ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਇੰਡੀਆ ਪੋਸਟ ਨੇ ਪੋਸਟਲ ਸਕੀਮਾਂ ਦੀ 100 ਫ਼ੀਸਦ ਦਿਹਾਤੀ ਕਵਰੇਜ ਨੂੰ ਯਕੀਨੀ ਬਣਾਉਣ ਲਈ ਪੰਜ ਸਿਤਾਰਾ ਪੇਂਡੂ ਯੋਜਨਾ ਦੀ ਸ਼ੁਰੂਆਤ ਕੀਤੀ

ਡਾਕ ਸੇਵਾਵਾਂ 'ਤੇ ਦਿਹਾਤੀ ਡਾਕ ਸੇਵਕ ਜਨਤਕ ਜਾਗਰੂਕਤਾ ਮੁਹਿੰਮ ਦੀ ਅਗਵਾਈ ਕਰਨਗੇ
ਮਹਾਰਾਸ਼ਟਰ ਦੇ ਤਜ਼ਰਬੇ ਦੇ ਅਧਾਰ 'ਤੇ, ਦੇਸ਼ ਵਿਆਪੀ ਯੋਜਨਾ ਲਾਗੂ ਕੀਤੀ ਜਾਵੇਗੀ : ਸੰਜੇ ਧੋਤ੍ਰੇ

Posted On: 10 SEP 2020 4:18PM by PIB Chandigarh

ਡਾਕ ਵਿਭਾਗ ਨੇ ਦੇਸ਼ ਦੇ ਪੇਂਡੂ ਖੇਤਰਾਂ ਵਿੱਚ ਫਲੈਗਸ਼ਿਪ ਪੋਸਟਲ ਸਕੀਮਾਂ ਦੀ ਸਰਵ ਵਿਆਪਕ ਕਵਰੇਜ ਨੂੰ ਯਕੀਨੀ ਬਣਾਉਣ ਲਈ ਫਾਈਵ ਸਟਾਰ ਵਿਲੇਜਜ਼ ਨਾਮ ਦੀ ਇੱਕ ਯੋਜਨਾ ਸ਼ੁਰੂ ਕੀਤੀ ਹੈ। ਇਹ ਯੋਜਨਾ ਲੋਕਾਂ ਦੀ ਜਾਗਰੂਕਤਾ ਅਤੇ ਡਾਕ ਉਤਪਾਦਾਂ ਅਤੇ ਸੇਵਾਵਾਂ ਦੀ ਪਹੁੰਚ, ਖਾਸ ਕਰਕੇ ਅੰਦਰੂਨੀ ਪਿੰਡਾਂ ਵਿੱਚ ਫ਼ਰਕ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੀ ਹੈ। ਸਾਰੇ ਡਾਕ ਉਤਪਾਦਾਂ ਅਤੇ ਸੇਵਾਵਾਂ ਨੂੰ ਫਾਈਵ ਸਟਾਰ ਵਿਲੇਜ ਯੋਜਨਾ ਤਹਿਤ ਪਿੰਡ ਪੱਧਰ 'ਤੇ ਉਪਲਬਧ ਅਤੇ ਬਜ਼ਾਰੂ ਅਤੇ ਜਨਤਕ ਬਣਾਇਆ ਜਾਵੇਗਾ। ਸ਼ਾਖਾ ਦਫਤਰ ਸਾਰੇ ਡਾਕਘਰ ਨਾਲ ਸਬੰਧਤ ਪਿੰਡ ਵਾਸੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਇਕ ਸਟਾਪ ਦੁਕਾਨ ਵਜੋਂ ਕੰਮ ਕਰਨਗੇ। ਫਾਈਵ ਸਟਾਰ ਯੋਜਨਾ ਅਧੀਨ ਆਉਂਦੀਆਂ ਸਕੀਮਾਂ ਵਿੱਚ ਸ਼ਾਮਲ ਹਨ: i) ਬੱਚਤ ਬੈਂਕ ਖਾਤੇ, ਆਵਰਤੀ ਜਮ੍ਹਾਂ ਖਾਤੇ, ਐਨਐਸਸੀ / ਕੇਵੀਪੀ ਸਰਟੀਫਿਕੇਟ, ii) ਸੁਕੰਨਿਆ ਸਮ੍ਰਿਧੀ ਖਾਤੇ / ਪੀਪੀਐਫ ਖਾਤੇ, iii) ਫੰਡ ਪ੍ਰਾਪਤ ਡਾਕਘਰ ਬਚਤ ਖਾਤੇ ਨਾਲ ਜੁੜੇ ਇੰਡੀਆ ਪੋਸਟ ਪੇਮੈਂਟਸ ਬੈਂਕ ਖਾਤੇ, iv) ਡਾਕ ਜੀਵਨ ਬੀਮਾ ਪਾਲਿਸੀ / ਪੇਂਡੂ ਡਾਕ ਜੀਵਨ ਬੀਮਾ ਪਾਲਿਸੀ ਅਤੇ v) ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਖਾਤਾ / ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਖਾਤਾ।

