ਬਿਜਲੀ ਮੰਤਰਾਲਾ
ਬਿਜਲੀ ਮੰਤਰੀ ਸ਼੍ਰੀ ਆਰਕੇ ਸਿੰਘ ਨੇ ਬਿਹਾਰ ਵਿੱਚ ਐੱਨਟੀਪੀਸੀ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ
ਪ੍ਰੋਜੈਕਟਾਂ ਵਿੱਚ ਚੌਰਈ, ਸਾਰਦੂਆ, ਬਦੂਰਾ ਅਤੇ ਭਾਦੁਰਪੁਰ ਵਿੱਚ ਕਮਿਊਨਿਟੀ ਸੈਂਟਰਾਂ, ਕੋਰੀ, ਬਸੌਰੀ, ਮਦਨਪੁਰ ਅਤੇ ਨਰੌਨੀ ਵਿੱਚ ਚਟ ਘਾਟਾਂ; ਭਟੌਲੀ ਅਤੇ ਨਵਾਦਾ ਬੇਨ ਵਿੱਚ ਹੈਲਥਕੇਅਰ ਸੈਂਟਰਾਂ ਦਾ ਨਿਰਮਾਣ ਅਤੇ ਸਾਰੀਪੁਰ, ਤ੍ਰਿਕੌਲ, ਪਾਂਡੇਪੁਰ, ਮੋਹਨਪੁਰ ਤੋਲਾ, ਮਸਾਦ, ਕਲਿਆਣਪੁਰ ਤੇ ਇਚਰੀ ਵਿੱਚ ਆਰ.ਓ. ਪਲਾਂਟਾਂ ਦੀ ਸਥਾਪਨਾ ਸ਼ਾਮਲ ਹਨ
ਐੱਨਟੀਪੀਸੀ ਇੱਕ ਆਈਟੀਆਈ ਦਾ ਵਿਕਾਸ ਅਤੇ ਏਮਸ (AIIMS), ਬਿਹਾਰ ਵਿੱਚ ਵਾਰਡ ਦਾ ਨਿਰਮਾਣ ਕਰ ਰਿਹਾ ਹੈ, ਜਿਸ ਨਾਲ ਬਿਹਾਰ ਦੀ ਜਨਤਾ ਨੂੰ ਬਹੁਤ ਜ਼ਿਆਦਾ ਲਾਭ ਹੋਵੇਗਾ: ਸ਼੍ਰੀ ਆਰ.ਕੇ. ਸਿੰਘ
Posted On:
18 SEP 2020 6:35PM by PIB Chandigarh
ਭਾਰਤ ਸਰਕਾਰ ਦੇ ਕੇਂਦਰੀ ਬਿਜਲੀ, ਨਵੀਂ ਤੇ ਅਢੁੱਟ ਊਰਜਾ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਹੁਨਰ ਵਿਕਾਸ ਤੇ ਉੱਦਮਤਾ ਬਾਰੇ ਰਾਜ ਮੰਤਰੀ ਸ਼੍ਰੀ ਆਰ.ਕੇ. ਸਿੰਘ ਨੇ ਬਿਹਾਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਤੇ ਸੁਵਿਧਾਵਾਂ ਦਾ ਉਦਘਾਟਨ ਕੀਤਾ। ਇੱਕ ਜ਼ਿੰਮੇਵਾਰ ਕਾਰਪੋਰੇਟ ਵਜੋਂ ਦੇਸ਼ ਦਾ ਸਭ ਤੋਂ ਵੱਡਾ ਬਿਜਲੀ ਉਤਪਾਦਕ ਐੱਨਟੀਪੀਸੀ ਬਿਹਾਰ ਦੀ ਜਨਤਾ ਦੇ ਲਾਭ ਲਈ ਇੱਕ ਬੁਨਿਆਦੀ ਢਾਂਚੇ ਦੀ ਸਿਰਜਣਾ ਕਰ ਕੇ ਆਪਣੀ ਕਾਰਪੋਰੇਟ ਸਮਾਜਕ ਜ਼ਿੰਮੇਵਾਰੀ ਨਿਭਾ ਰਿਹਾ ਹੈ।
