ਰੇਲ ਮੰਤਰਾਲਾ

ਪ੍ਰਧਾਨ ਮੰਤਰੀ ਰਾਸ਼ਟਰ ਨੂੰ ਇਤਿਹਾਸਿਕ ਕੋਸੀ ਰੇਲ ਮੈਗਾ ਪੁਲ਼ ਰਾਸ਼ਟਰ ਨੂੰ ਸਮਰਪਿਤ ਕਰਨਗੇ, ਬਿਹਾਰ ’ਚ ਯਾਤਰੀਆਂ ਦੇ ਲਾਭ ਲਈ ਨਵੀਆਂ ਰੇਲ ਲਾਈਨਾਂ ਤੇ ਬਿਜਲੀਕਰਣ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ

ਇਹ ਪ੍ਰੋਜੈਕਟ ਇਸ ਖੇਤਰ ਵਿੱਚ ਰੇਲ ਕਨੈਕਟੀਵਿਟੀ ਵਿੱਚ ਵਾਧਾ ਕਰਨਗੇ

Posted On: 17 SEP 2020 9:11PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 18 ਸਤੰਬਰ, 2020 ਨੂੰ ਦੁਪਹਿਰ 12 ਵਜੇ ਵੀਡੀਓ ਕਾਨਫ਼ਰੰਸ ਜ਼ਰੀਏ ਇਤਿਹਾਸਿਕ ਕੋਸੀ ਰੇਲ ਮੈਗਾ ਪੁਲ਼ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਬਿਹਾਰ ਦੇ ਰਾਜਪਾਲ ਸ਼੍ਰੀ ਫਾਗੂ ਚੌਹਾਨ, ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨੀਤੀਸ਼ ਕੁਮਾਰ, ਕੇਂਦਰੀ ਮੰਤਰੀ ਰੇਲ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਕਾਨੂੰਨ ਤੇ ਨਿਆਂ, ਸੰਚਾਰ, ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ, ਪਸ਼ੂਪਾਲਣ, ਡੇਅਰੀ ਅਤੇ ਮੱਛੀਪਾਲਣ ਦੇ ਮਾਣਯੋਗ ਮੰਤਰੀ ਸ਼੍ਰੀ ਗਿਰੀਰਾਜ ਸਿੰਘ, ਗ੍ਰਹਿ ਮਾਮਲਿਆਂ ਦੇ ਮਾਣਯੋਗ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਇ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਸ਼੍ਰੀ ਸੁਸ਼ੀਲ ਮੋਦੀ ਵੀ ਇਸ ਮੌਕੇ ਮੌਜੂਦ ਰਹਿਣਗੇ।

ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਬਿਹਾਰ ਰਾਜ ਦੇ ਲਾਭ ਲਈ ਯਾਤਰੀਆਂ ਦੀਆਂ ਸੁਵਿਧਾਵਾਂ ਨਾਲ ਸਬੰਧਿਤ 12 ਰੇਲ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ।  ਇਨ੍ਹਾਂ ਵਿੱਚ ਕਿਉਲ ਦਰਿਆ 'ਤੇ ਨਵਾਂ ਰੇਲਵੇ ਪੁਲ਼, ਦੋ ਨਵੀਆਂ ਰੇਲਵੇ ਲਾਈਨਾਂ, 5 ਬਿਜਲੀਕਰਨ ਪ੍ਰੋਜੈਕਟ, ਇੱਕ ਇਲੈਕਟ੍ਰਿਕ ਲੋਕੋਮੋਟਿਵ ਸ਼ੈੱਡ ਅਤੇ ਬਾੜ੍ਹ-ਬਖਤਿਯਾਰਪੁਰ ਵਿਚਾਲੇ ਤੀਸਰਾ ਲਾਈਨ ਪ੍ਰੋਜੈਕਟ ਸ਼ਾਮਲ ਹਨ।

ਕੋਸੀ ਰੇਲ ਮਹਾਸੇਤੂ ਦਾ ਸਮਰਪਣ ਬਿਹਾਰ ਦੇ ਇਤਿਹਾਸ ਅਤੇ ਸਮੁੱਚੇ ਖੇਤਰ ਨੂੰ ਉੱਤਰ ਪੂਰਬ ਨਾਲ ਜੋੜਨ ਵਾਲਾ ਇਤਿਹਾਸਿਕ ਪਲ ਹੈ। ਸੰਨ 1887 ਵਿੱਚ, ਨਿਰਮਲੀ ਅਤੇ ਭਪਤਿਆਹੀ (ਸਰਾਏਗੜ੍ਹ) ਦੇ ਵਿਚਕਾਰ ਇੱਕ ਮੀਟਰ ਗੇਜ ਲਿੰਕ ਬਣਾਇਆ ਗਿਆ ਸੀ। ਸੰਨ 1934 ਵਿੱਚ ਆਏ ਭਾਰੀ ਹੜ੍ਹ ਅਤੇ ਗੰਭੀਰ ਇੰਡੋ ਨੇਪਾਲ ਭੂਚਾਲ ਦੇ ਦੌਰਾਨ, ਰੇਲ ਲਿੰਕ ਨਸ਼ਟ ਹੋ ਗਿਆ ਸੀ ਅਤੇ ਇਸ ਤੋਂ ਬਾਅਦ ਕੋਸੀ ਨਦੀ ਦੇ ਘੁਮਾਅਦਾਰ ਪ੍ਰਕਿਰਤੀ ਕਾਰਨ ਲੰਬੇ ਅਰਸੇ ਤੋਂ ਇਸ ਰੇਲ ਲਿੰਕ ਨੂੰ ਬਹਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ।