ਜੇ ਇੱਕ ਪਿੰਡ ਉਪਰੋਕਤ ਸੂਚੀ ਵਿੱਚੋਂ ਚਾਰ ਯੋਜਨਾਵਾਂ ਲਈ ਵਿਆਪਕ ਕਵਰੇਜ ਪ੍ਰਾਪਤ ਕਰਦਾ ਹੈ, ਤਾਂ ਉਸ ਪਿੰਡ ਨੂੰ ਚਾਰ-ਸਿਤਾਰਾ ਦਰਜਾ ਪ੍ਰਾਪਤ ਹੁੰਦਾ ਹੈ; ਜੇ ਇੱਕ ਪਿੰਡ ਤਿੰਨ ਸਕੀਮਾਂ ਨੂੰ ਪੂਰਾ ਕਰਦਾ ਹੈ, ਤਾਂ ਉਸ ਪਿੰਡ ਨੂੰ ਤਿੰਨ-ਸਿਤਾਰਾ ਦਾ ਦਰਜਾ ਪ੍ਰਾਪਤ ਹੁੰਦਾ ਹੈ ਅਤੇ ਹੋਰ ਵੀ ਇਸੇ ਤਰ੍ਹਾਂ ਦਰਜਾਬੰਦੀ ਕੀਤੀ ਜਾਵੇਗੀ।