ਇਸ ਮੌਕੇ ਬੋਲਦਿਆਂ ਸ਼੍ਰੀ ਸਿੰਘ ਨੇ ਬਿਹਾਰ ਰਾਜ ਦੇ ਪ੍ਰਗਤੀ–ਪੱਥ ਵਿੱਚ ਯੋਗਦਾਨ ਲਈ ਐੱਨਟੀਪੀਸੀ, ਆਰਈਸੀ ਅਤੇ ਬਿਜਲੀ ਗ੍ਰਿੱਡ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ‘ਇਹ ਕੰਪਨੀਆਂ ਜੋ ਵਿਸ਼ਵ ਦੇ ਸਭ ਤੋਂ ਵੱਡੀਆਂ ਕੰਪਨੀਆਂ ਵਿੱਚ ਸ਼ਾਮਲ ਹਨ, ਬਿਜਲੀ ਮੰਤਰਾਲੇ ਨਾਲ ਸਬੰਧਤ ਹਨ ਅਤੇ ਸਭ ਤੋਂ ਵੱਧ ਪੇਸ਼ੇਵਰਾਨਾ ਤੇ ਕਾਰਜਕੁਸ਼ਲ ਸੰਗਠਨਾਂ ਵਿੱਚੋਂ ਇੱਕ ਹਨ। ਜਨਤਕ ਖੇਤਰ ਦੀਆਂ ਇਹ ਬਿਜਲੀ ਕੰਪਨੀਆਂ ਆਪਣੀਆਂ ਬੇਮਿਸਾਲ ਕਾਰਗੁਜ਼ਾਰੀਆਂ ਲਈ ਪ੍ਰਸਿੱਧ ਹਨ ਤੇ ਦੇਸ਼ ਭਰ9 ਦੇ ਪਿੰਡਾਂ ਤੱਕ ਸਮੇਤ ਸਮਾਜਕ ਵਿਕਾਸ ਲਈ ਕੰਮ ਕਰਨ ਉੱਤੇ ਵੀ ਧਿਆਨ ਕੇਂਦ੍ਰਿਤ ਕਰਦੀਆਂ ਹਨ। ਇਨ੍ਹਾਂ ਕੰਪਨੀਆਂ ਨੇ ਮਹਾਮਾਰੀ ਦੌਰਾਨ ਵਿਆਪਕ ਯੋਗਦਾਨ ਪਾਇਆ ਹੈ ਤੇ ਆਪਣੇ ਕਾਮਿਆਂ ਦਾ ਪੂਰਾ ਖ਼ਿਆਲ ਰੱਖਿਆ ਹੈ। ਇਸ ਦੇ ਨਾਲ ਹੀ, ਐੱਨਟੀਪੀਸੀ ਇੱਕ ਆਈਟੀਆਈ ਵਿਕਸਤ ਕਰ ਰਿਹਾ ਹੈ ਤੇ ਏਮਸ, ਬਿਹਾਰ ਵਿੱਚ ਇੱਕ ਵਾਰਡ ਦਾ ਨਿਰਮਾਣ ਕਰ ਰਿਹਾ ਹੈ, ਜਿਨ੍ਹਾਂ ਨਾਲ ਬਿਹਾਰ ਦੀ ਜਨਤਾ ਨੂੰ ਬਹੁਤ ਲਾਭ ਪੁੱਜੇਗਾ। ਐੱਨਟੀਪੀਸੀ ਨੇ ਰਾਜ ਵਿੱਚ 6150 ਮੈਗਾਵਾਟ ਦੀ ਸਥਾਪਿਤ ਸਮਰੱਥਾ ਨਾਲ ਬਿਹਾਰ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ 38,00 ਮੈਗਾਵਾਟ ਸਮਰੱਥਾ ਹਾਲੇ ਪਾਈਪਲਾਈਨ ਵਿੱਚ ਹੈ।’
