤਾਂ ’ਤੇ ਪਾਈਆਂ ਜਾਂਦੀਆਂ ਹਨ ਅਤੇ ਲਗਭਗ 70% ਦੇਸ਼ ਵਿੱਚ ਹੀ ਪਾਈਆਂ ਜਾਂਦੀਆਂ ਹਨ। ਇੱਕ ਪ੍ਰਜਾਤੀ ‘ਏਰੀਓਕੌਲੌਨ ਸਿਨੇਰੀਅਮ’ (Eriocaulon Cinereum) ਕੈਂਸਰ–ਨਿਰੋਧਕ, ਦਰਦ–ਨਿਵਾਰਕ, ਸੋਜ਼ਿਸ਼ ਹਟਾਉਣ ਵਾਲੀ ਅਤੇ ਨਰਮ ਊਤਕਾਂ ਵਿੱਚ ਖਿਚਾਅ ਪੈਦਾ ਕਰਨ ਵਾਲੀ ਮੰਨੀ ਜਾਂਦੀ ਹੈ। ਇੰਝ ਹੀ ਈ. ਕੁਇਨਕੁਆਂਗਯੂਲੇਰ (E. Quinquangulare) ਦੀ ਵਰਤੋਂ ਜਿਗਰ ਦੇ ਰੋਗਾਂ ਵਿੱਚ ਕੀਤੀ ਜਾਂਦੀ ਹੈ। ਕੇਰਲ ’ਚ ਪਾਈ ਜਾਣ ਵਾਲੀ ਪ੍ਰਜਾਤੀਈ. ਮੈਡਾਈਪੇਰੇਂਸੇ (E. Madayiparense) ਬੈਕਟੀਰੀਆ ਦਾ ਖ਼ਾਤਮਾ ਕਰਦੀ ਹੈ।  ਨਵੀਂਆਂ ਖੋਜੀਆਂ ਗਈਆਂ ਪ੍ਰਜਾਤੀਆਂ ਦੀਆਂ ਔਸ਼ਧਾਤਮਕ ਵਿਸ਼ੇਸ਼ਤਾਵਾਂ ਦੀ ਖੋਜ ਹਾਲੇ ਕੀਤੀ ਜਾਣੀ ਹੈ।

ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਇੱਕ ਖ਼ੁਦਮੁਖਤਿਆਰ ਸੰਸਥਾਨ ‘ਅਗ਼ਰਕਰ ਖੋਜ ਸੰਸਥਾਨ’ (ARI) ਦੇ ਵਿਗਿਆਨੀਆਂ ਨੇ ਪਿੱਛੇ ਜਿਹੇ ਮਹਾਰਾਸ਼ਟਰ ਤੇ ਕਰਨਾਟਕ ’ਚ ਪਾਈਪਵਰਟਸ ਪੌਦੇ ਦੀਆਂ ਦੋ ਨਵੀਂਆਂ ਪ੍ਰਜਾਤੀਆਂ ਦੀ ਖੋਜ ਕੀਤੀ ਹੈ।

ਉਹ ਜਦੋਂ ਪੱਛਮੀ ਘਾਟਾਂ ਦੀ ਜੈਵਿਕ–ਵਿਭਿੰਨਤਾ ਦੀ ਖੋਜ ਕਰ ਰਹੇ ਸਨ, ਤਦ ਉਨ੍ਹਾਂ ਨੂੰ ਨਵੀਂਆਂ ਪ੍ਰਜਾਤੀਆਂ ਮਿਲੀਆਂ। ਉਹ ਜੈਨਸ ਏਰੀਓਕੌਲੌਨ (genus Eriocaulon) ਦਾ ਵਿਕਾਸਾਤਮਕ ਇਤਿਹਾਸ ਲੱਭਣਾ ਚਾਹੁੰਦੇ ਸਨ ਤੇ ਉਨ੍ਹਾਂ ਭਾਰਤ, ਖ਼ਾਸ ਕਰ ਕੇ ਪੱਛਮੀ ਘਾਟਾਂ ਤੋਂ ਇਸ ਪੌਦੇ ਦੀਆਂ ਵੱਧ ਤੋਂ ਵੱਧ ਪ੍ਰਜਾਤੀਆਂ ਇਕੱਠੀਆਂ ਕਰਨ ਦੇ ਵਿਆਪਕ ਜਤਨ ਕੀਤੇ।