ਇਸ ਯੋਜਨਾ ਦੀ ਸ਼ੁਰੂਆਤ ਕਰਦਿਆਂ ਕੇਂਦਰੀ ਸੰਚਾਰ ਰਾਜ ਮੰਤਰੀ ਸ਼੍ਰੀ ਸੰਜੇ ਧੋਤ੍ਰੇ ਨੇ ਕਿਹਾ ਕਿ ਇਹ ਯੋਜਨਾ ਮਹਾਰਾਸ਼ਟਰ ਵਿੱਚ ਪਾਇਲਟ ਅਧਾਰ ਤੇ ਚਲਾਈ ਜਾ ਰਹੀ ਹੈ; ਇੱਥੇ ਹੋਏ ਤਜ਼ਰਬੇ ਦੇ ਅਧਾਰ ਤੇ, ਇਸ ਨੂੰ ਦੇਸ਼-ਵਿਆਪੀ ਲਾਗੂ ਕੀਤਾ ਜਾਵੇਗਾ। ਡਾਕੀਏ ਅਤੇ ਡਾਕ ਵਿਭਾਗ ਆਮ ਨਾਗਰਿਕ ਦੀ ਜ਼ਿੰਦਗੀ ਦਾ ਇਕ ਮਹੱਤਵਪੂਰਣ ਹਿੱਸਾ ਹਨ। ਇੰਡੀਆ ਪੋਸਟ ਕੋਵਿਡ -19 ਕਾਰਨ ਸਾਹਮਣੇ ਆਈ ਔਖੀ ਸਥਿਤੀ ਵਿਚ ਲੋਕਾਂ ਨੂੰ ਦਵਾਈਆਂ ਅਤੇ ਵਿੱਤੀ ਸਹਾਇਤਾ ਦੇ ਕੇ  ਅਸਾਧਾਰਣ ਢੰਗ ਨਾਲ ਸੇਵਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾ ਸਿਰਫ ਯੋਜਨਾਵਾਂ ਲੈ ਕੇ ਆਏ, ਬਲਕਿ ਉਨ੍ਹਾਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੋਣ ਨੂੰ ਵੀ ਯਕੀਨੀ ਬਣਾ ਰਹੇ ਹਨ। ਡਾਕ ਵਿਭਾਗ ਆਪਣੇ ਵਿਸ਼ਾਲ ਨੈਟਵਰਕ ਦੀ ਵਿਸ਼ਾਲ ਤਾਕਤ ਦਾ ਲਾਭ ਉਠਾਉਂਦਿਆਂ, ਸਰਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਵਿਚ ਪ੍ਰਮੁੱਖ ਭੂਮਿਕਾ ਅਦਾ ਕਰ ਰਿਹਾ ਹੈ।  ਡਾਕ ਸਕੀਮਾਂ ਵਧੇਰੇ ਸੁੱਰਖਿਅਤ ਜਮ੍ਹਾਂ ਰਾਸ਼ੀ ਪ੍ਰਦਾਨ ਕਰਨ ਲਈ ਜਾਣੀਆਂ ਜਾਂਦੀਆਂ ਹਨ, ਉਹ ਘੱਟ ਜੋਖਮ ਨਾਲ ਵਿਆਜ ਦੀ ਉੱਚ ਰਿਟਰਨ ਪ੍ਰਦਾਨ ਕਰਦੀਆਂ ਹਨ।ਮੰਤਰੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਇਸ ਤਰਾਂ ਦੇ ਸਹਿਯੋਗੀ ਯਤਨਾਂ ਸਦਕਾ ਹਾਸਲ ਕੀਤਾ ਜਾ ਸਕਦਾ ਹੈ, ਜਿਸ ਵਿੱਚ ਵਿੱਤੀ ਸ਼ਮੂਲੀਅਤ ਪ੍ਰਦਾਨ ਕਰਨ ਦੇ ਟੀਚੇ ਨਾਲ ਵੱਖ-ਵੱਖ ਸਕੀਮਾਂ ਨੂੰ ਇੱਕ ਛਤਰੀ ਹੇਠ ਲਿਆਂਦਾ ਗਿਆ ਹੈ।

ਪੂਰਾ ਮਹਾਰਾਸ਼ਟਰ ਰਾਜ ਇਸ ਯੋਜਨਾ ਦੇ ਅਧੀਨ ਆਵੇਗਾ। ਇਸ ਦੇ ਨਾਲ, ਹਰੇਕ ਖੇਤਰ ਲਈ ਦੋ ਦਿਹਾਤੀ ਜ਼ਿਲ੍ਹੇ / ਖੇਤਰਾਂ ਦੀ ਪਛਾਣ ਕੀਤੀ ਗਈ ਹੈ: ਨਾਗਪੁਰ ਖੇਤਰ ਵਿਚ ਅਕੋਲਾ ਅਤੇ ਵਾਸ਼ਿਮ; ਔਰੰਗਾਬਾਦ ਖੇਤਰ ਵਿਚ ਪਰਭਨੀ ਅਤੇ ਹਿੰਗੋਲੀ; ਪੁਣੇ ਖੇਤਰ ਵਿੱਚ ਸੋਲਾਪੁਰ ਅਤੇ ਪੰਧਾਰਪੁਰ; ਗੋਆ ਖੇਤਰ ਵਿਚ ਕੋਲਹਾਪੁਰ ਅਤੇ ਸੰਗਲੀ; ਅਤੇ ਨਵੀਂ ਮੁੰਬਈ ਖੇਤਰ ਵਿਚ ਮਾਲੇਗਾਓਂ ਅਤੇ ਪਾਲਘਰ। ਮੌਜੂਦਾ ਵਿੱਤੀ ਸਾਲ 2020-2021 ਦੌਰਾਨ ਹਰੇਕ ਜ਼ਿਲ੍ਹੇ ਦੇ ਕੁੱਲ 50 ਪਿੰਡ ਕਵਰ ਕੀਤੇ ਜਾਣਗੇ। ਖੇਤਰੀ ਦਫਤਰ ਸ਼ਾਮਲ ਕੀਤੇ ਜਾਣ ਵਾਲੇ ਪਿੰਡਾਂ ਦੀ ਪਛਾਣ ਕਰਨਗੇ।