ਉਨ੍ਹਾਂ ਇਹ ਵੀ ਕਿਹਾ,‘ਜਨਤਕ ਖੇਤਰ ਦੀਆਂ ਬਿਜਲੀ ਇਕਾਈਆਂ ਨੇ ਭਾਰਤ ਦੇ ਚਾਰੇ ਕੋਣਿਆਂ ਨੂੰ ਆਪਸ ਵਿੱਚ ਜੋੜਿਆ ਹੈ। ਜਨਤਕ ਖੇਤਰ ਦੀਆਂ ਬਿਜਲੀ ਇਕਾਈਆਂ ਦੇ ਉੱਦਮਾਂ ਦੇ ਜਤਨ ਨੇ ਭਾਰਤ ਨੂੰ ਬਿਜਲੀ ਦੀ ਬਹੁਲਤਾ ਵਾਲਾ ਰਾਸ਼ਟਰ ਬਣਾਇਆ ਹੈ ਤੇ ਪਿਛਲੇ ਪੰਜ ਸਾਲਾਂ ਦੌਰਾਨ 1.25 ਲੱਖ ਮੈਗਾਵਾਟ ਬਿਜਲੀ ਸਮਰੱਥਾ ਜੋੜੀ ਜਾ ਰਹੀ ਹੈ। ਸਾਡੇ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ, ਅਸੀਂ ਬਿਜਲੀ ਖੇਤਰ ਵਿੱਚ ਇਨਕਲਾਬ ਲਿਆਂਦਾ ਹੈ ਅਤੇ ਹਰੇਕ ਭਾਰਤੀ ਪਰਿਵਾਰ ਲਈ ਬਿਜਲੀ ਉਪਲਬਧਤਾ ਦੇ ਟੀਚੇ ਵੱਲ ਵਧ ਰਿਹਾ ਹੈ।’
ਉਦਘਾਟਨ ਸਮਾਰੋਹ ਦੌਰਾਨ ਬੋਲਦਿਆਂ ਸ਼੍ਰੀ ਅਸਿਤ ਕੁਮਾਰ ਮੁਖਰਜੀ, RED (ER1), ਐੱਨਟੀਪੀਸੀ ਨੇ ਕਿਹਾ ‘ਅਸੀਂ ਆਪਣੀਆਂ ਸਮਾਜਕ ਜ਼ਿੰਮੇਵਾਰੀਆਂ ਲਈ ਪ੍ਰਤੀਬੱਧ ਹਾਂ ਅਤੇ ਅਸੀਂ ਬਿਹਾਰ ਦੀ ਜਨਤਾ ਪ੍ਰਤੀ ਆਪਣੀ ਪ੍ਰਤੀਬੱਧਤਾ ਪੂਰੀ ਕਰਨ ਲਈ ਜਤਨ ਕਰ ਰਹੇ ਹਾਂ। ਰਾਜ ਵਿੱਚ ਛੇ ਪ੍ਰੋਜੈਕਟਾਂ ਨਾਲ, ਅਸੀਂ ਰਾਜ ਦੀ ਬਿਜਲੀ ਆਵਸ਼ਕਤਾ ਵਿੱਚ ਯੋਗਦਾਨ ਪਾ ਕੇ ਡਾਢੇ ਖ਼ੁਸ਼ ਹਾਂ। ਅਸੀਂ ਬਿਹਾਰ ਵਿੱਚ ਹਰੇਕ ਨਾਗਰਿਕ ਦਾ ਚਿਹਰਾ ਰੌਸ਼ਨ ਕਰਨ ਲਈ ਨਿਰੰਤਰ ਕੰਮ ਕਰ ਰਹੇ ਹਾਂ।’
ਇਨ੍ਹਾਂ ਪ੍ਰੋਜੈਕਟਾਂ ਦਾ ਜਨਤਾ ਨੂੰ ਲਾਭ ਹੋਵੇਗਾ; ਜਿਸ ਦੌਰਾਨ ਉਨ੍ਹਾਂ ਨੂੰ ਪਰਿਵਾਰ ਤੇ ਤਿਉਹਾਰਾਂ ਤੇ ਸਮਾਜਕ ਮੌਕਿਆਂ ਜਿਹੇ ਭਾਈਚਾਰਕ ਸਮਾਰੋਹਾਂ ਲਈ ਬਣਾਏ ਬੁਨਿਆਦੀ ਢਾਂਚੇ ਤੱਕ ਪਹੁੰਚ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਨਾਲ ਹੀ, ਪੀਣ ਵਾਲਾ ਸਾਫ਼ ਪਾਣੀ ਅਤੇ ਸੰਦੇਸ਼ ਤੇ ਏਜੀਓਨ ਖੇਤਰ ਦੇ ਵਿਭਿੰਨ ਸਥਾਨਾਂ ਉੱਤੇ ਮਜ਼ਬੂਤ ਮੈਡੀਕਲ ਸਹਾਇਤਾ ਅਸਾਨੀ ਨਾਲ ਉਪਲਬਧ ਹੋਣਗੇ।
