ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਸ਼੍ਰੀ ਥਾਵਰਚੰਦ ਗਹਿਲੋਤ ਨੇ ਅਨੁਸੂਚਿਤ ਜਾਤੀ ਦੇ ਲਈ ਵੈਂਚਰ ਕੈਪੀਟਲ ਫ਼ੰਡ ਦੇ ਤਹਿਤ ਅੰਬੇਡਕਰ ਸੋਸ਼ਲ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਮਿਸ਼ਨ (ਏਐੱਸਆਈਆਈਐੱਮ) ਨੂੰ ਵਰਚੁਅਲ ਮਾਧਿਅਮ ਨਾਲ ਈ–ਲਾਂਚ ਕੀਤਾ
ਏਐੱਸਆਈਆਈਐੱਮ ਅਗਲੇ 4 ਸਾਲਾਂ ’ਚ ਅਨੁਸੂਚਿਤ ਜਾਤੀ ਦੇ ਨੌਜਵਾਨਾਂ ਦੇ 1,000 ਸਟਾਰਟ–ਅੱਪਸ ਦੀ ਮਦਦ ਕਰੇਗਾ
Posted On:
30 SEP 2020 6:06PM by PIB Chandigarh
ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰੀ ਸ਼੍ਰੀ ਥਾਵਰਚੰਦ ਗਹਿਲੋਤ ਨੇ ਅੱਜ ਇੱਥੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਵੈਂਚਰ ਕੈਪੀਟਲ ਫ਼ੰਡ ਤਹਿਤ ‘ਅੰਬੇਡਕਰ ਸੋਸ਼ਲ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਮਿਸ਼ਨ’ (ਏਐੱਸਆਈਆਈਐੱਮ) ਦੀ ਸ਼ੁਰੂਆਤ ਕੀਤੀ, ਜਿਸ ਦਾ ਉਦੇਸ਼ ਉੱਚ ਵਿੱਦਿਅਕ ਸੰਸਥਾਨਾਂ ’ਚ ਪੜ੍ਹਦੇ ਅਨੁਸੂਚਿਤ ਜਾਤਾਂ ਨਾਲ ਸਬੰਧਿਤ ਵਿਦਿਆਰਥੀਆਂ ਦੇ ਇਨੋਵੇਸ਼ਨ ਅਤੇ ਉੱਦਮ ਨੂੰ ਉਤਸ਼ਾਹਿਤ ਕਰਨਾ ਹੈ। ਸਮਾਜਿਕ ਨਿਆਂ ਤੇ ਸਸ਼ਕਤੀਕਰਣ ਬਾਰੇ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ, ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਆਰ. ਸੁਬਰਾਮਨੀਅਮ; ਐੱਸ ਐਂਡ ਟੀ ਮੰਤਰੀ ਆਸ਼ੂਤੋਸ਼ ਸ਼ਰਮਾ; ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਆਰ.ਪੀ. ਮੀਨਾ; IFCI ਲਿਮਿਟਿਡ ਦੇ ਡਿਪਟੀ ਐੱਮਡੀ ਸ਼੍ਰੀ ਸੁਨੀਲ ਕੁਮਾਰ ਬਾਂਸਲ ਅਤੇ IFCI ਵੈਂਚਰ ਕੈਪੀਟਲ ਫ਼ੰਡਜ਼ ਲਿਮਿਟਿਡ ਦੇ ਐੱਮਡੀ ਸ਼੍ਰੀ ਸ਼ਿਵੇਂਦਰ ਤੋਮਰ ਵੀ ਮੌਜੂਦ ਸਨ।