ਸਕੀਮ ਲਾਗੂ ਕਰਨ ਵਾਲੀ ਟੀਮ

ਇਹ ਸਕੀਮ ਪੰਜ ਗ੍ਰਾਮੀਣ ਡਾਕ ਸੇਵਕਾਂ ਦੀ ਟੀਮ ਵਲੋਂ ਲਾਗੂ ਕੀਤੀ ਜਾਏਗੀ ਜਿਨ੍ਹਾਂ ਨੂੰ ਡਾਕ ਵਿਭਾਗ ਦੇ ਸਾਰੇ ਉਤਪਾਦਾਂ, ਬਚਤ ਅਤੇ ਬੀਮਾ ਯੋਜਨਾਵਾਂ ਦੀ ਮਾਰਕੀਟਿੰਗ ਲਈ ਇੱਕ ਪਿੰਡ ਸੌਂਪਿਆ ਜਾਵੇਗਾ। ਇਸ ਟੀਮ ਦੀ ਅਗਵਾਈ ਸਬੰਧਤ ਬ੍ਰਾਂਚ ਦਫ਼ਤਰ ਦੇ ਬ੍ਰਾਂਚ ਪੋਸਟ ਮਾਸਟਰ ਕਰਨਗੇ। ਮੇਲ ਓਵਰਸੀਅਰ ਰੋਜ਼ਾਨਾ ਦੇ ਅਧਾਰ 'ਤੇ ਟੀਮ ਦੀ ਪ੍ਰਗਤੀ ਦੀ ਨਿਗਰਾਨੀ ਕਰੇਗਾ।  ਟੀਮਾਂ ਦੀ ਅਗਵਾਈ ਅਤੇ ਨਿਗਰਾਨੀ ਸਬੰਧਤ ਮੰਡਲ ਮੁਖੀ, ਸਹਾਇਕ ਸੁਪਰਡੈਂਟ ਅਤੇ ਇੰਸਪੈਕਟਰ ਵਲੋਂ ਕੀਤੀ ਜਾਏਗੀ।

ਮੁਹਿੰਮ

ਗ੍ਰਾਮੀਣ ਡਾਕ ਸੇਵਕਾਂ ਦੀ ਟੀਮ ਸਾਰੇ ਯੋਗ ਪਿੰਡ ਵਾਸੀਆਂ ਨੂੰ ਸ਼ਾਮਲ ਕਰਦਿਆਂ ਸਾਰੀਆਂ ਸਕੀਮਾਂ ਬਾਰੇ ਘਰ-ਘਰ ਜਾਗਰੂਕਤਾ ਅਭਿਆਨ ਚਲਾਏਗੀਬ੍ਰਾਂਚ ਦਫਤਰ ਦੇ ਨੋਟਿਸ ਬੋਰਡ 'ਤੇ ਜਾਣਕਾਰੀ ਪ੍ਰਦਰਸ਼ਤ ਕਰਕੇ ਪ੍ਰਚਾਰ ਕੀਤਾ ਜਾਵੇਗਾ। ਪੰਚਾਇਤ ਦਫਤਰਾਂ, ਸਕੂਲ, ਪੇਂਡੂ ਡਿਸਪੈਂਸਰੀਆਂ, ਬੱਸਾਂ ਦੇ ਡਿਪੂਆਂ, ਬਾਜ਼ਾਰਾਂ ਅਤੇ ਪ੍ਰਮੁੱਖ ਸਥਾਨਾਂ ਦੀਆਂ ਮਸ਼ਹੂਰੀ ਥਾਂਵਾਂ ਅਤੇ ਇਸ਼ਤਿਹਾਰਬਾਜ਼ੀ ਲਈ ਵਰਤੇ ਜਾਣਗੇ। ਕੋਵਿਡ -19 ਸੁਰੱਖਿਆ ਦਿਸ਼ਾ-ਨਿਰਦੇਸ਼ਾਂ 'ਤੇ ਵਿਚਾਰ ਕਰਦਿਆਂ ਛੋਟੇ ਮੇਲੇ ਆਯੋਜਿਤ ਕੀਤੇ ਜਾਣਗੇ।