ਕੋਸੀ ਮੈਗਾ ਬ੍ਰਿਜ ਲਾਈਨ ਪ੍ਰੋਜੈਕਟ ਨੂੰ 2003-04 ਦੇ ਦੌਰਾਨ ਭਾਰਤ ਸਰਕਾਰ ਦੁਆਰਾ ਪ੍ਰਵਾਨ ਕੀਤਾ ਗਿਆ ਸੀ।  ਕੋਸੀ ਰੇਲ ਮਹਾਸੇਤੂ 1.9 ਕਿਲੋਮੀਟਰ ਲੰਬਾ ਹੈ ਅਤੇ ਇਸ ਦੀ ਨਿਰਮਾਣ ਲਾਗਤ 516 ਕਰੋੜ ਰੁਪਏ ਹੈ। ਭਾਰਤ-ਨੇਪਾਲ ਸਰਹੱਦ ਦੇ ਨੇੜੇ ਬਣੇ ਇਸ ਪੁਲ਼ ਦਾ ਰਣਨੀਤਕ ਮਹੱਤਵ ਹੈ। ਪ੍ਰੋਜੈਕਟ ਕੋਵਿਡ-ਮਹਾਮਾਰੀ ਦੇ ਦੌਰਾਨ ਪੂਰਾ ਹੋਇਆ ਸੀ ਅਤੇ ਪ੍ਰਵਾਸੀ ਮਜ਼ਦੂਰਾਂ ਨੇ ਵੀ ਇਸ ਦੇ ਮੁਕੰਮਲ ਹੋਣ ਵਿੱਚ ਹਿੱਸਾ ਲਿਆ ਸੀ।

ਇਸ ਪ੍ਰੋਜੈਕਟ ਨੂੰ ਸਮਰਪਿਤ ਕਰਨ ਨਾਲ 86 ਸਾਲ ਪੁਰਾਣੇ ਸੁਪਨੇ ਅਤੇ ਖੇਤਰ ਦੇ ਲੋਕਾਂ ਦੀ ਲੰਬੀ ਉਡੀਕ ਨੂੰ ਪੂਰਾ ਕੀਤਾ ਜਾਵੇਗਾ।

ਮਹਾਸੇਤੂ ਦੇ ਸਮਰਪਣ ਨਾਲ, ਪ੍ਰਧਾਨ ਮੰਤਰੀ ਸੁਪੌਲਰਾਘੋਪੁਰਾ ਡੀਜ਼ਲ ਇਲੈਕਟ੍ਰਿਕ ਮਲਟੀਪਲ ਯੂਨਿਟ (DEMU) ਟ੍ਰੇਨ ਨੂੰ ਸੁਪੌਲ ਸਟੇਸ਼ਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਇੱਕ ਵਾਰ ਰੈਗੂਲਰ ਟ੍ਰੇਨ ਸਰਵਿਸ ਸ਼ੁਰੂ ਹੋਣ ਤੇ, ਇਹ ਸੁਪੌਲ, ਅਰਰਿਯਾ ਅਤੇ ਸਹਰਸਾ ਜ਼ਿਲ੍ਹਿਆਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗੀ।  ਇਸ ਨਾਲ ਖੇਤਰ ਦੇ ਲੋਕਾਂ ਲਈ ਕੋਲਕਾਤਾ, ਦਿੱਲੀ ਅਤੇ ਮੁੰਬਈ ਦੀ ਲੰਬੀ ਦੂਰੀ ਦੀ ਯਾਤਰਾ ਵੀ ਅਸਾਨ ਹੋ ਜਾਵੇਗੀ।

ਪ੍ਰਧਾਨ ਮੰਤਰੀ ਹਾਜੀਪੁਰ-ਘੋਸਵਰ-ਵੈਸ਼ਾਲੀ ਅਤੇ ਇਸਲਾਮਪੁਰ-ਨਟੇਸਰ ਵਿਖੇ ਦੋ ਨਵੇਂ ਲਾਈਨ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ।  ਸ਼੍ਰੀ ਮੋਦੀ ਕਰਨੌਤੀ-ਬਖਤਿਯਾਰਪੁਰ ਲਿੰਕ ਬਾਈਪਾਸ ਅਤੇ ਬਾੜ੍ਹ-ਬਖਤਿਯਾਰਪੁਰ ਦਰਮਿਆਨ ਤੀਜੀ ਲਾਈਨ ਦਾ ਉਦਘਾਟਨ ਵੀ ਕਰਨਗੇ।

ਪ੍ਰਧਾਨ ਮੰਤਰੀ  ਮੁਜ਼ੱਫਰਪੁਰ-ਸੀਤਾਮੜ੍ਹੀ, ਕਟਿਹਾਰ-ਨਿਊ ਜਲਪਾਈਗੁੜੀ, ਸਮਸਤੀਪੁਰ-ਦਰਭੰਗਾ-ਜਯਨਗਰ, ਸਮਸਤੀਪੁਰ-ਖਗੜੀਆ, ਭਾਗਲਪੁਰ-ਸ਼ਿਵਨਾਰਾਇਣਪੁਰ ਸੈਕਸ਼ਨਾਂ ਦੇ ਰੇਲਵੇ ਬਿਜਲੀਕਰਨ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ।

*****

ਡੀਜੇਐੱਨ/ਐੱਮਕੇਵੀ


(Release ID: 1655933) Visitor Counter : 104