ਇਨ੍ਹਾਂ ਪ੍ਰੋਜੈਕਟਾਂ ਵਿੱਚ ਚੌਰਈ, ਸਾਰਦੂਆ, ਬਦੂਰਾ, ਅਤੇ ਭਾਦੁਰਪੁਰ ਵਿੱਚ ਕਮਿਊਨਿਟੀ ਸੈਂਟਰਾਂ; ਕੋਰੀ, ਬਸੌਰੀ, ਮਦਨਪੁਰ ਤੇ ਨਰੌਨੀ ਵਿੱਚ ਚੱਟ ਘਾਟਾਂ; ਭਟੌਲੀ ਤੇ ਨਵਾਦਾ ਬੇਨ ਵਿੱਚ ਹੈਲਥਕੇਅਰ ਸੈਂਟਰਾਂ ਦਾ ਨਿਰਮਾਣ ਅਤੇ ਸਾਰੀਪੁਰ, ਤ੍ਰਿਕੌਲ, ਪਾਂਡੇਪੁਰ, ਮੋਹਨਪੁਰ ਤੋਲਾ, ਮਸਾਦ, ਕਲਿਆਣਪੁਰ ਤੇ ਇਚਰੀ ਵਿਖੇ ਆਰ.ਓ. ਪਲਾਂਟਾਂ ਦੀ ਸਥਾਪਨਾ ਸ਼ਾਮਲ ਹੈ।
ਉਦਘਾਟਨ ਦੀ ਇਸ ਰਸਮ ਵਿੱਚ ਏਜੀਓਨ ਅਤੇ ਸੰਦੇਸ਼ ਚੋਣ ਹਲਕਿਆਂ ਦੇ ਸਥਾਨਕ ਪ੍ਰਤੀਨਿਧੀਆਂ, ਬਿਜਲੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ–ਨਾਲ ਬਿਜਲੀ ਮੰਤਰਾਲੇ ਅਧੀਨ ਆਉਂਦੇ ਜਨਤਕ ਖੇਤਰ ਦੇ ਵਿਭਿੰਨ ਅਦਾਰਿਆਂ ਦੇ ਸੀਨੀਅਰ ਅਧਿਕਾਰੀਆਂ ਤੇ ਐੱਨਟੀਪੀਸੀ ਦੇ ਅਧਿਕਾਰੀਆਂ ਨੇ ਭਾਗ ਲਿਆ।
NTPC ਦੀ ਕੁੱਲ ਸਥਾਪਿਤ ਸਮਰੱਥਾ 62910 ਮੈਗਾਵਾਟ ਸਮਰੱਥਾ ਵਿੱਚੋਂ ਬਿਹਾਰ ਵਿੱਚ ਇਸ ਵੇਲੇ 6150 ਮੈਗਾਵਾਟ ਸਮਰੱਥਾ ਸਥਾਪਿਤ ਹੈ। ਇਸ ਤੋਂ ਇਲਾਵਾ 3800 ਮੈਗਾਵਾਟ ਸਮਰੱਥਾ ਪਾਈਪਲਾਈਨ ਵਿੱਚ ਹੈ।
ਕੁੱਲ ਸਥਾਪਿਤ 62.9 ਗੀਗਾਵਾਟ ਸਮਰੱਥਾ ਨਾਲ NTPC ਗਰੁੱਪ ਦੇ 70 ਬਿਜਲੀ ਸਟੇਸ਼ਨ ਹਨ, ਜਿਨ੍ਹਾਂ ਵਿੱਚੋਂ 24 ਕੋਲੇ ਨਾਲ ਚਲਦੇ ਹਨ, 8 ਸੰਯੁਕਤ ਚੱਕਰ ਗੈਸ/ਤਰਲ ਈਂਧਨ, 1 ਪਣ, 13 ਅਖੁੱਟ ਊਰਜਾ ਨਾਲ ਚਲਦੇ ਹਨ ਅਤੇ ਇਨ੍ਹਾਂ ਦੇ ਨਾਲ 25 ਸਹਾਇਕ ਤੇ ਜੇਵੀ ਪਾਵਰ ਸਟੇਸ਼ਨਸ ਹਨ। ਇਸ ਗਰੁੱਪ ਦੀ 20 ਗੀਗਾਵਾਟ ਸਮਰੱਥਾ ਨਿਰਮਾਣ ਅਧੀਨ ਹੈ, ਜਿਸ ਵਿੱਚੋਂ 5 ਗੀਗਾਵਾਟ ਅਖੁੱਟ ਊਰਜਾ ਸ਼ਾਮਲ ਹੈ।
*****
ਆਰਸੀਜੇ/ਐੱਮ
(Release ID: 1656517)
Visitor Counter : 104