ਇਸ ਅਧਿਐਨ ਦੇ ਮੋਹਰੀ ਲੇਖਕ ਡਾ. ਰਿਤੇਸ਼ ਕੁਮਾਰ ਚੌਧਰੀ ਨੇ ਦੱਸਿਆ,‘ਅਸੀਂ ਜਦੋਂ ਆਪਣੀ ਇਕੱਠੀ ਕੀਤੀ ਸਾਰੀ ਸਮੱਗਰੀ ਦਾ ਬਾਰੀਕੀ ਨਾਲ ਨਿਰੀਖਣ ਕਰ ਰਹੇ ਸਾਂ, ਤਾਂ ਪਹਿਲਾਂ ਤੋਂ ਗਿਆਤ ਇਸ ਪੌਦੇ ਦੀਆਂ ਪ੍ਰਜਾਤੀਆਂ ਦੀਆਂ ਕੁਝ ਵੱਖਰੀ ਕਿਸਮ ਦੀਆਂ ਵਿਸ਼ੇਸ਼ਤਾਵਾਂ ਸਾਹਮਣੇ ਆਈਆਂ। ਤਦ ਅਸੀਂ ਮੌਰਫ਼ੌਲੋਜੀ ਅਤੇ ਇਸ ਦੇ ਡੀਐੱਨਏ (DNA) ਦਾ ਅਧਿਐਨ ਕੀਤਾ।’

ਡਾ. ਚੌਧਰੀ ਨੇ ਦੱਸਿਆ,‘ਏਰੀਓਕੌਲੋਨ (Eriocaulon) ਨਾਲ ਸਬੰਧਤ ਪ੍ਰਜਾਤੀਆਂ ਦੀ ਸ਼ਨਾਖ਼ਤ ਬਹੁਤ ਔਖੀ ਹੈ ਕਿਉਂਕਿ ਉਹ ਸਾਰੀਆਂ ਵੇਖਣ ਨੂੰ ਇੱਕੋ ਜਿਹੀਆਂ ਜਾਪਦੀਆਂ ਹਨ, ਇਸੇ ਲਈ ਇਸ ਜੈਨਸ ਨੂੰ ਅਕਸਰ ‘ਟੈਕਸਨੋਮਿਸਟ ਦਾ ਭੈੜਾ ਸੁਫ਼ਨਾ’ ਕਿਹਾ ਜਾਂਦਾ ਹੈ।’ ਉਨ੍ਹਾਂ ਦਾ ਅਧਿਐਨ ‘ਫ਼ਾਈਟੋਟੈਕਸਾ’ ਅਤੇ ‘ਐਨੇਲੇਸ ਬੌਟਨਿਕੀ ਫ਼ੈਨਿਕੀ’ ਨਾਂਅ ਦੀਆਂ ਪੱਤ੍ਰਿਕਾਵਾਂ ਵਿੱਚ ਪ੍ਰਕਾਸ਼ਿਤ ਹੋਇਆ ਸੀ।

ARI.jpg

ਚਿੱਤਰ: ਏਰੀਓਕੌਲੌਨ ਪਾਰਵੀਸਿਫ਼ੇਲਮ ( Eriocaulon parvicephalum)

ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਤੋਂ ਮਿਲੀ ਇੱਕ ਨਵੀਂ ਪ੍ਰਜਾਤੀ ਦਾ ਨਾਂਅ ‘ਏਰੀਓਕੌਲੌਨ ਪਾਰਵੀਸਿਫ਼ੇਲਮ’ (Eriocaulon Parvicephalum) (ਖਿੜਨ ਤੋਂ ਬਾਅਦ ਵੀ ਇਸ ਦਾ ਆਕਾਰ ਬਹੁਤ ਛੋਟਾ ਹੋਣ ਕਾਰਣ) ਰੱਖਿਆ ਗਿਆ ਸੀ, ਅਤੇ ਦੂਜੀ ਪ੍ਰਜਾਤੀ ਕਰਨਾਟਕ ਦੇ ਕੁਮਟਾ ਤੋਂ ਮਿਲੀ ਸੀ ਤੇ ਉਸ ਦਾ ਨਾਂਅ ‘ਏਰੀਓਕੌਲੌਨ ਕਰਾਵਲੈਂਸੇ’ (Eriocaulon Karaavalense) (ਕਰਨਾਟਕ ਦੇ ਸਮੁੰਦਰੀ ਤਟ = ਕਰਾਵਲੀ ਦੇ ਨਾਂਅ ਉੱਤੇ) ਰੱਖਿਆ ਗਿਆ ਸੀ।

ARI1.jpg

ਚਿੱਤਰ: ਏਰੀਓਕੌਲੌਨ ਕਰਾਵਲੈਂਸੇ (Eriocaulon karaavalense)

 

ਡਾ. ਚੌਧਰੀ ਦੇ ਪੀ–ਐੱਚ.ਡੀ. ਖੋਜਾਰਥੀ ਅਸ਼ਵਨੀ ਦਰਸ਼ੇਟਕਰ ਨੇ ਦੱਸਿਆ,‘ਭਵਿੱਖ ਦੇ ਅਧਿਐਨ ਭਾਰਤ ਵਿੱਚ ਜੈਨਸ ਦੇ ਵਿਕਾਸਾਤਮਕ ਇਤਿਹਾਸ ਨੂੰ ਸਪੱਸ਼ਟ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਨਗੇ। ਸਾਰੀਆਂ ਭਾਰਤੀ ਪ੍ਰਜਾਤੀਆਂ ਵਿਚਾਲੇ ਫ਼ਾਈਲੋਜੀਨੈਟਿਕ ਸਬੰਧ ਦੀ ਨਿੱਠ ਕੇ ਖੋਜ ਕਰਨ ਤੋਂ ਬਾਅਦ ਹੀ ਭਾਰਤ ਵਿੱਚ ਲੁਪਤ ਹੋ ਰਹੀਆਂ ਪ੍ਰਜਾਤੀਆਂ ਨੂੰ ਸੰਭਾਲਣ ਵਿੱਚ ਤਰਜੀਹ ਦੇਣ ’ਚ ਮਦਦ ਮਿਲੇਗੀ। ਅਸੀਂ ਡੀਐੱਨਏ (DNA) ਬਾਰਕੋਡਜ਼ ਵਿਕਸਤ ਕਰਨ ਦਾ ਜਤਨ ਵੀ ਕਰ ਰਹੇ ਹਾਂ, ਜਿਸ ਨਾਲ ਸਾਨੂੰ ਪੱਤੇ ਦਾ ਸਿਰਫ਼ ਇੱਕ ਹਿੱਸਾ ਮਿਲਣ ਉੱਤੇ ਵੀ ਹਰੇਕ ਪ੍ਰਜਾਤੀ ਦੀ ਸ਼ਨਾਖ਼ਤ ਕਰਨ ਦੇ ਯੋਗ ਹੋਵਾਂਗੇ।’

 

[ਪ੍ਰਕਾਸ਼ਨ ਲਿੰਕਸ : https://doi.org/10.5735/085.056.0417

https://doi.org/10.11646/phytotaxa.303.3.3

ਹੋਰ ਵੇਰਵਿਆਂ ਲਈ, ਡਾ. ਰਿਤੇਸ਼ ਕੁਮਾਰ ਚੌਧਰੀ (rkchoudhary@aripune.org) ਨਾਲ ਸੰਪਰਕ ਕੀਤਾ ਜਾ ਸਕਦਾ ਹੈ]

 

*****

ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)



(Release ID: 1661644) Visitor Counter : 115