ਇਸ ਮੌਕੇ ਬੋਲਦਿਆਂ ਸ਼੍ਰੀ ਗਹਿਲੋਤ ਨੇ ਕਿਹਾ ਕਿ ਸਮਾਜਿਕ ਨਿਆਂ ਮੰਤਰਾਲੇ ਨੇ ਅਨੁਸੂਚਿਤ ਜਾਤਾਂ/ਦਿੱਵਯਾਂਗ ਨੌਜਵਾਨਾਂ ਵਿਚਾਲੇ ਉੱਦਮਤਾ ਵਿਕਸਤ ਕਰਨ ਤੇ ਉਨ੍ਹਾਂ ਨੂੰ ‘ਰੋਜ਼ਗਾਰ–ਦਾਤੇ’ ਬਣਾਉਣ ਦੇ ਉਦੇਸ਼ ਨਾਲ ਸਾਲ 2014–15 ’ਚ ਅਨੁਸੂਚਿਤ ਜਾਤਾਂ ਲਈ ਵੈਂਚਰ ਕੈਪੀਟਲ ਫ਼ੰਡ (VCF-SC) ਦੀ ਸ਼ੁਰੂਆਤ ਕੀਤੀ ਸੀ। ਇਸ ਫ਼ੰਡ ਦਾ ਉਦੇਸ਼ ਅਨੁਸੂਚਿਤ ਜਾਤੀ ਦੇ ਉੱਦਮੀਆਂ ਦੀਆਂ ਇਕਾਈਆਂ ਨੂੰ ਰਿਆਇਤੀ ਦਰ ਉੱਤੇ ਫ਼ਾਈਨਾਂਸ ਮੁਹੱਈਆ ਕਰਵਾਉਣਾ ਹੈ। ਇਸ ਫ਼ੰਡ ਅਧੀਨ ਅਨੁਸੂਚਿਤ ਜਾਤੀ ਦੇ ਉੱਦਮੀਆਂ ਦੁਆਰਾ ਪ੍ਰੋਤਸਾਹਿਤ ਕੀਤੀਆਂ ਗਈਆਂ 117 ਕੰਪਨੀਆਂ ਨੂੰ ਵਪਾਰਕ ਉੱਦਮ ਸਥਾਪਿਤ ਕਰਨ ਲਈ ਵਿੱਤੀ ਸਹਾਇਤਾ ਪ੍ਰਵਾਨ ਕੀਤੀ ਗਈ ਹੈ। ‘ਅੰਬੇਡਕਰ ਸਮਾਜਿਕ ਇਨੋਵੇਸ਼ਨ ਇਨਕਿਊਬੇਸ਼ਨ ਮਿਸ਼ਨ’ (ਏਐੱਸਆਈਆਈਐੱਮ) ਪਹਿਲ ਅਧੀਨ ਅਗਲੇ 4 ਸਾਲਾਂ ਦੌਰਾਨ ਅਨੁਸੂਚਿਤ ਜਾਤਾਂ ਦੇ ਅਜਿਹੇ 1,000 ਨੌਜਵਾਨਾਂ ਦੀ ਸ਼ਨਾਖ਼ਤ ਕੀਤੀ ਜਾਵੇਗੀ, ਜਿਨ੍ਹਾਂ ਕੋਲ ਵਿਭਿੰਘਨ ਉੱਚ ਵਿੱਦਿਅਕ ਸੰਸਥਾਨਾਂ ਵਿੱਚ ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰਜ਼ (TBIs) ਜ਼ਰੀਏ ਸਟਾਰਟ–ਅੱਪ ਦੇ ਵਿਚਾਰ ਮੌਜੂਦ ਹਨ। ਉਨ੍ਹਾਂ ਨੂੰ 3 ਸਾਲਾਂ ਅੰਦਰ ਇਕੁਇਟੀ ਫ਼ੰਡਿੰਗ ਵਜੋਂ 30 ਲੱਖ ਰੁਪਏ ਦਿੱਤੇ ਜਾਣਗੇ। ਸਫ਼ਲ ਉੱਦਮੀ ਫਿਰ ਅੱਗੇ ‘ਅਨੁਸੂਚਿਤ ਜਾਤਾਂ ਲਈ ਵੈਂਚਰ ਕੈਪੀਟਲ ਫ਼ੰਡ’ ਤੋਂ 5 ਕਰੋੜ ਰੁਪਏ ਤੱਕ ਦੀ ਉੱਦਮ ਫ਼ੰਡਿੰਗ ਵਾਸਤੇ ਯੋਗ ਹੋਣਗੇ।