ਸਿਖਲਾਈ ਅਤੇ ਨਿਗਰਾਨੀ

ਸਾਰੀਆਂ ਯੋਜਨਾਵਾਂ ਲਈ ਲੋੜੀਂਦੀ ਸਿਖਲਾਈ ਅਤੇ ਢਾਂਚਾ ਪਛਾਣੇ ਗਏ ਪਿੰਡਾਂ ਦੇ ਬ੍ਰਾਂਚ ਦਫ਼ਤਰਾਂ ਨੂੰ ਦਿੱਤੀ ਜਾਵੇਗੀ। ਯੋਜਨਾ ਦੀ ਪ੍ਰਗਤੀ ਅਤੇ ਟੀਚੇ ਦੀ ਪ੍ਰਾਪਤੀ ਦੀ ਸਰਕਲ, ਖੇਤਰੀ ਅਤੇ ਮੰਡਲ ਪੱਧਰਾਂ 'ਤੇ ਨੇੜਿਓਂ ਨਿਗਰਾਨੀ ਕੀਤੀ ਜਾਵੇਗੀ ਮਹੀਨਾਵਾਰ ਪ੍ਰਗਤੀ ਦੀ ਚੀਫ਼ ਪੋਸਟ ਮਾਸਟਰ ਜਨਰਲ ਵਲੋਂ ਸਮੀਖਿਆ ਕੀਤੀ ਜਾਵੇਗੀ ।

ਮਹਾਰਾਸ਼ਟਰ ਸਰਕਲ ਅਤੇ ਗੋਆ ਰਾਜ ਦੇ ਚੀਫ ਪੋਸਟ ਮਾਸਟਰ ਜਨਰਲ, ਸ਼੍ਰੀ ਹਰੀਸ਼ ਚੰਦਰ ਅਗਰਵਾਲ ਨੇ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਮਹਾਰਾਸ਼ਟਰ ਪੰਜ ਸਿਤਾਰਾ ਪਿੰਡ ਯੋਜਨਾ ਨੂੰ ਸਫਲਤਾਪੂਰਵਕ ਲਾਗੂ ਕਰਨ ਵਿਚ ਇਕ ਵਧੀਆ ਮਿਸਾਲ ਪੇਸ਼ ਕਰੇਗਾ, ਬਾਅਦ ਵਿਚ ਯੋਜਨਾ ਦੇ ਰਾਸ਼ਟਰੀ ਪੱਧਰ 'ਤੇ ਲਾਗੂ ਕਰਨ ਲਈ ਰਾਹ ਪੱਧਰਾ ਕਰੇਗਾ। ਡਾਇਰੈਕਟਰ ਜਨਰਲ (ਡਾਕ), ਸ਼੍ਰੀ ਵਿਨੀਤ ਪਾਂਡੇ; ਅਤੇ ਮੁੰਬਈ ਖੇਤਰ ਦੇ ਪੋਸਟ ਮਾਸਟਰ ਜਨਰਲ, ਸ਼੍ਰੀਮਤੀ ਸਵਾਤੀ ਪਾਂਡੇ ਵੀ ਔਨਲਾਈਨ ਲਾਂਚ ਸਮਾਗਮ ਵਿੱਚ ਸ਼ਾਮਲ ਹੋਏ।

                                     ****

ਡੀਜੇਐਮ/ਆਰਟੀ/ਡੀਆਰ(Release ID: 1653251) Visitor Counter : 108