ਉਨ੍ਹਾਂ ਕਿਹਾ ਕਿ ਮੰਤਰਾਲੇ ਨੇ ਅਨੁਸੂਚਿਤ ਜਾਤਾਂ ਲਈ ਉੱਦਮ ਪੁੰਜੀ ਫ਼ੰਡ (VCFSC) ਦੀ ਸ਼ੁਰੂਆਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਉਦੇਸ਼ਾਂ ਵਿੱਚ ਇਹ ਸ਼ਾਮਲ ਹਨ: ਦਿੱਵਯਾਂਗਜਨਾਂ ਨੂੰ ਵਿਸ਼ੇਸ਼ ਤਰਜੀਹ ਨਾਲ ਅਨੁਸੂਚਿਤ ਜਾਤਾਂ ਦੇ ਨੌਜਵਾਨਾਂ ਵਿੱਚ ਉੱਦਮਤਾ ਨੂੰ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੁਆਰਾ ਸਥਾਪਿਤ ‘ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰਜ਼’ (TBIs) ਨਾਲ ਮਿਲ ਕੇ ਪ੍ਰੋਤਸਾਹਿਤ ਕਰਨਾ; 2024 ਤੱਕ (1,000) ਇਨੋਵੇਸ਼ਨ ਵਿਚਾਰਾਂ ਦੀ ਮਦਦ ਕਰਨਾ; ਸਟਾਰਟ–ਅੱਪ ਵਿਚਾਰਾਂ ਦੀ ਉਦੋਂ ਤੱਕ ਮਦਦ, ਪ੍ਰੋਤਸਾਹਿਤ, ਹੈਂਡ–ਹੋਲਡ ਕਰਨਾ ਜਦੋਂ ਤੱਕ ਕਿ ਉਨ੍ਹਾਂ ਨੂੰ ਉਦਾਰਵਾਦੀ ਇਕੁਇਟੀ ਸਹਾਇਤਾ ਮੁਹੱਈਆ ਕਰਵਾ ਕੇ ਉਹ ਵਪਾਰਕ ਪੜਾਅ ਉੱਤੇ ਨਹੀਂ ਪੁੱਜ ਜਾਂਦੇ; ਅਤੇ ਨਵੀਨ ਵਿਚਾਰਾਂ ਵਾਲੇ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਨਾ ਤਾਂ ਜੋ ਉਹ ਉੱਦਮਤਾ ਨੂੰ ਭਰੋਸੇ ਨਾਲ ਲਿਜਾਣ।
ਮੰਤਰੀ ਨੇ ਕਿਹਾ ਕਿ VCF-SC ਅਧੀਨ ਇਹ ਪਹਿਲ ਅਨਸੂਚਿਤ ਜਾਤਾਂ ਦੇ ਨੌਜਵਾਨਾਂ ਵਿੱਚ ਇਨੋਵੇਸ਼ਨ ਨੂੰ ਪ੍ਰੋਤਸਾਹਿਤ ਕਰੇਗੀ ਅਤੇ ਉਨ੍ਹਾਂ ਨੂੰ ਨੌਕਰੀਆਂ ਲੱਭਣ ਵਾਲਿਆਂ ਤੋਂ ਰੋਜ਼ਗਾਰ–ਦਾਤੇ ਬਣਨ ਵਿੱਚ ਮਦਦ ਕਰੇਗੀ; ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ‘ਸਟੈਂਡ ਅੱਪ ਇੰਡੀਆ’ ਪਹਿਲ ਨੂੰ ਹੁਲਾਰਾ ਦੇਵੇਗੀ।
ਸ਼੍ਰੀ ਰਤਨ ਲਾਲ ਕਟਾਰੀਆ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉੱਚ ਵਿੱਦਿਅਕ ਕੈਂਪਸਾਂ ਵਿੱਚ ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ ਵਿਚਾਲੇ ਇਨੋਵੇਸ਼ਨ ਤੇ ਉੱਦਮਤਾ ਨੂੰ ਪ੍ਰੋਤਸਾਹਿਤ ਕਰਨ ਲਈ ਕੁਝ ਨਵੀਨ ਕਿਸਮ ਦੇ ਵਿਚਾਰਾਂ ਦੀ ਸ਼ਨਾਖ਼ਤ ਕਰਨ ਅਤੇ ਅਜਿਹੇ ਨੌਜਵਾਨ ਉੱਦਮੀਆਂ ਉੱਤੇ ਧਿਆਨ ਕੇਂਦ੍ਰਿਤ ਕਰ ਕੇ ਉਨ੍ਹਾਂ ਦੀ ਮਦਦ ਕਰਨ ਦੀ ਲੋੜ ਹੈ ਜਿਹੜੇ ਵਿੱਦਿਅਕ ਕੈਂਪਸਾਂ ਜਾਂ ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰਜ਼ (TBIs) ਵਿੱਚ ਇਨੋਵੇਸ਼ਨ ਤੇ ਟੈਕਨੋਲੋਜੀ ਨਾਲ ਜੁੜੇ ਵਪਾਰਕ ਵਿਚਾਰਾਂ ਉੱਤੇ ਕੰਮ ਕਰ ਰਹੇ ਹਨ ਤਾਂ ਜੋ ਸਫ਼ਲ ਵਪਾਰਕ ਉੱਦਮ ਸਥਾਪਿਤ ਕਰਨ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ। ਅਜਿਹੀ ਕਾਰਵਾਈ ਨਾਲ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਨਾ ਸਿਰਫ਼ ਆਪਣੇ ਨਵੀਨ ਕਿਸਮ ਦੇ ਵਿਚਾਰਾਂ ਤੇ ਉੱਦਮਤਾ ਨੂੰ ਅੱਗੇ ਵਧਾਉਣ ਵਿੱਚ ਮਦਦ ਮਿਲੇਗੀ, ਸਗੋਂ ਸਰਕਾਰ ਦੇ ‘ਸਟੈਂਡ ਅੱਪ ਇੰਡੀਆ’ ਪ੍ਰੋਗਰਾਮ ਨੂੰ ਵੀ ਹੋਰ ਹੁਲਾਰਾ ਮਿਲੇਗਾ।
ਏਐੱਸਆਈਆਈਐੱਮ ਪਹਿਲ; 2016 ’ਚ 500 ਕਰੋੜ ਰੁਪਏ ਦੇ ਫ਼ੰਡ ਨਾਲ ਸਥਾਪਿਤ ਕੀਤੇ ਗਏ ‘ਅਨੁਸੂਚਿਤ ਜਾਤਾਂ ਲਈ ਵੈਂਚਰ ਕੈਪੀਟਲ ਫ਼ੰਡ’ ਦੁਆਰਾ ਲਾਗੂ ਕੀਤੀ ਜਾਵੇਗੀ। ਇਸ ਦੀ ਸ਼ੁਰੂਆਤ ਤੋਂ ਹੀ VCF-SC ਨੇ 118 ਕੰਪਨੀਆਂ ਨੂੰ 444.14 ਕਰੋੜ ਰੁਪਏ ਤੱਕ ਦੀ ਵਿੱਤੀ ਸਹਾਇਤਾ ਮਨਜ਼ੂਰ ਕੀਤੀ ਹੈ। ਨਵੀਨ ਕਿਸਮ ਦੇ ਉੱਦਮਤਾ ਸਟਾਰਟ–ਅੱਪਸ ਨੂੰ ਹੋਰ ਪ੍ਰੇਰਿਤ ਤੇ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰਾਲੇ ਨੇ ‘ਅਨੁਸੂਚਿਤ ਜਾਤਾਂ ਲਈ ਵੈਂਚਰ ਕੈਪੀਟਲ ਫ਼ੰਡ’ (VCF-SC) ਦੇ ਦਿਸ਼ਾ–ਨਿਰਦੇਸ਼ਾਂ ਵਿੱਚ ਸੋਧ ਕੀਤੀ ਹੈ, ਤਾਂ ਜੋ ਨਵੀਨ ਕਿਸਮ ਦੇ ਟੈਕਨੋਲੋਜੀ ਆਧਾਰਤ ਵਿਚਾਰਾਂ ਉੱਤੇ ਕੰਮ ਕਰ ਰਹੇ ਅਨੁਸੂਚਿਤ ਜਾਤਾਂ ਦੇ ਨੌਜਵਾਨ ਉੱਦਮੀਆਂ ਦੀਆਂ ਇਕਾਈਆਂ/ਕੰਪਨੀਆਂ ਨੂੰ ਇਕੁਇਟੀ ਮਦਦ ਮੁਹੱਈਆ ਕਰਵਾਉਣ ਲਈ ਧਿਆਨ ਕੇਂਦ੍ਰਿਤ ਕੀਤਾ ਜਾ ਸਕੇ।
ਇਸ ਪਹਿਲ ਅਧੀਨ VCF-SC; ਬਿਜ਼ਨਸ / ਮੈਨੇਜਮੈਂਟ ਸਕੂਲਾਂ ਸਮੇਤ ਉੱਚ–ਸਿੱਖਿਆ ਤੇ ਟੈਕਨੋਲੋਜੀ ਸੰਸਥਾਨਾਂ ਵਿੱਚ ਵਿਗਿਆਨ ਤੇ ਟੈਕਨੋਲੋਜੀ ਵਿਭਾਗ (DST) ਦੁਆਰਾ ‘ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰਜ਼’ (TBIs) ’ਚ ਕੰਮ ਕਰਦੇ ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ / ਨੌਜਵਾਨ ਉੱਦਮੀਆਂ ਦੀ ਮਦਦ ਕੀਤੀਜਾਵੇਗੀ। VCF-SC ਦੁਆਰਾ ਅਨੁਸੂਚਿਤ ਜਾਤੀ ਦੇ ਨੌਜਵਾਨ ਵਿਦਿਆਰਥੀਆਂ / ਉੱਦਮੀਆਂ ਦੀ ਹਰੇਕ ਇਕਾਈ ਨੂੰ ਤਿੰਨ (3) ਸਾਲਾਂ ਦੇ ਸਮੇਂ ਅੰਦਰ 30 ਲੱਖ ਰੁਪਏ ਤੱਕ ਦੀ ਇਕੁਇਟੀ ਮਦਦ ਮੁਹੱਈਆ ਕਰਵਾਉਣ ਤੋਂ ਇਲਾਵਾ ਹੱਥ–ਫੜਨ, ਦਿਸ਼ਾ–ਨਿਰਦੇਸ਼ ਦੇਣ, ਮਾਰਗ–ਦਰਸ਼ਨ ਕਰਨ ਦੀ ਸ਼ਕਲ ਵਿੱਚ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਏਐੱਸਆਈਆਈਐੱਮ ਦਾ ਅਗਲੇ ਚਾਰ ਸਾਲਾਂ ਦਾ ਬਜਟ 19,320 ਲੱਖ ਰੁਪਏ ਰੱਖਿਆ ਗਿਆ ਹੈ।
ਇਸ ਯੋਜਨਾ ਦੇ ਵੇਰਵੇ ਅੰਗਰੇਜ਼ੀ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ
ਇਸ ਯੋਜਨਾ ਦੇ ਵੇਰਵੇ ਹਿੰਦੀ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ
*****
ਐੱਨਬੀ/ਐੱਸਕੇ/ਜੇਕੇ
(Release ID: 1660473)
Visitor Counter : 243